Tuesday 15 June 2010

ਟੋਪੀ ਸ਼ੁਕਲਾ…:  ਤੀਜੀ ਕਿਸ਼ਤ

ਟੋਪੀ ਸ਼ੁਕਲਾ…:  ਤੀਜੀ ਕਿਸ਼ਤ  :

ਇਹ ਗੱਲ ਨਹੀਂ ਕਿ ਉਸਨੇ ਘਰੋਂ ਭੱਜਣ ਦਾ ਫੈਸਲਾ ਬਿਨਾਂ ਸੋਚੇ-ਸਮਝੇ ਕਰ ਲਿਆ ਸੀ। ਛੇ, ਸਾਢੇ-ਛੇ ਸਾਲ ਦਾ ਬੱਚਾ ਜਿੰਨਾ ਕੁ ਸੋਚ ਸਕਦਾ ਹੈ¸ ਓਨਾ ਉਸਨੇ ਵੀ ਸੋਚਿਆ ਸੀ। ਮਿਸਾਲ ਦੇ ਤੌਰ 'ਤੇ ਉਸਨੇ ਖਾਣ-ਪੀਣ ਤੇ ਰਾਤ ਨੂੰ ਸੌਣ ਦੀ ਸਮੱਸਿਆ ਉੱਤੇ ਗੌਰ ਕੀਤਾ। ਪਰ ਇਹ ਵੀ ਕੋਈ ਸਮੱਸਿਆ ਹੋਈ? ਘਰੇ ਖਾਵਾਂਗਾ ਤੇ ਆਪਣੇ ਬਿਸਤਰੇ ਵਿਚ ਸੌਂ ਜਾਵਾਂਗਾ। ਇਹ ਫ਼ੈਸਲਾ ਕਰਨ ਵਿਚ ਵੱਧ ਤੋਂ ਵੱਧ ਤਿੰਨ ਚਾਰ ਸੈਕਿੰਟ ਲੱਗੇ। ਇਸ ਲਈ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਭੱਜ ਗਿਆ ਸੀ। ਸਾਰਿਆਂ ਨੇ ਵੱਖੋ-ਵੱਖਰੇ ਢੰਗ ਨਾਲ ਉਸਨੂੰ ਇਕੋ ਗੱਲ ਸਮਝਾਈ ਕਿ ਬਿਨਾਂ ਸੋਚੇ ਸਮਝੇ ਉਸਨੂੰ ਇਹ ਮੂਰਖਤਾ ਨਹੀਂ ਸੀ ਕਰਨੀ ਚਾਹੀਦੀ।
ਪਰ ਮੈਂ ਯਾਨੀ ਕਿ (ਜੀਵਨੀਕਾਰ) ਇਹ ਜਾਣਦਾ ਹਾਂ ਕਿ ਟੋਪੀ ਸ਼ੁਕਲਾ ਨੇ ਸੋਚੇ-ਸਮਝੇ ਬਿਨਾਂ ਕਦੀ ਕੋਈ ਕੰਮ ਨਹੀਂ ਕੀਤਾ। ਇਹੀ ਗੱਲ ਅੰਤ ਵਿਚ ਉਸਦੇ ਜੀਵਨ ਦਾ ਦੁਖਾਂਤ ਸਿੱਧ ਹੋਈ। ਉਂਜ ਇਹ ਗੱਲ ਟੋਪੀ ਗਾਥਾ ਵਿਚ ਤੁਸੀਂ ਅੱਗੇ ਚੱਲ ਕੇ ਖ਼ੁਦ ਹੀ ਮਹਿਸੂਸ ਕਰ ਲਓਗੇ।
ਖ਼ੈਰ! ਹੋਇਆ ਇਹ ਕਿ ਉਸ ਦਿਨ ਰਾਮਦੁਲਾਰੀ ਨੇ ਟੋਪੀ ਨੂੰ ਚੰਗਾ ਖੜਕਾਇਆ ਸੀ ਤੇ ਟੋਪੀ ਆਪਣਾ ਅੱਗਾ-ਪਿੱਛਾ ਵਿਚਾਰ ਕੇ ਘਰੋਂ ਭੱਜ ਗਿਆ ਸੀ...ਤੇ ਜੇ ਉਹ ਘਰੋਂ ਨਾ ਭੱਜਦਾ ਤਾਂ ਸ਼ਾਇਦ ਮੈਂ ਇਹ ਜੀਵਨੀ ਵੀ ਨਾ ਲਿਖਦਾ। ਇਹ ਭੱਜਣਾ ਹੀ ਉਸਦੇ ਜੀਵਨ ਦੀ ਮਹੱਤਵਪੂਰਨ ਘਟਨਾ ਸੀ ਕਿਉਂਕਿ ਇੱਫ਼ਨ ਨਾਲ ਉਸਦੀ ਮੁਲਾਕਾਤ ਇਸੇ ਕਰਕੇ ਹੋ ਸਕੀ ਸੀ।
ਟੋਪੀ ਭੱਜਿਆ...ਤੇ ਘਰੋਂ ਹੀ ਨਹੀਂ, ਮੁਹੱਲੇ ਵਿਚੋਂ ਵੀ ਭੱਜ ਗਿਆ...ਤੇ ਮੁਹੱਲੇ ਵਿਚੋਂ ਬਾਹਰ ਨਿਕਲ ਕੇ ਉਸਨੇ ਪਹਿਲਾ ਦ੍ਰਿਸ਼ ਜਿਹੜਾ ਦੇਖਿਆ ਉਹ ਇਹ ਸੀ ਕਿ ਦੋ ਮੁੰਡੇ ਇਕ ਮੁੰਡੇ ਨੂੰ ਕੁੱਟੀ ਜਾ ਰਹੇ ਨੇ। ਉਸਨੂੰ ਏਨਾ ਹਿਸਾਬ ਤਾਂ ਆਉਂਦਾ ਹੀ ਸੀ ਕਿ ਜੇ ਇਕ ਵਿਚ ਇਕ ਜੋੜ ਦਿੱਤਾ ਜਾਵੇ ਤਾਂ ਦੋ ਬਣ ਜਾਂਦੇ ਨੇ।...ਤੇ ਉਸਨੇ ਇਕ ਵਿਚ ਇਕ ਜੋੜ ਦਿੱਤਾ।

ਲੜਾਈ ਖ਼ਤਮ ਹੋਈ ਤਾਂ ਉਸਦਾ ਕੁੜਤਾ ਲੀਰੋ-ਲੀਰ ਹੋ ਚੁੱਕਿਆ ਸੀ। ਗੋਡੇ ਛਿੱਲੇ ਗਏ ਸਨ ਤੇ ਮੂੰਹ ਉੱਤੇ ਨੌਂਹਾਂ ਦੀਆਂ ਵਲੂੰਧਰਾਂ ਦੇ ਨਿਸ਼ਾਨ ਸਨ। ਇੱਫ਼ਨ ਦਾ ਵੀ ਇਹੋ ਹਾਲ ਸੀ। ਪਰ ਇੱਫ਼ਨ ਤੇ ਟੋਪੀ ਵਿਚ ਇਕ ਫ਼ਰਕ ਸੀ। ਇੱਫ਼ਨ ਇਕਲੌਤਾ ਬੇਟਾ ਸੀ ਤੇ ਟੋਪੀ ਵਿਚਕਾਰਲਾ। ਕਹਿਣ ਲੱਗਿਆਂ ਇਹ ਗੱਲ ਏਨੀ ਭਿਆਨਕ ਨਹੀਂ ਲੱਗਦੀ¸ਪਰ ਇਸਦਾ ਦਰਦ ਉਹੀ ਸਮਝ ਸਕਦਾ ਹੈ ਜਿਹੜਾ ਆਪ ਦੂਜਾ-ਪੁੱਤਰ ਹੋਵੇ। ਸੱਚ ਪੁੱਛੋ ਤਾਂ ਮੈਂ ਇਹ ਜੀਵਨੀ ਸੰਸਾਰ ਭਰ ਦੇ ਦੂਜੇ-ਪੁੱਤਰਾਂ ਦੇ ਨਾਂ ਹੀ ਲਿਖ ਰਿਹਾ ਹਾਂ ਤਾਂਕਿ ਉਹ ਲਾਭ ਉਠਾਉਣ ਤੇ ਜੇ ਸੰਭਵ ਹੋ ਸਕੇ ਤਾਂ 'ਅੰਤਰ-ਰਾਸ਼ਟਰੀ ਦੂਜਾ-ਪੁੱਤਰ-ਸੰਘ' ਬਣਾਅ ਕੇ ਆਪਣੇ ਹੱਕਾਂ ਲਈ ਲੜਾਈ ਸ਼ੁਰੂ ਕਰ ਦੇਣ। ਜੇ ਕਾਲੇ-ਗੋਰੇ, ਹਿੰਦੂ-ਮੁਸਲਮਾਨ...ਭਾਵ ਕਿ ਸਾਰੇ ਬਰਾਬਰ ਹਨ ਤਾਂ ਦੂਜਾ-ਪੁੱਤਰ ਵੀ ਪਹਿਲੇ ਦੇ ਬਰਾਬਰ ਕਿਉਂ ਨਹੀਂ ਹੁੰਦਾ? 'ਦੂਜਾ-ਪੁੱਤਰ ਸੁਰੱਖਿਆ ਸੰਮਤੀ' ਬਣੀ ਹੋਈ ਹੁੰਦੀ ਤਾਂ ਮੈਂ ਇਹ ਬੋਰਿੰਗ ਜੀਵਨੀ ਲਿਖਣ ਤੋਂ ਬਚ ਗਿਆ ਹੁੰਦਾ। ਪਰ ਇਸ ਦੇਸ਼ ਵਿਚ ਯਸ਼ ਖੱਟਣ ਵਾਲਾ ਕੋਈ ਕੰਮ ਸਫਲ ਨਹੀਂ ਹੁੰਦਾ...ਪਸ਼ੂ-ਪੰਛੀਆਂ ਲਈ ਸੁਰੱਖਿਆ ਸੰਮਤੀਆਂ ਤਾਂ ਸੈਂਕੜੇ ਦੇ ਹਿਸਾਬ ਨਾਲ ਬਣੀਆਂ ਹੋਈਆਂ ਹੈਨ, ਤੇ ਦੂਜੇ-ਪੁੱਤਰ ਧੱਕੇ-ਧੌਲਾਂ ਖਾਂਦੇ ਫਿਰ ਰਹੇ ਨੇ। ਅਵਤਾਰਾਂ ਵਿਚ ਵੀ ਜਿਸਨੂੰ ਦੇਖੋ, ਉਹੀ ਪਹਿਲਾ ਪੁੱਤਰ ਹੈ। ਕਿਸੇ ਦੇ ਸਿਰ ਉੱਤੇ ਕੋਈ ਵੱਡਾ ਭਰਾ ਹੋਏ ਤਾਂ ਦੱਸੋ? ਲਕਸ਼ਮਣ ਤੇ ਭਰਤ ਵਰਗੇ ਭਰਾ, ਰਾਮ ਦੇ ਪ੍ਰਭਾਵ-ਪ੍ਰਛਾਵੇਂ ਦੇ ਬੋਝ ਹੇਠ ਦਬ ਕੇ ਰਹਿ ਗਏ। ਸਾਰੇ ਛੋਟੇ ਭਰਾ ਸਪੋਰਟਿੰਗ ਕਾਰਡਸ ਦੀ ਗਿਣਤੀ ਵਿਚ ਆਉਂਦੇ ਨੇ। ਤੁਸੀਂ ਆਪ ਦੇਖ ਲਓ ਕਿ ਇੱਫ਼ਨ ਵੱਡਾ ਬੇਟਾ ਸੀ ਇਸ ਲਈ ਉਸਨੂੰ ਆਪਣੀ ਕਮੀਜ਼ ਦੇ ਪਾਟ ਜਾਣ ਦਾ ਕੋਈ ਦੁੱਖ ਨਹੀਂ ਸੀ। ਪਰ ਟੋਪੀ ਪਾਟੇ ਹੋਏ ਕੁੜਤੇ ਨੂੰ ਦੇਖ ਕੇ ਏਨਾ ਘਬਰਾ ਗਿਆ ਕਿ ਕੁਹਣੀਆਂ, ਗੋਡਿਆਂ ਤੇ ਚਿਹਰੇ ਦੀਆਂ ਰਗੜਾਂ ਤੇ ਵਲੂੰਧਰਾਂ ਵਿਚੋਂ ਰਿਸ ਰਹੇ ਖ਼ੂਨ ਨੂੰ ਵੀ ਭੁੱਲ ਗਿਆ।

ਉਹ ਰੋਣ ਲੱਗ ਪਿਆ।
“ਕਿਉਂ, ਸੱਟ ਜ਼ਿਆਦਾ ਲੱਗੀ ਏ ਕਿ?”
“ਨਹੀਂ।” ਟੋਪੀ ਨੇ ਕਿਹਾ, “ਈ ਨਾ ਦੇਖ ਰਹਿਓ ਕਿ ਕੁਰਤਾ ਫਟ ਗਿਆ ਹੈ।”
“ਚੱਲ, ਮੈਂ ਤੈਨੂੰ ਦੂਜਾ ਕੁਰਤਾ ਪਹਿਨਾ ਦਿਆਂ।”
“ਈ ਤੂ ਕਾਇਸੇ ਬੋਲ ਰਹਿਓ?”
“ਮੈਂ ਇਸੇ ਤਰ੍ਹਾਂ ਬੋਲਦਾਂ...।”
ਟੋਪੀ ਨੂੰ ਇਹ ਤਾਂ ਪਤਾ ਸੀ ਕਿ ਉਹ ਇਸੇ ਤਰ੍ਹਾਂ ਬੋਲਦਾ ਹੈ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਹ ਇਸੇ ਤਰ੍ਹਾਂ ਕਿਉਂ ਬੋਲਦਾ ਹੈ। ਇਸ ਤਰ੍ਹਾਂ ਤਾਂ ਉਸਦੀ ਦਾਦੀ ਬੋਲਦੀ ਹੁੰਦੀ ਹੈ। ਉਸਨੇ ਸੋਚਿਆ ਕਿ ਇਹ ਮੁੰਡਾ ਵੀ ਦਾਦੀ ਦੀ ਪਾਰਟੀ ਦਾ ਲੱਗਦਾ ਹੈ।
“ਤੂ ਹਮਰੀ ਦਾਦੀ ਕੋ ਜਾਨਥ-ਓ?”
“ਨਹੀਂ!” ਇੱਫ਼ਨ ਨੇ ਕਿਹਾ, “ਮੈਂ ਤੇਰੀ ਦਾਦੀ ਨੂੰ ਨਹੀਂ ਜਾਣਦਾ।”
“ਤ ਤੂ ਉਂਹਕੀ ਤਰਹ ਕਹੇ ਬੋਲ ਰਹਿਓ?”
ਇੱਫ਼ਨ ਹੱਸ ਪਿਆ। “ਸ਼ਾਇਦ ਤੇਰੇ ਦਾਦੀ ਵੀ ਲਖ਼ਨਊ ਦੇ ਹੋਣ...।”
“ਈ ਤ ਹਮੇਂ ਨਾ ਮਾਲੂਮ।” ਉਸਨੇ ਕਹਿ ਤਾਂ ਦਿੱਤਾ। ਗੱਲ ਵੀ ਮੁੱਕ ਗਈ, ਪਰ ਉਸਦਾ ਦਿਲ ਸਾਫ ਨਾ ਹੋਇਆ। ਇੰਜ ਤਾਂ ਸਾਰੇ ਲਖ਼ਨਉ ਵਾਲੇ ਦਾਦੀ ਦੀ ਪਾਰਟੀ ਦੇ ਹੋ ਗਏ?
“ਚੱਲ, ਸਾਡੇ ਘਰ ਚੱਲ।” ਇੱਫ਼ਨ ਨੇ ਕਿਹਾ, “ਤੈਨੂੰ ਆਪਣੀ ਸਾਈਕਲ ਦਿਖਾਵਾਂਗਾ। ਵੈਸੇ ਤੇਰਾ ਨਾਂ ਕੀ ਏ?”
“ਈ ਲਖ਼ਨਊ ਕਹਾਂ ਹੈ?”
“ਇੱਥੋਂ ਦੂਰ ਏ।”
ਇਹ ਸੁਣ ਕੇ ਉਸਨੂੰ ਕੁਝ ਹੌਸਲਾ ਹੋਇਆ ਕਿ ਭਾਵੇਂ ਪੂਰਾ ਲਖ਼ਨਊ ਦਾਦੀ ਦੀ ਪਾਰਟੀ ਦਾ ਹੋਵੇ ਤਾਂ ਵੀ ਕੋਈ ਫ਼ਿਕਰ ਨਹੀਂ...ਕਿਉਂਕਿ ਲਖ਼ਨਊ ਦੂਰ ਹੈ।
“ਹਮਾਰਾ ਨਾਮ ਬਲਭਦਰ ਨਾਰਾਇਨ।”
“ਮੇਰਾ ਨਾਂ ਇੱਫ਼ਨ ਏ।”
“ਇੱਤਾ ਛੋਟਾ-ਸਾ ਨਾਮ ਹੈ ਤੋਹਰਾ?”
“ਨਹੀਂ, ਇਹ ਮੇਰਾ ਘਰ ਦਾ ਨਾਂਅ ਏਂ।”
ਟੋਪੀ ਇਹ ਸੁਣ ਕੇ ਉਦਾਸ ਹੋ ਗਿਆ। ਯਾਨੀ ਉਹ ਏਨਾ ਗਿਆ-ਗੁਜ਼ਰਿਆ ਸੀ ਕਿ ਉਸਦਾ ਕੋਈ ਘਰ ਦਾ ਨਾਂ ਹੀ ਨਹੀਂ ਸੀ। ਘਰ ਦੇ ਨਾਂ ਵੀ ਤਾਂ ਉਹਨਾਂ ਦੇ ਰੱਖੇ ਜਾਂਦੇ ਨੇ ਜਿਹਨਾਂ ਨੂੰ ਬਹੁਤੀ ਵਾਰੀ ਬੁਲਾਇਆ ਜਾਂਦਾ ਹੋਏ। ਟੋਪੀ ਨੂੰ ਬੁਲਾਇਆ ਹੀ ਨਹੀਂ ਸੀ ਜਾਂਦਾ।
“ਤੋਹਰੇ ਪਾਸ ਸਾਇਕਿਲ ਹੈ?” ਉਸਨੇ ਪੁੱਛਿਆ।
“ਹਾਂ, ਕੱਲ੍ਹ ਹੀ ਆਈ ਏ।”
“ਬਿਲਕੁਲ ਚਮਚਮਾਤੀ ਹੋਇ-ਹੈ!”
“ਹਾਂ।”
ਉਹ ਇੱਫ਼ਨ ਕੇ ਘਰ ਪਹੁੰਚ ਕੇ ਹੋਰ ਵੀ ਹੈਰਾਨ-ਪ੍ਰੇਸ਼ਾਨ ਹੋ ਗਿਆ ਸੀ। ਉਸਨੂੰ ਉਹ ਘਰ ਬੜਾ ਅਜੀਬ-ਓਪਰਾ ਜਿਹਾ ਲੱਗਿਆ ਸੀ। ਅਜਬ ਕਿਸਮ ਦੇ ਟੇਢੇ-ਮੇਢੇ ਲੋਟੇ, ਅਜੀਬ ਜਿਹੇ ਭਾਂਡੇ, ਅਜੀਬ-ਅਜੀਬ ਕੱਪੜੇ...ਭਾਵ ਇਹ ਕਿ ਸਾਰਾ ਵਾਤਾਵਰਨ ਹੀ ਬੜਾ ਅਜੀਬ ਸੀ।
“ਇਹ ਕੌਣ ਏਂ?” ਇਕ ਬੁੱਢੀ ਔਰਤ ਨੇ ਪੁੱਛਿਆ।
“ਇਹ ਪਤਾ ਨਹੀਂ ਕਿਹੜਾ ਨਰੈਣ ਏਂ।”
“ਬਲਭਦਰ।”
“ਕਿਹਨਾਂ ਦਾ ਮੁੰਡਾ ਏ?” ਇਕ ਜਵਾਨ ਔਰਤ ਨੇ ਪੁੱਛਿਆ, ਜਿਹੜੀ ਇੱਫ਼ਨ ਦੀ ਮਾਂ ਨਿਕਲੀ।
“ਹਮ ਡਾਕਟਰ ਭਿਰਗੂ ਨਾਰਾਇਣ ਕੇ ਲੜਕੇ ਹੈਂ।”
“ਨੀਲੇ ਤੇਲ ਵਾਲੇ ਡਾਕਟਰ ਭਿਰਗੂ ਨਾਰਾਇਣ ਨਾ?” ਇਹ ਸਵਾਲ ਇਕ ਬੜੇ ਹੀ ਹੱਸਮੁਖ ਆਦਮੀ ਨੇ ਕੀਤਾ ਸੀ, ਜਿਹੜਾ ਇੱਫ਼ਨ ਦਾ ਪਿਓ ਨਿਕਲਿਆ।
“ਹਾਂ”
“ਇੱਫ਼ਨ ਮੀਆਂ, ਇਹਨਾਂ ਨੂੰ ਕੁਝ ਖੁਆਓ-ਪਿਆਓ ਬਈ।” ਉਸ ਆਦਮੀ ਨੇ ਕਿਹਾ।
“ਤੂੰ ਮੀਆਂ ਹੌ ਜੀ?”
“ਮੀਆਂ?” ਇੱਫ਼ਨ ਭੰਵਤਰ ਗਿਆ।
“ਤੂੰ ਮੁਸਲਮਾਨ ਹੌ?”
“ਹਾਂ।”
“ਔਰ ਈ ਲੋਗ?”
“ਇਹ ਮੇਰੇ ਅੱਬੂ ਨੇ; ਇਹ ਮੇਰੀ ਅੰਮਾਂ ਏਂ ਤੇ ਇਹ ਦੱਦਾ।”
“ਹਮ ਈ ਨਾ ਪੂਛ ਰਹੇਂ।” ਟੋਪੀ ਨੇ ਕਿਹਾ, “ਕਾ ਈਹੋ ਲੋਗ ਮੀਆਂ ਹੈਂ?”
“ਹਾਂ।” ਇੱਫ਼ਨ ਦੇ ਅੱਬੂ ਮੁਸਕਰਾਏ, “ਅਸੀਂ ਲੋਕ ਮੀਏਂ ਆਂ।”
“ਤਬ ਹਮ ਹਿਆਂ ਕੁਛ ਖਾ-ਓ ਨਾ ਸਕਤੇ।”
“ਕਿਉਂ?” ਸਵਾਲ ਇੱਫ਼ਨ ਨੇ ਕੀਤਾ ਸੀ।
“ਹਮ ਲੋਗ ਮੀਆਂ ਲੋਗਨ ਕਾ ਛੁਆ ਨਾ ਖਾਤੇ।”
“ਮਗਰ ਕਿਉਂ ਨਹੀਂ ਖਾਤੇ?”
“ਮੀਆਂ ਲੋਗ ਬਹੁਤ ਬੁਰੇ ਹੋਵੇਂ।”
ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਕੁਝ ਖਾ ਲਏ। ਪਰ ਉਹ ਟਸ ਤੋਂ ਮਸ ਨਹੀਂ ਸੀ ਹੋਇਆ। ਹਾਂ, ਇੱਫ਼ਨ ਦਾ ਛੋਟਾ-ਜਿਹਾ ਸਾਈਕਲ ਦੇਖ ਕੇ ਬੜਾ ਖ਼ੁਸ਼ ਹੋਇਆ ਸੀ ਉਹ।
“ਈ ਤੂੰ ਕਹਾਂ ਸੇ ਮੰਗਾਯੇ-ਹੌ?”
“ਮੇਰੇ ਚੱਚੂ ਵਲਾਇਤੋਂ ਲਿਆਏ ਨੇ।”
“ਬੇਲਾਇਤ ਕੇਹਰ ਹੈ?”
ਇਸ  ਪ੍ਰਸ਼ਨ ਦਾ ਜਵਾਬ ਇੱਫ਼ਨ ਕੋਲ ਨਹੀਂ ਸੀ। ਪਰ ਉਹ ਇਹ ਵੀ ਨਹੀਂ ਸੀ ਕਹਿਣਾ ਚਾਹੁੰਦਾ ਕਿ ਇਹਦਾ ਉਸਨੂੰ ਪਤਾ ਨਹੀਂ। ਇਸ ਲਈ ਉਹ ਸੁਣੀ ਅਣਸੁਣੀ ਕਰਕੇ ਸਾਈਕਲ ਚਲਾਉਣ ਲੱਗ ਪਿਆ।...ਤੇ ਪਹੀਆਂ ਦੀਆਂ ਨਿੱਕਲ ਕੀਤੀਆਂ ਤਾਰਾਂ ਦੇਖ ਕੇ ਟੋਪੀ ਵੀ ਆਪਣਾ ਪ੍ਰਸ਼ਨ ਭੁੱਲ ਕੇ ਸਾਈਕਲ ਦੇ ਪਿੱਛੇ-ਪਿੱਛੇ ਭੱਜਣ ਲੱਗ ਪਿਆ।
ਉਹ ਦੋਵੇਂ ਪਤਾ ਨਹੀਂ ਕਦੋਂ ਤੀਕ ਇੰਜ ਹੀ ਖੇਡਦੇ ਰਹਿੰਦੇ, ਪਰ ਇਕ ਨੌਕਰ ਨੇ ਆ ਕੇ ਖੇਡ ਮੁਕਾਅ ਦਿੱਤੀ¸
“ਛੋਟੇ ਸਰਕਾਰ, ਚਲ ਕੇ ਖਾਣਾ ਖਾ ਲਓ।”
“ਆ ਤੂੰ ਵੀ ਖਾ ਲੈ।” ਇੱਫ਼ਨ ਨੇ ਟੋਪੀ ਨੂੰ ਕਿਹਾ।
“ਨਾਹੀਂ, ਹਮ ਨਾ ਖਾ ਸਕਤੇ।”
“ਤਾਂ ਮੀਆਂ ਤੁਸੀਂ ਵੀ ਘਰ ਤਸ਼ਰੀਫ਼ ਲੈ ਜਾਓ...ਖਾਣੇ ਲਈ ਤੁਹਾਡਾ ਇੰਤਜ਼ਾਰ ਹੋ ਰਿਹਾ ਹੋਏਗਾ।” ਨੌਕਰ ਨੇ ਕਿਹਾ।
“ਹਮ ਮੀਆਂ ਨਾ ਹੈਂ।”
ਨੌਕਰ ਇੱਫ਼ਨ ਨੂੰ ਲੈ ਕੇ ਚਲਾ ਗਿਆ। ਟੋਪੀ ਉਸ ਵੱਡੇ ਸਾਰੇ ਕੰਪਾਊਂਡ ਵਿਚ ਇਕੱਲਾ ਖੜ੍ਹਾ ਰਹਿ ਗਿਆ, ਜਿਹੜਾ ਭਾਂਤ-ਭਾਂਤ ਦੇ ਫਲਦਾਰ ਰੁੱਖਾਂ ਨਾਲ ਭਰਿਆ ਹੋਇਆ ਸੀ। ਉਹ ਇਕ ਰੁੱਖ ਹੇਠ ਬੈਠ ਕੇ ਇਹ ਸੋਚਣ ਲੱਗਾ ਕਿ ਆਖ਼ਰ ਉਸ ਕੋਲ ਸਾਈਕਲ ਕਿਉਂ ਨਹੀਂ? ਕਮਾਲ ਤਾਂ ਇਹ ਹੋਇਆ ਸੀ ਮੁਨੀ ਭਾਈ ਕੋਲ ਵੀ ਸਾਈਕਲ ਨਹੀਂ ਸੀ। ਉਹ ਇਹ ਸੋਚ ਕੇ ਖੁਸ਼ ਹੋ ਗਿਆ ਕਿ ਜਦੋਂ ਉਹ ਛਾਤੀ ਤਾਣ ਕੇ ਮੁਨੀ ਭਾਈ ਨੂੰ ਇਹ ਦੱਸੇਗਾ ਕਿ ਉਸਦੇ ਇਕ ਦੋਸਤ ਕੋਲ ਸਾਇਕਿਲ ਹੈ, ਜਿਹੜੀ ਉਸਦਾ ਚੱਚੂ ਵਲਾਇਤੋਂ ਲਿਆਇਆ ਹੈ ਤਾਂ ਮੁਨੀ ਭਾਈ ਦਾ ਮੂੰਹ ਲੱਥ ਜਾਵੇਗਾ। ਪਰ ਇਹ ਚੱਚੂ ਕੀ ਹੁੰਦਾ ਹੈ? 'ਉਂਹ! ਕੁਛ ਹੋਤਾ ਹੋਇਹੇ! ਬਾਤ ਤ ਹੈ ਈ ਕਿ ਹਮਰੇ ਦੋਸਤ ਕੇ ਪਾਸ ਸਾਇਕਿਲ ਹੈ।' ਭੁੱਖ ਜਾਗ ਪਈ ਸੀ। ਉਹ ਘਰ ਵੱਲ ਤੁਰ ਪਿਆ। ਪਰ ਜਦੋਂ ਘਰ ਪਹੁੰਚਿਆ ਤਾਂ ਘਰ ਵਿਚ ਇਕ ਸਨਸਨੀ ਜਿਹੀ ਫੈਲੀ ਹੋਈ ਸੀ; ਰਾਮਦੁਲਾਰੀ ਦੇ ਤੀਜਾ ਬੱਚਾ ਹੋ ਰਿਹਾ ਸੀ।
“ਭਾਈ ਹੋਈ ਕੀ ਬਾਹਿਨ?” ਇਕ ਨੌਕਰਾਣੀ ਨੇ ਪੁੱਛਿਆ।
“ਸਾਇਕਿਲ ਨਾ ਹੋ ਸਕਤੀ ਕਾ?” ਟੋਪੀ ਨੇ ਸਵਾਲ ਕੀਤਾ।
ਬੁੱਢੀ ਨੌਕਰਾਣੀ ਹੱਸ-ਹੱਸ ਲੋਟਪੋਟ ਹੋ ਗਈ। ਉਸਨੇ ਇਹ ਗੱਲ ਦੋਵਾਂ ਜਵਾਨ ਨੌਕਰਾਣੀਆਂ ਨੂੰ ਦੱਸੀ ਤੇ ਉਹ ਵੀ ਜੀਅ ਖੋਲ੍ਹ ਕੇ ਹੱਸੀਆਂ। ਟੋਪੀ ਕੱਚਾ ਜਿਹਾ ਹੋ ਗਿਆ।
ਪਿੱਛੋਂ ਇਹ ਗੱਲ ਦਾਦੀ ਯਾਨੀ ਸੁਭਦਰਾ ਦੇਵੀ ਤੇ ਉਸਦੀ ਮਾਂ ਰਾਮਦੁਲਾਰੀ ਨੂੰ ਵੀ ਦੱਸੀ ਗਈ। ਰਾਮਦੁਲਾਰੀ ਮੁਸਕਰਾ ਪਈ। ਸੁਭਦਰਾ ਦੇਵੀ ਨੇ ਠੇਠ ਉਰਦੂ ਵਿਚ ਟੋਪੀ ਦੀ ਮੂਰਖਤਾ ਦਾ ਰੋਣਾ, ਰੋਣਾ ਸ਼ੁਰੂ ਕਰ ਦਿੱਤਾ...ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਟੋਪੀ ਨੂੰ ਇਕ ਸਾਈਕਲ ਦੀ ਲੋੜ ਹੈ।...ਤੇ ਜਦੋਂ ਕਿਸੇ ਨੇ ਇਹ ਨਹੀਂ ਸੋਚਿਆ ਤਾਂ ਉਹ ਇੱਫ਼ਨ ਵੱਲ ਝੁਕਦਾ ਗਿਆ।
ਆਗਿਆ ਹੋਵੇ ਤਾਂ ਇੱਥੇ ਇੱਫ਼ਨ ਬਾਰੇ ਵੀ ਕੁਝ ਦੱਸ ਦੇਵਾਂ¸

ਇਹ ਗੱਲ ਕਹਾਣੀ ਤੇ ਜੀਵਨੀ ਦੋਵਾਂ ਦੇ ਨਿਯਮਾਂ ਦੇ ਵਿਰੁੱਧ ਜਾਂਦੀ ਹੈ ਕਿ ਪਾਠਕ ਨੂੰ ਹਨੇਰੇ ਵਿਚ ਰੱਖਿਆ ਜਾਵੇ। ਪਾਠਕ ਤੇ ਗਾਹਕ ਵਿਚ ਬੜਾ ਫ਼ਰਕ ਹੁੰਦਾ ਹੈ। ਲੇਖਕ ਤੇ ਦੁਕਾਨਦਾਰ ਵਿਚ ਬੜਾ ਅੰਤਰ ਹੁੰਦਾ ਹੈ। ਦੁਕਾਨਦਾਰ ਨੇ ਆਪਣੀ ਚੀਜ਼ ਵੇਚਣੀ ਹੁੰਦੀ ਹੈ, ਇਸ ਲਈ ਉਹ ਜਾਸੂਸੀ ਕਹਾਣੀ ਦੇ ਲੇਖਕ ਵਾਂਗ ਕੁਝ ਛਿਪਾਉਂਦਾ ਹੈ ਤੇ ਕੁਝ ਦੱਸਦਾ ਰਹਿੰਦਾ ਹੈ। ਪਰ ਲੇਖਕ ਕੋਲ ਵੇਚਣ ਵਾਲੀ ਕੋਈ ਸ਼ੈ ਨਹੀਂ ਹੁੰਦੀ। ਕਹਾਣੀ ਦਾ ਤਾਣਾ-ਬਾਣਾ ਗ਼ਫ (ਮੋਟਾ/ਮਜ਼ਬੂਤ) ਹੋਵੇ ਤਾਂ ਪਾਠਕਾਂ ਅੱਗੇ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ। ਮੈਂ ਟੋਪੀ ਦੀ ਕਹਾਣੀ ਨੂੰ ਜਾਸੂਸੀ ਕਹਾਣੀ ਬਣਾਏ ਬਿਨਾਂ ਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ 'ਟੋਪੀ-ਗਾਥਾ' ਕਾਲ ਹੈ; 'ਟੁੱਚਾ-ਯੁੱਗ' ਹੈ। ਛੋਟੇ ਲੋਕ ਜਨਮ ਲੈ ਰਹੇ ਹਨ। ਲੋਕਾਂ ਦੀ ਆਜ਼ਾਦੀ ਉੱਤੇ ਰੰਗ-ਰੰਗ ਦਾ ਚਿੱਕੜ ਪੁਚਿਆ ਹੋਇਆ ਹੈ। ਨਾ ਇਹ ਵੀਰਾਂ ਦੀਆਂ ਗਾਥਾਵਾਂ ਦਾ ਸਮਾਂ ਹੈ ਤੇ ਨਾ ਹੀ ਸ਼ਿੰਗਾਰ-ਰਸ ਵੰਡਣ ਦਾ। ਕੋਈ ਯੁੱਗ ਕਲ਼ਯੁੱਗ ਨਹੀਂ ਹੁੰਦਾ। ਪਰ 'ਟੋਪੀ-ਯੁੱਗ' ਜ਼ਰੂਰ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਲੇਖਕ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਪਾਠਕਾਂ ਨਾਲ ਆਪਣੇ ਯੁੱਗ ਦੀ ਜਾਣ-ਪਛਾਣ ਕਰਵਾਏ ਤੇ ਇਹ ਦੱਸੇ ਕਿ ਇਸ ਭੱਜ-ਦੌੜ ਵਿਚ ਉਹ ਆਪ ਕਿੱਥੇ ਕੁ ਖੜ੍ਹਾ ਹੈ।

ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ¸ 'ਮੈਂ ਹੀ ਸਭ ਕੁਝ ਹਾਂ।' ਮੈਂ ਕ੍ਰਿਸ਼ਨ ਨਹੀਂ, ਪਰ ਆਪਣੇ ਪਾਠਕਾਂ ਨੂੰ ਕਹਿ ਰਿਹਾ ਹਾਂ ਕਿ ਮੈਂ ਹੀ ਟੋਪੀ ਹਾਂ ਤੇ ਮੈਂ ਹੀ ਇੱਫ਼ਨ ਵੀ। ਮੈਂ ਹੀ ਮੁਨੀ ਬਾਬੂ ਹਾਂ ਤੇ ਮੈਂ ਹੀ ਭੈਰਵ ਵੀ। ਮੈਂ ਇਹ ਯੁੱਗ ਹਾਂ ਤੇ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਵਾ ਰਿਹਾ ਹਾਂ।...ਮੈਂ ਲੇਖਕ ਵੀ ਹਾਂ ਤੇ ਪਾਠਕ ਵੀ।...ਤੇ ਮੈਂ ਜਿਹੜਾ ਲੇਖਕ ਹਾਂ, ਉਸ 'ਮੈਂ' ਕੋਲੋਂ ਇੱਫ਼ਨ ਦੀ ਜਾਣ-ਪਛਾਣ ਕਰਵਾਉਣ ਦੀ ਆਗਿਆ ਮੰਗ ਰਿਹਾ ਹਾਂ, ਜਿਹੜਾ ਪਾਠਕ ਹੈ।
ਇੱਫ਼ਨ ਬਾਰੇ ਕੁਝ ਜਾਣ ਲੈਣਾ ਇਸ ਲਈ ਜ਼ਰੂਰੀ ਹੈ ਕਿ ਇੱਫ਼ਨ ਟੋਪੀ ਦਾ ਪਹਿਲਾ ਦੋਸਤ ਸੀ। ਇਸ ਇੱਫ਼ਨ ਨੂੰ ਟੋਪੀ ਨੇ ਹਮੇਸ਼ਾ ਇੱਫਨ ਕਿਹਾ। ਇੱਫ਼ਨ ਨੂੰ ਇਸ ਦਾ ਬੁਰਾ ਲੱਗਿਆ, ਪਰ ਇੱਫਨ ਕਹੇ ਜਾਣ 'ਤੇ ਵੀ ਬੋਲਦਾ ਰਿਹਾ। ਇਸ ਬੋਲਦੇ ਰਹਿਣ ਵਿਚ ਹੀ ਉਸਦੀ ਵਡਿਆਈ ਸੀ। ਇਹ ਨਾਵਾਂ ਦਾ ਚੱਕਰ ਵੀ ਅਜ਼ੀਬ ਹੁੰਦਾ ਹੈ। ਉਰਦੂ ਤੇ ਹਿੰਦੀ ਇਕੋ ਭਾਸ਼ਾ, ਹਿੰਦਵੀ, ਦੇ ਦੋ ਰੂਪ ਨੇ। ਪਰ ਤੁਸੀਂ ਖ਼ੁਦ ਦੇਖ ਲਓ ਕਿ ਨਾਂ ਬਦਲ ਜਾਣ ਕਰਕੇ ਕਿਹੋ ਜਿਹੇ ਘਪਲੇ ਹੋ ਰਹੇ ਨੇ। ਨਾਂ ਕ੍ਰਿਸ਼ਨ ਹੋਵੇ ਤਾਂ ਉਸਨੂੰ ਅਵਤਾਰ ਕਹਿੰਦੇ ਹਨ ਤੇ ਜੇ ਮੁਹੰਮਦ ਹੋਏ ਤਾਂ ਪੈਗੰਬਰ। ਨਾਵਾਂ ਦੇ ਚੱਕਰ ਵਿਚ ਪੈ ਕੇ ਲੋਕੀ ਇਹ ਭੁੱਲ ਗਏ ਨੇ ਕਿ ਦੋਵੇਂ ਦੁੱਧ ਦੇਣ ਵਾਲੇ ਜਾਨਵਰ ਚਰਾਉਂਦੇ ਹੁੰਦੇ ਸਨ।  ਦੋਵੇਂ ਹੀ ਪਸ਼ੂਪਤੀ, ਗੋਬਰਧਨ ਤੇ ਬਰਜ-ਕੁਮਾਰ ਸਨ। ਏਸੇ ਕਰਕੇ ਕਹਿੰਦਾ ਹਾਂ ਕਿ ਟੋਪੀ ਦੇ ਬਿਨਾਂ ਇੱਫ਼ਨ ਤੇ ਇੱਫ਼ਨ ਦੇ ਬਿਨਾਂ ਟੋਪੀ, ਨਾ ਸਿਰਫ ਇਹ ਕਿ ਅਧੂਰੇ ਨੇ, ਬਲਿਕੇ ਨਿਰਅਰਥ ਵੀ ਨੇ। ਇਸ ਲਈ ਇੱਫ਼ਨ ਦੇ ਘਰ ਜਾਣਾ ਜ਼ਰੂਰੀ ਹੈ। ਇਹ ਦੇਖਣਾ ਜ਼ਰੂਰੀ ਹੈ ਕਿ ਉਹਦੀ ਆਤਮਾਂ ਦੇ ਵਿਹੜੇ ਵਿਚ ਕਿਹੋ-ਜਿਹੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਪ੍ਰੰਪਰਾਵਾਂ ਦੇ ਰੁੱਖ ਕਿਹੋ-ਜਿਹੇ ਫੁੱਲ-ਫਲ ਦੇ ਰਹੇ ਨੇ।
    --- --- ---

No comments:

Post a Comment