Tuesday 15 June 2010

ਟੋਪੀ ਸ਼ੁਕਲਾ…: ਤੇਰ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਤੇਰ੍ਹਵੀਂ ਕਿਸ਼ਤ :

ਸ਼ਾਮ ਦੀ ਚਾਹ ਵੇਲੇ ਮੇਜ਼ ਉੱਤੇ ਤੂਫ਼ਾਨ ਹੀ ਆ ਗਿਆ ਸੀ।
ਟੋਪੀ ਘਰ ਪਹੁੰਚਿਆ ਤਾਂ ਦੋਵੇਂ ਭਰਾ ਚੋਣ ਮੀਟਿੰਗਾਂ ਵਿਚ ਭਾਸ਼ਣ ਦੇਣ ਗਏ ਹੋਏ ਸਨ। ਡਾਕਟਰ ਸਾਹਬ ਆਪਣੀ ਦੁਕਾਨ 'ਤੇ ਸਨ। ਰਾਮਦੁਲਾਰੀ ਨੇ ਉਸਨੂੰ ਸਿੱਧਾ ਗੰਗਾ ਨਹਾਅ ਆਉਣ ਲਈ ਭੇਜ ਦਿੱਤਾ। ਉਹ ਕੀ ਕਰਦਾ? ਆਪਣੇ ਇਕ ਦੋਸਤ ਦੇ ਘਰ ਜਾ ਕੇ ਨਹਾਅ ਆਇਆ; ਟੂਟੀ ਵਿਚ ਵੀ ਤਾਂ ਗੰਗਾ ਦਾ ਪਾਣੀ ਹੀ ਆਉਂਦਾ ਸੀ ਆਖ਼ਰ...ਫੇਰ ਗੰਗਾ ਤਾਈਂ ਜਾਣ ਦੀ ਕੀ ਲੋੜ ਸੀ ਭਲਾ?
“ਕਿਸ ਦਾ ਇਲੈਕਸ਼ਨ ਲੜਨ ਆਇਆ ਐਂ?” ਦੋਸਤ ਨੇ ਪੁੱਛਿਆ। ਇਸ ਦੋਸਤ ਦਾ ਨਾਂ ਵਿਸ਼ੰਭਰ ਸੀ। ਬੜਾ ਹੀ ਕੱਟੜ ਕਿਸਮ ਦਾ ਅਰਾਜਨੀਤਕ ਆਦਮੀ ਸੀ। 'ਚਿੱਤਰਾ' ਵਿਚ ਉਸਦੀ ਕੱਪੜੇ ਦੀ ਦੁਕਾਨ ਸੀ। ਇਹ ਦੁਕਾਨ ਉਸ ਤੋਂ ਪਹਿਲਾਂ ਉਸਦੇ ਪਿਤਾ ਤੇ ਉਸਤੋਂ ਪਹਿਲਾਂ ਉਸਦੇ ਦਾਦੇ ਦੀ ਹੁੰਦੀ ਸੀ। ਉਸਦਾ ਕਹਿੰਦਾ ਸੀ, 'ਰਾਜਨੀਤੀ ਦੁਕਾਨਦਾਰੀ ਨੂੰ ਚੌਪਟ ਕਰ ਦਿੰਦੀ ਏ। ਦੁਕਾਨਦਾਰ ਦਾ ਰਾਜਨੀਤੀ ਨਾਲ ਕੀ ਵਾਸਤਾ? ਚਮਾਰ, ਮੁਸਲਮਾਨ ਤੇ ਠਾਕੁਰ...ਸਾਰੇ ਈ ਗਾਹਕ ਨੇ। ਉਹ ਦੁਕਾਨਦਾਰ ਹੀ ਕੀ ਜਿਹੜਾ ਆਪਣੇ ਗਾਹਕਾਂ ਨੂੰ ਖ਼ੁਸ਼ ਨਾ ਰੱਖ ਸਕੇ!' ਚੋਣਾਂ ਦੇ ਦਿਨਾਂ ਵਿਚ ਜਿਹੜਾ ਵੀ ਆਉਂਦਾ, ਉਹ ਉਸੇ ਨੂੰ ਵੋਟ ਪਾਉਣ ਦਾ ਵਾਅਦਾ ਕਰ ਲੈਂਦਾ। ਉਹ ਜਨਸੰਘੀ ਵੀ ਸੀ, ਤੇ ਮੁਸਲਿਮ ਲੀਗੀ ਵੀ। ਕਈ ਮੁਸਲਮਾਨ ਗਾਹਕ ਉਸਦੇ ਦਾਦੇ ਦੇ ਜ਼ਮਾਨੇ ਤੋਂ ਉਸਦੇ ਗਾਹਕ ਸਨ। ਉਹਨਾਂ ਵਿਚੋਂ ਦੋ ਪਰਵਾਰ ਪਾਕਿਸਤਾਨ ਚਲੇ ਗਏ ਸਨ...ਜੇ ਪਾਕਿਸਤਾਨ ਨਾ ਬਣਿਆ ਹੁੰਦਾ ਤਾਂ ਅੱਜ ਵੀ ਉਹ ਉਸਦੇ ਗਾਹਕ ਹੁੰਦੇ। ਉਸਦੀ ਰਾਜਨੀਤੀ ਇਹੀ ਸੀ। ਪਰ ਟੋਪੀ ਤੋਂ ਇਹ ਪੁੱਛਣਾ ਵੀ ਜ਼ਰੂਰੀ ਸੀ ਕਿ ਉਹ ਕਿਸ ਦੀ ਹਮਾਇਤ ਕਰੇਗਾ।
“ਮੈਂ ਕੱਲਨ ਦੀ ਇਲੈਕਸ਼ਨ ਹਿਮਾਇਤ ਕਰਾਂਗਾ।” ਟੋਪੀ ਨੇ ਕਿਹਾ।
ਇਸ ਜਵਾਬ ਲਈ ਵਿਸ਼ੰਭਰ ਵਰਗਾ ਅਰਾਜਨੀਤਕ ਆਦਮੀ ਵੀ ਤਿਆਰ ਨਹੀਂ ਸੀ।
“ਕੱਲਨ ਦੀ?”
“ਹਾਂ।”
ਵਿਸ਼ੰਭਰ ਹੱਸ ਪਿਆ। ਉਸਨੂੰ ਯਕੀਨ ਸੀ ਟੋਪੀ ਮਜ਼ਾਕ ਕਰ ਰਿਹਾ ਹੈ; ਪਰ ਸ਼ਾਮ ਦੀ ਚਾਹ ਵੇਲੇ ਜਿਹੜੀ ਗੱਲ ਹੋਈ, ਉਸਨੂੰ ਕਿਸੇ ਨੇ ਮਜ਼ਾਕ ਨਹੀਂ ਸੀ ਸਮਝਿਆ।
“ਇਹ ਤਾਂ ਮੁਸਲਿਮ ਯੂਨੀਵਰਸਟੀ ਤੋਂ ਆਇਆ ਏ...ਤੇਰੀ ਹੀ ਸਪੋਰਟ ਕਰੇਗਾ।” ਮੁਨੀ ਬਾਬੂ ਨੇ ਟੋਪੀ ਵੱਲ ਇਸ਼ਾਰਾ ਕਰਕੇ ਭੈਰਵ ਨੂੰ ਕਿਹਾ।
“ਬਹੁਤ ਸਾਰੇ ਅਜਿਹੇ ਲੋਕ ਵੀ ਮੇਰੀ ਸਪੋਰਟ ਕਰ ਰਹੇ ਨੇ ਜਿਹੜੇ ਮੁਸਲਿਮ ਯੂਨੀਵਰਸਟੀ ਤੋਂ ਨਹੀਂ ਆਏ ਹੋਏ।” ਭੈਰਵ ਨੇ ਕਿਹਾ, “ਇਹ ਤਾਂ ਆਪਣੇ ਆਪਣੇ ਜਚਣ ਦੀ ਗੱਲ ਏ ਭਾਈ ਸਾਹਬ! ਤੁਸੀਂ ਮੇਰੇ ਨਾਲ ਪੋਲੀਟੀਕਲ ਗੱਲਾਂ ਨਾ ਕਰਿਆ ਕਰੋ...ਜਨਸੰਘ ਦੇਸ਼ ਨੂੰ ਪਿੱਛੇ ਵੱਲ ਲਿਜਾਅ ਰਹੀ ਏ।”
“ਤੇ ਤੁਸੀਂ ਆਪਣੇ ਬਲਦਾਂ ਦੀ ਜੋੜੀ ਨਾਲ ਮੁਸਲਮਾਨਾ ਨੂੰ ਹਲ ਵਾਂਗ ਜੋੜ ਕੇ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਹੋ? ਇਹ ਨਹਿਰੂ ਦੇਸ਼ ਦਾ ਬੇੜਾ ਗਰਕ ਕਰਕੇ ਦਮ ਲਵੇਗਾ। ਮੁਸਲਮਾਨ ਮੋਤੀ ਲਾਲ, ਫੇਰ ਸੱਯਦ ਹਸਨ ਦੇ ਜ਼ਮਾਨੇ ਤੋਂ ਨਹਿਰੂ ਪਰਿਵਾਰ ਦੀ ਕਮਜ਼ੋਰੀ ਬਣੇ ਹੋਏ ਨੇ।”
“ਵੇਸਵਾ ਦੇ ਕੋਠੇ ਦਾ ਦੀਵਾ ਦੇਸ਼ ਭਰ ਨੂੰ ਚਾਨਣ ਨਹੀਂ ਦੇ ਸਕਦਾ।”
ਇਹ ਸੁਣ ਕੇ ਮੁਨੀ ਬਾਬੂ ਹੱਥਿਓਂ ਉੱਖੜ ਗਏ। ਉਹਨਾਂ ਨੂੰ ਪਤਾ ਸੀ ਕਿ ਕਾਂਗਰਸੀ ਲਾਊਡ ਸਪੀਕਰ ਉੱਤੇ ਤਾਂ  ਰਾਜਨੀਤੀ ਕਰਦੇ ਹੀ ਨੇ ਤੇ ਇਹ ਕਾਨਾਫੂਸੀ ਕਰਦੇ ਨੇ ਕਿ ਮੁਨੀ ਬਾਬੂ, ਬੋਰਡ ਨੂੰ ਦਾਲ-ਮੰਡੀ ਬਣਾ ਦੇਣਗੇ। ਪਰ ਉਹਨਾਂ ਇਹ ਕਦੀ ਵੀ ਨਹੀਂ ਸੀ ਸੋਚਿਆ ਕਿ ਭੈਰਵ ਏਡੀ ਵੱਡੀ ਗੱਲ ਕਹੇਗਾ...ਤੇ ਉਹਨਾਂ ਦੇ ਮੂੰਹ ਉੱਤੇ ਹੀ ਕਹਿ ਦਵੇਗਾ।
“ਤੁਸੀਂ ਸੁਣ ਰਹੇ ਹੋ ਪਿਤਾ ਜੀ?”
“ਸਾਰੇ ਸੁਣ ਰਹੇ ਐ।” ਟੋਪੀ ਨੇ ਕਿਹਾ, “ਤੇ ਤੁਸੀਂ ਜੋ ਕੁਝ ਕਿਹਾ ਸੀ, ਉਸਨੂੰ ਵੀ ਸਾਰਿਆਂ ਈ ਸੁਣਿਆਂ ਸੀ।”
“ਮੈਂ ਠੀਕ ਕਿਹਾ ਸੀ।”
“ਉਹ ਤਾਂ ਪਤਾ ਨਹੀਂ।” ਟੋਪੀ ਬੋਲਿਆ, “ਪਰ ਭੈਰਵ ਜਰੂਰ ਠੀਕ ਕਹਿ ਰਿਹੈ। ਨਾਂਅ ਤਾਂ ਜਨਸੰਘ ਐ...ਪਰ ਦੇਸ਼ ਦੇ ਕਿਸੇ ਪਿੰਡ ਵਿਚ ਇਸ ਪਾਰਟੀ ਦਾ, ਇਕ ਵੀ ਦਫ਼ਤਰ ਨਹੀਂ। ਇਸਦਾ ਨਾਂਅ ਜਨਸੰਘ ਨਹੀਂ ਬਾਣੀਆਂ-ਸੰਘ ਹੋਣਾ ਚਾਹੀਦਾ ਐ, ਭਾਈ ਸ਼੍ਰੀ ਜੀਓ!”
“ਤਾਂ ਇਹ ਭੈਰਵ ਬਾਬੂ ਦਾ ਇਲੈਕਸ਼ਨ ਲੜਨ ਪਧਾਰੇ ਨੇ ਇੱਥੇ?” ਮੁਨੀ ਬਾਬੂ ਬੋਲੇ।
“ਜੀ ਨਹੀਂ।” ਟੋਪੀ ਨੇ ਕਿਹਾ, “ਮੈਂ ਕੱਲਨ ਦੀ ਇਲੈਕਸ਼ਨ ਸਪੋਰਟ ਕਰਨ ਲਈ ਆਇਆਂ...”
“ਉਸ ਮੁਸਲਮਾਨ ਦੀ?” ਮੁਨੀ ਬਾਬੂ ਤੇ ਭੈਰਵ ਨੇ ਇਕ ਆਵਾਜ਼ ਵਿਚ ਪੁੱਛਿਆ।
“ਭੈਰਵ ਬਾਬੂ ਤੁਹਾਨੂੰ ਹਿੰਦੂ-ਮੁਸਲਮਾਨ ਨਾਲ ਕੀ ਮਤਲਬ? ਤੁਸੀਂ ਤਾਂ ਸੈਕੁਲਰਿਜ਼ਮ ਤੇ ਸੋਸ਼ਲਿਜ਼ਮ ਦੀਆਂ ਬਾਤਾਂ ਕਰਦੇ ਹੋਵੋਗੇ...ਜਾਂ ਫੇਰ ਟਿਕਟ ਖਾਤਰ ਹੀ ਕਾਂਗਰਸੀ ਬਣੇ ਹੋਏ ਓ?”
“ਅਬ ਈ ਘਰ ਕੀ ਈ ਦਸਾ ਹੋਗਇਲ ਕਿ ਤੂੰ ਭਈਅਨ ਕੇ ਖਿਲਾਫ ਏਕੋ ਮੀਆਂ ਕਾ ਚੁਨਾਵ ਲੜਾਏ ਆਇਲ ਬਾੜਾ?” ਰਾਮਦੁਲਾਰੀ ਬੇਚੈਨ ਹੋ ਗਈ। “ਏ ਹੀ ਮੋਏ ਕਹਿਤ ਰਹਿਲੀਂ ਕੀ ਏਕੋ ਅਲੀਗੜ-ਉਲੀਗੜ ਨਾ ਭੇਜੇ ਕੇ ਚਾਹੀ...।”
ਉਸ ਰਾਤ ਰਾਮਦੁਲਾਰੀ ਨੂੰ ਨੀਂਦ ਨਹੀਂ ਆਈ। ਉਸਦੀ ਸਮਝ ਵਿਚ ਇਹ ਨਹੀਂ ਸੀ ਆ ਰਿਹਾ ਕਿ ਕੋਈ ਭਰਾ ਆਪਣੇ ਭਰਾਵਾਂ ਦਾ ਵਿਰੋਧ ਕਿੰਜ ਕਰ ਸਕਦਾ ਹੈ...ਤੇ ਉਹ ਵੀ ਇਕ ਮੀਏਂ ਦੀ ਖਾਤਰ??
ਰਾਮਦੁਲਾਰੀ ਰਾਜਨੀਤੀ ਨਹੀਂ ਜਾਣਦੀ ਸੀ। ਉਹ ਮੁਸਲਮਾਨਾਂ ਦੀ ਦੁਸ਼ਮਣ ਵੀ ਨਹੀਂ ਸੀ। ਇਹ ਗੱਲ ਉਸਨੇ ਉੱਡਦੀ ਉੱਡਦੀ ਸੁਣੀ ਸੀ ਕਿ ਕੋਈ ਪਾਕਿਸਤਾਨ ਬਣ ਗਿਆ ਹੈ। ਪਰ ਹਿੰਦੀ ਦੇ ਅਖ਼ਬਾਰਾਂ ਤੋਂ ਉਸਨੂੰ ਇਹ ਗੱਲ ਜ਼ਰੂਰ ਪਤਾ ਲੱਗ ਚੁੱਕੀ ਸੀ ਕਿ ਸਰਹੱਦ ਪਾਰ ਦੇ ਮੁਸਲਮਾਨਾਂ ਨੇ ਹਿੰਦੂਆਂ ਉੱਤੇ ਬੜੇ ਜ਼ੁਲਮ ਕੀਤੇ ਨੇ। ਇਸ ਕਰਕੇ ਉਹ ਮੁਸਲਮਾਨਾਂ ਤੋਂ ਡਰਨ ਲੱਗ ਪਈ ਸੀ। ਇਸੇ ਕਰਕੇ ਜਦੋਂ ਟੋਪੀ ਨੂੰ ਅਲੀਗੜ੍ਹ ਭੇਜਿਆ ਜਾ ਰਿਹਾ ਸੀ ਤਾਂ ਉਸਨੇ ਵਿਰੋਧ ਕੀਤਾ ਸੀ। ਟੋਪੀ ਮੁਸਲਮਾਨਾਂ ਨਾਲ ਮਿਲ ਗਿਆ ਸੀ। ਉਹ ਤਾਂ ਇਸੇ ਗੱਲ ਉੱਤੇ ਹੈਰਾਨ ਸੀ ਕਿ ਮੁਨੀ ਬਾਬੂ ਤੇ ਭੈਰਵ ਵਿਚਕਾਰ ਠਣ ਗਈ ਹੈ...ਪਰ ਬਲਭਦਰ ਨੇ ਤਾਂ ਪਰਲੋ ਹੀ ਲਿਆ ਦਿੱਤੀ ਸੀ। ਕਲਯੁੱਗ ਵਿਚ ਜੋ ਨਾ ਹੋਵੇ, ਉਹੀ ਘੱਟ ਹੈ। ਅਜੇ ਤਾਂ ਉਹ ਇਹ ਫੈਸਲਾ ਵੀ ਨਹੀਂ ਸੀ ਕਰ ਸਕੀ ਕਿ ਮੁਨੀ ਬਾਬੂ ਤੇ ਭੈਰਵ ਵਿਚੋਂ ਕਿਹੜਾ ਅਰਜੁਨ ਹੈ ਤੇ ਕਿਹੜਾ ਦੁਰਯੋਧਨ...ਕਿ ਬਲਭਦਰ ਆ ਗਿਆ ਸੀ¸ ਫੇਰ ਇਹ ਬਲਭਦਰ ਕੌਣ ਹੋਇਆ?
ਖ਼ੁਦ ਟੋਪੀ ਦੇ ਦਿਮਾਗ ਵਿਚ ਵੀ ਇਸ ਦੀ ਤਸਵੀਰ ਬਹੁਤੀ ਸਾਫ ਨਹੀਂ ਸੀ। ਉਸ ਵਿਚ ਇਹ ਪਰਿਵਰਤਨ ਸਿਰਫ ਰਾਜਨੀਤੀਕ ਚੇਤਨਾ ਦੇ ਆਧਾਰ ਉੱਤੇ ਨਹੀਂ ਸੀ ਹੋਇਆ। ਇਸ ਪਰਿਵਰਤਨ ਵਿਚ ਉਸਦੇ ਲੜਕਪਨ ਦਾ ਹੱਥ ਵੀ ਸੀ। ਉਸਦਾ ਲੜਕਪਨ ਮੁਨੀ ਬਾਬੂ ਦੇ ਲੱਥੜ ਹੰਡਾਉਣ ਵਿਚ ਬੀਤਿਆ ਸੀ ਤੇ ਭੈਰਵ ਦੇ ਅਧਿਕਾਰਾਂ ਨੂੰ ਮੰਨ ਲੈਣ ਵਿਚ ਲੰਘਿਆ ਸੀ। ਉਸਨੂੰ ਇਹ ਗੱਲ ਵੀ ਪਤਾ ਨਹੀਂ ਸੀ ਕਿ ਉਹ ਆਪਣੇ ਦੋਵਾਂ ਭਰਾਵਾਂ ਨੂੰ ਨਫ਼ਰਤ ਕਰਦਾ ਹੈ। ਪਰ ਕੱਲਨ? ਕੱਲਨ ਕਿਧਰੋਂ ਆ ਗਿਆ ਸੀ? ਸਟੂਡੈਂਟ ਫੈਡਰੇਸ਼ਨ ਵਿਚ ਹੋਣ ਪਿੱਛੋਂ ਵੀ ਉਸਨੇ ਕਮਿਊਨਿਸਟ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਹੀਂ ਸੀ ਮੰਨਿਆਂ। ਉਹ ਇਸ ਵਿਚਾਰਧਾਰਾ ਦੀਆਂ ਕਈ ਗੱਲਾਂ ਨਾਲ ਸਹਿਮਤ ਨਹੀਂ ਸੀ। ਜਦੋਂ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ ਸੀ, ਉਦੋਂ ਵੀ ਕਈ ਗੱਲਾਂ ਨਾਲ ਉਸਦਾ ਵਿਰੋਧ ਜਿਵੇਂ ਦਾ ਤਿਵੇਂ ਰਿਹਾ ਸੀ। ਉਹ ਪਾਰਟੀ ਨੂੰ ਇਸ ਗੱਲ ਲਈ ਕਦੀ ਮੁਆਫ਼ ਨਹੀਂ ਸੀ ਕਰ ਸਕਦਾ ਕਿ ਜੰਗ ਵਿਚ ਉਹਨਾਂ ਅੰਗਰੇਜ਼ਾਂ ਦਾ ਤੇ ਪਾਕਿਸਤਾਨ ਬਣਨ ਸਮੇਂ ਮੁਸਲਿਮ ਲੀਗ ਦਾ ਸਾਥ ਦਿੱਤਾ ਸੀ। ਫੇਰ ਇਹ ਕੱਲਨ ਕਿੱਧਰੋਂ ਆ ਵੜਿਆ? ਪਰ ਜੇ ਉਹ ਬਨਾਰਸ ਨਾ ਆਉਂਦਾ ਤਾਂ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਲੱਗਣਾ। ਉਹ ਬਨਾਰਸ ਆਇਆ...ਪਰ ਕਿਉਂ ਆਇਆ? ਉਸਦੇ ਦਿਲ ਦੀ ਗਹਿਰਾਈ ਵਿਚ ਕਿਤੇ ਇਹ ਖ਼ਿਆਲ ਡੰਗ ਮਾਰ ਰਿਹਾ ਸੀ ਕਿ ਸਕੀਨਾ ਨੇ ਉਸਦੇ ਰੱਖੜੀ ਨਹੀਂ ਸੀ ਬੰਨ੍ਹੀ। ਇਸੇ ਰੱਖੜੀ ਕਰਕੇ ਉਹ ਸਲੀਮਾ ਨਾਲ ਆਪਣੇ ਪਿਆਰ ਦੀ ਗੱਲ ਨਹੀਂ ਸੀ ਤੋਰ ਸਕਿਆ। ਉਸਦੇ ਸਾਹਮਣੇ ਕਿਸ਼ਨ ਸਿੰਘ ਤੇ ਸੀਮਾ; ਤੇ ਡਾਕਟਰ ਰਈਸ ਤੇ ਸ਼ਕਤੀ ਹੁਰਾਂ ਦੇ ਦੋ ਜੋੜੇ ਸਨ...ਪਰ ਫੇਰ ਵੀ ਉਹ ਸਲੀਮਾ ਨਾਲ ਆਪਣੇ ਪਿਆਰ ਦੀ ਗੱਲ ਨਹੀਂ ਸੀ ਕਰ ਸਕਿਆ।
ਸਲੀਮਾ ਸ਼ਾਹਜਹਾਂ ਪੁਰ ਦੇ ਇਕ ਪਠਾਨ ਪਰਿਵਾਰ ਦੀ ਕੁੜੀ ਸੀ। ਚੰਪਈ ਰੰਗ ਤੇ ਮੋਟੀਆਂ-ਮੋਟੀਆਂ ਅੱਖਾਂ ਵਾਲੀ। ਸਲੀਮਾ ਜਦੋਂ ਅਲੀਗੜ੍ਹ ਆਈ ਸੀ, ਕੱਟੜ ਹਿੰਦੂ-ਦੁਸ਼ਮਣ ਹੁੰਦੀ ਸੀ। ਅਲੀਗੜ੍ਹ ਆਉਣ ਪਿੱਛੋਂ ਪਹਿਲੀ ਗੱਲ ਉਸਨੇ ਇਹ ਸੁਣੀ ਕਿ ਸਕੀਨਾ ਟੋਪੀ ਨਾਲ ਫਸੀ ਹੋਈ ਹੈ। ਇਹ ਸੁਣ ਕੇ ਉਸਨੂੰ ਟੋਪੀ ਤੇ ਸਕੀਨਾ ਦੋਵਾਂ ਨਾਲ ਨਫ਼ਰਤ ਹੋ ਗਈ।
ਫੇਰ ਜਦੋਂ ਹਿੰਦੀ ਵਿਭਾਗ ਦੇ ਇਕ ਜਲਸੇ ਵਿਚ ਟੋਪੀ ਨੇ ਇਕ ਪੇਪਰ ਪੜ੍ਹਿਆ ਤਾਂ ਉਹ ਟੋਪੀ ਨਾਲ ਭਿੜ ਗਈ। ਉਸਨੇ ਹਿੰਦੀ ਨੂੰ ਹਿੰਦੂਆਂ ਦੀ ਭਾਸ਼ਾ ਕਿਹਾ ਤੇ ਨਤੀਜਾ ਇਹ ਕੱਢਿਆ ਕਿ ਹਿੰਦੂਆਂ ਦੀ ਭਾਸ਼ਾ, ਰਾਸ਼ਟਰੀ-ਭਾਸ਼ਾ ਨਹੀਂ ਹੋ ਸਕਦੀ।
“...ਉਰਦੂ ਕਿਸੇ ਲੈਕਚਰਰ ਦੀ ਬੀਵੀ ਨਹੀਂ ਕਿ ਕੋਈ ਉਸਨੂੰ ਫਸਾਅ ਲਏ।...”
ਟੋਪੀ ਦਾ ਕਾਲਾ ਰੰਗ, ਲਾਲ ਹੋ ਗਿਆ।
ਸਾਰੀ ਯੂਨੀਵਰਸਟੀ ਵਿਚ ਸਨਸਨੀ ਫੈਲ ਗਈ। ਅਬਦੁੱਲਾ ਹਾਲ ਤੋਂ ਲੈ ਕੇ ਵੀ.ਐਮ. ਹਾਲ ਤੀਕ ਚੁੱਪ ਵਰਤ ਗਈ।
ਇਹ ਉਸ ਦਿਨ ਦੀ ਗੱਲ ਹੈ ਜਿਸ ਦਿਨ ਕਹਾਣੀਕਾਰ ਨੇ ਇਹ ਕਹਾਣੀ ਸ਼ੁਰੂ ਕੀਤੀ ਸੀ ਤੇ ਟੋਪੀ ਨੇ ਇੱਫ਼ਨ ਨੂੰ ਕਿਹਾ ਸੀ ਕਿ ਕਿਸੇ ਮੁਸਲਮਾਨ ਕੁੜੀ ਨਾਲ ਪਿਆਰ ਕਰਨਾ ਚਾਹੁੰਦਾ ਹੈ। ਇਹ ਗੱਲ ਕਹਿਣ ਸਮੇਂ ਟੋਪੀ ਦੇ ਧਿਆਨ ਵਿਚ ਦੂਰ-ਦੁਰ ਤਾਈਂ ਸਲੀਮਾ ਕਿੱਧਰੇ ਵੀ ਨਹੀਂ ਸੀ। ਪਰ ਜਦੋਂ ਪਿੱਛੋਂ ਉਸਨੇ ਸੋਚਿਆ ਤਾਂ ਉਸਨੂੰ ਸ਼ੱਕ ਹੋਣ ਲੱਗਾ।
ਇਕ, ਦੋ, ਤਿੰਨ, ਚਾਰ ਸਾਲ ਬੀਤ ਗਏ। ਟੋਪੀ ਜੋ ਕਹਿੰਦਾ, ਸਲੀਮਾ ਉਸਦਾ ਵਿਰੋਧ ਕਰਦੀ। ਸਲੀਮਾ ਜੋ ਕਹਿੰਦੀ ਟੋਪੀ ਉਸਦਾ ਮਜ਼ਾਕ ਉਡਾਉਂਦਾ। ਇਹ ਗੱਲਾਂ ਏਨੀਆਂ ਵਧ ਗਈਆਂ ਕਿ ਦੋਵਾਂ ਦੇ ਨਾਂ ਨਾਲੋ-ਨਾਲ ਲਏ ਜਾਣ ਲੱਗ ਪਏ। ਸਲੀਮਾ ਨੂੰ 'ਟੋਪੀ ਦੀ ਸਲੀਮਾ' ਤੇ ਟੋਪੀ ਨੂੰ 'ਸਲੀਮਾ ਦਾ ਟੋਪੀ' ਕਿਹਾ ਜਾਣ ਲੱਗਿਆ!
ਤੁਸੀਂ ਕਹਾਣੀਕਾਰ ਉੱਤੇ ਇਹ ਸਵਾਲ ਨਾ ਕਰਨਾ ਕਿ ਸਲੀਮਾ ਦੀ ਗੱਲ ਉਸਨੇ ਏਨੀ ਦੇਰ ਨਾਲ ਕਿਉਂ ਛੇੜੀ ਹੈ। ਸਲੀਮਾ ਦੀ ਗੱਲ ਛੇੜਨ ਦਾ ਸਹੀ ਸਮਾਂ ਇਹੀ ਹੈ। ਮੈਂ ਤੁਹਾਨੂੰ ਸਲੀਮਾ ਤੇ ਟੋਪੀ ਦੀ ਪ੍ਰੇਮ ਕਹਾਣੀ ਤਾਂ ਸੁਣਾ ਨਹੀਂ ਰਿਹਾ। ਪਰ ਇਸ ਸਮੇਂ ਅਸੀਂ ਜਿੱਥੇ ਖੜ੍ਹੇ ਹਾਂ, ਉੱਥੋਂ ਸਲੀਮਾ ਦੀ ਗੱਲ ਛੇੜੇ ਬਿਨਾਂ ਅੱਗੇ ਨਹੀਂ ਤੁਰਿਆ ਜਾ ਸਕਦਾ। ਜੇ ਇੰਜ ਨਾ ਹੁੰਦਾ ਤਾਂ ਮੈਂ ਤੁਹਾਨੂੰ ਸਲੀਮਾ ਬਾਰੇ ਦੱਸਦਾ ਹੀ ਕਿਉਂ? ਕਹਾਣੀਕਾਰ ਦਾ ਫ਼ਰਜ਼ ਇਹ ਨਹੀਂ ਹੁੰਦਾ ਕਿ ਉਹ ਆਪਣੇ ਹੀਰੋ ਦੇ ਸਬੰਧ ਵਿਚ ਸਭ ਕੁਝ ਦੱਸ ਦਵੇ। ਪੂਰੀ ਜ਼ਿੰਦਗੀ ਬੜੀ ਬੋਰਿੰਗ ਸ਼ੈ ਹੁੰਦੀ ਹੈ। ਕਹਾਣੀਕਾਰ ਇਸਦੇ ਬੋਰਿੰਗ ਹਿੱਸਿਆਂ ਨੂੰ ਕੱਟ ਦਿੰਦਾ ਹੈ। ਜਿਹੜਾ ਆਪਣੇ ਪਾਤਰ ਦੇ ਜੀਵਨ ਦੇ ਬੋਰਿੰਗ ਹਿੱਸੇ ਨੂੰ ਕੱਟ ਨਹੀਂ ਸਕਦਾ, ਉਹ ਕਹਾਣੀਕਾਰ ਨਹੀਂ ਹੁੰਦਾ। ਕਹਾਣੀਕਾਰੀ ਦੀ ਕਲਾ ਸੁਨਣ ਨਾਲੋਂ, ਸੁਨਾਉਣ ਦੀ ਕਲਾ ਵਧੇਰੇ ਹੁੰਦੀ ਹੈ। ਪਰ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਕਹਾਣੀਕਾਰ ਆਪਣੇ ਪਾਤਰਾਂ ਬਾਰੇ ਸਭ ਕੁਝ ਜਾਣਦਾ ਹੋਵੇ। ਮੈਂ ਟੋਪੀ ਬਾਰੇ ਸਭ ਕੁਝ ਜਾਣਦਾ ਹਾਂ, ਇਸੇ ਲਈ ਮੈਂ ਏਨੀ ਦੂਰ ਆ ਕੇ ਸਲੀਮਾ ਦੀ ਗੱਲ ਛੇੜੀ ਹੈ। ਜੇ ਸਲੀਮਾ ਦੀ ਗੱਲ ਸ਼ੁਰੂ ਵਿਚ ਹੀ ਛੇੜ ਲਈ ਜਾਂਦੀ ਤਾਂ ਤੁਸੀਂ ਇਸ ਕਹਾਣੀ ਨੂੰ ਵੀ ਇਕ ਸਾਧਾਰਣ ਪ੍ਰੇਮ ਕਹਾਣੀ ਸਮਝ ਕੇ ਸਲੀਮਾ ਨੂੰ ਹੀਰੋਇਨ ਸਮਝ ਲੈਂਦੇ ਤੇ ਇਹ ਸੋਚ ਕੇ ਖ਼ੁਸ਼ ਜਾਂ ਨਾਰਾਜ਼ ਹੋਣ ਲੱਗਦੇ ਕਿ ਇਕ ਹਿੰਦੂ ਮੁੰਡੇ ਤੇ ਇਕ ਮੁਸਲਮਾਨ ਕੁੜੀ ਦਾ ਇਸ਼ਕ ਲੜਵਾ ਕੇ ਮੈਂ ਨੈਸ਼ਨਲ ਇੰਟਿਗਰੇਸ਼ਨ (ਰਾਸ਼ਟਰੀ-ਏਕਤਾ) ਦਾ ਪ੍ਰਚਾਰ ਕਰ ਰਿਹਾ ਹਾਂ। ਪਰ ਮੈਂ ਜਾਣਦਾ ਹਾਂ ਕਿ ਇਸ਼ਕ ਲੜਵਾ ਦੇਣ ਨਾਲ ਸਾਂਝੀਵਾਲਤਾ ਨਹੀਂ ਹੁੰਦੀ। ਜੇ ਇੰਜ ਹੋ ਸਕਦਾ ਹੁੰਦਾ ਤਾਂ ਪ੍ਰੇਮ ਚੰਦ ਦੇ 'ਮੈਦਾਨੇ-ਅਮਲ' ਦਾ ਢੰਗ ਹੋਰ ਹੀ ਹੁੰਦਾ।
ਇਸ ਲਈ ਮੈਂ ਤੁਹਾਨੂੰ ਫੇਰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਟੋਪੀ ਦੀ ਪ੍ਰੇਮ ਗਾਥਾ ਨਹੀਂ ਬਲਕਿ ਉਸਦੀ ਜੀਵਨੀ ਹੈ। ਇਸ ਲਈ ਸਲੀਮਾ ਨੂੰ ਇਸ ਕਹਾਣੀ ਦੀ ਹੀਰੋਇਨ ਮੰਨ ਲੈਣ ਦੀ ਰਾਏ ਨਹੀਂ ਦਿਆਂਗਾ।
ਗੱਲ ਇਹ ਹੈ ਸਕੀਨਾ ਤੇ ਟੋਪੀ ਵਾਲੀ ਗੱਲ ਸਿਰਫ ਮੁਸਲਿਮ ਯੂਨੀਵਰਸਟੀ ਤੀਕ ਹੀ ਸੀਮਿਤ ਨਹੀਂ ਸੀ ਰਹਿ ਗਈ। ਛੁੱਟੀਆਂ ਵਿਚ ਮੁੰਡੇ ਘਰੀਂ ਜਾਂਦੇ ਨੇ; ਛੁੱਟੀਆਂ ਨਾ ਹੋਣ ਤਾਂ ਪੈਸੇ ਮੰਗਵਾਉਣ ਲਈ ਖ਼ਤ ਲਿਖਦੇ ਨੇ, ਸੋ ਇਹਨਾਂ ਮੁੰਡਿਆਂ ਤੇ ਖ਼ਤਾਂ ਤੇ ਨਾਲ ਨਾਲ, ਗੱਲਾਂ ਵੀ ਯਾਤਰਾ ਕਰਦੀਆਂ ਹਨ।
ਸਭ ਤੋਂ ਪਹਿਲਾਂ ਇਹ ਗੱਲ ਮੁਨੀ ਬਾਬੂ ਨੂੰ ਪਤਾ ਲੱਗੀ ਕਿ ਟੋਪੀ ਇਕ ਮੁਸਲਮਾਨ ਲੈਕਚਰਰ ਦੀ ਬੀਵੀ ਨਾਲ ਫਸਿਆ ਹੋਇਆ ਹੈ। ਮੁਨੀ ਬਾਬੂ ਨੇ ਗੱਲ ਸਭ ਤੋ ਪਹਿਲਾਂ ਬਿਸਮਿਲਾ ਜਾਨ ਨੂੰ ਦੱਸੀ। ਹੁਣ ਤੁਸੀਂ ਮੈਥੋਂ ਇਹ ਨਾ ਪੁੱਛਣਾ ਕਿ ਮੁਨੀ ਬਾਬੂ ਤੇ ਬਿਸਮਿਲਾ ਜਾਨ ਦੀ ਕੀ ਤੁਕ ਹੋਈ? ਖ਼ੁਦ ਮੈਂ ਵੀ ਇਹ ਦੇਖ ਕੇ ਬੜਾ ਹੈਰਾਨ ਹੋਇਆ ਸਾਂ...ਪਰ ਜੇ ਮੁਨੀ ਬਾਬੂ ਨੂੰ ਭਰੇ-ਪੂਰੇ ਦਾਲ-ਮੰਡੀ ਦੇ ਬਾਜ਼ਾਰ ਦੀਆਂ ਸੈਂਕੜੇ ਹਿੰਦੂ ਰੰਡੀਆਂ ਨੂੰ ਛੱਡ ਕੇ ਬਿਸਮਿਲਾ ਜਾਨ ਹੀ ਪਸੰਦ ਆਈ ਸੀ ਤਾਂ ਮੈਂ ਕੀ ਕਰ ਸਕਦਾ ਹਾਂ?
“ਤਾਂ ਇਸ ਵਿਚ ਘਬਰਾਣ ਵਾਲੀ ਕਿਹੜੀ ਗੱਲ ਏ? ਮੈਂ ਵੀ ਤਾਂ ਮੁਸਲਮਾਨ ਵਾਂ। ਅੰਮਾਂ ਪਿੱਛਲੇ ਸਾਲ ਈ ਹੱਜ ਕਰਕੇ ਆਈ ਏ।”
“ਉਹ ਰੰਡੀ ਨਹੀਂ...”
“ਤੁਸੀਂ ਬੜੋ ਭੋਲੇ ਓ ਬਾਬੂ।” ਬਿਸਮਿਲਾ ਜਾਨ ਨੇ ਮੁਸਕਰਾ ਕੇ ਕਿਹਾ, “ਤੁਹਾਨੂੰ ਕੀ ਪਤੈ ਕਿ ਕੌਣ ਰੰਡੀ ਏ, ਕੌਣ ਰੰਡੀ ਨਹੀਂ ਹੈ? ਮੈਂ ਤੁਹਾਨੂੰ ਇਸ ਬਾਜ਼ਾਰ ਵਿਚ ਨਾ ਮਿਲੀ ਹੁੰਦੀ ਤਾਂ ਕੀ ਤੁਸੀਂ ਮੈਨੂੰ ਰੰਡੀ ਸਮਝਦੇ? ਕੀ ਇਹ ਗੱਲ ਮੇਰੇ ਮੱਥੇ ਉੱਤੇ ਲਿਖੀ ਹੋਈ ਏ ਕਿ ਮੈਂ ਰੰਡੀ ਵਾਂ?”
“ਪਰੰਤੂ...”
“ਮੰਝਲੇ (ਵਿਚਕਾਰਲੇ) ਮੀਆਂ ਦੀ ਸ਼ਾਦੀ ਕਰ ਦਿਓ...ਤੁਹਾਡੀ ਸ਼ਾਦੀ ਵੀ ਤਾਂ ਤੁਹਾਨੂੰ ਮੁੰਨੀਂ ਬਾਈ ਤੋਂ ਬਚਾਉਣ ਖਾਤਰ ਹੀ ਕੀਤੀ ਗਈ ਸੀ ਨਾ?”
“ਪਤਾ ਨਹੀਂ ਉਹ ਕਿੱਥੇ ਹੋਵੇਗੀ...”
“ਉਹ ਗਾਜ਼ੀਪੁਰ ਦੇ ਇਕ ਖ਼ਾਂ-ਸਾਹਬ ਦੇ ਘਰ ਬੈਠੀ ਏ।”
“ਕੀ...!” ਮੁਨੀ ਬਾਬੂ ਤ੍ਰਬਕੇ, “ਮੁੰਨੀਂ ਬਾਈ ਕਿਸੇ ਖ਼ਾਂ-ਸਾਹਬ ਦੇ ਘਰ ਬੈਠ ਗਈ ਐ?”
“ਜੀ ਹਾਂ।”
“ਪਰ ਇਹ ਕਿੰਜ ਹੋ ਸਕਦਾ ਏ?”
“ਕਿਉਂ?”
“ਕੀ ਉਹ ਮੁਸਲਮਾਨ ਬਣ ਗਈ...?”
“ਕਿਸੇ ਦੇ ਘਰ ਬੈਠ ਜਾਣ ਲਈ, ਇਹ ਮੁਸਲਮਾਨ ਬਨਣ ਵਾਲੀ ਸ਼ਰਤ ਕਦੋਂ ਤੋਂ ਲਾਗੂ ਹੋ ਗਈ ਜੀ?”
ਮੁੰਨੀਂ ਬਾਈ ਦਾ ਗੁੱਸਾ, ਮੁਨੀ ਬਾਬੂ ਨੇ ਟੋਪੀ ਉੱਤੇ ਲਾਹਿਆ। ਉਸਨੇ ਉਹ ਖ਼ਤ ਡਾਕਟਰ ਸਾਹਬ ਨੂੰ ਦਿਖਾ ਦਿੱਤਾ। ਡਾਕਟਰ ਸਾਹਬ ਚੁੱਪ ਵੱਟ ਗਏ। ਜੇ ਸਕੀਨਾ ਕਿਸੇ ਦੀ ਪਤਨੀ ਨਾ ਹੁੰਦੀ ਤਾਂ ਸ਼ਾਇਦ ਉਹ ਪ੍ਰੇਸ਼ਾਨ ਵੀ ਹੋ ਗਏ ਹੁੰਦੇ...ਪਰ ਜਦੋਂ ਕੁਝ ਦਿਨਾਂ ਪਿੱਛੋਂ ਓਹੋ ਜਿਹਾ ਹੀ ਇਕ ਹੋਰ ਖ਼ਤ ਭੈਰਵ ਨੇ ਉਹਨਾਂ ਨੂੰ ਦਿਖਾਇਆ ਤਾਂ ਉਹ ਕੁਝ ਪ੍ਰੇਸ਼ਾਨ ਵੀ ਹੋ ਗਏ।...ਤੇ ਜਦੋਂ ਇਕ ਰਾਤ ਇਹੀ ਗੱਲ ਰਾਮਦੁਲਾਰੀ ਨੇ ਦੱਸੀ ਤਾਂ ਉਹ ਸੋਚਾਂ ਵਿਚ ਪੈ ਗਏ ਤੇ ਉਹਨਾਂ ਟੋਪੀ ਨੂੰ ਮੰਦੇ-ਭਾਈਂ ਵਿਆਹ ਦੇਣ ਦਾ ਫ਼ੈਸਲਾ ਕਰ ਲਿਆ।
ਰਿਟਾਇਰਡ ਥਾਨੇਦਾਰ ਬਾਲ ਕ੍ਰਿਸ਼ਨ ਨੂੰ ਆਪਣੀ ਇਕਲੌਤੀ ਧੀ ਲਈ ਕੋਈ ਵਰ ਨਹੀਂ ਸੀ ਲੱਭ ਰਿਹਾ। ਸੋ ਉਸਨੂੰ ਇਕ ਵਰ ਮਿਲ ਗਿਆ। ਇਹ ਵੀ ਨਿਰੋਲ ਇਤਫ਼ਾਕ ਕਿਹਾ ਜਾ ਸਕਦਾ ਹੈ ਕਿ ਓਹਨੀਂ ਦਿਨੀਂ ਟੋਪੀ ਕੱਲਨ ਦੀ ਇਲੈਕਸ਼ਨ ਸਪੋਰਟ ਕਰਨ ਲਈ ਆ ਗਿਆ।
“ਤਾਂ ਤੂੰ ਭਰਾਵਾਂ ਦੇ ਖ਼ਿਲਾਫ਼ ਇਲੈਕਸ਼ਨ ਲੜਾਉਣ ਆਇਆ ਏਂ?” ਡਾਕਟਰ ਸਾਹਬ ਨੇ ਪੁੱਛਿਆ।
“ਜੀ ਹਾਂ।”
“ਤੈਨੂੰ ਸ਼ਰਮ ਨਹੀਂ ਆਉਂਦੀ?”
“ਜੇ ਉਹਨਾਂ ਨੂੰ ਆਪੁਸ 'ਚ ਲੜਨ ਵਿਚ ਨਹੀਂ ਆਉਂਦੀ ਤਾਂ ਮੈਨੂੰ ਕਿਸੇ ਹੋਰ ਨੂੰ ਲੜਾਉਣ ਵਿਚ ਕਿਉਂ ਆਵੇਗੀ?”
“ਕੀ ਤੂੰ ਕਮਿਊਨਿਸਟ ਬਣ ਗਿਆ ਏਂ?”
“ਜੀ ਹਾਂ।”
“ਸਕੀਨਾ ਕੌਣ ਏਂ?”
ਟੋਪੀ ਚੁੱਪ ਰਿਹਾ। ਉਸਨੇ ਆਪਣੇ ਪਿਤਾ ਦੀਆਂ ਅੱਖਾਂ ਵਿਚ ਅੱਖਾਂ ਗੱਡ ਲਈਆਂ।
“ਉਹ ਮੇਰੀ ਕੀਪ ਨਹੀਂ...”
“ਹੋਰ ਕੀ ਐ ਤੇਰੀ?”
“ਮੇਰੇ ਬਚਪਨ ਦੇ ਇਕ ਦੋਸਤ ਦੀ ਵਾਈਫ਼ ਐ।”
“ਪ੍ਰੰਤੂ...”
“ਪਿਤਾ ਜੀ ਮੈਂ...” ਉਸਨੇ ਡਾਕਟਰ ਸਾਹਬ ਦੀ ਗੱਲ ਕੱਟਣੀ ਚਾਹੀ।
“...ਮੈਂ ਬਾਬੂ ਬਾਲ ਕ੍ਰਿਸ਼ਨ ਰਾਏ ਦੀ ਇਕਲੌਤੀ ਬੱਚੀ ਨਾਲ ਤੇਰੀ ਗੱਲ ਪੱਕੀ ਕਰ ਦਿੱਤੀ ਆ।” ਡਾਕਟਰ ਸਾਹਬ ਨੇ ਉਸਦੀ ਗੱਲ ਟੁੱਕ ਦਿੱਤੀ।
“ਮੈਂ ਇਹ ਸ਼ਾਦੀ ਨਹੀਂ ਕਰਾਂਗਾ।”
ਡਾਕਟਰ ਸਾਹਬ ਇਸ ਤਰ੍ਹਾਂ ਦੀਆਂ ਗੱਲਾਂ ਸੁਨਣ ਦੇ ਆਦੀ ਨਹੀਂ ਸਨ; ਹਿਰਖ ਗਏ।
“ਨਹੀਂ ਕਰੇਂਗਾ ਤਾਂ ਨਿਕਲ ਜਾਹ ਮੇਰੇ ਘਰੋਂ।”
“ਹਿੰਦੂ ਮੁੰਡਾ ਪੈਦਾ ਹੁੰਦਿਆਂ ਹੀ ਬਰੋਬਰ ਦਾ ਹੱਕਦਾਰ  ਹੋ ਜਾਂਦਾ ਐ।” ਟੋਪੀ ਨੇ ਕਿਹਾ, “ਪ੍ਰੰਤੂ ਮੈਂ ਉਸ ਘਰ ਵਿਚ ਰਹਿਣਾ ਵੀ ਨਹੀਂ ਚਾਹੁੰਦਾ...ਜਿਸ ਵਿਚ ਕਦੀ ਮੇਰੀ ਬਾਤ ਨਹੀਂ ਪੁੱਛੀ ਗਈ; ਜਿਸ ਵਿਚ ਮੇਰੇ ਉੱਤੇ ਮੇਰੀ ਭੈਣ ਨਾਲ ਫਸਿਆ ਹੋਇਆ ਹੋਣ ਦਾ ਇਲਜਾਮ ਲਾਇਆ ਗਿਆ...”
ਉਹ ਚੁੱਪਚਾਪ ਕਮਰੇ ਵਿਚੋਂ ਬਾਹਰ ਨਿਕਲ ਗਿਆ। ਸਾਰਾ ਦਿਨ ਕਿਸੇ ਨੂੰ ਯਾਦ ਵੀ ਨਹੀਂ ਆਇਆ ਕਿ ਉਹ ਕਿੱਥੇ ਗਿਆ ਹੋਵੇਗਾ...ਪਰ ਜਦੋਂ ਰਾਤ ਹੋ ਗਈ ਤੇ ਉਹ ਵਾਪਸ ਨਹੀਂ ਆਇਆ ਤਾਂ ਰਾਮਦੁਲਾਰੀ ਪ੍ਰੇਸ਼ਾਨ ਹੋ ਗਈ ਤੇ ਉਦੋਂ ਡਾਕਟਰ ਸਾਹਬ ਨੇ ਉਸਨੂੰ ਦੱਸਿਆ ਕਿ ਉਹਨਾਂ ਉਸਨੂੰ ਘਰੋਂ ਕੱਢ ਦਿੱਤਾ ਹੈ।
“ਕਾ...?” ਰਾਮਦੁਲਾਰੀ ਕੁਰਲਾਈ।
“ਹਾਂ...।”
“ਈ ਕਾਹਨੀ ਕਾ ਹੋਈ...”
ਟੋਪੀ ਉਸ ਸਮੇਂ ਵੇਟਿੰਗ ਰੂਮ ਵਿਚ ਬੈਠਾ ਸਲੀਮਾ ਨੂੰ ਖ਼ਤ ਲਿਖ ਰਿਹਾ ਸੀ।
...ਤੂੰ ਚਾਹੇਂ ਤਾਂ ਇਹ ਖ਼ਤ ਮੁਮਤਾਜ਼ ਆਪਾ ਨੂੰ ਵਿਖਾਅ ਦੇਵੀਂ...ਤੇ ਉਹ ਚਾਹੁਣ ਤਾਂ ਮੇਰਾ ਰਸਟਿਕੇਸ਼ਨ ਕਰਵਾ ਦੇਣ। ਫੇਰ ਵੀ ਅੱਜ ਮੈਂ ਤੈਨੂੰ ਇਹ ਦੱਸਣਾ ਚਾਹਾਂਗਾ ਕਿ ਮੈਂ ਤੈਥੋਂ ਏਨਾ ਡਰਦਾ ਹਾਂ ਕਿ ਤੈਥੋਂ ਦੂਰ ਨਹੀਂ ਰਹਿ ਸਕਦਾ; ਕੀ ਅਸੀਂ ਸ਼ਾਦੀ ਨਹੀਂ ਕਰ ਸਕਦੇ? ਤੂੰ ਕਹਿ ਸਕਦੀ ਏਂ ਕਿ ਤੂੰ ਮੁਸਲਮਾਨ ਏਂ ਤੇ ਮੈਂ ਹਿੰਦੂ¸ ਬੱਚੇ ਬੜੇ ਚਿੱਤਕਬਰੇ ਹੋਣਗੇ। ਪਰ ਕੀ ਇੰਜ ਨਹੀਂ ਹੋ ਸਕਦਾ ਕਿ ਬੱਚਿਆਂ ਦੀ ਗੱਲ ਅਸੀਂ ਬੱਚਿਆਂ ਉੱਤੇ ਛੱਡ ਦੇਈਏ? ਅੱਜ ਪਿਤਾ ਜੀ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ; ਉਹ ਵੀ ਇਹੀ ਸੋਚਦੇ ਨੇ ਕਿ ਮੈਂ ਸਕੀਨਾ ਨਾਲ ਫਸਿਆ ਹੋਇਆ ਹਾਂ...'
ਟੋਪੀ ਨੇ ਇਸ ਖ਼ਤ ਨੂੰ ਕਈ ਵਾਰੀ ਪੜ੍ਹਿਆ। ਫੇਰ ਉਸਨੇ ਉਹ ਖ਼ਤ ਪਾੜ ਦਿੱਤਾ। ਉਹ ਇਹ ਖ਼ਤ ਪਾ ਨਹੀਂ ਸੀ ਸਕਦਾ। ਉਸਨੂੰ ਪਤਾ ਸੀ ਕਿ ਅਜਿਹੇ ਖ਼ਤ ਸਿਰਫ ਸਸਤੀਆਂ ਕਹਾਣੀਆਂ ਵਿਚ ਲਿਖੇ ਜਾਂਦੇ ਹਨ। ਜੀਵਨ ਵਿਚ ਅਜਿਹੇ ਖ਼ਤਾਂ ਲਈ ਕੋਈ ਸਥਾਨ ਨਹੀਂ ਹੁੰਦਾ। ਪਰ ਇਹ ਖ਼ਤ ਲਿਖ ਕੇ ਉਸਨੇ ਦਿਲ ਦਾ ਭਾਰ ਹੌਲਾ ਕਰ ਲਿਆ ਸੀ। ਇਹ ਗੱਲ ਕਈ ਵਰ੍ਹਿਆਂ ਦੀ ਉਸਦੇ ਅੰਦਰ ਕੈਦ ਸੀ। ਫੇਰ ਉਹ ਲੇਟ ਗਿਆ ਤੇ ਸਲੀਮਾ ਬਾਰੇ ਸੋਚਣ ਲੱਗਾ।
ਸਵੇਰੇ ਉਠ ਕੇ ਉਸਨੇ ਚਾਹ ਪੀਤੀ...ਤੇ ਜਦੋਂ ਚਾਹ ਨੇ ਰਾਤ ਦੀ ਥਕਾਣ ਲਾਹ ਦਿੱਤੀ ਤਾਂ ਉਸਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਹੁਣ ਕੀ ਕਰਨਾ ਚਾਹੀਦਾ ਹੈ? ਸਾਰੀ ਜ਼ਿੰਦਗੀ ਸਟੇਸ਼ਨ ਉੱਤੇ ਤਾਂ ਬਿਤਾਈ ਨਹੀਂ ਸੀ ਜਾ ਸਕਦੀ।
ਉਹ ਸਿੱਧਾ ਕੱਲਨ ਕੇ ਘਰ ਚਲਾ ਗਿਆ; ਕੱਲਨ ਨੇ ਉਸਨੂੰ ਦੇਖ ਕੇ ਦੰਦ ਕੱਢ ਲਏ।
“ਮੈਂ ਚੋਣਾ ਤਾਈਂ ਇੱਥੇ ਹੀ ਰਹਾਂਗਾ।”
“ਇੱਥੇ?”
“ਹਾਂ। ਪਿਤਾ ਜੀ ਨੇ ਮੈਨੂੰ ਘਰੋਂ ਕੱਢ ਦਿੱਤਾ ਐ।”
ਇਹ ਗੱਲ ਨਾ ਡਾਕਟਰ ਸਾਹਬ ਨੇ ਸੋਚੀ ਸੀ, ਨਾ ਮੁਨੀ ਬਾਬੂ ਨੇ ਤੇ ਨਾ ਹੀ ਭੈਰਵ ਨੇ ਕਿ ਟੋਪੀ ਇੰਜ ਹਿੱਕ ਠੋਕ ਕੇ ਕਹਿ ਦਵੇਗਾ ਕਿ ਉਹਨਾਂ ਉਸਨੂੰ ਘਰੋਂ ਕੱਢ ਦਿੱਤਾ ਗਿਆ ਹੈ।...
ਕਹਾਣੀਕਾਰ ਤੁਹਾਨੂੰ ਟੋਪੀ ਦੇ ਭਾਸ਼ਣ ਸੁਣਾਅ ਕੇ ਬੋਰ ਕਰਨਾ ਨਹੀਂ ਚਾਹੁੰਦਾ¸ ਹੀਰੋ ਦੀ ਪ੍ਰੰਪਰਾ ਅਨੁਸਾਰ ਟੋਪੀ ਨੂੰ ਇਕ ਚੰਗਾ ਬੁਲਾਰਾ ਹੋਣਾ ਚਾਹੀਦਾ ਸੀ ਪਰ ਉਹ ਬੜਾ ਹੀ ਲਿੱਦੜ ਬੁਲਾਰਾ ਸੀ। ਇਸ ਲਈ ਮੈਂ ਚੋਣ ਦੌਰਾਨ ਹੋਈ ਗਹਿਮਾ-ਗਹਿਮੀ ਨੂੰ ਛੱਡ ਰਿਹਾ ਹਾਂ। ਮੈਨੂੰ ਜਾਂ ਤੁਹਾਨੂੰ, ਕੱਲਨ ਜਾਂ ਮੁਨੀ ਬਾਬੂ ਦੀ ਜਿੱਤ ਜਾਂ ਹਾਰ ਵਿਚ ਕੀ ਦਿਲਚਸਪੀ ਹੋ ਸਕਦੀ ਹੈ; ਚੋਣ ਟੋਪੀ ਦੇ ਜੀਵਨ ਦਾ ਹਿੱਸਾ ਨਹੀਂ ਸੀ...ਪਰ ਘਰੋਂ ਕੱਢ ਦਿੱਤਾ ਜਾਣਾ ਜ਼ਰੂਰ ਇਕ ਮਹੱਤਵਪੂਰਨ ਘਟਨਾ ਸੀ। ਉਸਨੇ ਇੱਫ਼ਨ ਨੂੰ ਇਕ ਖ਼ਤ ਲਿਖਿਆ :
'...ਅੱਜ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਡੇ ਬਾਬਾ ਆਦਮ ਜੱਨਤ ਵਿਚੋਂ ਕੱਢ ਦਿੱਤੇ ਜਾਣ 'ਤੇ ਕਿੰਨੇ ਖੁਸ਼ ਹੋਏ ਹੋਣਗੇ...ਜੱਨਤ ਵੀ ਮੇਰੇ ਪਿਤਾ ਜੀ ਦੇ ਘਰ ਵਾਂਗ ਬੜੀ ਬੋਰਿੰਗ ਜਗ੍ਹਾ ਹੋਵੇਗੀ। ਓ ਭਰਾਤਾ ਸ਼੍ਰੀ, ਇਹ ਵੀ ਕੋਈ ਗੱਲ ਹੋਈ ਕਿ ਮੈਂ ਤੁਹਾਡੀ ਪਤਨੀ ਨਾਲ ਫਸਣਾ ਚਾਹਾਂ ਤੇ ਪਿਤਾ ਜੀ ਕੋਲੋਂ ਇਜ਼ਾਜਤ ਲਵਾਂ। ਹੁਣ ਤਾਂ ਮੇਰਾ ਕੋਈ ਘਰ ਵੀ ਨਹੀਂ ਰਿਹਾ...ਇਕ ਨੌਕਰੀ, ਇਕ ਘਰ ਤੇ ਇਕ ਘਰਵਾਲੀ ਦਾ ਬੰਦੋਬਸਤ ਤੁਰੰਤ ਕਰ ਦੇਣਾ...'
ਇੱਫ਼ਨ ਨੇ ਇਹ ਖ਼ਤ ਸਕੀਨਾ ਨੂੰ ਦਿਖਾਇਆ।
“ਇਜਾਜ਼ਤ ਨੂੰ ਇਜ਼ਾਜਤ ਲਿਖਿਆ ਹੈ ਉਸਨੇ...ਪਰ ਉਸਦੇ ਖ਼ਤ ਉੱਤੇ ਗੌਰ ਕਰਨ ਦੀ ਲੋੜ ਏ।”
“ਜੇ ਉਸ ਕਾਲੀਏ ਨਾਲ ਫਸ ਜਾਣ ਉਪਰ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਉਸਦੇ ਝੱਬੂ ਬਾਪ ਡਾਕਟਰ, ਪਤਾ ਨਹੀਂ ਕਿਹੜੇ ਨਾਰਾਇਣ...ਤੇ ਕਿਹੜੇ ਤੇਲ ਵਾਲੇ ਸ਼ੁਕਲੇ ਨੂੰ ਕੀ ਇਤਰਾਜ਼ ਹੋ ਸਕਦੈ?” ਸਕੀਨਾ ਨੇ ਸਵਾਲ ਕੀਤਾ।
ਇੱਫ਼ਨ ਨੇ ਕੋਈ ਜਵਾਬ ਨਾ ਦਿੱਤਾ।
“ਟੋਪੀ ਅੰਕਲ ਦਾ ਘਰ ਕਿੱਥੇ ਈ ਬਾਬਾ?” ਸ਼ਬਨਮ ਨੇ ਪੁੱਛਿਆ।
“ਹੁਣ ਤਾਂ ਉਸਦਾ ਘਰ ਇਹੀ ਏ ਬੇਟਾ।”
“ਮੈਂ ਉਸ ਹਿੰਦੂ ਨੂੰ ਆਪਣੇ ਭਾਂਡਿਆਂ ਵਿਚ ਨਹੀਂ ਖੁਆ ਸਕਦੀ।” ਸਕੀਨਾ ਚਿਣਕੀ, “ਸਾਨੂੰ ਉਂਜ ਵੀ ਚਾਹ ਵਾਲੇ ਇਕ ਹੋਰ ਸੈੱਟ ਦੀ ਲੋੜ ਏ।”
ਗੱਲ ਮੁੱਕ ਗਈ। ਸ਼ਬਨਮ ਕਾਲੀਨ ਉੱਤੇ ਮੂਧੀ ਲੇਟ ਕੇ ਅੰਕਲ ਟੋਪੀ ਦੀ ਤਸਵੀਰ ਬਨਾਉਣ ਲੱਗੀ। ਇੱਫ਼ਨ ਅਖ਼ਬਾਰ ਪੜ੍ਹਨ ਲੱਗ ਪਿਆ ਤੇ ਸਕੀਨਾ ਰਸੋਈ ਵਿਚ ਚਲੀ ਗਈ।
    --- --- ---

No comments:

Post a Comment