Tuesday 15 June 2010

ਟੋਪੀ ਸ਼ੁਕਲਾ…: ਪੰਦਰ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਪੰਦਰ੍ਹਵੀਂ ਕਿਸ਼ਤ :

ਇੱਫ਼ਨ ਦਾ ਅਸਤੀਫ਼ਾ ਮੰਜ਼ੂਰ ਕਰ ਲਿਆ ਗਿਆ; ਜੇ ਨਹੀਂ ਮੰਜ਼ੂਰ ਕੀਤਾ ਤਾਂ ਟੋਪੀ ਨੇ ਨਹੀਂ ਕੀਤਾ।
“ਗੱਲ ਇਹ ਹੈ ਟੋਪੀ...ਜਦੋਂ ਤੂੰ ਹਸਪਤਾਲ ਵਿਚ ਸੈਂ, ਮੈਂ ਬਿਲਕੁਲ ਇਕੱਲਾ ਰਹਿ ਗਿਆ ਸਾਂ। ਅਸੀਂ ਲੋਕ ਇਕ ਦੂਜੇ ਦੇ ਬਗ਼ੈਰ ਅਧੂਰੇ ਆਂ। ਮੈਂ ਸਕੀਨਾ ਦੀ ਬੇਹੁਰਮਤੀ ਝੱਲ ਸਕਦਾਂ...ਮਗਰ ਇਹ ਨਹੀਂ ਭੁੱਲ ਸਕਦਾ ਤੇ ਨਾ ਹੀ ਸਕੀਨਾ ਭੁੱਲ ਸਕਦੀ ਏ ਕਿ ਇਹ ਬਲਵਾ (ਦੰਗਾ) ਸਕੀਨਾ ਕਰਕੇ ਹੀ ਹੋਇਆ ਏ...”
“ਫਜੂਲ ਜਿਹੀਆਂ ਗੱਲਾਂ ਨਾ ਕਰੋ।” ਟੋਪੀ ਨੇ ਇਹ ਕਹਿ ਕੇ ਇੱਫ਼ਨ ਦੇ ਸਕੀਨਾ ਵੱਲ ਦੇਖਿਆ। ਉਸਨੂੰ ਯਕੀਨ ਸੀ ਦੋਵਾਂ ਵਿਚੋਂ ਕੋਈ ਜ਼ਰੂਰ ਟੋਕੇਗਾ ਕਿ ਫਜੂਲ ਨਹੀਂ ਫ਼ਜ਼ੂਲ ਤੇ ਸਭ ਕੁਝ ਠੀਕ-ਠਾਕ ਹੋ ਜਾਵੇਗਾ। ਪਰ ਉਸਨੂੰ ਕਿਸੇ ਨੇ ਨਹੀਂ ਸੀ ਟੋਕਿਆ ਤੇ ਉਸਨੂੰ ਬੜਾ ਦੁੱਖ ਹੋਇਆ ਸੀ¸ ਜ਼ਿੰਦਗੀ ਜਿਵੇਂ ਬਿਲਕੁਝ ਥੋਥੀ ਹੋ ਗਈ ਸੀ।
“ਭਾਈ ਸ਼੍ਰੀ ਜੀ ਤੁਸੀਂ ਸਾਲੇ ਇਹ ਕਿਉਂ ਭੁੱਲ ਜਾਂਦੇ ਓ ਕਿ ਤੁਸੀਂ ਮੁਸਲਮਾਨ ਓ...ਇੱਥੇ ਸਾਲੀ ਮੈਨੂੰ ਨੌਕਰੀ ਨਹੀਂ ਮਿਲਦੀ ਪਈ, ਤੁਹਾਨੂੰ ਕਿੱਥੋਂ ਮਿਲੇਗੀ?” ਟੋਪੀ ਹਿਰਖ ਗਿਆ ਸੀ।
“ਅੰਕਲ, ਗਾਲ੍ਹ ਕੱਢੀ ਏ?” ਸ਼ਬਨਮ ਨੇ ਟੋਕਿਆ।
“ਤੈਨੂੰ ਕਿਸ ਨੇ ਦੱਸਿਐ ਬਈ ਸਾਲਾ-ਸਾਲੀ ਗਾਲ੍ਹ ਹੁੰਦੀ ਐ?” ਟੋਪੀ ਉਸ ਵੱਲ ਪਲਟ ਪਿਆ।
“ਦੇਖ ਟੋਪੀ,” ਇੱਫ਼ਨ ਨੇ ਕਿਹਾ, “ਇੰਜ ਹਿਰਖਣ-ਖਿਝਣ ਦਾ ਕੋਈ ਲਾਭ ਨਹੀਂ।”
“ਤੋ ਫ਼ੇਰ ਪਾਕਿਸਤਾਨ ਚਲੇ ਜਾਓਗੇ?”
“ਨਹੀਂ, ਮੈਂ ਪਾਕਿਸਤਾਨ ਨਹੀਂ ਜਾ ਸਕਦਾ...ਮੁਹਰੱਮ ਵਿਚ ਇਮਾਮ ਹੁਸੈਨ ਹਿੰਦੁਸਤਾਨ ਆਉਂਦੇ ਨੇ। ਇਸ ਸਾਲ ਉਹਨਾਂ ਨਾਲ ਮੁਲਾਕਾਤ ਕਰਕੇ ਪੁੱਛਾਂਗਾ ਕਿ ਸੱਚ ਬੋਲਣ ਦੀ ਸਜ਼ਾ ਆਦਮੀਂ ਨੂੰ ਕਦ ਤੀਕ ਮਿਲਦੀ ਰਹੇਗੀ?”
“ਜਦ ਤੀਕ ਆਦਮੀਂ ਝੂਠ ਬੋਲਦਾ ਰਹੇਗਾ।” ਟੋਪੀ ਨੇ ਜਵਾਬ ਦਿੱਤਾ, “ਕੱਲ੍ਹ ਮੈਂ ਇਕ ਇੰਟਰਵਿਊ ਦੇਣ ਜਾ ਰਿਹਾਂ।”
“ਕਿੱਥੇ?”
“ਸਨਾਤਨ ਧਰਮ ਡਿਗਰੀ ਕਾਲਜ, ਬਹਿਰਾਇਚ...”
“ਕਿਉਂ ਜਾ ਰਿਹੈਂ...ਨੌਕਰੀ ਤਾਂ ਤੈਨੂੰ ਮਿਲਨੀ ਨਹੀਂ।” ਸਕੀਨਾ ਨੇ ਕਿਹਾ।
“ਮੈਂ ਦੰਗਿਆਂ ਦਾ ਹੀਰੋ ਆਂ...ਤੁਸੀਂ ਹਿੰਦੀ ਦੇ ਅਖ਼ਬਾਰ ਨਹੀਂ ਦੇਖੇ? ਮੇਰੀਆਂ ਵੱਡੀਆਂ-ਵੱਡੀਆਂ ਤਸਵੀਰਾਂ ਛਪਈਐਂ। ਪਿਤਾ ਜੀ ਮਹੋਦਿਆ ਦਾ ਖ਼ਤ ਆਇਆ ਸੀ ਕਿ ਉਹਨਾਂ ਨੇ ਮੈਨੂੰ ਮੁਆਫ਼ ਕਰ ਦਿੱਤਾ ਹੈ ਤੇ ਇਕ ਬੜੇ ਵੱਡੇ ਘਰੇ ਮੇਰੀ ਗੱਲ ਚੱਲ ਰਹੀ ਹੈ। ਮੇਰੇ ਹੋਣ ਵਾਲੇ ਫਾਦਰ ਇਨ ਲਾ ਨੇ ਦਿੱਲੀ ਵਿਚ ਮੈਨੂੰ ਇਕ ਵੱਡੀ ਨੌਕਰੀ, ਇਕ ਬੜੀ ਵੱਡੀ ਕਾਰ, ਇਕ ਛੋਟੀ ਜਿਹੀ ਕੋਠੀ ਤੇ ਇਕ ਵੱਡਾ ਬੈਂਕ ਬੈਲੈਂਸ ਦੇਣ ਦਾ ਵਾਅਦਾ ਕੀਤਾ ਐ।”
“ਫਟਾ-ਫਟ ਵਿਆਹ ਕਰਵਾ ਲੈ।” ਸਕੀਨਾ ਨੇ ਕਿਹਾ।
“ਅੰਕਲ ਟੋਪੀ, ਮੈਂ ਘੁੰਮਾਂਗੀ ਤੁਹਾਡੀ ਕਾਰ ਵਿਚ।” ਸ਼ਬਨਮ ਨੇ ਕਿਹਾ।
“ਹਾਂ-ਹਾਂ। ਤੈਨੂੰ ਘੁੰਮਾਉਣ ਲਈ ਤਾਂ ਮੈਨੂੰ ਸ਼ਾਦੀ ਕਰਨੀ ਈ ਪਵੇਗੀ ਬਈ।”
“ਤਾਂ ਫੇਰ ਮੈਂ ਜਾ ਕੇ ਸ਼ੋਭਾ ਤੇ ਫੁੱਲੀ ਨੂੰ ਵੀ ਦੱਸ ਆਵਾਂ?”
“ਕੀ ਦੱਸੇਂਗੀ ਭਲਾ?”
ਪਰ ਸ਼ਬਨਮ ਆਪਣੀਆਂ ਸਹੇਲੀਆਂ ਨੂੰ ਇਹ ਦੱਸਣ ਲਈ ਜਾ ਚੁੱਕੀ ਸੀ ਕਿ ਅੰਕਲ ਟੋਪੀ ਨੂੰ ਇਕ ਵੱਡੀ ਕਾਰ ਮਿਲਣ ਵਾਲੀ ਹੈ।
“ਬੱਚੇ ਕਿੰਨੀਆਂ ਨਿੱਕੀਆਂ ਗੱਲ ਉੱਤੇ ਖੁਸ ਹੋ ਜਾਂਦੇ ਨੇ।”
“ਖੁਸ ਨਹੀਂ ਖੁਸ਼।” ਸਕੀਨਾ ਨੇ ਕਿਹਾ।
ਉਸੇ ਦਿਨ ਉਸਨੇ ਡਾਕਟਰ ਸਾਹਬ ਨੂੰ ਲਿਖ ਦਿੱਤਾ ਕਿ ਉਸਨੂੰ ਵੱਡੀ ਕਾਰ ਨਹੀਂ ਚਾਹੀਦੀ। ਪਰ ਇਸ ਖ਼ਤ ਬਾਰੇ ਉਸਨੇ ਸਕੀਨਾ ਜਾਂ ਇੱਫ਼ਨ ਨੂੰ ਕੁਝ ਨਹੀਂ ਸੀ ਦੱਸਿਆ।
ਖ਼ਤ ਨੂੰ ਚੁੱਪਚਾਪ ਲੈਟਰ ਬਕਸ ਵਿਚ ਪਾ ਕੇ ਉਹ ਗੱਡੀ ਵਿਚ ਜਾ ਬੈਠਾ। ਸਾਰੇ ਰੱਸਤੇ ਇੰਟਰਵਿਊ ਬਾਰੇ ਸੋਚਦਾ ਰਿਹਾ। ਸਾਹਿਤ ਦੇ ਇਤਿਹਾਸ ਨੂੰ ਮਨ ਹੀ ਮਨ ਦੁਹਰਾਇਆ। ਸਾਹਿਤ ਦੀਆਂ ਸਮੱਸਿਆਵਾਂ ਉੱਤੇ ਮੁੜ ਵਿਚਾਰ ਕੀਤਾ।...ਤੇ ਜਦੋਂ ਉਹ ਇੰਟਰਵਿਊ ਵਾਲੇ ਕਮਰੇ ਵਿਚ ਪਹੁੰਚਿਆ ਤਾਂ ਪੂਰੀ ਤਰ੍ਹਾਂ ਤਿਆਰ ਸੀ ਤੇ ਇਹ ਵੀ ਜਾਣਦਾ ਸੀ ਕਿ ਉਸਨੂੰ ਨੌਕਰੀ ਨਹੀਂ ਮਿਲੇਗੀ।
“ਤੁਹਾਡੀ ਯੂਨੀਵਰਸਟੀ ਵਿਚ ਆਏ ਦਿਨ ਇਹ ਦੰਗੇ ਕਿਉਂ ਹੁੰਦੇ ਰਹਿੰਦੇ ਨੇ ਬਈ ?” ਪਹਿਲਾ ਸਵਾਲ ਕੀਤਾ ਗਿਆ।
ਸਾਹਿਤ !
ਸਾਹਿਤ ਦਾ ਇਤਿਹਾਸ !!
ਸਾਹਿਤ ਦੀਆਂ ਸਮੱਸਿਆਵਾਂ !!!
“ਇਸ ਯੂਨੀਵਰਸਟੀ ਨੂੰ ਤਾਂ ਬੰਦ ਕਰ ਦੇਣਾ ਚਾਹੀਦਾ ਏ।” ਇਕ ਹੋਰ ਐਕਸਪਰਟ ਬੋਲੇ।
ਸਾਹਿਤ ਦੀ ਪ੍ਰੰਪਰ !
ਸਾਹਿਤ ਦਾ ਸਿਲਸਿਲਾ !!
“ਤੁਸੀਂ ਰਸਖ਼ਾਨ ਨੂੰ ਹਿੰਦੂ ਮੰਨਦੇ ਹੋ ਜਾਂ ਮੁਸਲਮਾਨ?” ਇਕ ਹੋਰ ਸਵਾਲ ਪੁੱਛਿਆ ਗਿਆ।
“ਮੈਂ ਤਾਂ ਜਾਇਸੀ ਨੂੰ ਵੀ ਹਿੰਦੂ ਮੰਨਦਾਂ ਤੇ...,” ਟੋਪੀ ਨੇ ਕਿਹਾ, “...ਗ਼ਾਲਿਬ ਤੇ ਮੀਰ ਨੂੰ ਵੀ।”
“ਆਪਣੇ ਵਿਚਾਰਾਂ ਉੱਤੇ ਜ਼ਰਾ ਚਾਨਣਾ ਤਾਂ ਪਾਓ...”
“ਗ਼ਾਲਿਬ ਬੁੱਤਾਂ ਦੀ ਪੂਜਾ ਕਰਦੇ ਸਨ। ਪੂਰਾ ਉਰਦੂ-ਕਾਵ ਬੁੱਤਾਂ ਦੀ ਪੂਜਾ ਕਰਦਾ ਹੈ। ਮੀਰ ਨੇ ਤਾਂ ਤਿਲਕ ਵੀ ਲਾ ਲਿਆ ਸੀ¸ 'ਕਸ਼ਕਾ ਖੀਂਚਾ ਦੈਰ ਮੇਂ ਬੈਠਾ, ਕਬ ਕਾ ਤਰਕ ਇਸਲਾਮ ਕੀਆ'।”
“ਇਸ ਦ੍ਰਿਸ਼ਟੀਕੋਣ ਤੋਂ ਤਾਂ ਅੱਜ ਤੱਕਰ ਸੋਚਿਆ ਹੀ ਨਹੀਂ ਗਿਆ।”
“ਅਜੇ ਵੀ ਕੋਈ ਬਹੁਤੀ ਦੇਰ ਨਹੀਂ ਹੋਈ।”
ਇੰਟਰਵਿਊ ਖ਼ਤਮ ਹੋ ਗਈ।
ਉਹ ਅਲੀਗੜ੍ਹ ਪਰਤ ਆਇਆ।
“ਕਿਵੇਂ ਰਹੀ?” ਸਕੀਨਾ ਪੁੱਛਿਆ।
“ਜਿਸ ਦੇਸ਼ ਦੀਆਂ ਯੂਨੀਵਰਸਟੀਆਂ ਵਿਚ ਇਹ ਸੋਚਿਆ ਜਾ ਰਿਹੈ ਕਿ ਗ਼ਾਲਿਬ ਸੂਨੀ ਸਨ ਜਾਂ ਸ਼ੀਆ ਤੇ ਰਸਖਾਨ ਹਿੰਦੂ ਸਨ ਕਿ ਮੁਸਲਮਾਨ...ਮੈਂ ਤਾਂ ਉਸ ਦੇਸ਼ ਵਿਚ ਪੜ੍ਹਾ ਨਹੀਂ ਸਕਾਂਗਾ।”
“ਹੋਰ ਕੀ ਕਰੇਂਗਾ ਫੇਰ?”
“ਫਿਲਮੀਂ ਗਾਣੇ ਲਿਖਿਆ ਕਰਾਂਗਾ। ਬੂਟ ਪਾਲਿਸ਼ ਕਰ ਲਵਾਂਗਾ। ਭੀਖ ਮੰਗ ਲਵਾਂਗਾ। ਕਿਸੇ ਵੱਡੇ ਆਦਮੀਂ ਦੀ ਇਕਲੌਤੀ ਧੀ ਨਾਲ ਵਿਆਹ ਕਰਾ ਕੇ ਮੌਜਾਂ ਮਾਣਾਗਾ। ਕੁਝ ਵੀ ਕਰ ਲਵਾਂਗਾ...”
“ਉਮੀਦ ਕੀ ਏ?”
“ਦੋ ਉਮੀਦਵਾਰ ਮੇਰੇ ਨਾਲੋਂ ਵੱਧ ਕੁਆਲੀਫਾਈਡ ਸਨ।” ਟੋਪੀ ਨੇ ਕਿਹਾ।
“ਤੇ ਕੁਲ ਕਿੰਨੇ ਜਣੇ ਬੁਲਾਏ ਗਏ ਸੀ?” ਇੱਫ਼ਨ ਨੇ ਪੁੱਛਿਆ।
“ਤਿੰਨ।”
“ਫੇਰ ਤਾਂ ਰੱਖ ਲਿਆ ਜਾਏਂਗਾ।”
“ਯਦਿ ਰੱਖ ਲਿਆ ਗਿਆ ਤਾਂ ਆਤਮ-ਹੱਤਿਆ ਕਰ ਲਵਾਂਗਾ।”
“ਮੇਰੇ ਸਾਹਮਣੇ ਇਹ ਯਦਿ-ਪਦੀ ਨਾ ਕਰਿਆ ਕਰ, ਸਮਝਿਆ?” ਸਕੀਨਾ ਬੋਲੀ।
“ਮੈਨੂੰ ਜੰਮੂ ਵਿਚ ਨੌਕਰੀ ਮਿਲ ਗਈ ਏ।” ਇੱਫ਼ਨ ਨੇ ਕਿਹਾ।
“ਕਾਹੇ ਕੀ ਨੌਕਰੀ?”
“ਹਿਸਟਰੀ ਪੜ੍ਹਾਉਣ ਦੀ।”
“ਕੇ.ਐਮ. ਮੁਨਸ਼ੀ ਦੀ ਹਿਸਟਰੀ ਜਾਂ ਖ਼ਲੀਕ ਨਜ਼ਾਮੀ ਦੀ?”
“ਪ੍ਰੋਫ਼ੈਸਰ ਹਬੀਬ ਤੇ ਡਾਕਟਰ ਤਾਰਾ ਚੰਦ ਦੇ ਨਾਂ ਕਿਉਂ ਨਹੀਂ ਲੈਂਦਾ?”
“ਉਹਨਾਂ ਨੂੰ ਹੁਣ ਕੌਣ ਚਾਰਾ ਪਾਉਂਦੈ ਜੀ?” ਟੋਪੀ ਹੱਸ ਪਿਆ, “ਉਂਜ ਜਾਣਾ ਕਦੋਂ ਐਂ?”
“ਫ਼ੌਰਨ।”
“ਭਾਈ ਸ਼੍ਰੀ, ਮੈਨੂੰ ਵੀ ਉੱਥੇ ਈ ਇਕ ਨੌਕਰੀ ਜਾਂ ਇਕ ਘਰਵਾਲੀ ਦਿਵਾਅ ਦਿਓ ਨਾ।”
ਇਹ ਗੱਲ ਮਜ਼ਾਕ ਵਿਚ ਟਲ ਗਈ। ਪਰ ਟੋਪੀ ਸੱਚਮੁੱਚ ਸੋਚਾਂ ਵਿਚ ਪੈ ਗਿਆ ਕਿ ਇੱਫ਼ਨ, ਸਕੀਨਾ ਤੇ ਸ਼ਬਨਮ ਦੇ ਬਿਨਾਂ ਜ਼ਿੰਦਗੀ ਵਿਚ ਰਹਿ ਕੀ ਜਾਵੇਗਾ? ਉਹ ਫੇਰ ਬਿਲਕੁਲ ਇਕੱਲਾ ਰਹਿ ਜਾਵੇਗਾ।
ਪਰ ਫੇਰ ਵੀ ਉਸਨੇ ਉਹਨਾਂ ਨਾਲ ਸਾਮਾਨ ਬੰਨ੍ਹਵਾਇਆ; ਹੋਲਡ ਆਲ ਕੱਸੇ; ਉਹੀ ਰਿਕਸ਼ਾ ਲਿਆਇਆ ਤੇ ਰੇਲ ਗੱਡੀ ਵਿਚ ਉਸਨੇ ਹੀ ਸਾਮਾਨ ਰਖਵਾਇਆ।
“ਖ਼ਤ ਲਿਖੇਂਗਾ ਨਾ?” ਸਕੀਨਾ ਨੇ ਕਿਹਾ।
“ਅੰਕਲ, ਉਹ ਮੋਟਰ ਲੈ ਕੇ ਜੰਮੂ ਆ ਜਾਣਾ।” ਸ਼ਬਨਮ ਬੋਲ ਪਈ ਤੇ ਉਹ ਸਕੀਨਾ ਦੇ ਸਵਾਲ ਦਾ ਜਵਾਬ ਦੇਣ ਤੋਂ ਬਚ ਗਿਆ।
ਗੱਡੀ ਚਲੀ ਗਈ। ਉਹ ਪਲੇਟਫ਼ਾਰਮ ਉੱਤੇ ਖੜ੍ਹਾ ਰਹਿ ਗਿਆ।
“ਵੋ ਜੋ ਬੇਚਤੇ ਥੇ ਦਵਾਏ-ਦਿਲ, ਵੋ ਦੁਕਾਨ ਅਪਨੀ ਬੜ੍ਹਾ ਗਏ।” ਇਕ ਮੁੰਡਾ ਗੁਣਗੁਣਉਦਾ ਹੋਇਆ, ਉਸਦੇ ਐਨ ਨੇੜਿਓਂ ਲੰਘਿਆ। ਟੋਪੀ ਨੇ ਪਲਟ ਕੇ ਉਸ ਵੱਲ ਦੇਖਿਆ। ਉਹ ਦੂਜੇ ਪਾਸੇ ਦੇਖਣ ਲੱਗ ਪਿਆ।
ਫੇਰ ਮੁੰਡਿਆਂ ਦੀ ਇਕ ਟੋਲੀ ਹਾਸਿਆਂ ਦੇ ਠਹਾਕੇ ਲਾਉਣ ਲੱਗੀ ਤੇ ਠਹਾਕਿਆਂ ਦੀ ਆਵਾਜ਼ ਟੋਪੀ ਉੱਤੇ ਛਾਂਟਿਆਂ ਵਾਂਗ ਵਰ੍ਹਣ ਲੱਗੀ।
--------------

No comments:

Post a Comment