Tuesday 15 June 2010

ਟੋਪੀ ਸ਼ੁਕਲਾ…: ਅਠਾਰ੍ਹਵੀਂ ਕਿਸ਼ਤ



ਟੋਪੀ ਸ਼ੁਕਲਾ…: ਅਠਾਰ੍ਹਵੀਂ ਕਿਸ਼ਤ :

ਵਾਜਿਦ ਖ਼ਾਂ ਟੋਪੀ ਨੂੰ ਦੇਖ ਕੇ ਮੁਸਕਰਾ ਪਿਆ। ਜਵਾਬ ਵਿਚ ਟੋਪੀ ਰੋਣ ਹਾਕਾ ਹੋ ਗਿਆ।
ਉਸਨੇ ਖੰਘ ਕੇ ਥੁੱਕਣ ਦੇ ਬਹਾਨੇ ਮੂੰਹ ਦੂਜੇ ਪਾਸੇ ਕਰ ਲਿਆ। ਸਾਹਮਣੇ ਲਾਨ ਸੀ ਜਿਹੜਾ ਮੈਲੀ ਚਾਨਣੀ ਵਿਚ ਲਿਪਟਿਆ ਹੋਇਆ ਸੀ।
ਰੁਮਾਲ ਨਾਲ ਮੂੰਹ ਤੇ ਅੱਖਾਂ ਪੂੰਝਦਾ ਹੋਇਆ ਉਹ ਕੈਂਟੀਨ ਵਿਚ ਵੜ ਆਇਆ। ਜਜ਼ਬੀ ਦੀ ਗੰਜੀ ਟਿੰਡ ਵਿਚ ਇਕ ਬਲਬ ਆਪਣਾ ਮੂੰਹ ਦੇਖ ਰਿਹਾ ਸੀ।
“ਹੈਲੋ ਭਾਈ ਸਾਹਬ ਜੀ!” ਟੋਪੀ ਨੇ ਕਿਹਾ।
“ਆਓ।” ਵਾਜਿਦ ਇਹ ਕਹਿ ਕੇ ਫੇਰ ਜਜ਼ਬੀ ਨਾਲ ਰੁੱਝ ਗਿਆ। “ਤਾਂ ਮੈਂ ਇਹ ਕਹਿ ਰਿਹਾ ਸੀ ਜਜ਼ਬੀ ਸਾਹਬ ਬਈ ਗ਼ਾਲਿਬ ਦੀ ਸ਼ਾਇਰੀ ਵਿਚ ਜੋ ਮੱਠਾ-ਮੱਠਾ ਦਰਦ ਹੈ, ਉਹੀ ਉਹਦੀ ਸ਼ਾਇਰੀ ਦੀ ਵੱਡਿਆਈ ਹੈ।”
“ਆਦਾਬ।” ਟੋਪੀ ਨੇ ਜਜ਼ਬੀ ਸਾਹਬ ਨੂੰ ਕਿਹਾ।
“ਕਹੋ ਜਨਾਬ, ਕੀ ਹਾਲੇ ਚਾਲੇ ਨੇ?” ਜਜ਼ਬੀ ਨੇ ਆਪਣੇ ਘਸੇ ਹੋਏ ਗੰਦੇ ਦੰਦ ਕੱਢ ਵਿਖਾਏ। ਫੇਰ ਕਿਹਾ, “ਤੁਹਾਡੇ ਇੱਫਨ ਭਾਈ ਸ਼੍ਰੀ ਗਏ...?”
“ਇੱਫਨ ਨਹੀਂ ਜਜ਼ਬੀ ਸਾਹਬ ਇੱਫ਼ਨ।” ਟੋਪੀ ਬੋਲਿਆ, “ਉਹ ਮੇਰਾ ਦੋਸਤ ਸੀ; ਮੈਂ ਉਸਦਾ ਨਾਂ ਬਣਾਅ ਜਾਂ ਵਿਗਾੜ ਸਕਦਾਂ, ਤੁਸੀਂ ਨਹੀਂ।” ਉਹ ਵਾਜਿਦ ਖ਼ਾਂ ਵੱਲ ਪਰਤਿਆ, “ਯਾਰ ਵਾਜਿਦ ਭਾਈ ਸਾਹਬ, ਤੁਸੀਂ ਗ਼ਾਲਿਬ ਉੱਤੇ ਭਾਸ਼ਣ ਦਿਓ।”
ਹੌਲੀ ਹੌਲੀ ਸ਼ਾਮ ਨੂੰ ਬੈਠਣ ਵਾਲੇ ਸਾਰੇ ਹੀ ਆ ਗਏ। ਇਧਰ-ਉਧਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਪਰ ਟੋਪੀ ਦੀ ਤਨਹਾਈ ਨਹੀਂ ਮਿਟੀ। ਉਹ ਗੱਲਾਂ-ਬਾਤਾਂ, ਹਾਸਿਆਂ-ਮਜ਼ਾਕਾਂ ਤੇ ਠਹਾਕਿਆਂ ਦੇ ਸਮੁੰਦਰ ਵਿਚ ਖੜ੍ਹੀ ਚਟਾਨ ਵਾਂਗ ਚੁੱਪ ਬੈਠਾ, ਲਹਿਰਾਂ ਦੇ ਥਪੇੜੇ ਖਾਂਦਾ ਰਿਹਾ।
ਫੇਰ ਉਹ ਸਾਰੇ ਦਾਰਾ ਸਿੰਘ ਦੀ ਕੋਈ ਫ਼ਿਲਮ ਦੇਖਣ ਚਲੇ ਗਏ। ਸਮਾਂ ਆਪਣੀ ਰਾਹੇ ਤੁਰਦਾ ਗਿਆ। ਪਰ ਟੋਪੀ ਨੂੰ ਤਾਂ ਵਾਪਸ ਉਸੇ ਘਰ ਵਿਚ ਜਾਣਾ ਪੈਣਾ ਸੀ। ਉਹ ਹੋਰ ਕਰਦਾ ਵੀ ਕੀ? ਉਹ, ਉਸ ਘਰ ਵਿਚ ਚਲਾ ਗਿਆ ਤੇ ਰਜ਼ਾਈ ਵਿਚ ਘੁਸ ਕੇ ਜਾਗਦਾ ਰਿਹਾ। ਪਤਾ ਨਹੀਂ ਏਨੇ ਦਿਨਾਂ ਬਾਅਦ ਉਸਨੂੰ ਇੱਫ਼ਨ ਦੀ ਦਾਦੀ ਕਿਉਂ ਯਾਦ ਆ ਗਈ ਸੀ¸
“...ਆਖੋਂ ਕੀ ਦੇਖੀ ਕਹਿਤੀ ਨਹੀਂ, ਕਾਨੋਂ ਕੀ ਸੁਨੀ ਕਹਿਤੀ ਹੂੰ। ਝੂਠੇ ਪਰ ਖ਼ੁਦਾ ਕੀ ਲਾਨਤ। ਕਹਿਤੇ ਹੈਂ ਕਿ ਏਕ ਜ਼ਮਾਨੇ ਮੇਂ ਏਕ ਠੋ ਬਾਦਸ਼ਾਹ ਰਹਾ। ਓ ਕੇ ਸਾਤ ਬੇਟੀਯਾਂ ਰਹੀਂ। ਏਕ ਦਿਨ ਜੋ ਊ ਚਲਾ ਸਫ਼ਰ ਪਰ ਤ ਅਪਨੀ ਬੇਟੀਯਨ ਕੋ ਪਾਸ ਬੁਲਾ ਕੇ ਪੂਛਿਸ...”
ਉਹ ਸੌਂ ਤਾਂ ਨਹੀਂ ਸੀ ਸਕਿਆ ਪਰ ਉਸਨੇ ਥਕਾਣ ਕਾਰਨ ਅੱਖਾਂ ਬੰਦ ਕਰ ਲਈਆਂ ਸਨ ਤੇ ਅੱਖਾਂ ਬੰਦ ਕਰਨ ਤੋਂ ਪਹਿਲਾਂ ਇਹ ਫੈਸਲਾ ਕੀਤਾ ਸੀ ਕਿ ਹੁਣ ਉਹ ਅਲੀਗੜ੍ਹ ਵਿਚ ਨਹੀਂ ਰਹੇਗਾ।

ਫੇਰ ਇਕ ਦਿਨ ਸਵੇਰੇ ਐਕਸਪ੍ਰੇਸ ਡਾਕ ਵੰਡਣ ਵਾਲਾ ਡਾਕੀਆਂ ਆਇਆ। ਉਸਨੇ ਘੰਟੀ ਵਜਾਈ। ਕਾਫੀ ਦੇਰ ਬਾਅਦ ਟੋਪੀ ਨੇ ਦਰਵਾਜ਼ਾ ਖੋਹਲਿਆ। ਲਿਫ਼ਾਫ਼ਾ ਲਿਆ ਤੇ ਫੇਰ ਦਰਵਾਜ਼ਾ ਬੰਦ ਕਰ ਲਿਆ।
ਥੋੜ੍ਹੀ ਦੇਰ ਬਾਅਦ ਇਕ ਡਾਕੀਆ ਹੋਰ ਆਇਆ। ਉਸਨੇ ਦਰਵਾਜ਼ੇ ਦੇ ਹੇਠ ਦੀ ਇਕ ਲਿਫ਼ਾਫ਼ਾ ਹੋਰ ਸੁੱਟ ਦਿੱਤਾ।
ਕੁਝ ਚਿਰ ਬਾਅਦ ਜਮਾਂਦਾਰਨੀ ਆਈ। ਉਹ ਘੰਟੀ ਵਜਾਉਂਦੀ ਰਹੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਫੇਰ ਧੋਬੀ ਆਇਆ। ਘੰਟੀਆਂ ਵਜਾ ਕੇ ਉਹ ਵੀ ਵਾਪਸ ਚਲਾ ਗਿਆ।
ਸ਼ਾਮ ਹੁੰਦਿਆਂ-ਹੁੰਦਿਆਂ ਪੁਲਿਸ ਆ ਗਈ। ਦਰਵਾਜ਼ਾ ਤੋੜ ਦਿੱਤਾ ਗਿਆ¸ ਫੇਰ ਪਤਾ ਲੱਗਿਆ ਕਿ ਆਪਣੇ ਕਮਰੇ ਵਿਚ ਟੋਪੀ, ਆਦਮੀ ਤੋਂ ਲਾਸ਼ ਬਣ ਚੁੱਕਿਆ ਹੈ।
ਵਿਹੜੇ ਵਿਚ ਇਕ ਬੰਦ ਲਿਫ਼ਾਫ਼ਾ ਪਿਆ ਸੀ। ਉਸ ਉੱਤੇ ਜੰਮੂ ਦੀ ਮੋਹਰ ਸੀ। ਲਿਫ਼ਾਫ਼ੇ ਨੂੰ ਪੁਲਿਸ ਨੇ ਖੋਹਲਿਆ, ਪਰ ਉਸਦਾ ਮਹੱਤਵ ਨਹੀਂ ਸਮਝ ਸਕੀ...ਉਸ ਵਿਚ ਸਕੀਨਾ ਦਾ ਇਕ ਖ਼ਤ ਸੀ, ਜਿਹੜਾ ਇਕ ਰੱਖੜੀ ਵਿਚ ਲਿਪਟਿਆ ਹੋਇਆ ਸੀ।
ਉਸਦੇ ਸਿਰਹਾਣਿਓਂ ਵੀ ਇਕ ਲਿਫ਼ਾਫ਼ਾ ਮਿਲਿਆ। ਉਸ ਉੱਤੇ ਬਹਿਰਾਇਚ ਦੀ ਮੋਹਰ ਸੀ। ਉਹ ਲਿਫ਼ਾਫ਼ਾ ਖੁੱਲ੍ਹਿਆ ਹੋਇਆ ਸੀ; ਨੌਕਰੀ ਦਾ ਪ੍ਰਵਾਨਾ ਸੀ। ਪੁਲਿਸ ਇਸ ਖੁੱਲ੍ਹੇ ਹੋਏ ਲਿਫ਼ਾਫ਼ੇ ਦਾ ਮਹੱਤਵ ਵੀ ਨਹੀਂ ਸੀ ਸਮਝ ਸਕੀ।
ਪੁਲਿਸ ਆਪਣੀ ਕਾਰਵਾਈ ਵਿਚ ਰੁੱਝ ਗਈ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਯੂਨੀਵਰਸਟੀ ਵਿਚ ਛੁੱਟੀ ਹੋ ਗਈ। ਡਾਕਟਰ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਨੂੰ ਤਾਰ ਦੇ ਦਿੱਤਾ ਗਿਆ। ਉਹਨਾਂ ਨਾਲ ਰਾਮਦੁਲਾਰੀ ਵੀ ਆਈ।
ਟੋਪੀ ਦੇ ਸਾਮਾਨ ਦੇ ਨਾਲ ਸਕੀਨਾ ਦਾ ਲਿਫ਼ਾਫ਼ਾ ਵੀ ਡਾਕਟਰ ਸਾਹਬ ਨੂੰ ਮਿਲਿਆ। ਉਹਨਾਂ ਉਸ ਰੱਖੜੀ ਨੂੰ ਨਫ਼ਰਤ ਨਾਲ ਦੇਖਿਆ। ਰਾਮਦੁਲਾਰੀ ਫੇਰ ਵੈਣ ਪਾਉਣ ਲੱਗ ਪਈ।
“ਫ਼ਾਹਿਸ਼ਾ (ਚਗਲ)।” ਡਾਕਟਰ ਸਾਹਬ ਨੇ ਰੱਖੜੀ ਨੂੰ ਇੰਜ ਪਰ੍ਹੇ ਵਗਾਹ ਮਾਰਿਆ ਜਿਵੇਂ ਉਹ ਕੋਈ ਘਿਣਾਉਣੀ ਸ਼ੈ ਹੋਵੇ। ਪਰ ਉਹਨਾਂ ਦੀ ਆਵਾਜ਼ ਵਿਚ ਕੋਈ ਅਜਿਹੀ ਗੱਲ ਸੀ ਕਿ ਰਾਮਦੁਲਾਰੀ ਚੁੱਪ ਹੋ ਗਈ ਤੇ ਉਹਨਾਂ ਦੇ ਮੂੰਹ ਵੱਲ ਦੇਖਣ ਲੱਗ ਪਈ।
“ਫ਼ਾਹਿਸ਼ਾ!” ਡਾਕਟਰ ਸਾਹਬ ਨੇ ਫੇਰ ਕਿਹਾ। ਰਾਮਦੁਲਾਰੀ ਨੇ ਜਵਾਬ ਵਿਚ ਕੁਝ ਕਹਿਣਾ ਚਾਹਿਆ, ਪਰ ਕੁਝ ਕਹਿ ਨਹੀਂ ਸਕੀ...ਕਿਉਂਕਿ ਉਸਨੂੰ ਉਸ ਸ਼ਬਦ ਦਾ ਅਰਥ ਹੀ ਨਹੀਂ ਸੀ ਆਉਂਦਾ।
ਟੋਪੀ ਵੀ ਇਕ ਅਜਿਹਾ ਸ਼ਬਦ ਸੀ ਜਿਸਦਾ ਅਰਥ ਰਾਮਦੁਲਾਰੀ ਨੂੰ ਕਦੀ ਸਮਝ ਨਹੀਂ ਸੀ ਆਇਆ।
 ੦੦੦  ੦੦੦  ੦੦੦  ੦੦੦  

No comments:

Post a Comment