Tuesday 15 June 2010

ਟੋਪੀ ਸ਼ੁਕਲਾ…: ਬਾਰ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਬਾਰ੍ਹਵੀਂ ਕਿਸ਼ਤ :

ਸਕਾਲਸ਼ਿਪ ਬੰਦ ਹੋ ਜਾਣ ਨਾਲ ਟੋਪੀ ਮੁਸੀਬਤ ਵਿਚ ਫਸ ਗਿਆ, ਕਿਉਂਕਿ ਮੁਨੀ ਬਾਬੂ ਤਾਂ ਨੇਤਾ ਬਣ ਚੁੱਕੇ ਸਨ। ਭੈਰਵ ਵੀ ਉਸੇ ਰੱਸਤੇ ਟੁਰ ਪਿਆ ਸੀ। ਅਸਲ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਏਨੀ ਗੰਭੀਰ ਹੋ ਗਈ ਹੈ ਕਿ ਹਰ ਨੌਜਵਾਨ ਸਿਰਫ ਨੇਤਾ ਬਣਨ ਦੇ ਸੁਪਨੇ ਦੇਖ ਸਕਦਾ ਹੈ। ਭੈਰਵ ਤੇ ਮੁਨੀ ਬਾਬੂ ਦੋਵਾਂ ਨੇ ਹੀ ਇਕੋ ਨਜ਼ਰੀਏ ਨਾਲ ਦੇਖਿਆ ਕਿ ਬਾਬੂ ਗੋਪੀ ਨਾਥ ਸਿਰਫ ਇਕ ਬੱਸ ਕੰਡਕਟਰ ਹੁੰਦੇ ਸਨ। ਪੜ੍ਹੇ-ਲਿਖੇ ਵੀ ਕੋਈ ਖਾਸ ਨਹੀਂ ਸਨ। ਇਕ ਕੱਚਾ ਜਿਹਾ ਮਕਾਨ ਹੁੰਦਾ ਸੀ...ਫੇਰ ਜਾਦੂ ਦਾ ਡੰਡਾ ਘੁੰਮਿਆਂ, ਉਹ ਐਮ.ਪੀ. ਬਣ ਗਏ। ਹੁਣ ਉਹਨਾਂ ਕੋਲ ਇਕ ਮੋਟਰ, ਦੋ ਕੋਠੀਆਂ ਤੇ ਦੋ ਮੱਝਾਂ ਸਨ। ਕਈ ਬੈਂਕਾਂ ਵਿਚ ਖਾਤੇ ਸਨ ਤੇ ਉਹਨਾਂ ਦਾ ਲੜਕਾ ਅਮਰੀਕਾ ਵਿਚ ਇੰਜਨੀਅਰਿੰਗ ਕਰ ਰਿਹਾ ਸੀ। ਕੁੜੀ ਦਾ ਵਿਆਹ ਉਹਨਾਂ ਜਿਸ ਧੁਮ-ਧਾਮ ਨਾਲ ਕੀਤਾ ਸੀ; ਲੋਕੀ ਦੇਖਦੇ ਹੀ ਰਹਿ ਗਏ ਸਨ। ਕਲੈਕਟਰ ਉਹਨਾਂ ਨੂੰ ਸਲਾਮ ਕਰਦਾ ਸੀ...ਤੇ ਹੋਰ ਕੀ ਚਾਹੀਦਾ ਹੁੰਦਾ ਹੈ ਕਿਸੇ ਨੂੰ? ਇਹਨਾਂ ਦੋਵਾਂ ਨੂੰ ਡਾਕਟਰ ਭਿਰਗੂ ਨਾਰਾਇਣ ਦੇ ਨੀਲੇ ਤੇਲ ਵਿਚ ਕੋਈ ਦਿਲਚਸਪੀ ਨਹੀਂ ਸੀ।
ਪਰ ਮੁਨੀ ਬਾਬੂ ਤੇ ਭੈਰਵ ਨੇ ਦੋ ਵੱਖੋ-ਵੱਖਰੇ ਰੱਸਤੇ ਚੁਣੇ। ਮੁਨੀ ਬਾਬੂ ਨੂੰ ਹਿੰਦੂ ਸੰਸਕ੍ਰਿਤੀ ਤੇ ਸਭਿਅਤਾ ਦਾ ਨਾਅਰਾ ਚੰਗਾ ਲੱਗਿਆ। ਆਖ਼ਰ ਇਹ ਮੁਸਲਮਾਨ ਜਿਹੜੇ ਗਊ-ਹੱਤਿਆ ਕਰਦੇ ਨੇ ਤੇ ਇਕ ਓਪਰੇ ਭਗਵਾਨ ਦੀ ਪੂਜਾ ਕਰਦੇ ਨੇ, ਇੱਥੇ ਕੀ ਕਰ ਰਹੇ ਨੇ¸ ਜੇ ਇਹ ਸਾਰੇ ਪਾਕਿਸਤਾਨ ਭੇਜ ਦਿੱਤੇ ਜਾਣ ਤਾਂ ਇਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਨੌਕਰੀਆਂ ਹਿੰਦੂਆਂ ਨੂੰ ਮਿਲ ਜਾਣ।
ਨੌਕਰੀ !
ਇਹ ਕਿੰਨਾ ਘਿਣੌਨਾ ਸ਼ਬਦ ਹੈ !
ਗੱਲ ਇੰਜ ਹੋਈ ਕਿ ਦੋ ਵਾਰੀ ਜਿਸ ਜਗ੍ਹਾ ਲਈ ਮੁਨੀ ਬਾਬੂ ਨੇ ਅਪਲਾਈ ਕੀਤਾ, ਉਹ ਕਿਸੇ ਮੁਸਲਮਾਨ ਨੂੰ ਮਿਲ ਗਈ।
ਇਹ ਨੌਕਰੀ ਦੋ-ਧਾਰੀ ਤਲਵਾਰ ਹੈ¸ ਇਕ ਪਾਸੇ ਨਾਲ ਹਿੰਦੂਆਂ ਨੂੰ ਮੁਸਲਮਾਨਾ ਨਾਲੋਂ ਕੱਟਦੀ ਹੈ ਤੇ ਦੂਜੇ ਪਾਸੇ ਨਾਲ ਮੁਸਲਮਾਨਾ ਨੂੰ ਹਿੰਦੂਆਂ ਨਾਲੋਂ! ਹਾਲਾਂਕਿ ਗੱਲ ਇਹ ਹੈ ਕਿ ਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਹੈ...ਕੀ ਉਹਨਾਂ ਮੁੰਡਿਆਂ ਦਾ ਨੌਕਰੀਆਂ ਉੱਤੇ ਵੱਧ ਅਧਿਕਾਰ ਨਹੀਂ, ਜਿਹਨਾਂ ਦੇ ਪਿਓ, ਮਾਮੇ, ਚਾਚੇ ਜਾਂ ਦੂਰ ਦੇ ਮਾਮੇ, ਦੂਰ ਦੇ ਚਾਚੇ (ਦੂਰ ਦੇ ਪਿਓ ਹੁੰਦੇ ਨਹੀਂ, ਜੇ ਹੁੰਦੇ ਤਾਂ ਉਹ ਵੀ ਕਹਿ ਲੈਂਦੇ)...ਭਾਵ ਇਹ ਕਿ ਕਿਸੇ ਵੀ ਰਿਸ਼ਤੇਦਾਰ ਨੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਸੀ? ਬਾਕੀ ਲੋਕ ਤਾਂ ਘਰੀਂ ਬੈਠੇ ਸਨ, ਜਦੋਂ ਇਹ ਦੂਰ-ਨੇੜੇ ਦੇ ਰਿਸ਼ਤੇਦਾਰ ਗੋਲੀਆਂ ਖਾ ਰਹੇ ਸਨ। ਜਾਂ ਜੇ ਮੈਂ ਕਿਸੇ ਕਮਿਸ਼ਨ ਜਾਂ ਕਮੇਟੀ ਦਾ ਮੈਂਬਰ ਹਾਂ ਤਾਂ ਕੀ ਉਸਦੇ ਅਧੀਨ ਆਉਣ ਵਾਲੀਆਂ ਸਾਰੀਆਂ ਨੌਕਰੀਆਂ ਉੱਤੇ ਮੇਰੇ ਰਿਸ਼ਤੇਦਾਰਾਂ ਜਾਂ ਜਾਤ-ਬਰਾਦਰੀ ਵਾਲਿਆਂ ਦਾ ਵਧੇਰੇ ਹੱਕ ਨਹੀਂ ਹੋ ਜਾਂਦਾ? ਆਮ ਲੋਕ ਤਾਂ ਮੂਰਖ ਨੇ ਉਹਨਾਂ ਦੀ ਸਮਝ ਵਿਚ ਇਹ ਨਿੱਕੀ-ਜਿਹੀ ਗੱਲ ਵੀ ਨਹੀਂ ਆਉਂਦੀ। ਇਸ ਲਈ ਇਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਮੁਸਲਮਾਨਾ ਦੀ ਦੁਸ਼ਮਣ ਹੈ; ਇਹ ਰਾਜ ਸੈਕੂਲਰ-ਵੈਕੂਲਕ ਕਿਸੇ ਪਾਸਿਓਂ ਨਹੀਂ, ਸਿੱਧਾ-ਸਾਦਾ ਹਿੰਦੂ ਰਾਜ ਹੈ...ਦੇਖ ਲਓ, ਪੁਲਿਸ ਤੇ ਫੌਜ ਵਿਚ ਮੁਸਲਮਾਨ ਰੱਖੇ ਹੀ ਨਹੀਂ ਜਾ ਰਹੇ। ਜਦੋਂ ਕਿਸੇ ਮੁਲਕ ਨਾਲ ਲੜਾਈ ਹੋਏਗੀ, ਪਤਾ ਲੱਗੇਗਾ ਕਿ ਧੋਤੀ-ਮਹਾਰਾਜ ਤੋਪ ਦੀ ਆਵਾਜ਼ ਸੁਣਦਿਆਂ ਹੀ, ਲੋਟੇ ਚੁੱਕ ਕੇ, ਖੇਤਾਂ ਵੱਲ ਭੱਜੇ ਜਾ ਰਹੇ ਨੇ...ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਰਕਾਰ ਮੁਸਲਮਾਨਾ ਨੂੰ ਮੱਖਣ ਲਾਉਂਦੀ ਹੈ; ਸਾਰੇ ਮੁਸਲਮਾਨ ਪਾਕਿਸਤਾਨ ਦੇ ਏਜੰਟ ਨੇ; ਲੜਾਈ ਹੋਈ ਤਾਂ ਇਹ ਪਾਕਿਸਤਾਨ ਨਾਲ ਰਲ ਜਾਣਗੇ।
ਮੁਸਲਮਾਨ ਮੁੰਡਿਆਂ ਦੇ ਦਿਲਾਂ ਵਿਚ ਦਾੜ੍ਹੀਆਂ ਤੇ ਹਿੰਦੂ ਮੁੰਡਿਆਂ ਦੇ ਮਨਾ ਵਿਚ ਬੋਦੀਆਂ ਉਗ ਆਈਆਂ ਹਨ; ਇਹ ਮੁੰਡੇ ਫ਼ਿਜਿਕਸ ਪੜ੍ਹਦੇ ਨੇ ਤੇ ਕਾਪੀ ਉੱਤੇ ਓਮ ਜਾਂ ਬਿਸਮਿੱਲ੍ਹਾ ਲਿਖਣ ਪਿੱਛੋਂ ਸਵਾਲ ਦਾ ਜਵਾਬ ਲਿਖਣਾ ਸ਼ੁਰੂ ਕਰਦੇ ਨੇ!
“ਸਿਰਫ ਸਾਇੰਸ ਪੜ੍ਹਨ ਨਾਲ ਕੀ ਹੁੰਦਾ ਏ ਭਾਈ ਸ਼੍ਰੀ!” ਟੋਪੀ ਨੇ ਕੁਸੈਲੀ ਆਵਾਜ਼ ਵਿਚ ਕਿਹਾ, “ਸਾਇੰਟੇਫਿਕ ਦ੍ਰਿਸ਼ਟੀਕੋਣ ਵੀ ਤਾਂ ਹੋਵੇ।”
“ਇਹ ਕੀ ਹੁੰਦਾ ਏ?” ਸਕੀਨਾ ਨੇ ਪੁੱਛਿਆ।
“ਸਾਇੰਟੇਫਿਕ ਐਟੀਟਿਊਡ ਸ਼ਾਇਦ।” ਇੱਫ਼ਨ ਨੇ ਕਿਹਾ।
“ਜੀ ਹਾਂ।” ਟੋਪੀ ਨੇ ਚਿੜ ਕੇ ਕਿਹਾ, “ਬਸ ਅਨੁਵਾਦ ਕਰਦੇ ਰਿਹਾ ਕਰੋ ਬੈਠੇ-ਬੈਠੇ।”
“ਤਾਂ ਹੋਰ ਦੱਸ ਕੀ ਕਰਾਂ?” ਇੱਫ਼ਨ ਵੀ ਹਿਰਖ ਗਿਆ।
“ਤੁਸੀਂ ਔਰੰਗਜੇਬ ਨੂੰ ਡਿਫੈਂਸ ਕਰਦੇ ਰਹੋ, ਹੋਰ ਕਰ ਵੀ ਕੀ ਸਕਦੇ ਓ?”
“ਓ ਭਰਾ, ਤੇਰਾ ਸਕਾਲਸ਼ਿਪ ਮੈਂ ਤਾਂ ਬੰਦ ਨਹੀਂ ਕਰਵਾਇਆ।”
“ਉਹ ਤਾਂ ਤੁਹਾਡੀ ਜੌਜਾ (ਪਤਨੀ) ਨੇ ਬੰਦ ਕਰਵਾਇਆ ਏ।”
“ਟੋਪੀ ਤੂੰ ਅਰਬੀ-ਫ਼ਾਰਸੀ ਨਾ ਬੋਲਿਆ ਕਰ ਖ਼ੁਦਾ ਦਾ ਵਾਸਤਾ ਈ।” ਸਕੀਨਾ ਨੇ ਹੱਥ ਜੋੜ ਕੇ ਕਿਹਾ, “ਜੌਜਾ! ਬੀਵੀ ਕਹਿ ਦਿੱਤਾ ਹੁੰਦਾ।”
“ਤੁਹਾਡੇ ਦੋਵਾਂ ਵਿਚ ਮੇਰੀ ਦਾਦੀ ਦੀ ਆਤਮਾਂ ਘੁਸੜੀ ਹੋਈ ਐ।” ਟੋਪੀ ਨੇ ਕਿਹਾ। ਫੇਰ ਉਹ ਇੱਫ਼ਨ ਵੱਲ ਪਲਟਿਆ, “ਪਤੈ, ਯੂਨੀਵਰਸਟੀ ਦੀ ਚੋਣ ਵਿਚ ਕੀ ਹੋਇਐ? ਜਮਾਅਤ ਦੇ ਮੁੰਡਿਆਂ ਨੇ ਸਾਹਬ ਬਾਗ ਤੇ ਵੀ.ਐਮ. ਹਾਲ ਵਿਚੋਂ ਲੀਡ ਕੀਤੀ ਐ...ਇਹਨਾਂ ਦੋਵਾਂ ਹਾਲਾਂ ਵਿਚ ਇੰਜਨਰਿੰਗ ਤੇ ਸਾਇੰਸ ਦੇ ਵਿਦਿਆਰਥੀਆਂ ਦਾ ਬਹੁਮਤ ਐ...”
“ਬਨਾਰਸ ਵਿਚ ਇੰਜਨਰਿੰਗ ਤੇ ਸਾਇੰਸ ਦੇ ਸਟੂਡੈਂਟ ਕਿਸ ਨੂੰ ਵੋਟ ਪਾਂਦੇ ਨੇ?” ਇੱਫ਼ਨ ਨੇ ਸਵਾਲ ਕੀਤਾ। “ਜਿੱਥੋਂ ਤੀਕ ਮੈਨੂੰ ਯਾਦ ਏ, ਬਨਾਰਸ ਯੂਨੀਵਰਸਟੀ ਦੀ ਯੂਨੀਅਨ ਤੇ ਕੈਬਿਨੇਟ ਵਿਚ ਵੀ ਅੱਜ ਤੀਕ ਕੋਈ ਮੁਸਲਮਾਨ ਮੁੰਡਾ ਨਹੀਂ ਚੁਣਿਆ ਗਿਆ...ਵੱਡੇ ਅਹੁਦਿਆਂ ਨੂੰ ਤਾਂ ਮਾਰੋ ਗੋਲੀ।”
“ਭਾਈ ਸ਼੍ਰੀ ਸਾਨੂੰ ਅਲੀਗੜ੍ਹ ਵਾਲਿਆਂ ਨੂੰ ਇਹ ਬੜੀ ਭੈੜੀ ਆਦਤ ਪੈ ਗਈ ਐ; ਕੋਈ ਵੀ ਗੱਲ ਕਰੋ ਬਨਾਰਸ ਦੀ ਗੱਲ ਕੱਢ ਲਿਆਈ ਜਾਂਦੀ ਐ। ਬਈ, ਬਨਾਰਸ ਯੂਨੀਵਰਸਟੀ ਇਕ ਹਿੰਦੂ ਯੂਨੀਵਰਸਟੀ ਐ। ਉੱਥੇ ਸਭ ਕੁਝ ਹੋ ਸਕਦੈ। ਪ੍ਰੰਤੂ ਇੱਥੇ?...ਇਹ ਪਾਕਿਸਤਾਨੀ ਕਾਰਖਾਨਾ ਬਹੁਤੇ ਦਿਨ ਨਹੀਓਂ ਚੱਲਣਾ।”
“ਦੋਖੋ...” ਸਕੀਨਾ ਗੜ੍ਹਕੀ, “ਇਹ ਹਿੰਦੂ-ਮਿੱਠੂ ਕਿੰਜ ਟਾਂਏਂ-ਟਾਂਏਂ ਕਰ ਰਿਹੈ...ਇਹ ਯੂਨੀਵਰਸਟੀ ਪਾਕਿਸਤਾਨੀ ਕਾਰਖ਼ਾਨਾ ਏਂ?”
“ਨਹੀਂ, ਤਾਂ ਹੋਰ ਕੀ ਐ? ਹਿੰਦੁਸਤਾਨ, ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਹੋਣ ਤਾਂ ਇੱਥੋਂ ਦੇ ਮੁੰਡੇ ਮਸਜਿਦਾਂ ਵਿਚ ਭੀੜ ਲਾ ਦਿੰਦੇ ਐ; ਦੁਆਵਾਂ ਮੰਗਣ ਖਾਤਰ। ਇਹਨਾਂ ਲੋਕਾਂ ਨੂੰ ਇਹ ਤਾਂ ਪਤਾ ਨਹੀਂ ਕਿ ਇੱਥੇ ਅੱਲਾ ਮੀਆਂ ਦਾ ਜੂਰੀਜ਼ਡਿਕਸ਼ਨ  (ਅਧਿਕਾਰੀ) ਨਹੀਂ ਬੈਠਦਾ...ਤੇ ਜੇ ਕੋਈ ਬੈਠਦਾ ਵੀ ਹੋਊ ਤਾਂ ਤੁਸੀਂ ਪਾਕਿਸਤਾਨ ਦੀ ਜਿੱਤ ਦੀਆਂ ਦੁਆਵਾਂ ਕਿਉਂ ਮੰਗਦੇ ਓ ਭਰਾਵੋ! ਤੇ ਫੇਰ ਰੋਣਗੇ ਕਿ ਸਾਨੂੰ ਨੌਕਰਈਆਂ ਨਹੀਂ ਮਿਲਦੀਆਂ,  ਸਾਥੋਂ ਵਫ਼ਾਦਾਰੀ ਦਾ ਸਬੂਤ ਮੰਗਿਆ ਜਾਂਦਾ ਐ। ਅਸੀਂ ਅਠਾਰਾਂ ਸੌ ਸਤਵੰਜਾ ਵਿਚ ਇਹ ਤੀਰ ਮਾਰਿਆ ਸੀ। ਕੋਈ ਪੁੱਛੇ, ਭੌਂਕਿਓ ਤੁਸੀਂ ਸਨ ਸੱਠ ਵਿਚ ਕੀ ਕਰ ਰਹੇ ਓ?”
“ਜਾਹ ਪੁੱਛ ਆ।” ਸਕੀਨਾ ਨੇ ਪੁਚਕਾਰ ਕੇ ਕਿਹਾ।
“ਕਿਉਂ, ਮੈਂ ਕਿਉਂ ਜਾਵਾਂ? ਮਰਨ ਦਿਓ ਕੰਬਖਤਾਂ ਨੂੰ; ਮੈਂ ਤਾਂ ਕੱਲ੍ਹ ਘਰ ਜਾ ਰਿਹਾਂ।”
“ਕਿਉਂ?”
“ਇਕ ਤਾਂ ਪਿਤਾ ਜੀ ਨੂੰ ਮੱਖਨ ਲਾਉਣਾ ਏਂ...ਕਹਾਂਗਾ, ਪੀ.ਐੱਚ.ਡੀ. ਤਾਂ ਕਰ ਲਈ ਏ ; ਡੀ.ਲਿਟ. ਵੀ ਕਰ ਲਵਾਂ ਤਾਂ ਡਬਲ ਡਾਕਟਰ ਬਣ ਜਾਵਾਂਗਾ ਤੇ ਫੇਰ ਨੀਲਾ ਤੇਲ ਵੇਚਿਆ ਕਰਾਂਗਾ। 'ਡਾਕਟਰ ਬਲਭਦਰ ਨਾਰਾਇਣ ਐਮ.ਏ., ਪੀ.ਐੱਚ.ਡੀ., ਡੀ.ਲਿਟ. !' ਗੰਵਾਰ ਲੋਕ ਏਡੀ ਵੱਡੀ ਡਿਗਰੀ ਵੇਖ ਕੇ ਰੋਅਬ ਵਿਚ ਆ ਜਾਣਗੇ। ਪੈਸਿਆਂ ਦੀ ਮੌਜ਼ ਲੱਗੀ ਰਹੇਗੀ। ਛੇ ਮਹੀਨਿਆਂ ਦਾ ਇਕ ਧੇਲਾ ਨਹੀਂ ਭੇਜਿਆ, ਪੂਜਨੀਅ ਮਾਤਾ ਜੀ ਨੇ। ਨਾਲੇ ਇਕ ਕੰਮ ਹੋਰ ਕਰਨਾ ਐਂ। ਮਿਉਂਸਪਲਟੀ ਦੀ ਚੋਣ ਹੋ ਰਹੀ ਐ। ਵੱਡੇ ਭਾਈ ਸਾਹਬ ਜਨਸੰਘ ਦੇ ਟਿਕਟ ਉੱਤੇ ਖੜ੍ਹੇ ਹੋ ਗਏ ਐ ਤੇ ਛੋਟੇ ਸਾਹਬ ਕਾਂਗਰਸ ਦੀ ਟਿਕਟ 'ਤੇ। ਮੈਂ ਅੱਜ ਤੋਂ ਕਮਿਊਨਿਸਟ ਬਣ ਗਿਆਂ। ਇਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਕਾਮਰੇਡ ਖੜ੍ਹਾ ਹੋਇਆ, ਉਸਦੀ ਸਪੋਰਟ ਕਰਾਂਗਾ। ਮੁਸਲਿਮ ਯੂਨੀਵਰਸਟੀ ਦਾ ਕਰਜਾ ਵੀ ਲੱਥ ਜਾਵੇਗਾ ਤੇ ਮੈਂ ਭਾਬੀ ਨਾਲ ਇਸ਼ਕ ਲੜਾ-ਲੜਾ ਕੇ ਬੋਰ ਵੀ ਹੋ ਚੁੱਕਿਆਂ, ਹਾਂ।”
ਸਕੀਨਾ ਨੇ ਕੁਸ਼ਨ (ਮੋਟੀ ਗੱਦੀ) ਮਾਰੀ ਪਰ ਟੋਪੀ ਨਿਸ਼ਾਨਾ ਖਾਲੀ ਦੇਖ ਕੇ ਖੜ੍ਹਾ ਹੋ ਗਿਆ। “ਹੁਣ ਸਿਰਫ ਇਕ ਅੜਚਣ ਐਂ।”
“ਕਿਰਾਇਆ ਨਹੀਂ ਹੋਣਾ...” ਸਕੀਨਾ ਨੇ ਭੋਲੇਪਨ ਨਾਲ ਕਿਹਾ।
“ਹਾਂ।”
“ਮੈਂ ਨਹੀਂ ਦਿਆਂਗੀ।”
“ਪ੍ਰੰਤੂ ਇਹ ਵੀ ਸਹਿਣ ਨਹੀਂ ਕਰ ਸਕੋਗੇ ਭਾਬੀ ਜੀ ਕਿ ਤੁਹਾਡਾ ਦੇਵਰ ਬਿਨਾਂ ਟਿਕਟ ਸਫਰ ਕਰਦਾ ਫੜਿਆ ਜਾਵੇ। ਸੋਚੋ ਕਿ ਤੁਹਾਡੀ ਇਸ ਮਹਾਨ ਯੂਨੀਵਰਸਟੀ ਦੀ ਕਿੰਨੀ ਬਦਨਾਮੀ ਹੋਵੇਗੀ, ਜਦੋਂ ਪੈਪਰ ਵਿਚ ਇਹ ਨਿਊਜ਼ ਆਈ ਕਿ ਅਲੀਗੜ੍ਹ ਯੂਨੀਵਰਸਟੀ ਤੋਂ ਪੀ.ਐੱਚ.ਡੀ. ਕਰਕੇ ਡੀ.ਲਿਟ. ਕਰਨ ਵਾਲਾ ਇਕ ਵਿਦਿਆਰਥੀ ਬਿਨਾਂ ਟਿਕਟ ਯਾਤਰਾ ਕਰਦਾ ਫੜਿਆ ਗਿਆ।”
“ਮੈਂ ਕਰ ਲਵਾਂਗੀ ਸਹਿਣ।”
“ਤੋ ਉਧਾਰ ਦੇ ਦਿਓ।”
“ਪਹਿਲਾਂ ਵਾਲਾ ਉਧਾਰ ਹੀ ਤੂੰ ਕਦੋਂ ਵਾਪਸ ਕੀਤਾ ਈ?”
“ਵਿਆਜ ਸਮੇਤ ਵਾਪਸ  ਕਰਾਂਗਾ...ਜਾਂ ਤਾਂ ਮੇਰੇ ਪਿਓ ਨੂੰ ਮਰ ਜਾਣ ਦਿਓ ਜਾਂ ਫੇਰ ਮੈਨੂੰ ਇਕ ਨੌਕਰੀ ਮਿਲ ਲੈਣ ਦਿਓ।”
“ਸ਼ਾਦੀ ਕਰ ਲੈ; ਫੇਰ ਪੈਸੇ ਈ ਪੈਸੇ ਹੋ ਜਾਣਗੇ।”
“ਅੱਗੇ ਘਰੇ ਇਕ ਪੈਸੇ ਵਾਲੀ ਬਹੂ ਆਈ ਬੈਠੀ ਐ। ਚੰਦਰ ਗੁਪਤ ਤੋਂ ਪਹਿਲਾਂ ਦਾ ਭਾਰਤ ਦਾ ਪੋਲਿਟਿਕਲ ਮੈਪ ਐ, ਉਸਦਾ ਮੂੰਹ। ਮੈਂ ਕਿਸੇ ਬਿਨਾਂ ਪੈਸੇ ਵਾਲੀ ਨਾਲ ਸ਼ਾਦੀ ਕਰਾਂਗਾ।”
“ਆਪਣੀ ਸ਼ਕਲ ਦੇਖੀ ਏ?”
“ਰੋਜ ਈ ਦੇਖਦਾਂ। ਸੱਤ ਰੁਪਏ ਹੋਣਗੇ...ਸੱਤ ਨਾ ਸਹੀ, ਦਸ ਜਾਂ ਵੀਹ ਨਾਲ ਵੀ ਕੰਮ ਚੱਲ ਜਾਵੇਗਾ।”
ਸਕੀਨਾ ਜਾਣਦੀ ਸੀ ਕਿ ਪੈਸੇ ਤਾਂ ਉਸਨੂੰ ਦੇਣੇ ਹੀ ਪੈਣਗੇ। ਟੋਪੀ ਨੂੰ ਵੀ ਯਕੀਨ ਸੀ...ਪਰ ਵਿਚਾਲੇ ਡਾਇਲਾਗ ਡਿਲਿਵਰੀ ਦੀ ਆਦਤ ਪੈ ਚੁੱਕੀ ਸੀ।
ਗੱਲ ਇਹ ਸੀ ਕਿ ਸਕੀਨਾ ਤੇ ਟੋਪੀ ਇਕ ਦੂਜੇ ਨੂੰ ਬੜਾ ਚਾਹੁੰਦੇ ਸਨ...ਪਰ ਸਕੀਨਾ ਨੇ ਉਸਦੇ ਰੱਖੜੀ ਨਹੀਂ ਸੀ ਬੰਨ੍ਹੀ।...
     ੦੦੦
ਟੋਪੀ ਜਿਸ ਡੱਬੇ ਵਿਚ ਬੈਠਿਆ, ਉਸ ਵਿਚ ਬੜੀ ਭੀੜ ਸੀ। ਸ਼ਾਇਦ ਇਹ ਭੀੜ ਹੀ ਹਿੰਦੁਸਤਾਨੀ ਰੇਲਾਂ ਦੀ ਸਭ ਤੋਂ ਵੱਡੀ ਪਛਾਣ ਹੈ। ਟੋਪੀ ਨੇ ਯੂਨੀਵਰਸਟੀ ਵਾਲੀ ਕਾਲੀ ਸ਼ੇਰਵਾਨੀ ਪਾਈ ਹੋਈ ਸੀ।
“ਮੈਂ ਖਾ ਲਵਾਂ, ਫੇਰ ਬੈਠਣਾ।” ਖਾਣਾ ਖਾ ਰਹੇ ਇਕ ਕੋਰੇ ਅਸ਼ਟਾਮ ਉੱਤੇ ਲਿਖੇ 'ਪੰਡਿਤ ਜੀ' ਨੇ ਕਿਹਾ।
“ਕੀ ਇੰਜ ਨਹੀਂ ਹੋ ਸਕਦਾ ਕਿ ਤੁਸੀਂ ਖਾਂਦੇ ਵੀ ਰਹੋ ਤੇ ਮੈਂ ਬੈਠ ਵੀ ਜਾਵਾਂ?”
“ਤੁਸੀਂ ਉੱਥੇ ਬੈਠ ਜਾਓ ਬੇਟਾ।” ਪੰਡਿਤ ਜੀ ਨੇ ਆਪਣੇ ਸਾਹਮਣੇ ਵਾਲੀ ਬਰਥ ਵੱਲ ਇਸ਼ਾਰਾ ਕੀਤਾ। ਉੱਥੇ ਬੈਠਾ ਨੌਜਵਾਨ ਉਠ ਕੇ ਖੜ੍ਹਾ ਹੋ ਗਿਆ, “ਤੁਸੀਂ ਏਥੇ ਬੈਠ ਜਾਓ ਜੀ।”
“ਉੱਥੇ ਕਿਉਂ ਬੈਠ ਜਾਵਾਂ?”
“ਤੇ ਹੋਰ ਕੀ ਮਹਾਰਾਜ ਦੇ ਸਿਰ 'ਤੇ ਬੈਠਣਾ ਏਂ?” ਇਕ ਢਿੱਡਲ ਜਿਹਾ ਆਦਮੀ ਕੂਕਿਆ।
“ਇਹ ਬਾਬੇ ਦਾ ਸਿਰ ਐ?” ਟੋਪੀ ਨੇ ਬਰਥ ਦਾ ਫੱਟਾ ਖੜਕਾਇਆ।
“ਏਨੀ ਆਕੜ ਏ ਤਾਂ ਪਾਕਿਸਤਾਨ ਜਾਂਦੇ ਰਹੋ।” ਢਿੱਡਲ ਬੋਲਿਆ।
ਗੱਲ ਟੋਪੀ ਦੀ ਸਮਝ ਵਿਚ ਆ ਗਈ। ਉਹ ਹੱਸ ਪਿਆ।
“ਮਾ'ਫ਼ ਕਰਨਾ।” ਬਾਬੇ ਤੋਂ ਮੁਆਫ਼ੀ ਮੰਗ ਕੇ ਉਹ ਦੂਜੀ ਬਰਥ ਉੱਤੇ ਬੈਠ ਗਿਆ। ਪਰ ਉਸਨੇ ਇਹ ਜ਼ਰੂਰ ਮਹਿਸੂਸ ਕੀਤਾ ਕਿ ਆਸੇ-ਪਾਸੇ ਬੈਠੇ ਲੋਕ ਉਸ ਉੱਤੇ ਅਜੇ ਵੀ ਨਰਾਜ਼ ਨੇ। ਪੰਡਿਤ ਜੀ ਨੇ ਖਾਣਾ ਖ਼ਤਮ ਕੀਤਾ ਤਾਂ ਮੋਟੇ ਢਿੱਡ ਵਾਲੇ ਨੇ ਪੰਡਿਤ ਜੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਆਸੇ-ਪਾਸੇ ਵਾਲੇ ਲੋਕ ਵੀ ਸ਼ਾਮਿਲ ਹੋ ਗਏ। ਉਹਨਾਂ ਵਿਚ ਇਕ ਮੁਸਲਮਾਨ ਵੀ ਸੀ।
“ਪਰ ਸੇਠ ਸਾਹਬ!” ਉਸ ਮੁਸਲਮਾਨ ਨੇ ਕਿਹਾ, “ਜੇ ਮੈਂ ਮੁਸਲਮਾਨ ਆਂ ਤਾਂ ਇਸ ਨਾਲ ਇਹ ਕਿੰਜ ਸਿੱਧ ਹੁੰਦਾ ਏ ਕਿ ਮੈਂ ਪਾਕਿਸਤਾਨੀ ਹਾਂ?...ਜਾਂ ਇਹ ਕਿ ਮੈਂ ਹਿੰਦੁਸਤਾਨੀ ਬਣ ਕੇ ਇਸ ਮੁਲਕ ਵਿਚ ਰਹਿਣ ਲਈ ਤਿਆਰ ਨਹੀਂ?”
“ਤੁਸੀਂ ਇਹਨਾਂ ਸ਼੍ਰੀਮਾਨ ਜੀ ਨੂੰ ਹੀ ਦੇਖ ਲਓ!” ਮੋਟੇ ਢਿੱਡ ਵਾਲੇ ਸੇਠ ਨੇ ਟੋਪੀ ਵੱਲ ਇਸ਼ਾਰਾ ਕਰਕੇ ਕਹਿਣਾ ਸ਼ੁਰੂ ਕੀਤਾ, “ਇਹ ਦੇਖ ਰਹੇ ਸੀ ਬਈ ਮਹਾਰਾਜ ਭੋਜਨ ਕਰ ਰਹੇ ਨੇ ਕਿੰਤੂ...”
“ਮੈਂ ਹਿੰਦੂ ਆਂ; ਬਲਭਦਰ ਨਾਰਾਇਣ ਸ਼ੁਕਲਾ।” ਟੋਪੀ ਨੇ ਕਿਹਾ, “...ਤੇ ਚਲੋ ਮੰਨ ਵੀ ਲਈਏ, ਮੈਂ ਸ਼ੇਖ ਸਲਾਮਤ ਆਂ, ਤੋ ਕੀ ਹੋਇਆ...? ਇਹ ਬੈਂਚਾਂ ਯਾਤਰੀਆਂ ਦੇ ਬੈਠਣ ਲਈ ਐ; ਮੈਂ ਬਾਬਾ ਜੀ ਦਾ ਖਾਣਾ ਖੋਹ ਤਾਂ ਨਹੀਂ ਸੀ ਰਿਹਾ ਨਾ। ਤੁਸੀਂ ਲੋਕ ਹੀ ਮੁਸਨਮਾਨਾਂ ਨੂੰ ਭਾਰਤ ਵਿਰੋਧੀ ਸਫ ਵਿਚ ਧਰੀਕ ਰਹੇ ਓ। ਕੀ ਇਹ ਸ਼ੇਰਵਾਨੀ ਮੁਸਲਮਾਨ ਐ? ਇਹ ਤਾਂ ਕਨਿਸ਼ਕ ਦੇ ਨਾਲ ਆਈ ਸੀ; ਇਹ ਪਾਜਾਮਾ ਵੀ ਕਨਿਸ਼ਕ ਦੇ ਸਮੇਂ ਦਾ ਈ ਐ...”
“ਹਿੰਦੂ ਮੁਸਲਮਾਨ ਦਾ ਭੇਦ ਭਾਵ ਝੂਠਾ ਏ ਬੇਟਾ।” ਪੰਡਿਤ ਜੀ ਨੇ ਕਿਹਾ, “ਇਹ ਤਾਂ ਭਗਵਾਨ ਦੀ ਲੀਲ੍ਹਾ ਏ!”
“ਭਗਵਾਨ ਵਿਚਾਰੇ ਨੂੰ ਕਿਉਂ ਵਿਚਾਲੇ ਘਸੀਟ ਰਹੇ ਓ ਪੰਡਿਤ ਜੀ! ਮੈਂ ਹਿੰਦੂ ਆਂ ਪ੍ਰੰਤੂ ਮੈਨੂੰ ਕਿਧਰੇ ਨੌਕਰੀ ਨਹੀਂ ਮਿਲ ਰਹੀ; ਕਿਉਂਕਿ ਮੈਂ ਮੁਸਲਿਮ ਯੂਨੀਵਰਸਟੀ ਵਿਚ ਪੜ੍ਹਿਆ ਆਂ। ਤੁਸੀਂ ਮੈਨੂੰ ਆਪਣੇ ਕੋਲ ਨਹੀਂ ਬੈਠਣ ਦਿੰਦੇ; ਕਿਉਂਕਿ ਮੈਂ ਸ਼ੇਰਵਾਨੀ ਪਾਈ ਹੋਈ ਐ...ਤੇ ਇਹ ਮੋਟੇ ਸ਼੍ਰੀਮਾਨ ਤਾਂ ਮੈਨੂੰ ਪਾਕਿਸਤਾਨ ਭੇਜ ਦੇਣ ਲਈ ਤਿਆਰ ਨੇ! ਓ ਬਾਬਿਓ, ਜੇ ਮੈਂ ਮੁਸਲਮਾਨ ਹੁੰਦਾ ਤਾਂ ਤੁਹਾਨੂੰ ਖਾਂਦਿਆਂ ਵੇਖ ਕੇ ਆਪੁ ਈ ਦੋ ਕਰਮਾਂ ਪਿੱਛੇ ਨਾ ਹਟ ਗਿਆ ਹੁੰਦਾ? ਹੁਣ ਇਹ ਵੀ ਤਾਂ ਮੁਸਲਮਾਨ ਈ ਹੈਨ; ਕਿੰਜ ਬੈਠੇ ਮੁਆਫ਼ੀਆਂ ਮੰਗ ਰਹੇ ਐ, ਮੁਸਲਮਾਨ ਹੋਣ ਦੀਆਂ? ਇਹ ਵਿਚਾਰੇ ਤਾਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ ਬਈ ਤੁਸੀਂ ਹੁੰਦੇ ਕੌਣ ਹੋ ਮੇਰੇ ਉਪਰ ਸ਼ੱਕ ਕਰਨ ਵਾਲੇ...ਮੈਂ ਵੀ ਇਕ ਭਾਰਤੀ ਨਾਗਰਿਕ ਹਾਂ? ਕਿੰਤੂ ਇਹਨਾਂ ਦੇ ਦਿਲ 'ਚ ਤਾਂ ਡਰ ਦੀ ਇਕ ਹੋਰ ਪਰਤ ਜੰਮ ਗਈ ਹੋਵੇਗੀ ਅੱਜ; ਹੁਣ ਇਹ ਸਫ਼ਰ ਕਰਨਗੇ ਤਾਂ ਕਿਸੇ ਅਜਿਹੇ ਡੱਬੇ ਵਿਚ ਬੈਠਿਆ ਕਰਨਗੇ ਜਿਸ ਵਿਚ ਦਸ ਵੀਹ ਮੁਸਲਮਾਨ ਵੀ ਹੋਣ...ਤੇ ਜਦੋਂ ਕੋਈ ਇਹਨਾਂ ਨੂੰ ਇਹ ਕਹੇਗਾ ਕਿ ਹਿੰਦੂ, ਮੁਸਲਮਾਨਾ ਨੂੰ ਚੈਨ ਨਾਲ ਨਹੀਂ ਰਹਿਣ ਦੇਣਗੇ ਤਾਂ ਤੁਰੰਤ ਇਹਨਾਂ ਨੂੰ ਇਹ ਯਾਤਰਾ ਯਾਦ ਆ ਜਾਇਆ ਕਰੇਗੀ। ਜੇ ਤੁਸੀਂ ਰੇਲ ਦੇ ਕਿਸੇ ਆਮ ਡੱਬੇ ਵਿਚ ਭੋਜਨ ਨਹੀਂ ਕਰ ਸਕਦੇ ਤਾਂ ਸਰਕਾਰ ਨੂੰ ਕਹੋ ਬਈ ਉਹ ਕੁਝ ਹਿੰਦੂ-ਡੱਬੇ ਚਲਾਵੇ, ਜਿਹਨਾਂ ਵਿਚ ਤੁਸੀਂ ਆਰਾਮ ਨਾਲ ਭੋਜਨ ਕਰ ਸਕੋਂ। ਸ਼੍ਰੀਰਾਮ ਜੀ ਭੀਲਨੀ ਦੇ ਜੂਠੇ ਬੇਰ ਖਾ ਲੈਣ ਤੇ ਤੁਸੀਂ ਮੈਨੂੰ ਕੋਲ ਵੀ ਨਾ ਬੈਠਣ ਦਿਓ ਕਿ ਮੁਸਲਮਾਨ ਹੈ...”
ਨਾਲ ਬੈਠੇ ਮੁਸਲਮਾਨ ਦਾ ਦਿਮਾਗ਼ ਇੱਧਰ-ਉੱਧਰ ਦੌੜਨ-ਭੱਜਣ ਲੱਗ ਪਿਆ।
ਉਹ ਪੰਜਾਹ ਪਚਵੰਜਾ ਵਰ੍ਹਿਆਂ ਦਾ ਇਕ ਪੜ੍ਹਿਆ ਲਿਖਿਆ ਆਦਮੀ ਸੀ। ਪਾਕਿਸਤਾਨ ਦਾ ਸੁਪਨਾ ਉਸਨੇ ਵੀ ਦੇਖਿਆ ਸੀ। ਨਾਅਰੇ ਵੀ ਲਾਏ ਸਨ। ਛਪਰਾ ਦੇ ਸੱਯਦ ਆਬਿਦ ਰਜ਼ਾ ਨੂੰ ਜੁੱਤੀਆਂ ਦਾ ਹਾਰ ਪਾਉਣ ਵੇਲੇ ਉਹ ਸਭ ਤੋਂ ਅੱਗੇ ਸੀ। ਉਹ ਮੁਸਲਿਮ ਨੈਸ਼ਨਲ ਗਾਰਡਜ਼ ਦਾ ਸਾਲਾਰ ਵੀ ਰਹਿ ਚੁੱਕਿਆ ਸੀ। ਉਸਨੂੰ ਆਪਣੇ ਕਈ ਭਾਸ਼ਣ ਯਾਦ ਆ ਰਹੇ ਸਨ। ਉਹ ਇਕ ਛੋਟਾ-ਮੋਟਾ ਜਿਹਾ ਵੱਡਾ-ਆਦਮੀ ਸੀ¸ ਭਾਸ਼ਣ ਕਰਨ ਲਈ ਖੜ੍ਹਾ ਹੁੰਦਾ ਤਾਂ ਪੰਡਾਲ ਉਸਦੇ ਭਾਸ਼ਣ ਦੌਰਾਨ ਕਈ ਵਾਰੀ ਨਾਅਰਿਆਂ ਨਾਲ ਗੂੰਜ ਉਠਦਾ। ਉਹ ਨਮਾਜ਼ ਨਹੀਂ ਸੀ ਪੜ੍ਹਦਾ; ਰੋਜ਼ੇ ਨਹੀਂ ਸੀ ਰੱਖਦਾ¸ ਸ਼ਰਾਬ ਪੀਂਦਾ ਸੀ...ਪਰ ਦੀਨੇ ਮੁਹੰਮਦੀ ਨੂੰ ਬਚਾਉਣ ਖਾਤਰ ਉਠ ਖੜ੍ਹਾ ਹੋਇਆ ਸੀ। ਫੇਰ ਪਾਕਿਸਤਾਨ ਬਣ ਗਿਆ; ਉਹ ਪਾਕਿਸਤਾਨ ਨਹੀਂ ਗਿਆ। ਉਹ ਕਾਂਗਰਸੀ ਬਣ ਗਿਆ; ਜ਼ਿਲ੍ਹਾ ਕਮੇਟੀ ਦੀ ਮੈਂਬਰੀ ਮਿਲ ਗਈ। ਪਰ ਖ਼ੱਦਰ ਹੇਠ ਉਹ ਅੱਜ ਵੀ ਮੁਸਲਿਮ-ਲੀਗੀ ਸੀ। ਮੌਕੇ ਦੀ ਤਾੜ ਵਿਚ ਸੀ। ਪਹਿਲਾਂ ਉਸਨੇ ਵੀ ਪਾਕਿਸਤਾਨ ਜਾਣ ਬਾਰੇ ਸੋਚਿਆ ਸੀ...ਪਰ ਜਦੋਂ ਉਸਨੇ ਇਹ ਦੇਖਿਆ ਕਿ ਸਾਰੇ ਵੱਡੇ ਲੀਡਰ ਪਾਕਿਸਤਾਨ ਜਾ ਰਹੇ ਨੇ ਤਾਂ ਇਰਾਦਾ ਬਦਲ ਦਿੱਤਾ¸ ਕਿਹਾ ਤਾਂ ਇਹੀ ਸੀ ਕਿ ਉਹ ਮੌਕਾ-ਪ੍ਰਸਤ ਲੀਡਰਾਂ ਵਾਂਗ ਮੁਸਲਮਾਨਾ ਨੂੰ ਹਿੰਦੂਆਂ ਦੇ ਰਹਿਮ-ਕਰਮ 'ਤੇ ਨਹੀਂ ਛੱਡ ਸਕਦਾ...ਪਰ ਦਿਲ ਵਿਚ ਮੁਸਲਮਾਨਾ ਦਾ ਵੱਡਾ ਲੀਡਰ ਬਣਨ ਦਾ ਪ੍ਰੋਗਰਾਮ ਬਣਾ ਰਿਹਾ ਸੀ। ਦੋ ਬੇਟੀਆਂ ਦੀ ਸ਼ਾਦੀ ਕਰ ਚੁੱਕਿਆ ਸੀ; ਦੋਵੇਂ ਪਾਕਿਸਤਾਨ ਵਿਚ ਖ਼ੁਸ਼ ਸਨ...ਤੀਜੀ ਲਈ ਪਾਕਿਸਤਾਨ ਵਿਚ ਕੋਈ ਵਰ ਨਹੀਂ ਸੀ ਲੱਭ ਰਿਹਾ, ਹਿੰਦੁਸਤਾਨ ਵਿਚ ਤਾਂ ਪਹਿਲਾਂ ਹੀ ਮੁੰਡਿਆਂ ਦਾ ਕਾਲ ਸੀ।
“...ਜੇ ਤੁਸੀਂ ਮੁਸਲਮਾਨ ਘਰਾਨੇ ਵਿਚ ਪੈਦਾ ਹੋਏ ਹੁੰਦੇ ਫੇਰ? ਪੈਦਾ ਹੋਣਾ ਕਿਸੇ ਦੇ ਹੱਥ-ਵੱਸ ਹੁੰਦਾ ਐ ਭਲਾ?” ਟੋਪੀ ਦੀ ਆਵਾਜ਼ ਕਿਤੋਂ ਦੂਰੋਂ ਆ ਰਹੀ ਜਾਪਦੀ ਸੀ।
ਮਲਿਕਜ਼ਾਦਾ ਅਬਦੁਲ 'ਤਮੰਨਾ' ਨੇ ਟੋਪੀ ਦੀ ਇਹ ਗੱਲ ਦਿਮਾਗ਼ ਦੀ ਡਾਇਰੀ ਵਿਚ ਨੋਟ ਕਰ ਲਈ। ਉਹ ਮੁਸਕਰਾਇਆ। ਇਸ ਮੁੰਡੇ ਨੂੰ ਆਪਣੀ ਗੱਲ ਕਹਿਣ ਦਾ ਵੱਲ ਨਹੀਂ। ਉਸਨੇ ਅੱਖਾਂ ਬੰਦ ਕਰ ਲਈਆਂ; ਸਾਹਮਣੇ ਇਕ ਵਿਸ਼ਾਲ ਇਕੱਠ ਸੀ,
ਮੈਂ ਪੁੱਛਦਾ ਹਾਂ।' ਉਸਨੇ ਆਪਣੀ ਆਵਾਜ਼ ਸੁਣੀ (ਆਪਣੀ ਆਵਾਜ਼ ਉਸਨੂੰ ਬੜੀ ਚੰਗੀ ਲੱਗਦੀ ਸੀ)। ਦੋਵਾਂ ਹੱਥਾਂ ਦੀਆਂ ਉਂਗਲਾਂ ਸ਼ੇਰਵਾਨੀ ਦੀ ਉਪਰਲੀ ਜੇਬ ਵਿਚ ਘੁਸੇੜ ਲਈਆਂ, 'ਮੈਂ ਸਵਾਲ ਕਰਦਾ ਹਾਂ ਕਿ ਜੇ ਮੈਂ ਮੁਸਲਮਾਨ ਘਰਾਨੇ ਵਿਚ ਪੈਦਾ ਹੋਇਆ ਹਾਂ ਤਾਂ ਇਸ ਵਿਚ ਮੇਰਾ ਕੀ ਕਸੂਰ ਏ? ਤੁਹਾਡੇ ਵਿਚੋਂ ਕਿਹੜਾ ਸੌਂਹ ਖਾ ਕੇ ਕਹਿ ਸਕਦਾ ਏ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਘਰਾਨੇ ਵਿਚ ਪੈਦਾ ਹੋਇਆ ਏ?' ਉਹ ਰੁਕਿਆ ਤੇ ਭੀੜ ਵੱਲ ਦੇਖ ਕੇ ਮੁਸਕਰਾਇਆ ਤੇ ਭੀੜ ਹੱਸ ਪਈ।
“...ਸਾਹਬ ਤੁਸੀਂ ਹੀ ਦੱਸੋ!”
ਉਹ ਤ੍ਰਬਕਿਆ। ਮੋਟਾ ਆਦਮੀ ਉਸ ਵੱਲ ਦੇਖ ਰਿਹਾ ਸੀ।
“ਜੀ ਹਾਂ, ਹੋਰ ਕੀ!” ਉਸਨੇ ਝੱਟ ਕਹਿ ਦਿੱਤਾ।
“ਸੁਣ ਲਿਆ।” ਮੋਟੇ ਨੇ ਟੋਪੀ ਨੂੰ ਕਿਹਾ।
ਟੋਪੀ ਹੈਰਾਨ ਰਹਿ ਗਿਆ। “ਤੁਸੀਂ ਇਹ ਕਹਿ ਰਹੇ ਓ ਕਿ ਮੁਸਲਮਾਨਾਂ ਦੇ ਬਹੁਮਤ ਦਾ ਦਿਲ ਪਾਕਿਸਤਾਨ ਨਾਲ ਜੁੜਿਆ ਹੋਇਆ ਐ?”
'ਅੱਛਾ...ਤਾਂ ਇਹ ਗੱਲ ਸੀ!'
ਉਹ ਮੁਸਕਰਾਇਆ। “ਸਾਰਿਆਂ ਦਾ ਦਿਲ ਪਾਕਿਸਤਾਨ ਨਾਲ ਜੁੜਿਆ ਹੋਇਆ ਏ।” ਉਸਨੇ ਕਿਹਾ, “ਕੀ ਉਹ ਕੱਲ੍ਹ ਤੀਕ ਸਾਡੇ ਦੇਸ਼ ਦਾ ਇਕ ਅੰਗ ਨਹੀਂ ਸੀ? ਆਦਮੀ ਚੰਦ ਵੱਲ ਕਿਉਂ ਦੇਖਦਾ ਏ...ਕਿਉਂਕਿ ਉਹ ਧਰਤੀ ਦਾ ਇਕ ਅੰਗ ਏ? ਹਾਂ, ਮੇਰਾ ਦਿਲ ਵੀ ਪਾਕਿਸਤਾਨ ਬਾਰੇ ਸੋਚਦਾ ਹੈ; ਕਿਉਂਕਿ ਉਹਨਾਂ ਦੀਆਂ ਬੇਵਕੂਫ਼ੀਆਂ ਕਾਰਨ ਹਿੰਦੁਸਤਾਨੀ ਮੁਸਲਮਾਨਾ ਦਾ ਨੁਕਸਾਨ ਹੋ ਰਿਹਾ ਹੈ।” ਤਮੰਨਾ ਸਾਹਬ ਧਰਤੀ ਤੇ ਚੰਦ ਦੀ ਉਦਾਹਰਨ ਦੇ ਕੇ ਬੜੇ ਖ਼ੁਸ਼ ਹੋਏ। ਇਸ ਉਦਾਹਰਨ ਨੂੰ ਵੀ ਉਹਨਾਂ ਆਪਣੇ ਦਿਲ ਦੀ ਡਾਇਰੀ ਉਪਰ ਨੋਟ ਕਰ ਲਿਆ।
ਮੋਟੇ ਢਿੱਡ ਵਾਲੇ ਲਾਲਾ ਨੈਣਸੁਖ ਪ੍ਰਸਾਦ ਨੂੰ ਇਸ ਭਾਸ਼ਣ ਦੀ ਉਮੀਦ ਨਹੀਂ ਸੀ; ਕਿਉਂਕਿ ਆਪਣੇ ਇਸ ਸਵਾਲ ਉੱਤੇ ਉਹਨਾਂ ਹਰੇਕ ਮੁਸਲਮਾਨ ਨੂੰ ਘਬਰਾ ਜਾਂਦਿਆਂ ਦੇਖਿਆ ਸੀ। ਇਸ ਲਈ ਉਹਨਾਂ ਉਸ ਮੁਸਲਮਾਨ ਵੱਲ ਗੌਰ ਨਾਲ ਦੇਖਿਆ ਜਿਹੜਾ ਉਹਨਾਂ ਦਾ ਜਾਲ ਕੱਟ ਕੇ, ਇਕ ਬੰਨੇ ਖੜ੍ਹਾ, ਮੁਸਕਰਾ ਰਿਹਾ ਸੀ।
“ਮੁਸਲਮਾਨ ਸਾਡੇ ਭਰਾ ਨੇ,” ਲਾਲਾ ਜੀ ਨੇ ਕਹਿਣਾ ਸ਼ੁਰੂ ਕੀਤਾ, “ਭੁੱਲ-ਚੁੱਕ ਸਾਰਿਆਂ ਤੋਂ ਹੋ ਜਾਂਦੀ ਏ। ਮੈਂ ਤਾਂ ਆਏ ਦਿਨ ਦੀ ਤਨਾਤਣੀ ਤੋਂ ਡਰਦਾ ਆਂ। ਮਰਦੇ ਤਾਂ ਮੁੱਠੀ ਭਰ ਹੀ ਨੇ, ਕਾਰੋਬਾਰ ਮਹੀਨਿਆਂ ਲਈ ਠੱਪ ਹੋ ਜਾਂਦਾ ਏ ਜੀ...”
ਟੋਪੀ ਦੇ ਅੰਦਰ ਕੁਝ ਰਿੱਝਣ ਲੱਗ ਪਿਆ। ਉਹ ਜਾਣਦਾ ਸੀ ਕੋਲ ਬੈਠੇ ਮੁਸਲਮਾਨ ਵਾਂਗ ਹੀ ਲਾਲਾ ਜੀ ਵੀ ਕੋਰਾ ਝੂਠ ਬੋਲ ਰਹੇ ਨੇ।
ਉਹ ਉਠ ਕੇ ਪਿਸ਼ਾਬ ਕਰਨ ਚਲਾ ਗਿਆ। ਉੱਥੋਂ ਨਿਕਲ ਕੇ ਕੁਝ ਚਿਰ ਦਰਵਾਜ਼ੇ 'ਚੋਂ ਬਾਹਰ ਦੇਖਦਾ ਰਿਹਾ¸ ਹਰ ਪਾਸੇ ਰਾਤ ਸੀ; ਹਰ ਪਾਸੇ ਹਨੇਰਾ ਸੀ; ਹਰ ਪਾਸੇ ਚੁੱਪ ਵਾਪਰੀ ਹੋਈ ਸੀ। ਰੇਲ ਦੀਆਂ ਖਿੜਕੀਆਂ ਵਿਚੋਂ ਚਾਨਣ ਬਾਹਰ ਝਾਕ ਰਿਹਾ ਸੀ, ਪਰ ਰੁਕਦਾ ਕਿਤੇ ਵੀ ਨਹੀਂ ਸੀ; ਕਿਉਂਕਿ ਰੇਲ ਦੌੜੀ ਜਾ ਰਹੀ ਸੀ। ਪਲ ਭਰ ਲਈ ਕੋਈ ਚੀਜ਼ ਦਿਖਾਈ ਦਿੰਦੀ; ਫੇਰ ਹਨੇਰਾ ਉਸਨੂੰ ਨਿਗਲ ਜਾਂਦਾ। ਉਹ ਬੋਰ ਹੋਣ ਲੱਗ ਪਿਆ। ਹਰ ਪਾਸੇ ਫੈਲੇ ਹੋਏ ਹਨੇਰੇ ਦਾ ਬੋਝ ਉਸਦੀ ਆਤਮਾਂ ਉੱਤੇ ਪੈ ਰਿਹਾ ਸੀ। ਫੇਰ ਹਨੇਰੇ ਦਾ ਇਕ ਟੁੱਕੜਾ ਉਸਦੀਆਂ ਅੱਖਾਂ ਵਿਚ ਪੈ ਗਿਆ। ਅੱਖਾਂ ਮਲਦਾ ਹੋਇਆ ਉਹ ਆਪਣੀ ਸੀਟ ਵੱਲ ਤੁਰ ਪਿਆ।
ਬਹਿਸ ਖ਼ਤਮ ਹੋ ਚੁੱਕੀ ਸੀ। ਲਾਲਾ ਜੀ ਦਾ ਨੱਕ ਬੋਲ ਰਿਹਾ ਸੀ। ਪੰਡਿਤ ਜੀ ਗੇਰੂਆ ਚਾਦਰ ਤਾਣ ਕੇ ਲੇਟ ਚੁੱਕੇ ਸਨ; ਮੁਸਲਮਾਨ ਯਾਤਰੀ ਨੇ ਉਹਨਾਂ ਦੇ ਪੈਰਾਂ ਨੂੰ ਪਸਰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਤੇ ਟੋਪੀ ਦੀ ਜਗ੍ਹਾ ਉੱਤੇ ਬੈਠਾ ਉਂਘ ਰਿਹਾ ਸੀ।
ਟੋਪੀ ਨੂੰ ਦੇਖਦਿਆਂ ਹੀ ਉਹ ਖੜ੍ਹਾ ਹੋ ਗਿਆ; ਇੰਜ ਲੱਗਦਾ ਸੀ ਜਿਵੇਂ ਚੋਰੀ ਕਰਦਾ ਫੜ੍ਹਿਆ ਗਿਆ ਹੋਵੇ।
“ਬੈਠੋ, ਬੈਠੋ।” ਟੋਪੀ ਨੇ ਕਿਹਾ, “ਮੈਂ ਤੁਹਾਡੀ ਜਗ੍ਹਾ 'ਤੇ ਬੈਠ ਜਾਂਦਾ ਆਂ।”
“ਮਗਰ...”
“ਮੈਂ ਇਹਨਾਂ ਨੂੰ ਉਠਾਅ ਦਿਆਂਗਾ; ਮੈਂ ਮੁਸਲਮਾਨ ਨਹੀਂ ਨਾ।”
ਪੰਡਿਤ ਜੀ ਨੇ ਮੂੰਹ ਉੱਤੋਂ ਚਾਦਰ ਖਿਸਕਾਈ।
“ਲੱਤਾਂ 'ਕੱਠੀਆਂ ਕਰ ਲਓ।” ਟੋਪੀ ਨੇ ਕਿਹਾ।
“ਕਿਉਂ?” ਪੰਡਿਤ ਜੀ ਬੋਲੇ, “ਆਪਣੀ ਜਗ੍ਹਾ 'ਤੇ ਬੈਠੋ।”
“ਛੱਡੋ, ਮੈਂ ਕਿਤੇ ਹੋਰ ਬੈਠ ਜਾਵਾਂਗਾ।” ਮੁਸਲਮਾਨ ਯਾਤਰੀ ਨੇ ਕਿਹਾ।
“ਕਿਤੇ ਹੋਰ ਬੈਠ ਜਾਵੇਂਗਾ?” ਟੋਪੀ ਨੇ ਕੁਸੈਲ ਜਿਹੀ ਨਾਲ ਕਿਹਾ, “ਕੀ ਪਾਕਿਸਤਾਨ ਜਾਣ ਦਾ ਇਰਾਦਾ ਤਾਂ ਨਹੀਂ?”
ਉਸਦੀ ਆਵਾਜ਼ ਦੀ ਕੁੜਿੱਤਣ ਸਦਕਾ ਪੰਡਿਤ ਜੀ ਦੀਆਂ ਲੱਤਾਂ ਇਕੱਠੀਆਂ ਹੋ ਗਈਆਂ; ਉਹ ਬੈਠ ਗਿਆ ਤੇ ਮਨ ਹੀ ਮਨ ਉਸ ਮੁਸਲਮਾਨ ਯਾਤਰੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ।
“ਤੁਸੀਂ ਕਿੱਥੇ ਜਾ ਰਹੇ ਓ?” ਮੁਸਲਮਾਨ ਯਾਤਰੀ ਨੇ ਪੁੱਛਿਆ।
“ਬਨਾਰਸ।”
“ਮੈਂ ਵੀ ਉੱਥੇ ਹੀ ਜਾ ਰਿਹਾਂ।”
“ਜਰੂਰ ਜਾਓ।”
“ਤੁਸੀਂ ਮੁਸਲਿਮ ਯੂਨੀਵਰਸਟੀ ਵਿਚ ਪੜ੍ਹਦੇ ਓ?”
“ਆਹੋ ਜੀ।”
“ਮੈਂ ਵੀ ਉੱਥੇ ਪੜ੍ਹਦਾ ਰਿਹਾਂ; ਦਸ ਮਾਰਸਿਨ ਕੋਰਟ ਵਿਚ ਰਹਿੰਦਾ ਹੁੰਦਾ ਸਾਂ।”
“ਮੈਂ ਵੀ ਉੱਥੇ ਈ ਰਹਿਣਾ।”
ਏਨਾ ਹੀ ਬੜਾ ਸੀ। ਦੋਵਾਂ ਵਿਚਕਾਰ ਦੋਸਤੀ ਹੋ ਗਈ। ਅਲੀਗੜ੍ਹ ਦੀਆਂ ਗੱਲਾਂ ਛਿੜ ਪਈਆਂ। ਫੇਰ ਕਿਸੇ ਗੱਲ ਉੱਤੇ ਦੋਵੇਂ ਜਣੇ ਉੱਚੀ-ਉੱਚੀ ਹੱਸੇ; ਲਾਲਾ ਜੀ ਦੀ ਅੱਖ ਖੁੱਲ੍ਹ ਗਈ।
“ਕੌਨ ਇਸਟੇਸ਼ਨ ਹੈ?” ਉਹਨਾਂ ਘਬਰਾ ਕੇ ਪੁੱਛਿਆ।
“ਕੋਈ ਇਸਟੇਸ਼ਨ ਨਾਹੀਂ ਹੈ।” ਟੋਪੀ ਨੇ ਕਿਹਾ।
“ਕਹਾਂ ਜਾ ਰਹਿਓ?”
“ਘਰ।” ਟੋਪੀ ਨੇ ਦੰਦ ਕੱਢ ਵਿਖਾਏ। “ਮੇਰੇ ਪਿਤਾ ਜੀ ਡਾਕਟਰ ਐ, ਨੀਲੇ ਤੇਲ ਵਾਲੇ। ਅਸੀਂ ਤਿੰਨ ਭਾਈ ਆਂ। ਇਕ ਦਾ ਵਿਆਹ ਹੋ ਚੁੱਕਿਐ, ਦੋ ਅਜੇ ਕੁਆਰੇ ਆਂ। ਡਾਕ ਦਾ ਪਤਾ...”
“ਤੂੰ ਭਿਰਗੂ ਬਾਬੂ ਕੇ ਲੜਕੇ ਹੋ ਕਾ?”
“ਹਾਂ।”
“ਈ ਆਖ਼ਿਰ ਮੁਨੀਂ ਬਾਬੂ ਅਉਰ ਭੈਵਰ ਬਾਬੂ ਆਪੁਸੇ ਮੇਂ ਕਾਹੇਂ ਲੜ ਰਹੇ ਹੈਂ?”
“ਆਪੁਸ ਮੇਂ ਨਾ ਲੜੇਂ ਤੋ ਕੈ-ਸੇ ਲੜੇਂ?”
ਲਾਲ ਜੀ ਇਸ ਪ੍ਰਸ਼ਨ ਉੱਤੇ ਹੱਸ ਪਏ।
“ਤ ਤੂ ਹੂੰ ਖੜੇ ਹੋ ਗਏ ਹੋਤਯੋ?”
“ਹਮ ਪੰਡਿਤ ਜੀ ਕੇ ਸੋਏ ਕੇ ਵਾਸਤੇ ਨਾ ਖੜੇ ਹੋ ਸਕਤੇ।”
ਪੰਡਿਤ ਜੀ ਨੇ ਆਪਣਾ ਪੈਰ, ਜਿਹੜਾ ਹੌਲੀ ਹੌਲੀ ਟੋਪੀ ਦੇ ਲੱਕ ਨਾਲ ਜਾ ਲੱਗਿਆ ਸੀ, ਪਿੱਛੇ ਖਿੱਚ ਲਿਆ।
“ਡਾਕਟਰ ਸਾਹਬ ਹਮਰੇ ਕਲਾਸ-ਫੈਲੋ ਰਹੇ।...”
ਟੋਪੀ ਹਿਰਖ ਕੇ ਕੁਝ ਕਹਿਣਾ ਚਾਹੁੰਦਾ ਸੀ, ਪਰ ਚੁੱਪ ਰਿਹਾ। ਪਿਤਾ ਜੀ ਹੀ ਕੀ ਘੱਟ ਸਨ ਕਿ ਹੁਣ ਰੇਲ ਵਿਚ ਉਹਨਾਂ ਦੇ ਕਲਾਸ ਫੈਲੋ ਵੀ ਮਿਲਣ ਲੱਗ ਪਏ! ਉਸਨੂੰ ਡਰ ਸੀ ਕਿ ਜੇ ਉਸਨੇ ਲਾਲਾ ਜੀ ਦਾ ਮੂੰਹ ਬੰਦ ਨਾ ਕੀਤਾ ਤਾਂ ਬਨਾਰਸ ਤਾਈਂ ਪਿਤਾ ਜੀ ਦੀਆਂ ਗੱਲਾਂ ਹੀ ਹੁੰਦੀਆਂ ਰਹਿਣਗੀਆਂ...ਪਰ ਹੁਣ ਤਾਂ ਉਹ ਇਹ ਵੀ ਨਹੀਂ ਸੀ ਕਹਿ ਸਕਦਾ ਕਿ ਡਾਕਟਰ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਦਾ ਲੜਕਾ ਨਹੀਂ। ਉਸਨੇ ਬੜੀ ਬੇਵੱਸੀ ਜਿਹੀ ਨਾਲ ਉਸ ਮੁਸਲਮਾਨ ਯਾਤਰੀ ਵੱਲ ਦੇਖਿਆ।
“ਹਿੰਦੁਸਤਾਨ, ਪਾਕਿਸਤਾਨ ਵਿਚਕਾਰ ਯੁੱਧ ਜ਼ਰੂਰ ਹੋਵੇਗਾ।” ਡੱਬੇ ਦੀ ਪਾਰਟੀਸ਼ਨ ਦੇ ਪਰਲੇ ਪਾਸਿਓਂ ਆਵਾਜ਼ ਆਈ। ਨਾਲ ਵਾਲੇ ਕੇਬਿਨ ਵਿਚ ਰਾਜਨੀਤੀ ਦਾ ਪ੍ਰੇਤ ਬੋਲ ਰਿਹਾ ਸੀ। “ਫੇਰ ਮੀਆਂ ਲੋਕਾਂ ਨੂੰ ਆਟੇ-ਦਾਲ ਦਾ ਭਾਅ ਪਤਾ ਲੱਗੇਗਾ।”
“ਪਤਾ ਏ, ਅਕਬਰ ਦੇ ਖ਼ਿਲਾਫ਼ ਮਹਾਰਾਣਾ ਪ੍ਰਤਾਪ ਨਾਲ ਕਿੰਨੇ ਮੁਸਲਮਾਨ ਸੀ? ਕਿਸੇ ਨੇ ਸਵਾਲ ਕੀਤਾ।”...ਤੇ ਸ਼ਿਵਾਜੀ ਦੇ ਸਾਰੇ ਖ਼ਤ ਫ਼ਾਰਸੀ ਵਿਚ ਨੇ? ਜੇ ਹਿੰਦੁਸਤਾਨ, ਪਾਕਿਸਤਾਨ ਦੀ ਲੜਾਈ ਹੋਈ ਤਾਂ ਇਹ ਦੋ ਮੁਲਕਾਂ ਦੀ ਲੜਾਈ ਹੋਏਗੀ, ਦੋ ਮਜ਼ਹਬਾਂ (ਧਰਮਾਂ) ਦੀ ਨਹੀਂ।”
“ਲੜਾਈ ਕਿਸੇ ਦੀ ਵੀ ਹੋਵੇ; ਮੀਆਂ ਲੋਕ ਪਾਕਿਸਤਾਨ ਦਾ ਸਾਥ ਹੀ ਦੇਣਗੇ।”
“ਪਾਕਿਸਤਾਨੀ ਹਿੰਦੂ ਕਿਸ ਦਾ ਸਾਥ ਦੇਣਗੇ?” ਸਵਾਲ ਕੀਤਾ ਗਿਆ। “ਵਫ਼ਦਾਰੀ ਦੀ ਤੱਕੜੀ ਦੇ ਦੋ ਪਾਲੜੇ ਹੁੰਦੇ ਨੇ, ਮਿਸਟਰ!”
ਚੁੱਪ ਵਰਤੀ ਗਈ।
“ਸਾਰੇ ਭਾਰਤੀ-ਮੁਸਲਮਾਨ, ਪਾਕਿਸਤਾਨੀ-ਕੁੱਤੇ ਨੇ।”
“ਹਿੰਦੁਸਤਾਨੀ-ਆਦਮੀਆਂ ਨੂੰ ਪਕਿਸਤਾਨੀ-ਕੁੱਤੇ ਕਹਿੰਦਿਆਂ ਸ਼ਰਮ ਨਹੀਂ ਆਉਂਦੀ? ਬੋਦਾ ਰੱਖ ਲੈਣ ਨਾਲ ਆਦਮੀ ਰੱਬ ਨਹੀਂ ਬਣ ਜਾਂਦਾ।”
“ਮੁਸਲਮਾਨੀ (ਸੁੰਨਤ) ਕਰਵਾ ਲੈਣ ਨਾਲ ਆਦਮੀ, ਪੈਗੰਬਰ ਵੀ ਨਹੀਂ ਬਣ ਜਾਂਦਾ। ਇੱਥੇ ਰਹਿਣਾ ਏਂ ਤਾਂ ਹਿੰਦੂ ਬਣ ਕੇ ਰਹਿਣਾ ਪਵੇਗਾ।”
“ਤਾਂ ਉੱਥੋਂ ਦੇ ਹਿੰਦੂਆਂ ਨੂੰ ਮੁਸਲਮਾਨ ਬਣ ਕੇ ਰਹਿਣਾ ਪਏਗਾ।”
“ਈਹੋ ਫਸਿਲ ਬਿਗੜ ਗਇਲ।” ਸਾਹਮਣੇ ਵਾਲੇ ਕੇਬਿਨ ਵਿਚੋਂ ਆਵਾਜ਼ ਆਈ। “ਭਗਵਾਨ ਰੂਠ ਗਇਲ ਬਾਡਲ।”
“ਕਿੱਥੋਂ ਦਾ ਏਂ?”
“ਬਲਿਯਾ ਜਿਲਾ ਕਾ ਹਈਂ। ਮਜੂਰੀ ਕਰੇ ਕੇ ਗਇਲ ਗਹਿਲੀਂ। ਬਾਕੀ ਅਬ ਮਜੂਰੀਓ ਨਾ ਬਾਯ।”
“ਹਰੀ-ੀ-ੀ, ਓਮ; ਹਰੀ-ੀ, ਓਮ।” ਟੋਪੀ ਦੇ ਨਾਲ ਵਾਲੇ ਪੰਡਿਤ ਜੀ ਉਠ ਕੇ ਬੈਠ ਗਏ।
“ਹਿੰਦੁਸਤਾਨ, ਪਾਕਿਸਤਾਨ ਯੁੱਧ ਸਮਾਪਤ ਹੋ ਗਿਆ ਹੋਵੇ ਤਾਂ ਸੌਂ ਜਾਈਏ?” ਟੋਪੀ ਨੇ ਉਧਰ ਝਾਕ ਕੇ ਕਿਹਾ।
ਉਸ ਕੇਬਿਨ ਦੇ ਬਾਕੀ ਲੋਕ ਖਿੜ-ਖਿੜ ਕਰਕੇ ਹੱਸ ਪਏ ਤੇ ਟੋਪੀ ਦੇ ਸਾਹਮਣੇ ਬੈਠੇ ਹੋਏ ਮੁਸਲਮਾਨ ਯਾਤਰੀ ਨੇ ਸੁਖ ਦਾ ਸਾਹ ਲਿਆ।
    --- --- ---

No comments:

Post a Comment