Tuesday 15 June 2010

ਟੋਪੀ ਸ਼ੁਕਲਾ…: ਸੋਲ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਸੋਲ੍ਹਵੀਂ ਕਿਸ਼ਤ :

ਇੱਫ਼ਨ ਚਲਾ ਗਿਆ। ਸਕੀਨਾ ਚਲੀ ਗਈ। ਸ਼ਬਨਮ ਚਲੀ ਗਈ।
(ਸਲੀਮਾ ਦੀ ਤਾਂ ਖ਼ੈਰ ਸ਼ਾਦੀ ਹੋ ਚੁੱਕੀ ਸੀ।) ਇਹਨਾਂ ਹਾਲਾਤਾਂ ਨੇ ਉਸਨੂੰ ਤਨਹਾਈ ਦੀ ਸਲੀਬ ਉੱਤੇ ਟੰਗ ਦਿੱਤਾ...ਤੇ ਅਲੀਗੜ੍ਹ ਨੇ ਉਸਨੂੰ ਵਿਅੰਗ-ਵਾਕਾਂ, ਠਹਾਕਿਆਂ, ਸੈਨਤਾਂ ਤੇ ਇਸ਼ਾਰਿਆਂ ਦੀ ਨੋਕ ਉੱਤੇ ਰੱਖ ਲਿਆ। ਟੋਪੀ ਲਹੂ-ਲੂਹਾਨ ਹੋ ਗਿਆ¸ ਐਨੇ ਡੂੰਘੇ ਜਖ਼ਮ ਤਾਂ ਉਸਨੂੰ ਉਸ ਦਾਦੇ ਦੇ ਚਾਕੂ ਦੀ ਨੋਕ ਨੇ ਵੀ ਨਹੀਂ ਸੀ ਦਿੱਤੇ।
ਮੌਲਾਨਾ ਬਲਭਦਰ ਨਾਰਾਇਣ ਟੋਪੀ ਸ਼ੁਕਲਾ ਦੀ ਪੂਰੀ ਸ਼ਖ਼ਸੀਅਤ ਹੀ ਖਿੰਡ-ਪੁੰਡ ਗਈ¸ ਤਿੰਨ ਟੁਕੜੇ ਜੰਮੂ ਚਲੇ ਗਏ ਤੇ ਚੌਥਾ ਅਲੀਗੜ੍ਹ ਵਿਚ ਰਹਿ ਗਿਆ...ਉਸ ਚੌਥੇ ਟੁਕੜੇ ਨੂੰ ਖ਼ੁਦ ਉਸੇ ਦੇ ਪੂਰੇ-ਅਧੂਰੇ ਪਰਛਾਵਿਆਂ ਨੇ ਆਣ ਘੇਰਿਆ।
ਟੋਪੀ ਦੀ ਕੋਈ ਇੱਛਾ ਪੂਰੀ ਨਹੀਂ ਸੀ ਹੋਈ। ਉਸਨੇ ਇਹ ਚਾਹਿਆ ਕਿ ਉਸਦੀ ਮਾਂ ਦੇ ਇਕ ਸਾਈਕਲ ਹੋ ਜਾਵੇ ਤਾਂ ਉਸਦੇ ਭੈਰਵ ਹੋ ਗਿਆ; ਉਸਨੇ ਚਾਹਿਆ ਕਿ ਸਕੀਨਾ ਉਸਨੂੰ ਰੱਖੜੀ ਬੰਨ੍ਹ ਦੇਵੇ ਤਾਂ ਉਹ ਜੰਮੂ ਚਲੀ ਗਈ; ਉਸਨੇ ਚਾਹਿਆ ਕਿ ਸਲੀਮਾ ਨਾਲ ਉਸਦੀ ਸ਼ਾਦੀ ਹੋ ਜਾਵੇ ਪਰ ਉਸਨੇ ਆਪਣਾ ਥੀਸਿਸ ਲਿਖਵਾ ਕੇ ਕਿਸੇ ਸਾਜਿਦ ਖ਼ਾਂ ਨਾਲ ਵਿਆਹ ਕਰ ਲਿਆ। ਉਸਨੇ ਇਕ ਨੌਕਰੀ ਚਾਹੀ ਤਾਂ ਕਿਤੇ ਹਿੰਦੂ ਹੋਣ ਕਰਕੇ ਨਹੀਂ ਮਿਲੀ ਤੇ ਕਿਤੇ ਮੁਸਲਮਾਨ ਯੂਨੀਵਰਸਟੀ ਦਾ ਪੜ੍ਹਿਆ ਹੋਣ ਕਰਕੇ ਨਹੀਂ ਮਿਲੀ। ਇਕ ਆਦਮੀ ਦੇ ਕਿੰਨੇ ਕੁ ਟੁਕੜੇ ਹੋ ਸਕਦੇ ਨੇ?...ਟੋਪੀ ਨੇ ਕਦੀ ਇਸ ਸਵਾਲ ਉੱਤੇ ਸੋਚਣ ਦਾ ਕਸ਼ਟ ਹੀ ਨਹੀਂ ਸੀ ਕੀਤਾ। ਸੱਚੀ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਸਿਰਫ ਕਹਾਣੀਆਂ ਦੇ ਹੀਰੋ ਹੀ ਸੋਚ ਸਕਦੇ ਨੇ...ਜ਼ਿੰਦਗੀ ਸੋਚਣ ਦਾ ਮੌਕਾ ਹੀ ਕਦੋਂ ਦਿੰਦੀ ਹੈ! ਪਰ ਟੋਪੀ ਨੂੰ ਆਪਣੇ ਬਾਰੇ ਇਕ ਗੱਲ ਜ਼ਰੂਰ ਪਤਾ ਸੀ ਕਿ ਉਸ ਸਮਝੌਤਾ ਨਹੀਂ ਸੀ ਕਰ ਸਕਦਾ। ਸੱਚ ਪੁੱਛੋ ਤਾਂ ਇਸੇ ਕਰਕੇ ਉਹ ਇੱਫ਼ਨ, ਸਕੀਨਾ ਤੇ ਸ਼ਬਨਮ ਦੇ ਚਲੇ ਜਾਣ ਪਿੱਛੋਂ ਵੀ ਅਲੀਗੜ੍ਹ ਵਿਚੋਂ ਨਹੀਂ ਸੀ ਗਿਆ। ਉਸਦਾ ਇਹ ਫ਼ੈਸਲਾ ਉਸਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਫ਼ੈਸਲਾ ਸਿੱਧ ਹੋਇਆ। ਟੋਪੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸਨੇ ਕੋਈ ਬੜਾ ਵੱਡਾ ਫ਼ੈਸਲਾ ਲੈ ਲਿਆ ਹੈ। ਉਸਨੂੰ ਤਾਂ ਇਸ ਗੱਲ ਦਾ ਵੀ ਨਹੀਂ ਸੀ ਪਤਾ ਕਿ ਉਸਦਾ ਇਹ ਫ਼ੈਸਲਾ ਕਿੰਨਾ ਮਹੱਤਵਪੂਰਨ ਸੀ...ਤੇ ਇਸਦਾ ਉਸਨੂੰ ਕਦੀ ਵੀ ਪਤਾ ਨਹੀਂ ਸੀ ਲੱਗਿਆ। ਇਸੇ ਲਈ ਕਹਾਣੀਕਾਰ ਇੱਥੇ ਪਲ ਕੁ ਰੁਕਣ ਦੀ ਆਗਿਆ ਚਾਹੁੰਦਾ ਹੈ, ਕਿਉਂਕਿ ਉਹ ਮੌਕਾ ਆ ਗਿਆ ਹੈ ਜਦੋਂ ਤੁਹਾਡੇ ਮਨ ਵਿਚ ਮੇਹਲ ਰਹੇ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਜ਼ਰੂਰੀ ਬਣਦੇ ਨੇ। ਮੈਂ ਨਾਵਲਕਾਰ ਨਹੀਂ...ਤੇ ਇਹ ਕਹਾਣੀ ਮੇਰੀ ਆਪਣੀ ਘਾੜੀ ਹੋਈ ਵੀ ਨਹੀਂ ਕਿ ਮੈਂ ਜੋ ਚਾਹਾਂ ਤੁਹਾਨੂੰ ਦੱਸਾਂ ਤੇ ਜੋ ਨਾ ਚਾਹਾਂ ਨਾ ਦੱਸਾਂ। ਮੈਂ ਉੱਕਾ ਹੀ ਇਹ ਨਹੀਂ ਕਹਿਣਾ ਚਾਹੁੰਦਾ ਕਿ ਨਾਵਲ ਦਾ ਲੇਖਕ ਮਨਮਤੀਆਂ ਕਰਦਾ ਹੈ...ਉਸ ਉੱਤੇ ਵੀ ਸਵਾਲ ਕੀਤੇ ਜਾ ਸਕਦੇ ਨੇ ਤੇ ਉਸਨੂੰ ਜਵਾਬ ਵੀ ਦੇਣਾ ਪੈਂਦਾ ਹੈ। ਪਰ ਉਹ ਸਵਾਲ ਹੋਰ ਕਿਸਮ ਦੇ ਹੁੰਦੇ ਨੇ ਤੇ ਜਵਾਬ ਵੀ। ਜੀਵਨੀ ਤੇ ਨਾਵਲ ਵਿਚ ਇਕ ਫ਼ਰਕ ਹੈ¸ ਜੀਵਨੀ ਦਾ ਲੇਖਕ ਆਪਣੀ ਕਿਰਤ ਵਿਚ ਆਪਣੇ ਵੱਲੋਂ ਕੁਝ ਨਹੀਂ ਜੋੜ ਸਕਦਾ; ਉਹ ਘਟਨਾਵਾਂ ਦੀ ਤਰਤੀਬ ਨੂੰ ਵੀ ਨਹੀਂ ਬਦਲ ਸਕਦਾ। ਪਰ ਨਾਵਲਕਾਰ ਆਪਣੇ ਹਿਸਾਬ ਨਾਲ ਘਟਨਾਵਾਂ ਨੂੰ ਤਰਤੀਬ ਬੱਧ ਕਰਦਾ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਵੀ ਆਪਣੇ ਵੱਲੋਂ ਕਹਿ ਸਕਦਾ ਹੈ। ਜੇ ਮੈਂ ਨਾਵਲ ਲਿਖ ਰਿਹਾ ਹੁੰਦਾ ਤੇ ਟੋਪੀ ਉਸ ਨਾਵਲ ਦਾ ਹੀਰੋ ਹੁੰਦਾ ਤਾਂ ਮੈਂ ਉਸਨੂੰ 'ਫੇਰ' ਨੂੰ 'ਫ਼ੇਰ', 'ਫ਼ੌਰਨ' ਨੂੰ 'ਫੌਰਨ' ਤੇ 'ਕਮਾਲ' ਨੂੰ 'ਕੁਮਾਲ' ਨਾ ਕਹਿਣ ਦਿੰਦਾ। ਪਰ ਟੋਪੀ ਮੇਰੀ ਉਪਜ ਨਹੀਂ, ਉਹ ਡਾਕਟਰ ਭਿਰਗੂ ਨਾਰਾਇਣ ਸ਼ੁਕਲਾ ਤੇ ਰਾਮਦੁਲਾਰੀ ਦੀ ਉਪਜ ਸੀ। ਕਿਉਂਕਿ ਉਹ 'ਫੇਰ' ਨੂੰ 'ਫ਼ੇਰ', 'ਫ਼ੌਰਨ' ਨੂੰ 'ਫੋਰਨ' ਤੇ 'ਕਮਾਲ' ਨੂੰ 'ਕੁਮਾਲ' ਕਹਿੰਦਾ ਸੀ, ਇਸ ਲਈ ਜੇ ਮੈਂ ਉਸਦੀ ਬੋਲੀ ਸੁਧਾਰਨ ਬੈਠ ਜਾਂਦਾ ਤਾਂ ਇਹ ਇਸ ਜੀਵਨੀ ਨਾਲ ਬੜੀ ਬੇਈਮਾਨੀ ਹੁੰਦੀ। ਇਸ ਲਈ ਜੀਵਨੀ ਲਿਖਣਾ, ਨਾਵਲ ਲਿਖਣ ਨਾਲੋਂ ਵੱਧ ਟੇਢਾ ਕੰਮ ਹੈ।
ਟੋਪੀ ਕਿਸੇ ਰੁਮਾਂਟਿਕ ਕਹਾਣੀ ਦਾ ਹੀਰੋ ਨਹੀਂ ਸੀ; ਉਹ ਕਿਸੇ ਰੁਮਾਂਟਿਕ ਕਹਾਣੀ ਦਾ ਹੀਰ ਹੋ ਵੀ ਨਹੀਂ ਸੀ ਸਕਦਾ। ਉਹ ਤਾਂ ਆਪਣੀ ਆਤਮ ਕਥਾ ਦਾ ਹੀਰੋ ਵੀ ਬੜੀ ਮੁਸ਼ਕਲ ਨਾਲ ਬਣ ਸਕਿਆ ਸੀ। ਉਹ ਉਹਨਾਂ ਲੋਕਾਂ ਵਿਚੋਂ ਸੀ ਜਿਹਨਾਂ ਦੀ ਆਪਣੀ ਕਹਾਣੀ ਦਾ ਹੀਰੋ ਵੀ ਕੋਈ ਹੋਰ ਹੁੰਦਾ ਹੈ। ਟੋਪੀ ਇਸ ਯੁੱਗ ਦੇ ਅਨੇਕਾਂ ਲੋਕਾਂ ਵਾਂਗ ਅਧੂਰਾ ਆਦਮੀ ਸੀ। ਕਿਸੇ ਨਾਲ ਮੇਲੇ ਬਿਨਾਂ ਉਹ ਪੂਰਾ ਨਹੀਂ ਸੀ ਹੋ ਸਕਦਾ। ਇਸੇ ਕਰਕੇ ਮੈਂ ਉਸਦੇ ਖਿੰਡਰੇ ਹੋਏ ਉਹਨਾਂ ਸਾਰੇ ਟੁਕੜਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਉਹ ਬਨਾਰਸ ਵਿਚ ਸੀ ਤਾਂ ਮੁਨੀ ਬਾਬੂ ਤੇ ਭੈਰਵ ਦੇ ਬਿਨਾਂ ਅਧੂਰਾ ਸੀ, ਇੱਫ਼ਨ ਦਾ ਨਾਂ ਵੀ ਲਿਆ ਜਾ ਸਕਦਾ ਹੈ...ਤੇ ਜਦੋਂ ਉਹ ਅਲੀਗੜ੍ਹ ਵਿਚ ਆਇਆ ਸੀ ਉਦੋਂ ਵੀ ਆਪਣੇ ਪੂਰੇ ਵਜੂਦ ਨਾਲ ਨਹੀਂ ਸੀ ਆਇਆ; ਮੁਨੀ ਬਾਬੂ ਤੇ ਭੈਰਵ ਬਨਾਰਸ ਵਿਚ ਰਹਿ ਗਏ ਸਨ ਤੇ ਇੱਫ਼ਨ ਪਹਿਲਾਂ ਹੀ ਵਿੱਛੜ ਚੁੱਕਿਆ ਸੀ।
ਅਲੀਗੜ੍ਹ ਵਿਚ ਉਹ ਉਦੋਂ ਤੀਕ ਕਿਸੇ ਕੱਟੀ ਹੋਈ ਪਤੰਗ ਵਾਂਗ ਡੋਲਦਾ ਰਿਹਾ ਜਦੋਂ ਤੀਕ ਉਸਦੀ ਮੁਲਾਕਾਤ ਇੱਫ਼ਨ ਨਾਲ ਨਹੀਂ ਸੀ ਹੋ ਗਈ; ਫੇਰ ਇੱਫ਼ਨ, ਸਕੀਨਾ ਤੇ ਸ਼ਬਨਮ ਨੇ ਰਲ ਕੇ ਉਸਨੂੰ ਪੂਰਾ ਕੀਤਾ। ਪਰ ਇਹ ਲੋਕ ਖ਼ੁਦ ਅਧੂਰੇ ਸਨ¸ ਇੱਫ਼ਨ ਆਪਣੀ ਦਾਦੀ, ਆਪਣੇ ਅੱਬੂ ਤੇ ਆਪਣੀ ਬਾਜੀ ਬਿਨਾਂ ਅਧੂਰਾ ਸੀ। ਸਕੀਨਾ¸ ਆਪਣੇ ਅੱਬਾ ਸੱਯਦ ਆਬਿਦ ਰਜ਼ਾ, ਮਹੇਸ਼ ਤੇ ਰਮੇਸ਼ ਬਿਨਾਂ ਅਧੂਰੀ ਸੀ। ਇਸ ਲਈ ਉਹਨਾਂ ਬਾਰੇ ਵੀ ਦੱਸਣਾ ਪਿਆ। ਸ਼ਬਨਮ ਸਿਸਟਰ ਆਲੇਮਾ ਦੇ ਬਿਨਾਂ ਨਹੀਂ ਸੀ ਸਮਝੀ ਜਾ ਸਕਦੀ। ਮੁਨੀ ਬਾਬੂ ਨੂੰ ਸਮਝਣ ਲਈ ਮੁੰਨੀ ਬਾਈ ਤੇ ਬਿਸਮਿਲਾ ਜਾਨ ਨਾਲ ਮੁਲਾਕਾਤ ਕਰਵਾਉਣੀ ਜ਼ਰੂਰੀ ਸੀ...ਤੇ ਭੈਰਵ ਨੂੰ ਪਛਾਨਣ ਲਈ ਕੱਲਨ ਦਾ ਮੂੰਹ ਵੀ ਵੇਖਣਾ ਪੈਣਾ ਸੀ, ਜਿਸਦੀ ਚੋਣ ਲੜਨ ਲਈ ਟੋਪੀ ਬਨਾਰਸ ਗਿਆ ਸੀ। ਇਹ ਗੱਲਾਂ ਮੈਂ ਇਸ ਲਈ ਕਰ ਰਿਹਾ ਹਾਂ ਕਿ ਤੁਸੀਂ ਇਸ ਗੱਲ ਉੱਤੇ ਹੈਰਾਨੀ ਪ੍ਰਗਟ ਨਾ ਕਰੋਂ ਕਿ ਟੋਪੀ ਦੀ ਕਹਾਣੀ ਵਿਚ 'ਫਲਾਨੇ ਲੋਕਾਂ' ਜਾਂ 'ਸਪੋਰਟਿੰਗ ਪਾਤਰਾਂ' ਨੂੰ ਏਨੀ ਜਗ੍ਹਾ ਕਿਉਂ ਦਿੱਤੀ ਗਈ ਹੈ!
ਪਰ ਅਧੂਰਾਪਨ ਤੇ ਇਕੱਲ ਹੀ ਸ਼ਾਇਦ ਇਸ ਯੁੱਗ ਦੇ ਟੋਪੀ ਦੀ ਕਿਸਮਤ ਹੈ। ਜੇ ਉਹ ਹਜ਼ਾਰ, ਪੰਦਰਾਂ ਸੌ ਸਾਲ ਪਹਿਲਾਂ ਪੈਦਾ ਹੋਇਆ ਹੁੰਦਾ ਤਾਂ ਉਸਦੀ ਕਹਾਣੀ ਕੁਝ ਹੋਰ ਹੁੰਦੀ। ਉਹ ਹੁਣ ਤੀਕ ਕਦੋਂ ਦਾ ਕਿਸੇ ਹੋਰ ਦੀ ਲੜਾਈ ਲੜਦਾ ਹੋਇਆ ਮਾਰਿਆ ਜਾ ਚੁੱਕਿਆ ਹੁੰਦਾ ਤੇ ਉਦੋਂ ਸ਼ਾਇਦ ਮੈਂ ਏਨੇ, ਬਹੁਤ ਸਾਰੇ, ਲੋਕਾਂ ਦੀ ਗੱਲ ਵੀ ਨਾ ਕਰਦਾ। ਮੇਰੀ ਪ੍ਰੇਸ਼ਾਨੀ ਇਹ ਹੈ ਕਿ ਇਹ ਕਿਸੇ ਵੱਡੇ ਆਦਮੀ ਦੀ ਜੀਵਨੀ ਨਹੀਂ...ਇਹ ਇਕ ਛੋਟੇ ਆਦਮੀ ਦੀ ਜੀਵਨ ਕਥਾ ਹੈ। ਮੇਰਾ ਹੀਰੋ ਰਾਜਕੁਮਾਰ ਜਾਂ ਦਲੀਪ ਕੁਮਾਰ ਨਹੀਂ, ਇਸ ਲਈ ਇਸਨੂੰ ਆਪਣਾ ਅਧੂਰਾਪਨ ਸਤਾਉਂਦਾ ਰਹਿੰਦਾ ਹੈ ਤੇ ਇਸੇ ਕਰਕੇ ਇੱਫ਼ਨ, ਸਕੀਨਾ ਤੇ ਸ਼ਬਨਮ ਦੇ ਚਲੇ ਜਾਣ ਪਿੱਛੋਂ ਉਹ ਸਿਰਫ ਇਕ ਖੋਲ ਰਹਿ ਗਿਆ ਹੈ। ਇਕ ਖ਼ਾਲੀ ਮਕਾਨ¸ ਇਕ ਅਜਿਹਾ ਮਕਾਨ ਜਿਹੜਾ ਖ਼ਾਲੀ ਤਾਂ ਸੀ; ਪਰ ਕਿਰਾਏ ਲਈ ਖ਼ਾਲੀ ਨਹੀਂ ਸੀ।
ਸਟੇਸ਼ਨ ਵਿਚੋਂ ਬਾਹਰ ਨਿਕਲ ਕੇ ਉਸਨੂੰ ਖ਼ਿਆਲ ਆਇਆ ਕਿ ਜਾਣ ਲਈ ਉਸ ਕੋਲ ਕੋਈ ਜਗ੍ਹਾ ਨਹੀਂ...ਉਂਜ ਤਾਂ ਉਹ ਘਰ ਸੀ ਜਿਸ ਵਿਚ ਪਹਿਲਾਂ ਇੱਫ਼ਨ ਰਹਿੰਦਾ ਹੁੰਦਾ ਸੀ। ਉਸ ਵਿਚ ਅਜੇ ਉਹ ਵੀਹ ਦਿਨ ਹੋਰ ਰਹਿ ਸਕਦਾ ਸੀ। ਕਿਰਾਏ ਦਾ ਮਕਾਨ ਸੀ; ਇੱਫ਼ਨ ਪੂਰੇ ਮਹੀਨੇ ਦਾ ਕਿਰਾਇਆ ਦੇ ਗਿਆ ਸੀ।...ਪਰ ਉਸਨੂੰ ਉਸ ਘਰ ਦੇ ਖ਼ਿਆਲ ਨਾਲ ਹੀ ਭੈ ਆਉਣ ਲੱਗ ਪਿਆ।
ਇਕ ਰਿਕਸ਼ੇ ਵਾਲੇ ਨੇ ਉਸਦੀ ਮੁਸ਼ਕਿਲ ਆਸਾਨ ਕਰ ਦਿੱਤੀ। ਸ਼ਮਸ਼ਾਦ ਮਾਰਕੀਟ ਦੇ ਦੋਰਾਹੇ ਦਾ ਰਿਕਸ਼ਾ ਸੀ। ਟੋਪੀ ਨੂੰ ਪਛਾਣਦਾ ਸੀ, ਉਸਨੂੰ ਦੇਖਦਿਆਂ ਹੀ ਉਹ ਰਿਕਸ਼ਾ ਕੋਲ ਲੈ ਆਇਆ¸
“ਬੈਠੋ ਮੀਆਂ...” ਉਸਨੇ ਗੱਦੀ ਉੱਤੇ ਹੱਥ ਮਾਰ ਕੇ ਕਿਹਾ।
ਟੋਪੀ ਦੀ ਸਾਰੀ ਜ਼ਿੰਦਗੀ ਹੁਕਮ ਮੰਨਣ ਵਿਚ ਬੀਤੀ ਸੀ, ਇਸ ਲਈ ਉਹ ਚੁੱਪਚਾਪ ਬੈਠ ਗਿਆ। ਰਿਕਸ਼ਾ ਤੁਰ ਪਿਆ। ਰਿਕਸ਼ੇ ਵਾਲੇ ਨੇ ਉਸਨੂੰ ਇਹ ਵੀ ਨਹੀਂ ਸੀ ਪੁੱਛਿਆ ਕਿ ਜਾਣਾ ਕਿੱਥੇ ਹੈ? ਉਸਨੂੰ ਕੀ, ਇਹ ਗੱਲ ਤਾਂ ਸਾਰੀ ਯੂਨੀਵਰਸਟੀ ਨੂੰ ਪਤਾ ਹੁੰਦਾ ਸੀ ਕਿ ਉਸਨੇ ਜਾਣਾ ਕਿੱਥੇ ਹੁੰਦਾ ਹੈ।
ਰਿਕਸ਼ਾ ਉਸ ਘਰ ਦੇ ਸਾਹਮਣੇ ਜਾ ਰੁਕਿਆ ਜਿਸ ਵਿਚ ਇੱਫ਼ਨ ਰਹਿੰਦਾ ਹੁੰਦਾ ਸੀ; ਜਿਸ ਵਿਚ ਉਹ ਸਕੀਨਾ ਨਾਲ ਲੜਦਾ ਹੁੰਦਾ ਸੀ; ਜਿਸ ਵਿਚ ਸ਼ਬਨਮ ਉਸਨੂੰ ਅੰਗਰੇਜੀ ਪੜ੍ਹਾਉਂਦੀ ਹੁੰਦੀ ਸੀ।
ਆਪਣੀ ਜੇਬ ਵਿਚੋਂ ਚਾਬੀ ਕੱਢ ਕੇ ਉਸ ਘਰ ਦਾ ਜਿੰਦਰਾ ਖੋਲ੍ਹਣਾ ਉਸਨੂੰ ਬੜਾ ਅਜੀਬ ਜਿਹਾ ਲੱਗਿਆ, ਕਿਉਂਕਿ ਇਸ ਘਰ ਦਾ ਦਰਵਾਜ਼ਾ ਉਸਨੂੰ ਆਪਣੇ ਲਈ ਹਮੇਸ਼ਾ ਹੀ ਖੁੱਲ੍ਹਾ ਮਿਲਿਆ ਸੀ।
ਉਹ ਅੰਦਰ ਚਲਾ ਗਿਆ।
ਘਰ ਉਹੀ ਸੀ; ਕਮਰੇ ਉਹੀ ਸਨ ਤੇ ਕੰਧਾਂ ਦਾ ਰੰਗ ਵੀ ਉਹੀ। ਵਿਹੜੇ ਵਿਚ ਲੱਗੇ ਹੋਏ ਫੁੱਲਾਂ ਦੇ ਬੂਟੇ ਉਹੀ ਸਨ; ਸ਼ਬਨਮ ਦੀ ਜੂਹੀ ਕਲੀਆਂ ਨਾਲ ਭਰੀ ਹੋਈ ਸੀ। ਹਵਾ ਉਸੇ ਤਰ੍ਹਾਂ ਕਮਰਿਆਂ ਵਿਚ ਫੇਰੀਆਂ ਪਾਉਂਦੀ ਫਿਰ ਰਹੀ ਸੀ¸ ਦਾਲਾਨ ਵਿਚ ਨੱਚ ਰਹੀ ਸੀ; ਵਿਹੜੇ ਵਿਚ ਖੇਡ ਰਹੀ ਸੀ ਤੇ ਫੁੱਲਾਂ ਦੇ ਬੂਟਿਆਂ ਨੂੰ ਹੁਲਾਰੇ ਦੇ ਰਹੀ ਸੀ...ਵਿਚਾਰੇ ਬੂਟੇ ਦੁਹਰੇ ਹੁੰਦੇ ਜਾ ਰਹੇ ਸਨ।
ਉਹ ਇੱਫ਼ਨ ਦੇ ਕਮਰੇ ਵਿਚ ਚਲਾ ਗਿਆ। ਕੰਧਾਂ ਵਿਚ ਬਣੀਆਂ ਅਲਮਾਰੀਆਂ ਵਿਚ ਕੋਈ ਕਿਤਾਬ ਨਹੀਂ ਸੀ। ਜਿਸ ਜਗ੍ਹਾ ਇੱਫ਼ਨ ਦੀ ਕੁਰਸੀ ਡੱਠੀ ਹੁੰਦੀ ਸੀ; ਉਹ ਜਗ੍ਹਾ ਖ਼ਾਲੀ ਪਈ ਸੀ। ਪੇਡੇਸਟਲ ਲੈਂਪ ਆਪਣੀ ਜਗ੍ਹਾ ਪਿਆ ਸੀ; ਇੱਫ਼ਨ ਉਹ ਲੈਂਪ ਟੋਪੀ ਵਾਸਤੇ ਛੱਡ ਗਿਆ ਸੀ।
ਉਹ ਘਬਰਾ ਕੇ ਉਸ ਕਮਰੇ ਵਿਚੋਂ ਬਾਹਰ ਨਿਕਲ ਆਇਆ।
ਸਕੀਨਾ ਦੇ ਕਮਰੇ ਵਿਚ ਚੁੱਪ ਭਰੀ ਹੋਈ ਸੀ। ਉਹ ਬਾਰੀ ਦੀ ਵੱਟ ਉੱਤੇ ਬੈਠ ਗਿਆ ਤੇ ਕਮਰੇ ਦੇ ਨੰਗੇ ਫਰਸ਼ ਨੂੰ ਦੇਖਣ ਲੱਗਿਆ, ਜਿਸ ਉੱਤੇ ਤਿੰਨ ਪਲੰਘ ਡੱਠੇ ਹੁੰਦੇ ਸਨ। ਕਮਰੇ ਦੀ ਇਕ ਨੁੱਕਰੇ ਚਾਰਮੀਨਾਰ ਦਾ ਇਕ ਬੁੱਝਿਆ ਹੋਇਆ ਟੋਟਾ ਪਿਆ ਸੀ...ਯਾਨੀ ਬਸ ਇਹੀ ਰਹਿ ਗਿਆ ਹੈ। ਉਸਨੇ ਝੁਕ ਕੇ ਉਹ ਟੋਟਾ ਚੁੱਕ ਲਿਆ; ਫੇਰ ਬੇਦਿਲੀ ਜਿਹੀ ਨਾਲ ਉਸਨੂੰ ਉੱਥੇ ਹੀ ਸੁੱਟ ਕੇ ਕਮਰੇ ਵਿਚੋਂ ਬਾਹਰ ਨਿਕਲ ਆਇਆ।
ਘਰ ਵਿਚ ਉਸਦਾ ਦਿਲ ਨਹੀਂ ਸੀ ਲੱਗ ਰਿਹਾ। ਉਸਨੂੰ ਡਰ ਸੀ ਕਿ ਜੇ ਉਹ ਕੁਝ ਚਿਰ ਹੋਰ ਇੱਥੇ ਰਿਹਾ ਤਾਂ ਰੋ ਪਵੇਗਾ। ਇਸ ਲਈ ਉਹ ਘਰ ਨੂੰ ਜਿੰਦਰਾ ਮਾਰ ਕੇ, ਐਵੇਂ ਹੀ, ਬਿਨਾਂ ਮਕਸਦ, ਸ਼ਮਸ਼ਾਦ ਮਾਰਕੀਟ ਵੱਲ ਤੁਰ ਗਿਆ।
ਦਸੰਬਰ ਦੀ ਠੰਡੀ ਰਾਤ ਸੀ। ਜਾਸੂਸੀ ਫਿਲਮਾਂ ਤੇ ਕਹਾਣੀਆਂ ਦੇ ਪਾਤਰਾਂ ਵਾਂਗ ਲੋਕ ਓਵਰ ਕੋਟਾਂ ਦੇ ਕਾਲਰ ਖੜ੍ਹੇ ਕਰੀ ਕਾਹਲ ਨਾਲ ਇਕ ਦੂਜੇ ਦੇ ਪਿੱਛੇ-ਪਿੱਛੇ ਤੁਰੇ ਜਾ ਰਹੇ ਸਨ। ਬਹਾਦੁਰ ਦੀ ਦੁਕਾਨ ਵਿਚ ਹਮੇਸ਼ਾ ਵਾਂਗ ਭੀੜ ਸੀ। ਸਾਹਮਣੇ ਆਪਣੀ ਦੁਕਾਨ ਵਿਚ ਸੱਯਦ ਹਬੀਬ ਆਪਣੀ ਮੇਲੋ-ਡ੍ਰੈਮੈਟਿਕ-ਦਾੜ੍ਹੀ ਸਮੇਤ, ਆਪਣੀ ਆਮ (ਯਾਨੀ ਖਾਸੀ ਉੱਚੀ) ਆਵਾਜ਼ ਵਿਚ ਗੱਲਾਂ ਕਰ ਰਿਹਾ ਸੀ।
“ਇਕੱਲੇ ਰਹਿ ਗਏ ਹੋ ਪਾਰਟਨਰ!” ਕੋਜ਼ੀ ਕਾਰਨਰ ਵਿਚੋਂ ਆਵਾਜ਼ ਆਈ। ਫੇਰ ਕਈ ਮੁੰਡੇ ਹੱਸ ਪਏ। ਟੋਪੀ ਜਾਣਦਾ ਸੀ ਕਿ ਇਹ ਗੱਲ ਉਸੇ ਨੂੰ ਕਹੀ ਜਾ ਰਹੀ ਹੈ। ਪਰ ਸਕੀਨਾ, ਸ਼ਬਨਮ ਤੇ ਇੱਫ਼ਨ ਨੂੰ ਲੈ ਕੇ ਜੰਮੂ ਜਾ ਚੁੱਕੀ ਸੀ, ਸੋ ਉਹ ਮੁੜ ਕੇ ਕੀ ਦੇਖਦਾ? ਉਹ ਅੱਗੇ ਲੰਘ ਗਿਆ। ਖੱਬੇ ਪਾਸੇ 'ਆਫ਼ਤਾਬ-ਮੰਜ਼ਿਲ' ਤੇ ਸੱਜੇ ਪਾਸੇ 'ਸਵਿਮਿੰਗ-ਪੂਲ' ਵਿਚ ਹਨੇਰਾ ਸੀ। ਸਾਹਬ ਬਾਗ਼ ਦੇ ਕਮਰਿਆਂ ਵਿਚੋਂ ਰੌਸ਼ਨੀ ਝਾਕ ਰਹੀ ਸੀ...ਉਹ ਉਸ ਰੌਸ਼ਨੀ ਵੱਲੋਂ ਬੇਪ੍ਰਵਾਹ ਅੱਗੇ ਵਧਦਾ ਗਿਆ।
“ਇਸੀ ਬਾਅਸ ਤੋ ਕਤਲੇ-ਆਸ਼ਿਕਾਂ ਸੇ ਮਨ੍ਹਾਂ ਕਰਤੇ ਥੇ ।
  ਅਕੇਲੇ ਫਿਰ ਰਹੇ ਹੋ ਯੂਸੁਫ਼ੇ-ਬੇਕਾਰਵਾਂ ਹੋ ਕਰ ।।”
ਤੁਰੀ ਜਾ ਰਹੀ ਮੁੰਡਿਆਂ ਦੀ ਇਕ ਟੋਲੀ ਵਿਚੋਂ ਕਿਸੇ ਨੇ ਉੱਚੀ ਆਵਾਜ਼ ਵਿਚ ਇਹ ਸ਼ਿਅਰ ਪੜ੍ਹਿਆ। ਇਹ ਆਵਾਜ਼ ਬਿਜਲੀ ਦੀ ਲਿਸ਼ਕ ਵਾਂਗ ਟੋਪੀ ਦੀ ਆਤਮਾਂ ਉੱਤੇ ਚੀਰ ਪਾ ਗਈ। ਪਰ ਪ੍ਰਤੱਖ ਹੈ ਕਿ ਉਹ ਕੁਝ ਕਹਿ ਨਹੀਂ ਸੀ ਸਕਦਾ। ਉਹ ਇੱਫ਼ਨ ਦੇ ਕਈ ਵਾਰੀ ਸਮਝਾਉਣ ਦੇ ਬਾਵਜੂਦ ਅਲੀਗੜ੍ਹ ਵਿਚ ਰੁਕਿਆ ਹੋਇਆ ਸੀ ਤੇ ਹੁਣ ਇਸ ਰੁਕੇ ਹੋਣ ਦਾ ਦੰਡ ਭੋਗ ਰਿਹਾ ਸੀ।
ਉਹ ਆਜ਼ਾਦ 'ਕੈਫ਼ੇ-ਟੇਰੀਆ' ਵੱਲ ਮੁੜ ਗਿਆ। ਉਹ ਜਾਣਦਾ ਸੀ ਕਿ ਉੱਥੇ ਕੁਝ ਜਾਣੀਆਂ-ਪਛਾਣੀਆਂ ਸ਼ਕਲਾਂ ਦਿਸ ਪੈਣਗੀਆਂ।
ਸਾਹਮਣੇ ਹੀ ਕੈਂਟੀਨ ਦਾ ਮਾਲਕ ਵਾਜਿਦ ਖ਼ਾਂ ਆਪਣੀ ਲੰਮੀ ਚੌੜੀ ਦੇਹ ਸਮੇਤ ਬੈਠਾ ਨਜ਼ਰ ਆਇਆ; ਉਹ ਜਜ਼ਬੀ ਨੂੰ ਸ਼ਾਇਦ ਸਾਹਿਤ ਦੀ ਕਿਸੇ ਸਮੱਸਿਆ ਬਾਰੇ ਸਮਝਾ ਰਿਹਾ ਸੀ...ਟੋਪੀ ਨੂੰ ਦੇਖ ਕੇ ਮੁਸਕਰਾ ਪਿਆ।
    --- --- ---

No comments:

Post a Comment