Tuesday 15 June 2010

ਹਿੰਦੀ ਨਾਵਲ : ਟੋਪੀ ਸ਼ੁਕਲਾ… :: ਲੇਖਕ : ਰਾਹੀ ਮਾਸੂਮ ਰਜ਼ਾ


ਹਿੰਦੀ ਨਾਵਲ : ਟੋਪੀ ਸ਼ੁਕਲਾ… :: ਲੇਖਕ : ਰਾਹੀ ਮਾਸੂਮ ਰਜ਼ਾ
ਅਨੁਵਾਦ : ਮਹਿੰਦਰ ਬੇਦੀ, ਜੈਤੋ


ਅਨੁਵਾਦਕੀ...:
ਜਨਾਬ ਰਾਹੀ ਮਾਸੂਮ ਰਜ਼ਾ ਸਾਹਬ ਨੇ ਆਪਣੀ ਇਸ ਅਮਰ ਲਿਖਤ 'ਟੋਪੀ ਸ਼ੁਕਾਲਾ' ਦੇ ਪੰਜਾਬੀ ਅਨੁਵਾਦ ਦੀ ਇਜਾਜ਼ਤ ਮੈਨੂੰ 16/02/1989 ਵਿਚ ਦੇ ਦਿੱਤੀ ਸੀ…ਮੈਂ 1989 ਦੇ ਅਖ਼ੀਰ ਤੱਕ ਇਸਦਾ ਅਨੁਵਾਦ ਵੀ ਮੁਕੰਮਲ ਕਰ ਲਿਆ ਸੀ। ਉਹਨੀਂ ਦਿਨੀ ਪੰਜਾਬੀ ਟ੍ਰਿਬਿਊਨ ਵਿਚ ਹੰਸਰਾਜ ਰਹਿਬਰ ਦੀ ਲਿਖਤ 'ਬੋਲੇ ਸੋ ਨਿਹਾਲ' ਦਾ ਮੇਰਾ ਅਨੁਵਾਦ 06/01/1990 ਤੋਂ ਸ਼ੁਰੂ ਹੋ ਰਿਹਾ ਸੀ…ਸੋ ਇਹ ਨਾਵਲ ਮੈਂ ਭਾਅ ਬਰਜਿੰਦਰ ਹੁਰਾਂ ਨੂੰ ਅਜੀਤ ਲਈ ਭੇਜ ਦਿੱਤਾ...ਤੇ ਫੇਰ ਮੈਂ ਪੂਰੇ ਸਤਾਰਾਂ ਸਾਲ ਲਿਖਣ-ਪੜ੍ਹਨ ਦਾ ਕੋਈ ਕੰਮ ਨਹੀਂ ਕਰ ਸਕਿਆ; ਜ਼ਿੰਦਗੀ ਨੇ ਕੁਝ ਇਸ ਤਰ੍ਹਾਂ ਘੇਰੀ ਰੱਖਿਆ ਸੀ। ਹੁਣ (ਕੋਈ ਵੀਹ ਕੁ ਸਾਲ ਬਾਅਦ) ਇਹ ਰਚਨਾਂ ਆਪਣੇ ਪੰਜਾਬੀ ਪਾਠਕ ਮਿੱਤਰਾਂ-ਦੋਸਤਾਂ ਦੀ ਨਜ਼ਰ ਕਰ ਰਿਹਾ ਹਾਂ...ਤੁਹਡੀਆਂ ਰਾਵਾਂ ਤੇ ਟਿੱਪਣੀਆਂ ਦੀ ਉਡੀਕ ਰਹੇਗੀ...ਮਹਿੰਦਰ ਬੇਦੀ ਜੈਤੋ।




ਭੂਮਿਕਾ...:

ਮੈਨੂੰ ਇਹ ਉਪਨਿਆਸ ਲਿਖ ਕੇ ਕੋਈ ਖੁਸ਼ੀ ਨਹੀਂ ਹੋਈ। ਕਿਉਂਕਿ ਆਤਮ-ਹੱਤਿਆ ਸਭਿਅਤਾ ਦੀ ਹਾਰ ਹੁੰਦੀ ਹੈ। ਪਰ ਟੋਪੀ ਸਾਹਵੇਂ ਹੋਰ ਕੋਈ ਰੱਸਤਾ ਵੀ ਨਹੀਂ ਸੀ। ਇਹ ਟੋਪੀ ਮੈਂ ਵੀ ਹਾਂ ਤੇ ਮੇਰੇ ਜਿਹੇ ਹੀ ਹੋਰ ਬਹੁਤ ਸਾਰੇ ਲੋਕ ਵੀ ਹਨ। ਅਸਾਂ ਲੋਕਾਂ ਤੇ ਟੋਪੀ ਵਿਚ ਸਿਰਫ ਇਕ ਅੰਤਰ ਹੈ…ਅਸੀਂ ਲੋਕ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਮੌਕੇ 'ਕੰਪਰੋਮਾਈਜ਼' ਕਰ ਲੈਂਦੇ ਹਾਂ; ਤੇ ਇਸੇ ਕਰਕੇ ਅਸੀਂ ਲੋਕ ਜਿਊਂ ਵੀ ਰਹੇ ਹਾਂ। ਟੋਪੀ ਕੋਈ ਦੇਵਤਾ ਜਾਂ ਪੈਗੰਬਰ ਨਹੀਂ ਸੀ। ਪਰ ਉਸਨੇ 'ਕੰਪਰੋਮਾਈਜ਼' ਨਹੀਂ ਕੀਤਾ। ਤੇ ਇਸ ਲਈ ਉਸਨੇ ਆਤਮ-ਹੱਤਿਆ ਕਰ ਲਈ। ਪਰ 'ਆਧਾ ਗਾਂਵ' ਵਾਂਗ ਇਹ ਕਿਸੇ ਆਦਮੀ ਜਾਂ ਕਈ ਆਦਮੀਆਂ ਦੀ ਕਹਾਣੀ ਨਹੀਂ...ਇਹ ਕਹਾਣੀ ਸਮੇਂ ਦੀ ਹੈ; ਇਸ ਕਹਾਣੀ ਦਾ ਹੀਰੋ ਵੀ ਸਮਾਂ ਹੀ ਹੈ। ਸਮੇਂ ਦੇ ਸਿਵਾਏ ਕੋਈ ਇਸ ਲਾਇਕ ਨਹੀਂ ਹੁੰਦਾ ਕਿ ਉਸਨੂੰ ਕਿਸੇ ਕਹਾਣੀ ਦਾ ਹੀਰੋ ਬਣਾਇਆ ਜਾਏ।

ਟੋਪੀ ਸ਼ੁਕਲਾ…: ਪਹਿਲੀ ਕਿਸ਼ਤ

ਟੋਪੀ ਸ਼ੁਕਲਾ…: ਪਹਿਲੀ ਕਿਸ਼ਤ  :

“...ਤੋ ਭਾਈ, ਦੇਖੀ ਤੁਸੀਂ ਧਰਮ 'ਚ ਸਿਆਸਤ?”
“ਨਾ।” ਇੱਫ਼ਨ ਨੇ ਕਿਹਾ। ਜਦੋਂ ਟੋਪੀ ਆਪਣਾ ਥੀਸਿਸ ਸੁਣਾਅ ਰਿਹਾ ਸੀ, ਇੱਫ਼ਨ ਕਿਤੇ ਹੋਰ ਹੀ ਸੀ। ਗੱਲ ਇਹ ਹੁੰਦੀ ਹੈ ਕਿ ਧਰਮ ਤੇ ਰਾਜਨੀਤੀ ਤੋਂ ਬਿਨਾਂ ਵੀ ਕੁਝ ਨਿਰੋਲ ਘਰੇਲੂ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਇਹਨਾਂ ਬਾਰੇ ਸੋਚਣ ਦਾ ਅਸਲੀ ਮੌਕਾ ਉਹੀ ਹੁੰਦਾ ਹੈ ਜਦੋਂ ਕੋਈ ਯਾਰ-ਦੋਸਤ ਭਾਸ਼ਣ ਦੇ ਰਿਹਾ ਹੋਵੇ ਤੇ ਤੁਸੀਂ ਇਕੱਲੇ ਉਸਦੀ ਠਾਠਾਂ ਮਾਰਦੇ ਹੋਏ ਸਮੁੰਦਰ ਵਰਗੀ ਭੀੜ ਹੋਵੋਂ।
ਇੱਫ਼ਨ ਦੇ ਜਵਾਬ ਨਾਲ ਟੋਪੀ ਦਾ ਮੂੰਹ ਲੱਥ ਗਿਆ।
“ਚੱਲ, ਇਕ ਵਾਰੀ ਫੇਰ ਦਿਖਾਲ ਦੇ।” ਇੱਫ਼ਨ ਨੇ ਉਸਨੂੰ ਪੁਚਕਾਰਿਆ।
“ਇਹ ਜਿਹੜਾ ਧਰਮ ਸਮਾਜ ਕਾਲੇਜ ਐ ਨਾ?”
“ਹਾਂ ਹੈ-ਗਾ ਐ, ਫੇਰ?”
“ਇਹ ਅਗਰਵਾਲ ਬਾਣੀਆਂ ਦਾ ਐ।”
“ਹੂੰ।” ਇੱਫ਼ਨ ਨੇ ਹੁੰਗਾਰਾ ਭਰਿਆ।
“ਤੇ ਬਾਰਾਸੇਨੀ, ਬਾਰਾਸੇਨੀਆਂ ਦਾ।”
“ਹੂੰ...ਫੇਰ?”
“ਇਹਨਾਂ ਬਾਰਾਸੇਨੀਆਂ ਦੀ ਇਕ ਵੱਖਰੀ ਕਹਾਣੀ ਐ।”
“ਉਹ ਵੀ ਸੁਣਾ ਦੇ...”
“ਇਹਨਾਂ ਦਾ ਮੁੱਢਲਾ ਨਾਂਅ ਦੁਵਾਦਸ ਸ਼੍ਰੇਣੀ ਐਂ। ਭਾਈ ਮੇਰਿਆਂ ਨੇ ਦੇਖਿਆ ਬਈ ਇਹ ਸੰਸਕ੍ਰਿਤ ਤਾਂ ਹੁਣ ਚੱਲਦੀ ਨਹੀਂ ਦਿਸਦੀ, ਝੱਟ ਇਸਦਾ ਹਿੰਦੀ ਅਨੁਵਾਦ ਕਰ ਲਿਆ...ਤੇ ਦੁਵਾਦਸ ਸ਼੍ਰੇਣੀ ਦੇ ਬਾਣੀਏਂ, ਬਾਰਾਸੇਨੀ ਬਾਣੀਏਂ ਬਣ ਬੈਠੇ।...ਤੇ ਹੁਣ ਇਹਨਾਂ ਨੂੰ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਮੁਗਲ ਕਾਲ ਵਿਚ ਇਹਨਾਂ ਆਪਣਾ ਨਾਂਅ ਕਿੰਜ ਜਾਂ ਕਿਉਂ ਬਦਲਿਆ ਸੀ।”
“ਪਰ ਇਹਨਾਂ ਲੋਕਾਂ ਸ਼੍ਰੇਣੀ ਦਾ ਸੇਨੀ ਬਣਾ ਕੇ ਤਾਂ ਕੋਈ ਖ਼ਾਸ ਤੀਰ ਨਹੀਂ ਮਾਰਿਆ,” ਇੱਫ਼ਨ ਨੇ ਕਿਹਾ, “ਨਾਲੇ ਇਹ ਅਨੁਵਾਦ ਤਾਂ ਉੱਕਾ ਈ ਗ਼ਲਤ ਏ।”
“ਇਹ ਅਨੁਵਾਦ ਕਿਸੇ ਪ੍ਰੋਫ਼ੈਸਰ ਜਾਂ ਕਿਸੇ ਮਹਾਂ ਉਪਾਧਿਆ ਜਾਂ ਕਿਸੇ ਸਮਸੂਲਉਲਮਾ ਨੇ ਨਹੀਂ ਸੀ ਕੀਤਾ...” ਟੋਪੀ ਚਿੜ ਗਿਆ, “ਬਸ ਆਮ ਲੋਕਾਂ ਨੇ ਕੀਤਾ ਸੀ...ਤੇ ਆਮ ਲੋਕ ਗਰਾਮਰ ਦੀਆਂ ਗੁੰਝਲਾਂ ਉੱਤੇ ਵਿਚਾਰ ਨਹੀਂ ਕਰਦੇ¸ ਬਸ, ਆਪਣੀ ਭਾਸ਼ਾ ਦੇ ਮਾਪ ਅਨੁਸਾਰ ਸ਼ਬਦਾਂ ਦਾ ਬੰਨ੍ਹ-ਸੁੱਬ ਕਰ ਲੈਂਦੇ ਐ।”
“ਪਰ ਸੇਨੀ 'ਚ ਤਾਂ ਖਾਣਾ ਪਰੋਸਿਆ ਜਾਂਦਾ ਏ।” ਇੱਫ਼ਨ ਨੇ ਕਿਹਾ।
“ਪਰੋਸਿਆ ਜਾਂਦਾ ਹੋਏਗਾ।” ਟੋਪੀ ਹੋਰ ਚਿੜ ਗਿਆ, “ਪ੍ਰੰਤੂ ਇਹ ਸ਼ਬਦ ਸੇਨੀ, ਸ਼੍ਰੇਣੀ ਤੋਂ ਈ ਬਣਾਇਆ ਗਿਆ ਐ...।” ਉਸਨੇ ਦੰਦ ਪੀਹ ਕੇ ਕਿਹਾ। ਹਾਲਾਂਕਿ ਇੱਥੇ ਦੰਦ ਪੀਹਣ ਵਾਲੀ ਕੋਈ ਗੱਲ ਨਹੀਂ ਸੀ ਹੋਈ, ਪਰ ਟੋਪੀ ਨੂੰ ਆਪਣੇ ਚਿੱਟੇ ਦੰਦ ਬੜੇ ਭਲੇ ਲੱਗਦੇ ਸਨ, ਇਸ ਲਈ ਉਹ ਮੌਕੇ, ਬੇ-ਮੌਕੇ ਦੰਦਾਂ ਵੱਲ ਧਿਆਨ ਦਿਵਾਉਂਦਾ ਰਹਿੰਦਾ ਸੀ। ਗੂੜ੍ਹਾ ਕਾਲਾ ਰੰਗ ਤੇ ਦੁੱਧ-ਚਿੱਟੇ ਦੰਦ¸ ਉਹ ਆਪਣਾ ਨੈਗੇਟਿਵ ਆਪ ਸੀ, ਤੇ ਸ਼ਾਇਦ ਆਪਣੇ ਪ੍ਰਿੰਟ ਦੀ ਉਡੀਕ ਕਰ ਰਿਹਾ ਸੀ।
ਟੋਪੀ ਦਾ ਪੂਰਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਸੀ। ਉਸਦੇ ਪਿਤਾ ਦਾ ਨਾਂ ਹੋਰ ਵੀ ਔਖਾ ਸੀ। ਦਾਦੇ ਦਾ ਨਾਂ ਤਾਂ ਖ਼ੁਦ ਟੋਪੀ ਨੂੰ ਵੀ ਪੂਰੀ ਤਰ੍ਹਾਂ ਯਾਦ ਨਹੀਂ ਸੀ ਹੋ ਸਕਿਆ...ਪਰ ਜਦੋਂ ਵੀ ਇੱਫ਼ਨ ਉਸਨੂੰ ਕਹਿੰਦਾ,
“ਯਾਰ ਟੋਪੀ! ਤੇਰਾ ਨਾਮ ਸ਼ੋਰਫ਼ਾ ਤੋਂ ਤਾਂ ਲਿਆ ਨਹੀਂ ਜਾਣਾ ਯਾਰਾ।” ਤਾਂ ਟੋਪੀ ਜਵਾਬ ਦੇਂਦਾ ਸੀ, “ਭਾਈ! ਕਿਸੇ ਉਰਦੂ ਸ਼ੋਰਫ਼ਾ ਤੋਂ ਨਾਮ ਭਾਵੇਂ ਨਾ ਲਿਆ ਜਾ ਸਕੇ...ਪ੍ਰੰਤੂ, ਹਿੰਦੀ ਸ਼ੋਰਫ਼ਾ ਜ਼ਰੂਰ ਲੈ ਲਿਆ ਕਰੇਗੀ। ਉਂਜ ਤੁਹਾਡੇ ਨਾਂਅ ਨੂੰ ਈ ਕੌਣ ਕਹੇਗਾ ਬਈ ਬੜਾ ਸਰਲ ਐ¸ ਸਯੱਦ ਜਰਗਾਮ ਮੁਰਤੁਜਾ ਅਬਦੀ–ਵਾਹ! ਮੈਂ ਜਾਣਦਾਂ, ਇਹ ਉਚਾਰਣ ਸ਼ੁੱਧ ਨਹੀਂ...ਪ੍ਰੰਤੂ, ਮੈਂ ਉਰਦੂ ਭਾਸ਼ੀ ਤਾਂ ਹਾਂ ਨਹੀਂ।”
ਇਹ ਗੱਲ ਹਮੇਸ਼ਾ ਇੱਫ਼ਨ ਨੂੰ ਚੁੱਪ ਕਰਾਅ ਦੇਂਦੀ...ਪਰ ਇਕ ਗੱਲ ਜ਼ਰੂਰ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਕਿ ਹੁਣ ਕੋਈ ਵੀ ਨਿਰੋਲ ਸ਼ਰੀਫ਼ ਨਹੀਂ ਸੀ ਰਿਹਾ। ਹਰੇਕ ਸ਼ਰੀਫ਼ ਦੇ ਨਾਲ ਪੂੰਝਾ ਲੱਗਿਆ ਹੋਇਆ ਸੀ : ਹਿੰਦੂ ਸ਼ਰੀਫ਼, ਮੁਸਲਮਾਨ ਸ਼ਰੀਫ਼, ਉਰਦੂ ਸ਼ਰੀਫ਼, ਹਿੰਦੀ ਸ਼ਰੀਫ਼...ਤੇ ਬਿਹਾਰ ਸ਼ਰੀਫ਼! ਦੂਰ-ਦੂਰ ਤੀਕ ਸ਼ਰੀਫ਼ਾਂ ਦਾ ਇਕ ਜੰਗਲ ਵਿਛਿਆ ਹੋਇਆ ਹੈ। ਇਹ ਸੋਚ ਕੇ ਇੱਫ਼ਨ ਸਦਾ ਉਦਾਸ ਹੋ ਜਾਂਦਾ। ਪਰ ਮੈਂ ਤੁਹਾਨੂੰ ਇੱਫ਼ਨ ਦੀ ਉਦਾਸੀ ਦੀ ਕਹਾਣੀ ਨਹੀਂ ਸੁਣਾ ਰਿਹਾ...ਗੱਲ ਹੋ ਰਹੀ ਸੀ ਟੋਪੀ ਦੀ। ਇਹ ਮੈਂ ਦੱਸ ਚੁੱਕਿਆ ਹਾਂ ਕਿ ਉਸਦਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਸੀ। ਪਰ ਲੋਕ ਉਸ ਨੂੰ ਟੋਪੀ ਸ਼ੁਕਲਾ ਕਹਿੰਦੇ ਸਨ।
ਗੱਲ ਇਹ ਹੈ ਕਿ ਅਲੀਗੜ੍ਹ ਯੂਨੀਵਰਸਟੀ ਜਿੱਥੇ ਮਿੱਟੀ, ਮੱਖੀ, ਮਟਰੀ ਦੇ ਬਿਸਕੁਟਾਂ; ਮੱਖਣ ਤੇ ਮੌਲਵੀਆਂ ਸਦਕਾ ਮਸ਼ਹੂਰ ਹੈ ਉੱਥੇ ਹੀ ਭਾਂਤ-ਭਾਂਤ ਦੇ ਨਾਂ ਰੱਖਣ ਵਿਚ ਵੀ ਖਾਸੀ ਪ੍ਰਸਿੱਧ ਹੈ। ਇਕ ਸਾਹਬ ਸਨ, ਮਿ. ਕਾ; ਇਕ ਸਨ, ਉਸਤਾਦ ਛੁਆਰਾ (ਜਿਹੜੇ ਕਦੀ ਕਿਸੇ ਨਿਕਾਹ ਵਿਚ ਨਹੀਂ ਲੁਟਾਏ ਜਾ ਸਕੇ ਸ਼ਾਇਦ!); ਇਕ ਇਕਬਾਲ ਹੈੱਡਏਕ ਸਨ; ਇਕ ਸਨ, ਇਕਬਾਲ ਹਰਾਮੀ; ਇਕ ਇਕਬਾਲ ਏਟੀ ਤੇ ਇਕ ਸਨ, ਇਕਬਾਲ ਖ਼ਾਲੀ।...ਖ਼ਾਲੀ, ਇਸ ਲਈ ਸਨ ਕਿ ਬਾਕੀ ਸਾਰੇ ਇਕਬਾਲਾਂ ਦੇ ਨਾਲ ਕੁਝ ਨਾ ਕੁਝ ਜੁੜਿਆ ਹੋਇਆ ਸੀ। ਜੇ ਇਹਨਾਂ ਦੇ ਨਾਂ ਨਾਲ ਕੁਝ ਨਾ ਜੋੜਿਆ ਜਾਂਦਾ ਤਾਂ ਇਹ ਬੁਰਾ ਮੰਨ ਜਾਂਦੇ। ਇਹ ਲਈ ਇਹਨਾਂ ਨੂੰ ਇਕਬਾਲ ਖ਼ਾਲੀ ਕਿਹਾ ਜਾਣ ਲੱਗ ਪਿਆ। ਭੂਗੋਲ ਦੇ ਇਕ ਟੀਚਰ ਦਾ ਨਾਂ ਬਹਿਰੁਲ-ਕਾਹਿਲ ਰੱਖ ਦਿੱਤਾ ਗਿਆ। ਇਹ ਸੱਜਣ ਕੋਈ ਵੀ ਕੰਮ ਤੇਜ਼ੀ ਨਾਲ ਨਹੀਂ ਸੀ ਕਰ ਸਕਦੇ, ਇਸ ਲਈ ਇਹਨਾਂ ਨੂੰ ਕਾਹਿਲੀ (ਸੁਸਤੀ) ਦਾ ਸਮੁੰਦਰ ਕਿਹਾ ਜਾਣ ਲੱਗ ਪਿਆ (ਵੈਸੇ, ਅਰਬੀ ਭਾਸ਼ਾ ਵਿਚ ਪੈਸਿਫ਼ਿਕ ਸਾਗਰ ਦਾ ਨਾਂ ਬਹਿਰੁਲ-ਕਾਹਿਲ ਹੈ)। ਭੂਗੋਲ ਦੇ ਹੀ ਇਕ ਹੋਰ ਟੀਚਰ ਸਿਗਾਰ ਹੁਸੈਨ ਜ਼ੈਦੀ ਕਹੇ ਜਾਂਦੇ ਸਨ, ਕਿਉਂਕਿ ਕਿਸੇ ਜ਼ਮਾਨੇ ਵਿਚ ਉਹਨਾਂ ਉੱਪਰ ਹਰ ਸਮੇਂ ਸਿਗਾਰ ਪੀਂਦੇ ਰਹਿਣ ਦਾ ਭੂਤ ਸਵਾਰ ਹੋਇਆ ਰਹਿੰਦਾ ਸੀ। ਬਲਭਦਰ ਨਾਰਾਇਣ ਸ਼ੁਕਲਾ ਵੀ ਇਸੇ ਸਿਲਸਿਲੇ ਦੀ ਇਕ ਕੜੀ ਸੀ, ਸੋ ਇਹਨਾਂ ਨੂੰ ਟੋਪੀ ਕਿਹਾ ਜਾਣ ਲੱਗ ਪਿਆ।
ਗੱਲ ਇਹ ਹੈ ਕਿ ਯੂਨੀਵਰਸਟੀ ਯੂਨੀਅਨ ਹਾਲ ਵਿਚ ਨੰਗੇ ਸਿਰ ਬੋਲਣ ਦੀ ਪ੍ਰੰਪਰਾ ਨਹੀਂ, ਪਰ ਟੋਪੀ ਦੀ ਜ਼ਿੱਦ ਸੀ ਕਿ ਮੈਂ ਟੋਪੀ ਨਹੀਓਂ ਲੈਣੀ। ਇਸ ਲਈ ਹੁੰਦਾ ਇਹ ਕਿ ਜਿਵੇਂ ਹੀ ਇਹ ਬੋਲਣ ਲਈ ਖੜ੍ਹੇ ਹੁੰਦੇ, ਪੂਰਾ ਯੂਨੀਅਨ ਹਾਲ, 'ਟੋਪੀ! ਟੋਪੀ!!' ਕਰਨ ਲੱਗ ਪੈਂਦਾ। ਇੰਜ ਅਛੋਪਲੇ ਹੀ ਟੋਪੀ ਤੇ ਬਲਭਦਰ ਨਾਰਾਇਣ ਦਾ ਰਿਸ਼ਤਾ ਪੀਢਾ ਹੋ ਗਿਆ। ਨਤੀਜਾ ਇਹ ਹੋਇਆ ਕਿ ਬਲਭਦਰ ਨੂੰ ਛੱਡ ਦਿੱਤਾ ਗਿਆ ਤੇ ਇਹਨਾਂ ਨੂੰ ਟੋਪੀ ਸ਼ੁਕਲਾ ਕਿਹਾ ਜਾਣ ਲੱਗ ਪਿਆ। ਫੇਰ ਨਜ਼ਦੀਕੀ ਯਾਰਾਂ-ਮਿੱਤਰਾਂ ਨੇ ਸ਼ੁਕਲਾ ਰੂਪੀ ਪੂੰਝਾ ਵੀ ਪੁੱਟ ਸੁੱਟਿਆ ਤੇ ਇਹ ਸਿਰਫ ਟੋਪੀ ਹੀ ਰਹਿ ਗਏ।
ਪਰ ਇਕ ਦਿਨ ਇਸ ਟੋਪੀ ਨੇ ਬੜਾ ਵੱਡਾ ਕਮਾਲ ਕਰ ਵਿਖਾਇਆ¸ ਯੂਨੀਅਨ ਦਾ ਬਜਟ ਸੈਸ਼ਨ ਚੱਲ ਰਿਹਾ ਸੀ। ਇਹਨਾਂ ਨੇ ਕੋਈ ਇਤਰਾਜ਼ ਪੇਸ਼ ਕਰਨਾ ਸੀ। ਇਹ ਨਾਲ ਵਾਲੇ ਮੁੰਡੇ ਦੀ ਟੋਪੀ ਲੈ ਕੇ ਖੜ੍ਹੇ ਹੋ ਗਏ। ਟੋਪੀ ਖਾਸੀ ਵੱਡੀ ਸੀ। ਮੁੰਡਿਆਂ ਨੇ ਇਹਨਾਂ ਨੂੰ ਜਦੋਂ ਉਸ ਟੋਪੀ ਵਿਚ ਦੇਖਿਆ ਤਾਂ ਬੜਾ ਬੁਰਾ ਮਨਾਇਆ।
“ਇਹ ਬੇਈਮਾਨੀ ਏ।” ਪਿੱਛੋਂ ਇਕ ਆਵਾਜ਼ ਆਈ।
ਇਹਨਾਂ ਬੋਲਣਾ ਸ਼ੁਰੂ ਕੀਤਾ ਤਾਂ ਮੁੰਡਿਆਂ ਨੇ ਟੋਪੀ ਲਾਹੁਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਖ਼ੀਰ ਇਹਨਾਂ ਨੂੰ ਟੋਪੀ ਲਾਹੁਣੀ ਪਈ।...ਤੇ ਜਦੋਂ ਇਹ ਨੰਗੇ ਸਿਰ ਹੋ ਗਏ ਤਾਂ ਮੁੰਡਿਆਂ ਨੇ ਫੇਰ ਆਪਣੀ 'ਖਾਜ' ਅਨੁਸਾਰ 'ਟੋਪੀ! ਟੋਪੀ!!' ਦੇ ਨਾਅਰੇ ਉਛਾਲਨੇ ਸ਼ੁਰੂ ਕਰ ਦਿੱਤੇ। ਇਹਨਾਂ ਦੁਬਾਰਾ ਟੋਪੀ ਲਈ, ਤਦ ਕਿਤੇ ਜਾ ਕੇ ਮੁੰਡੇ ਚੁੱਪ ਹੋਏ। ਪਰ ਇਹਨਾਂ ਦੀ ਇਹ ਹਰਕਤ ਮੁੰਡਿਆਂ ਨੂੰ ਏਨੀ ਚੰਗੀ ਲੱਗੀ ਕਿ ਇਹਨਾਂ ਬਜਟ ਵਿਚ ਜਿਹੜੀ ਸੋਧ ਕਰਨ ਲਈ ਕਿਹਾ ਸੀ, ਕਰ ਦਿੱਤੀ ਗਈ।
ਟੋਪੀ ਸ਼ੁਕਲਾ, ਯਾਰਾਂ ਦੇ ਯਾਰ ਟਾਈਪ ਆਦਮੀ ਸਨ। ਆਪਣੇ ਅਸੂਲਾਂ ਦੇ ਵੀ ਬੜੇ ਪੱਕੇ ਸਨ...ਤੇ ਉਹਨਾਂ ਦਾ ਸਭ ਤੋਂ ਵੱਡਾ ਅਸੂਲ ਇਹੋ ਸੀ ਕਿ ਯਾਰੀ-ਦੋਸਤੀ ਵਿਚ ਕੋਈ ਅਸੂਲ ਨਹੀਂ ਦੇਖਿਆ ਜਾਂਦਾ।
ਜਦੋਂ ਇਹ ਯੂਨੀਵਰਸਟੀ ਵਿਚ ਆਏ ਸੀ, ਜਨਸੰਘੀ ਹੁੰਦੇ ਸਨ¸ਹੌਲੀ-ਹੌਲੀ ਮੁਸਲਿਮ ਲੀਗੀ ਬਣ ਗਏ, ਇਸਦਾ ਨਤੀਜਾ ਇਹ ਹੋਇਆ ਕਿ ਹਿੰਦੂ ਮੁੰਡੇ ਇਹਨਾਂ ਨੂੰ ਮੌਲਾਨਾ-ਟੋਪੀ ਕਹਿਣ ਲੱਗ ਪਏ।
ਅਲੀਗੜ੍ਹ ਵਿਚ ਦੰਗਾ ਹੋ ਗਿਆ...ਤੇ ਇਹਨਾਂ ਇਸ ਡਰ ਨਾਲ ਕਠਪੂਲੇ ਦੇ ਪਾਰ ਜਾਣਾ ਛੱਡ ਦਿੱਤਾ ਕਿ ਕਿਤੇ ਮੁਸਲਮਾਨ ਹੋਣ ਦੇ ਧੋਖੇ ਵਿਚ ਮਾਰੇ ਹੀ ਨਾ ਜਾਣ।
ਹਿੰਦੀ ਦੀ ਐਮ. ਏ. ਕਰ ਚੁੱਕੇ ਸਨ। ਬੇਰੁਜ਼ਗਾਰ ਸਨ।
ਕਿਸੇ ਡੀ.ਏ.ਵੀ. ਕਾਲਜ ਵਿਚ ਹਿੰਦੀ ਦੀ ਇਕ 'ਜਗ੍ਹਾ' ਨਿਕਲੀ। ਇੱਫ਼ਨ ਨੇ ਅਖ਼ਬਾਰ ਦੀ ਕਟਿੰਗ ਟੋਪੀ ਨੂੰ ਭੇਂਟ ਕਰਦਿਆਂ ਹੋਇਆਂ ਕਿਹਾ¸
“ਅਪਲਾਈ ਕਰ ਦੇਅ।”
ਇਹ ਬੋਲਿਆ, “ਭਾਈ, ਕੀ ਲਾਭ?”
ਇੱਫ਼ਨ ਨੇ ਕਿਹਾ, “ਬਈ ਨੌਕਰੀ ਮਿਲੇਗੀ ਹੋਰ ਕੀ ਲਾਭ?”
ਬੋਲੇ, “ਕਾਲਜ ਹਿੰਦੂਆਂ ਦਾ ਐ, ਮੈਨੂੰ ਨੌਕਰੀ ਕੌਣ ਦਏਗਾ?”
“ਫੇਰ ਕਿਸੇ ਇਸਲਾਮੀਆ ਕਾਲਜ ਵਿਚ ਅਪਲਾਈ ਕਰ ਵੇਖ।” ਇੱਫ਼ਨ ਨੇ ਚਿੜ ਕੇ ਕਿਹਾ।
ਟੋਪੀ ਇੰਜ ਕਰਨ ਲਈ ਵੀ ਤਿਆਰ ਨਹੀਂ ਸੀ ਹੋਇਆ। ਬੋਲਿਆ, “ਮੇਰਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਐ।”
ਇਹ ਸਵਾਲ ਸੱਚਮੁੱਚ ਬੜਾ ਮਹੱਤਵਪੂਰਨ ਹੈ ਕਿ 'ਬਲਭਦਰ ਨਾਰਾਇਣ ਸ਼ੁਕਲਾ ਜਾਂ ਇਸ ਵਰਗੇ ਹੀ ਕਿਸੇ ਅਨਵਰ ਹੁਸੈਨ ਲਈ, ਇਸ ਦੇਸ਼ ਵਿਚ ਕੋਈ 'ਜਗ੍ਹਾ' ਹੈ ਜਾਂ ਨਹੀਂ?' ਇੱਥੇ ਕੁੰਜੜਾਂ, ਕਸਾਈਆਂ, ਸਯੱਦਾਂ, ਰਾਜਪੂਤਾਂ, ਮੁਸਲਿਮ-ਰਾਜਪੂਤਾਂ, ਬਾਰਾਸੇਨੀਆਂ, ਅਗਰਵਾਲਾਂ, ਕਾਯਸਥਾਂ, ਈਸਾਈਆਂ, ਸਿੱਖਾਂ...ਭਾਵ ਇਹ ਕਿ ਸਾਰਿਆਂ ਲਈ ਥੋੜ੍ਹੀ ਜਾਂ ਬਹੁਤੀ ਗੂੰਜਾਇਸ਼ ਹੈ, ਪਰ ਹਿੰਦੁਸਤਾਨੀ ਕਿੱਥੇ ਜਾਣ? ਇੰਜ ਲੱਗਦਾ ਹੈ, ਇਮਾਨਦਾਰ ਲੋਕਾਂ ਨੂੰ ਹਿੰਦੂ, ਮੁਸਲਮਾਨ ਬਣਾਉਣ ਵਿਚ ਬੇਰੋਜ਼ਗਾਰੀ ਦਾ ਵੀ ਬੜਾ ਵੱਡਾ ਹੱਥ ਹੈ।

“ਧਰਮ ਵਿਚ ਵੀ ਸਿਆਸਤ ਘੁਸੜ ਆਈ ਐ ਭਾਈ ਹੁਣ!” ਟੋਪੀ ਨੇ ਖਿਝ ਕੇ ਕਿਹਾ।
“ਧਰਮ ਹਮੇਸ਼ਾ ਤੋਂ ਹੀ ਸਿਆਸਤ ਦਾ ਇਕ ਰੂਪ ਰਿਹੈ¸ਨਾ ਸੋਮਨਾਥ ਦਾ ਮੰਦਰ ਤੂੰ ਬਣਵਾ ਸਕਦਾ ਏਂ ਤੇ ਨਾ ਹੀ ਦਿੱਲੀ ਦੀ ਜਾਮਾ ਮਸਜਿਦ ਮੈਂ। ਫੇਰ ਧਰਮ ਤੇਰਾ ਜਾਂ ਮੇਰਾ ਸਾਥ ਕਿਉਂ ਦਏਗਾ ਬਈ, ਮੂਰਖ਼-ਮਿੱਤਰਾ!”

“ਮੈਂ ਸੋਚ ਰਿਹਾਂ, ਸ਼ਾਦੀ ਕਰ ਲਵਾਂ।” ਟੋਪੀ ਨੇ ਕਿਹਾ।
ਇੱਫ਼ਨ, ਟੋਪੀ ਦੇ ਸ਼ੁਭ ਜਾਂ ਅਸ਼ੁਭ ਵਿਆਹ ਦੇ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਤਾਂ ਬੈਠਾ ਨਹੀਂ ਸੀ ਹੋਇਆ, ਇਸ ਲਈ ਹੈਰਾਨੀ ਨਾਲ ਤ੍ਰਬਕਿਆ¸
“ਕੀ ਸੋਚ ਰਿਹੈਂ ਤੂੰ...?”
“ਮੈਂ ਮਜ਼ਾਕ ਨਹੀਂ ਕਰ ਰਿਹਾ।” ਟੋਪੀ ਨੇ ਕਿਹਾ, “ਮੇਰੀਆਂ ਮੁਸੀਬਤਾਂ ਦਾ ਇਕੋਇਕ ਹੱਲ ਇਹੀ ਐ। ਇਕ ਵਾਰੀ ਸ਼ਾਦੀ ਕਰ ਲਵਾਂ ਫ਼ੇਰ ਵੇਖਾਂਗਾ ਇਸ ਸਾਲੀ ਦੁਨੀਆਂ ਨੂੰ।”
“ਫ਼ੇਰ ਨਹੀਂ, ਫੇਰ।”
“ਕੋਈ ਫਰਕ ਨਹੀਂ ਪੈਂਦਾ।”
“ਫਰਕ ਨਹੀਂ, ਫ਼ਰਕ।”
“ਬਸ ਤੁਸੀਂ ਲੋਕ ਸ਼ਬਦਾਂ ਦੀਆਂ ਤਲੀਆਂ ਚੱਟਦੇ ਰਹੀਓ।” ਉਹ ਹਿਰਖ ਗਿਆ, “ਮੈਂ ਤਾਂ ਆਪਣੇ ਵਿਆਹ ਦੀ ਗੱਲ ਕਰ ਰਿਹਾਂ ਤੇ ਤੁਸੀਂ ਭਾਸ਼ਾ-ਸੁਧਾਰ-ਯੋਜਨਾ ਚਲਾਉਣ 'ਤੇ ਅੜੇ ਬੈਠੇ ਓ।”
“ਪਰ ਸ਼ਾਦੀ ਕਿਸ ਨਾਲ ਕਰ ਰਿਹੈਂ ਤੂੰ?”
“ਇਹੀ ਪਤਾ ਹੁੰਦਾ ਤਾਂ ਤੁਹਾਨੂੰ ਕਿਉਂ ਕਹਿੰਦਾ।” ਟੋਪੀ ਖਾਸਾ ਨਰਾਜ਼ ਹੋ ਗਿਆ ਸੀ, “ਭਾਈ ਸ਼੍ਰੀ ਤੁਸੀਂ ਵੀ ਕਦੀ-ਕਦੀ ਬੜੇ ਸਟੂਪਿਡ ਹੋ ਜਾਂਦੇ ਓ।”
“ਓ ਬਈ, ਤਾਂ ਕੁੜੀ ਵੀ ਮੈਂ ਈ ਪੈਦਾ ਕਰਾਂ ਹੁਣ?”
“ਇਸਦਾ ਕੀ ਲਾਭ ਹੋਏਗਾ?” ਟੋਪੀ ਨੇ ਕਿਹਾ, “ਤੁਹਾਡੀ ਹੁਣ ਪੈਦਾ ਕੀਤੀ ਹੋਈ ਕੁੜੀ ਨਾਲ ਮੈਂ ਵਿਆਹ ਤਾਂ ਕਰਵਾ ਨਹੀਂ ਸਕਣਾ।”
“ਹੋਰ ਫੇਰ?” ਇੱਫ਼ਨ ਨੇ ਸਵਾਲ ਕੀਤਾ।
“ਕਿਸੇ ਨਾਲ ਮੇਰਾ ਇਸ਼ਕ ਈ ਕਰਵਾ ਦਿਓ।”
“ਤੇਰਾ ਇਸ਼ਕ ਕਰਵਾ ਦਿਆਂ...?”
“ਹਾਂ, ਹੋਰ ਕੀ।”
“ਤੇ ਮੈਂ ਆਪ ਹੀ ਕਿਉਂ ਨਾ ਕਰ ਲਵਾਂ?”
“ਏ ਭਾਈ ਸ਼੍ਰੀ, ਖਬਰਦਾਰ ਜੇ ਕੋਈ ਪੁੱਠੀ-ਸਿੱਧੀ ਗੱਲ ਕੀਤੀ...” ਟੋਪੀ ਭੜਕ ਗਿਆ, “ਭਾਬੀ ਦੇ ਹੁੰਦਿਆਂ, ਤੁਸੀਂ ਇਸ਼ਕ ਕਰੋਗੇ...?”

“ਦੇਖ, ਪੰਡਿਤ ਬਲਭਦਰ ਨਾਰਾਇਣ ਟੋਪੀ ਸ਼ੁਕਲਾ,” ਇੱਫ਼ਨ ਨੇ ਕਿਹਾ, “ਇਸ਼ਕ ਲੜਾਉਣ ਲਈ ਜਾਂ ਇਸ਼ਕ ਕਰਨ ਲਈ ਕੁੜੀਆਂ ਦੀ ਕੋਈ ਕਮੀ ਨਹੀਂ...ਪਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਹੜੀ ਕੁੜੀ ਤੇਰੇ ਨਾਲ ਇਸ਼ਕ ਕਰੇ, ਉਹ ਤੇਰੇ ਨਾਲ ਸ਼ਾਦੀ ਵੀ ਕਰ ਲਏ। ਇਸ਼ਕ ਦਾ ਸਬੰਧ ਦਿਲ ਨਾਲ ਹੁੰਦਾ ਏ ਤੇ ਸ਼ਾਦੀ ਦਾ ਤਨਖ਼ਾਹ ਨਾਲ। ਜਿਹੋ-ਜਿਹੀ ਤਨਖ਼ਾਹ ਹੋਏਗੀ, ਉਹੋ-ਜਿਹੀ ਪਤਨੀ ਮਿਲੇਗੀ।”
“ਊਂਹ...ਤਾਂ ਇਹ ਲੈਲਾ-ਮਜਨੂੰ ਤੇ ਹੀਰ-ਰਾਂਝੇ ਦੀਆਂ ਕਹਾਣੀਆਂ ਸਿਰਫ ਪ੍ਰਾਪੋਗੰਡਾ ਈ ਐ ਜੀ?”
“ਇਹ ਕਹਾਣੀਆਂ ਮਿਡਲ ਕਲਾਸ ਦੇ ਪੈਦਾ ਹੋਣ ਤੋਂ ਪਹਿਲਾਂ ਦੀਆਂ ਕਹਾਣੀਆਂ ਐਂ ਜੀ।” ਇੱਫ਼ਨ ਨੇ ਕਿਹਾ।
“ਯਾਨੀ ਸਿਆਸਤ ਸਾਲੀ ਇਸ਼ਕ ਵਿਚ ਵੀ ਘੁਸੜੀ ਹੋਈ ਐ?...ਵੈਸੇ ਇਸ਼ਕ ਤਾਂ ਠੀਕ ਕਹਿ ਰਿਹਾਂ ਨਾ ਮੈਂ?”

“ਐਨ ਉੱਤੇ ਜ਼ੋਰ ਜ਼ਰਾ ਵਧੇਰੇ ਹੀ ਪਾ ਰਿਹੈਂ, ਤੂੰ ਅਲਫ਼ ਨਾਲ ਹੀ ਕਹਿ ਲਿਆ ਕਰ।”
“ਫੇਰ ਤੁਸੀਂ ਏਤਰਾਜ ਕਰੋਗੇ ਕਿ ਮੈਂ ਭਾਸ਼ਾ ਨੂੰ ਵਿਗਾੜ ਰਿਹਾਂ...।”
“ਨਹੀਂ,” ਇੱਫ਼ਨ ਨੇ ਕਿਹਾ, “ਮੈਂ ਬਿਲਕੁਲ 'ਏਤਰਾਜ' ਨਹੀਂ ਕਰਾਂਗਾ।”
“ਤਾਂ ਫੇਰ ਇਸ਼ਕ ਕਰਵਾ ਦਿਓ ਨਾ ਮੇਰਾ।” ਟੋਪੀ ਨੇ ਕਿਹਾ, “ਤੇ ਜੇ ਕਿਸੇ ਮੁਸਲਮਾਨ ਕੁੜੀ ਨਾਲ ਕਰਵਾ ਦਿਓ ਤੋ ਕਿਆ ਕਹਿਣੇ!”
“ਉਹ ਕਿਉਂ ਬਈ?”
“ਉਸਨੂੰ ਲੈ ਕੇ ਪਾਕਿਸਤਾਨ ਚਲਾ ਜਾਵਾਂਗਾ। ਵੈਸੇ ਤਿੰਨ ਰੁਪਈਏ ਹੋਣਗੇ?”
“ਤਿੰਨ ਰੁਪਈਏ!” ਇੱਫ਼ਨ ਹੈਰਾਨੀ ਵੱਸ ਤ੍ਰਬਕਿਆ।
“ਹਾਂ-ਹਾਂ।”
“ਕੀ ਕਰਨੇ ਨੇ?”
“ਯਾਰ ਭਾਈ ਸ਼੍ਰੀ, ਤੁਸੀਂ ਵੀ ਬੜੇ 'ਡੱਲ' ਹੁੰਦੇ ਜਾ ਰਹੇ ਓ।” ਟੋਪੀ ਨੇ ਅਫ਼ਸੋਸ ਭਰੀ ਆਵਾਜ਼ ਵਿਚ ਕਿਹਾ, “ਖਰਚਾਂਗਾ, ਹੋਰ ਕੀ ਕਰਾਂਗਾ...?”
“ਵੇ ਟੋਪੀ!” ਇੱਫ਼ਨ ਦੀ ਬੀਵੀ ਸਕੀਨਾ ਆ ਗਈ, “ਰੋਟੀ ਖਾ ਕੇ ਜਾਵੀਂ।”
“ਰਾਮ-ਰਾਮ-ਰਾਮ,” ਟੋਪੀ ਖੜ੍ਹਾ ਹੋ ਗਿਆ, “ਭਾਬੀ ਜੀ, ਤੁਸੀਂ ਇਕ ਦਿਨ ਲਾਜ਼ਮੀਂ ਮੇਰਾ ਧਰਮ ਭਰਿਸ਼ਟ ਕਰਕੇ ਸਾਹ ਲਓਗੇ। ਕਿੰਨੀ ਵਾਰੀ ਕਹਾਂ, ਬਈ ਮੈਂ ਮੁਸਲਮਾਨਾਂ ਦੇ ਘਰ ਦਾ ਕੁਝ ਨਹੀਂ ਖਾਂਦਾ।”
“ਕਿਉਂ ਨਹੀਂ ਖਾਂਦਾ?” ਇੱਫ਼ਨ ਨੇ ਹਿਰਖ ਕੇ ਪੁੱਛਿਆ, “ਉਂਜ ਤਾਂ ਪ੍ਰਗਤੀਸ਼ੀਲ ਬਣਿਆ ਫਿਰਦਾ ਏਂ।”
“ਹਾਂ, ਸੋ ਤੋ ਹਾਂ ਹੀ; ਪ੍ਰੰਤੂ ਆਦਤ ਜੋ ਪਈ ਹੋਈ ਐ।” ਟੋਪੀ ਨੇ ਕਿਹਾ, “ਫੇਰ ਵੀ ਜਦੋਂ ਘਰ ਜਾਂਨਾਂ ਤਾਂ ਰਸੋਈ ਵਿਚ ਵੜਨ ਦੀ ਆਗਿਆ ਨਹੀਂ ਹੁੰਦੀ। ਮਾਤਾ ਸ਼੍ਰੀ ਮੇਰੀ ਥਾਲੀ ਵੱਖਰੀ ਰੱਖਦੀ ਐ। ਕਹਿੰਦੀ ਐ, ਮੈਂ ਮਲੈਛ ਹੋ ਗਿਆਂ। ਪ੍ਰੰਤੂ ਮਾਂ ਐਂ, ਕਦੀ-ਕਦਾਈਂ ਪਿਆਰ ਵੀ ਕਰ ਬਹਿੰਦੀ ਐ...ਤੇ ਪਿਆਰ ਕਰਨ ਪਿੱਛੋਂ ਸਿੱਧੀ ਗੰਗਾ ਨਹਾਉਣ ਤੁਰ ਜਾਂਦੀ ਐ। ਇਕ ਵਾਰੀ ਮੈਂ ਕਹਿ ਬੈਠਾ, 'ਮਾਤਾ ਸ਼੍ਰੀ, ਹੁਣ ਤਾਈਂ ਤਾਂ ਮੁਸਲਮਾਨਾ ਨੇ ਨਹਾਅ-ਨਹਾਅ ਕੇ ਗੰਗਾ ਮਈਆ ਨੂੰ ਵੀ ਅਪਵਿੱਤਰ ਕਰ ਦਿੱਤਾ ਹੋਊਗਾ।' ਜਵਾਬ ਵਿਚ ਗੁੱਸੇ ਹੋ ਗਈ ਤੇ ਛੇ ਮਹੀਨੇ ਤਾਈਂ ਮੇਰੇ ਨਾਲ ਬੋਲੀ ਨਹੀਂ।”
“ਤੇ ਤੇਰਾ ਪਿਤਾ ਸ਼੍ਰੀ?” ਸਕੀਨਾ ਬਾਹਾਂ ਚੜ੍ਹਾਉਂਦੀ ਹੋਈ ਇੱਫ਼ਨ ਦੀ ਕੁਰਸੀ ਦੇ ਹੱਥੇ ਉੱਤੇ ਬੈਠ ਗਈ ਤੇ ਦੁੱਪਟੇ ਨਾਲ ਮੱਥੇ ਤੋਂ ਪਸੀਨਾ ਪੂੰਝਣ ਲੱਗੀ।
ਇੱਫ਼ਨ ਨੇ ਪੈੱਨ ਬੰਦ ਕਰ ਦਿੱਤਾ। ਹੁਣ ਘੰਟਿਆਂ ਬੱਧੀ ਕੋਈ ਕੰਮ ਕਰਨ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।
ਸਕੀਨਾ ਤੇ ਟੋਪੀ ਵਿਚਕਾਰ ਗੂੜ੍ਹੀ ਦੋਸਤੀ ਸੀ, ਪਰ ਦੋਵਾਂ ਦੀ ਇਕ ਪਲ ਨਹੀਂ ਸੀ ਬਣਦੀ। ਸਕੀਨਾ ਹਿੰਦੂਆਂ ਉੱਪਰ ਹਿਰਖੀ ਰਹਿੰਦੀ, ਕਿਉਂਕਿ ਉਸਦੇ ਘਰ ਵਾਲੇ ਆਜ਼ਾਦੀ ਦੇ ਦੰਗਿਆਂ ਵਿਚ ਮਾਰੇ ਗਏ ਸਨ।
“ਟੋਪੀ!”' ਉਹ ਬੋਲੀ, “ਮੈਂ ਤੁਹਾਨੂੰ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਹਾਂ...ਇੱਥੇ ਬੈਠ ਕੇ ਪਤਾ ਨਹੀਂ ਕਿਹੜੇ ਸ਼ੀਲ ਬਣ ਜਾਂਦੇ ਓ?”
“ਪ੍ਰਗਤੀਸ਼ੀਲ।” ਟੋਪੀ ਨੇ ਠੁੰਮਣਾ ਦਿੱਤਾ।
“ਹਾਂ ਹਾਂ...ਅਰਗਤੀ-ਪਰਗਤੀ-ਸ਼ੀਲ ਹੋਏਗਾ ਕੁਛ। ਇਹ ਮੋਈ ਵੀ ਕੋਈ ਜ਼ੁਬਾਨ ਏਂ...ਕਿ ਬੋਲੋ ਤਾਂ ਜ਼ੁਬਾਨ ਨਚਾਰ ਔਰਤ ਵਾਂਗ ਸੌ-ਸੌ ਵਲ ਖਾਂਦੀ ਏ।”
“ਪਹਿਲਾਂ ਉਹ ਗੱਲ ਪੂਰੀ ਕਰੋ, ਇਹ ਉਪਮਾਵਾਂ ਕਿਉਂ ਲੁਟਾਉਣ ਬਹਿ ਗਏ ਓ?” ਟੋਪੀ ਨੇ ਕਿਹਾ, “ਕੀ ਕਹਿ ਰਹੇ ਸੀ ਤੁਸੀਂ?”
“ਓਇ...ਮੈਂ ਕਿਸੇ ਤੋਂ ਡਰਦੀ ਆਂ, ਜੋ ਨਹੀਂ ਕਹਾਂਗੀ।” ਸਕੀਨਾ ਹੱਥਿਓਂ ਉੱਖੜ ਗਈ, “ਕਹਿ ਰਹੀ ਸਾਂ, ਇੱਥੇ ਬੈਠ ਕੇ ਤਾਂ ਪਰਗਤੀ-ਸ਼ੀਲ ਬਣ ਜਾਂਦੇ ਓ...ਪਰ ਖੱਲ ਵਿਚ ਹੋ ਤਾਂ ਹਿੰਦੂ ਹੀ।”
“ਓ-ਜੀ, ਮੈਂ ਕਦੋਂ ਕਿਹੈ ਬਈ ਮੈਂ ਮੁਸਲਮਾਨ ਬਣ ਗਿਆਂ?” ਟੋਪੀ ਬੋਲਿਆ, “ਮੈਂ ਕੋਈ ਪਾਗਲ ਆਂ ਜੋ ਵੱਧ ਗਿਣਤੀ ਵਾਲਿਆਂ ਨੂੰ ਛੱਡ ਕੇ, ਘੱਟ ਗਿਣਤੀ ਵਾਲਿਆਂ ਨਾਲ ਰਲਾਂਗਾ?”
“ਤੂੰ ਜਨਸੰਘੀਆਂ ਦਾ ਜਾਸੂਸ ਏਂ।”
“ਵੈਸੇ ਇਸ ਸਮੇਂ ਮੈਨੂੰ ਤਿੰਨ ਰੁਪਈਏ ਚਾਹੀਦੇ ਐ।”
“ਤਿੰਨ ਰੁਪਈਏ?...ਹੈ ਨਹੀਂ ਮੇਰੇ ਕੋਲ।”
“ਪੰਜਾਂ ਨਾਲ ਵੀ ਕੰਮ ਚੱਲ ਜਾਊਗਾ।”
“ਹਾਂ, ਤੇਰੇ ਪਿਤਾ, ਪਤਾ ਨਹੀਂ ਕਿਹੜੇ ਨਾਰਾਇਣ ਸ਼ੁਕਲਾ, ਨੇ ਇਸ ਵਿਹੜੇ 'ਚ ਨੋਟਾਂ ਦਾ ਦਰਖ਼ਤ ਲਾਇਆ ਈ ਨਾ...ਉਸ ਦਾ ਇਸ ਸਾਲ ਝਾੜ ਵਾਹਵਾ ਹੋਇਆ ਏ।”
“ਕੁਮਾਲ ਐ! ਪਿਤਾ ਜੀ ਨੇ ਇਹ ਗੱਲ ਮੈਨੂੰ ਕਦੀ ਨਹੀਂ ਦੱਸੀ।”
“ਇਹ ਏਡਾ ਵੱਡਾ ਕਮਾਲ ਵੀ ਨਹੀਂ ਕਿ ਤੂੰ ਕੁਮਾਲ ਕਹਿਣ ਲੱਗ ਪਏਂ।” ਇੱਫ਼ਨ ਨੇ ਕਿਹਾ।
ਸਕੀਨਾ ਨੂੰ ਹਾਸਾ ਆ ਗਿਆ। ਉਸਨੇ ਲੜ ਨਾਲ ਬੱਧਾ ਪੰਜ ਦਾ ਨੋਟ ਖੋਹਲ ਕੇ ਟੋਪੀ ਵੱਲ ਵਧਾ ਦਿੱਤਾ।
“ਲੈ...ਪਰ ਨੌਕਰ ਹੁੰਦਿਆਂ ਈ ਵਾਪਸ ਕਰ ਦੇਈਂ।”
“ਲਿਖ ਲਿਓ ਭਾਬੀ ਜੀ।” ਟੋਪੀ ਨੇ ਉਠਦਿਆਂ ਹੋਇਆਂ ਕਿਹਾ, “ਵਿਆਜ ਸਮੇਤ ਇਕ ਇਕ ਪਾਈ ਵਾਪਸ ਕਰ ਦਿਆਂਗਾ...ਤੇ ਦੇਖੋ, ਜੇ ਪੈਸਿਆਂ ਦੀ ਬਹੁਤੀ ਹੀ ਲੋੜ ਆ ਪਵੇ ਤਾਂ ਮੈਨੂੰ ਇਕ ਨੌਕਰੀ ਦੁਆ ਦੇਣਾ।”
ਤੇ ਇਸ ਤੋਂ ਪਹਿਲਾਂ ਕਿ ਸਕੀਨਾ ਇਸ ਗੱਲ ਦਾ ਕੋਈ ਢੁੱਕਵਾਂ ਜਵਾਬ ਦੇਂਦੀ ਟੋਪੀ ਤੁਰ ਗਿਆ।
ਇਹ ਹੈ ਬਲਭਦਰ ਨਾਰਾਇਣ ਸ਼ੁਕਲਾ ਜਿਹੜਾ ਇਸ ਕਹਾਣੀ ਦਾ ਹੀਰੋ ਹੈ।
ਜੀਵਨੀ ਜਾਂ ਕਹਾਣੀ ਸੁਣਾਉਣ ਦਾ ਇਕ ਖਾਸ ਤਰੀਕਾ ਇਹ ਵੀ ਹੈ ਕਿ ਕਹਾਣੀਕਾਰ ਜਾਂ ਜੀਵਨੀਵਾਰ ਕਹਾਣੀ ਜਾਂ ਜੀਵਨੀ ਨੂੰ ਕਿਤੋਂ ਵੀ ਸ਼ੁਰੂ ਕਰ ਦਏ। ਜੀਵਨ ਵਾਂਗ ਹੀ ਕਹਾਣੀ ਦੇ ਆਰੰਭ ਦਾ ਕੋਈ ਮਹੱਤਵ ਨਹੀਂ ਹੁੰਦਾ। ਮਹੱਤਵ ਸਿਰਫ ਅੰਤ ਦਾ ਹੁੰਦਾ ਹੈ। ਜੀਵਨ ਦੇ ਅੰਤ ਦਾ ਵੀ, ਤੇ ਕਹਾਣੀ ਦੇ ਅੰਤ ਦਾ ਵੀ। ਜੇ ਮੈਂ ਤੁਹਾਨੂੰ ਇਹ ਦਿਖਾਉਂਦਾ ਕਿ ਕਾਲੇ ਮਾਸ ਦੇ ਲੋਥੜੇ ਵਰਗਾ ਬਲਭਦਰ ਨਾਰਾਇਣ ਸ਼ੁਕਲਾ ਇਕ ਪੰਘੂੜੇ ਵਿਚ ਪਿਆ 'ਟਿਆਂ-ਟਿਆਂ' ਕਰ ਰਿਹਾ ਹੈ ਤੇ ਉਸਦੇ ਲੱਕ ਦੁਆਲੇ ਕਾਲੀ ਤੜਾਗੀ ਵੱਝੀ ਹੋਈ ਹੈ ਤੇ ਕਾਲੇ ਮੱਥੇ ਉੱਤੇ ਕਾਲਸ ਦਾ ਇਕ ਟਿੱਕਾ ਲੱਗਿਆ ਹੋਇਆ ਹੈ ਤਾਂ ਸੰਭਵ ਹੈ ਤੁਸੀਂ ਨੱਕ-ਬੁੱਲ੍ਹ ਵੱਟਣ ਲੱਗ ਪੈਂਦੇ ਕਿ ਇਸ ਬੱਚੇ ਵਿਚ ਕੀ ਖਾਸ ਗੱਲ ਹੈ !...ਜਦਕਿ ਸੱਚ ਪੁੱਛੀਏ ਤਾਂ ਹਰ ਕਹਾਣੀ ਤੇ ਹਰੇਕ ਜੀਵਨ ਸ਼ੁਰੂ ਉੱਥੋਂ ਹੀ ਹੁੰਦਾ ਹੈ।
    --- --- ---

ਟੋਪੀ ਸ਼ੁਕਲਾ…: ਦੂਜੀ ਕਿਸ਼ਤ

ਟੋਪੀ ਸ਼ੁਕਲਾ…:  ਦੂਜੀ ਕਿਸ਼ਤ  :

ਸੰਸਾਰ ਦੇ ਸਾਰੇ ਛੋਟੇ-ਵੱਡੇ ਲੋਕਾਂ ਵਾਂਗ ਟੋਪੀ ਵੀ ਬੇਨਾਮ ਹੀ ਪੈਦਾ ਹੋਇਆ ਸੀ। ਨਾਂ ਦੀ ਲੋੜ ਤਾਂ ਮਰਨ ਵਾਲਿਆਂ ਨੂੰ ਹੁੰਦੀ ਹੈ। ਗਾਂਧੀ ਤੇ ਗਾਡਸੇ ਵੀ ਬੇਨਾਮ ਹੀ ਪੈਦਾ ਹੋਏ ਸਨ। ਜਨਮ ਲੈਣ ਲਈ ਅੱਜ ਤੀਕ ਕਿਸੇ ਨੂੰ ਨਾਂ ਦੀ ਲੋੜ ਨਹੀਂ ਪਈ। ਜੰਮਦੇ ਤਾਂ ਸਿਰਫ ਬੱਚੇ ਹੁੰਦੇ ਨੇ¸ ਮਰਦੇ-ਮਰਦੇ ਉਹ ਹਿੰਦੂ, ਮੁਸਲਮਾਨ, ਈਸਾਈ, ਨਾਸਤਕ, ਹਿੰਦੁਸਤਾਨੀ, ਪਾਕਿਸਤਾਨੀ, ਗੋਰੇ, ਕਾਲੇ ਤੇ ਪਤਾ ਨਹੀਂ ਹੋਰ ਕੀ-ਕੀ ਬਣ ਜਾਂਦੇ ਨੇ!
ਇੱਥੇ ਸਾਡਾ ਇਹਨਾਂ ਝੰਜਟਾਂ ਨਾਲ ਕੋਈ ਵਾਸਤਾ ਨਹੀਂ। ਅਜੇ ਤਾਂ ਸਾਡੇ ਲਈ ਸਿਰਫ ਇਹ ਜਾਣ ਲੈਣਾ ਬੜਾ ਹੈ ਕਿ ਟੋਪੀ ਨੇ ਜਨਮ ਲੈ ਲਿਆ ਹੈ। ਹਜ਼ਾਰਾਂ, ਲੱਖਾਂ, ਕਰੋੜਾਂ ਦੂਜੇ-ਪੁੱਤਰਾਂ ਵਾਂਗ, ਉਹ ਵੀ ਦੂਜਾ-ਪੁੱਤਰ ਸੀ। ਇਕ ਭਰਾ ਉਸਦੀ ਪਿੱਠ ਉੱਪਰ ਸੀ ਤੇ ਇਕ ਦੀ ਪਿੱਠ ਉੱਤੇ ਉਹ ਆਪ ਸੀ।
ਜਿਸ ਰਾਤ ਉਸਨੇ ਜਨਮ ਲਿਆ, ਉਹ ਬਰਸਾਤ ਦੀ ਇਕ ਸੜੀ ਹੋਈ ਰਾਤ ਸੀ। ਹਵਾ ਬਿਲਕੁਲ ਬੰਦ ਸੀ¸ ਆਕਾਸ਼ ਬੱਦਲਾਂ ਨਾਲ ਢਕਿਆ ਹੋਇਆ ਸੀ, ਕੋਈ ਤਾਰਾ ਦਿਖਾਈ ਨਹੀਂ ਸੀ ਦੇ ਰਿਹਾ।
ਇੱਧਰ ਉਸਦੀ ਮਾਂ ਨੂੰ ਪੀੜਾਂ ਸ਼ੁਰੂ ਹੋਈਆਂ, ਉੱਧਰ ਬਿਜਲੀ ਲਿਸ਼ਕਣ ਲੱਗ ਪਈ। ਬੱਦਲਾਂ ਵਿਚ ਤ੍ਰੇਰੜਾਂ ਪੈਣ ਲੱਗੀਆਂ। ਮੀਂਹ ਵਰ੍ਹਣ ਲੱਗ ਪਿਆ। ਚਾਰੇ ਪਾਸੇ ਪਾਣੀ ਦੀ ਚਾਦਰ ਵਿਛ ਗਈ। ਇੰਜ ਲੱਗਦਾ ਸੀ ਜਿਵੇਂ ਬੱਦਲ ਭੰਬਲ-ਭੂਸਿਆਂ ਵਿਚ ਪਏ ਹੋਏ ਹੋਣ। ਵਿਹੜੇ ਵਿਚ ਪਾਣੀ ਭਰ ਗਿਆ। ਫ਼ਿਊਜ਼ ਉੱਡ ਗਿਆ ਤੇ ਹਨੇਰਾ ਸੰਪੂਰਨ ਹੋ ਗਿਆ।
ਉਸਦੀ ਦਾਦੀ 'ਹਰੀ ਕ੍ਰਿਸ਼ਨ, ਹਰੀ ਕ੍ਰਿਸ਼ਨ' ਜਪਣ ਲੱਗ ਪਈ ਕਿ 'ਪਤਾ ਨਹੀਂ ਕਿਹੋ ਜਿਹਾ ਰਾਕਸ਼ਸ ਜਨਮ ਲੈਣ ਵਾਲਾ ਏ, ਜਿਸਨੇ ਜੰਮਣ ਤੋਂ ਪਹਿਲਾਂ ਈ ਤਰਥੱਲੀ ਮਚਾ ਦਿੱਤਾ ਸੀ !' ਉਸਦੇ ਪਿਤਾ ਡਾਕਟਰ ਭਿਰਗੂ ਨਾਰਾਇਣ ਸ਼ੁਕਲਾ, ਨੀਲੇ ਤੇਲ ਵਾਲੇ, ਵੀ ਬੜੇ ਪ੍ਰੇਸ਼ਾਨ ਸਨ। ਇਸ ਤੂਫ਼ਾਨ ਵਿਚ ਨਾ ਡਾਕਟਰਨੀ ਆ ਸਕਦੀ ਸੀ, ਤੇ ਨਾ ਹੀ ਕੋਈ ਦਾਈ।
ਭਾਵ ਇਹ ਕਿ ਪੰਡਿਤ ਬਲਭਦਰ ਨਾਰਾਇਣ ਸ਼ੁਕਲਾ ਨੂੰ ਰਾਤ ਦੇ ਠੀਕ ਬਾਰਾਂ ਵਜੇ ਆਪੁ ਹੀ ਜੰਮਣਾ ਪੈ ਗਿਆ ਸੀ ਤੇ ਜੰਮਦਿਆਂ ਹੀ ਟੋਪੀ ਨੇ ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ਖੋਲ੍ਹੀਆਂ ਸਨ ਤੇ ਦੁਨੀਆਂ ਨੂੰ ਦੇਖਿਆ ਸੀ...ਤਾਂ ਉਸਨੂੰ ਜੋ ਕੁਝ ਦਿਖਾਈ ਦਿੱਤਾ ਸੀ, ਉਹ ਬੜਾ ਹੀ ਭਿਆਨਕ ਸੀ...ਸੋ ਉਹ ਡਰ ਕੇ ਉੱਚੀ-ਉੱਚੀ ਰੋਣ ਲੱਗ ਪਿਆ ਤੇ ਉਸ ਹਨੇਰੇ ਨੂੰ ਲੱਭਣ ਲੱਗਾ ਜਿਸ ਵਿਚ ਹੁਣ ਤੀਕ ਉਹ ਗੋਤੇ ਲਾ ਰਿਹਾ ਸੀ। ਪਰ ਇਤਿਹਾਸ ਤੇ ਸਮੇਂ ਦਾ ਪਹੀਆ ਕਦੀ ਪੁੱਠਾ ਨਹੀਂ ਗਿੜਿਆ। ਟੋਪੀ ਨੂੰ ਸੰਸਾਰ ਵਿਚ ਹੀ ਰਹਿਣਾ ਪੈਣਾ ਸੀ ਜਦਕਿ ਪ੍ਰਕਾਸ਼ ਪ੍ਰਾਣ-ਘਾਤੀ ਲੱਗ ਰਿਹਾ ਸੀ। ਇਹੀ ਕਾਰਣ ਹੈ ਕਿ ਪੁਰਾਣੀਆਂ ਬਜ਼ੁਰਗ ਔਰਤਾਂ ਜੱਚਾ ਦੀ ਕੋਠੜੀ ਵਿਚ ਪ੍ਰਕਾਸ਼ ਤੇ ਹਵਾ, ਦੋਵਾਂ ਨੂੰ ਹੀ, ਨਹੀਂ ਸੀ ਆਉਣ ਦਿੰਦੀਆਂ (ਜਿੱਥੇ ਬਜ਼ੁਰਗ ਔਰਤਾਂ ਦੀ ਚੱਲਦੀ ਹੈ ਅੱਜ ਵੀ ਇਵੇਂ ਹੁੰਦਾ ਹੈ)।

ਇਹ ਗੱਲ ਗ਼ਲਤ ਹੈ ਕਿ ਹਵਾ ਨੇ ਆਦਮ ਨੂੰ ਅੰਨ ਦਾ ਦਾਣਾ ਖੁਆ ਦਿੱਤਾ ਸੀ ਤੇ ਵਿਚਾਰੇ ਇਸ ਅਪਰਾਧ ਕਰਕੇ ਜੱਨਤ ਵਿਚੋਂ ਕੱਢ ਦਿੱਤੇ ਗਏ ਸਨ। ਜੱਨਤ ਦਾ ਉਹ ਰੁੱਖ ਵਾਸਨਾ ਦਾ ਰੁੱਖ ਵੀ ਨਹੀਂ, ਜਿਵੇਂ ਕਿ ਮਾਨਵ ਵਿਗਿਆਨ ਵਾਲੇ ਕਹਿੰਦੇ ਨੇ। ਉਹ ਰੁੱਖ, ਲਾਜ਼ਮੀ ਪ੍ਰਕਾਸ਼ ਦਾ ਰੁੱਖ ਹੋਏਗਾ...ਗ਼ੁਲਾਮੀ, ਧਰਮ ਤੇ ਪ੍ਰਕਾਸ਼ ਦਾ ਪੁਰਾਣਾ ਵੈਰ ਹੈ। ਸੋ ਆਦਮ ਨੂੰ ਜਦੋਂ ਪ੍ਰਕਾਸ਼ (ਚਾਨਣ) ਦਿਖਾਈ ਦਿੱਤਾ...ਅੱਲ੍ਹਾ ਮੀਆਂ ਨੇ ਤੁਰੰਤ ਉਸਨੂੰ ਜੱਨਤ ਵਿਚੋਂ ਕੱਢ ਦਿੱਤਾ।
ਪ੍ਰਕਾਸ਼ ਦਾ ਇਹ ਰੂਪ ਕਈ ਪੁਰਾਣੀਆਂ ਕਹਾਣੀਆਂ ਵਿਚ ਵੀ ਦਿਖਾਈ ਦਿੰਦਾ ਹੈ। ਪੰਡਿਤਾਂ ਤੇ ਨਜੂਮੀਆਂ ਨੇ ਹਿਸਾਬ ਲਾ ਕੇ ਦੱਸਿਆ ਕਿ 'ਉਂਜ ਤਾਂ ਰਾਜਕੁਮਾਰ ਕਿਸਮਤ ਦਾ ਧਨੀ ਹੈ ਪਰ ਚੌਦਾਂ ਸਾਲ ਤੱਕ ਇਸ ਉਪਰ ਚੰਦ ਜਾਂ ਸੂਰਜ ਦਾ ਪ੍ਰਛਾਵਾਂ ਵੀ ਨਹੀਂ ਪੈਣਾ ਚਾਹੀਦਾ।' ਇਕ ਸੁੰਦਰ ਬਗ਼ੀਚਾ ਬਣਵਾਇਆ ਗਿਆ ਜਿਸ ਉੱਤੇ ਇਕ ਮੋਟਾ ਸ਼ਾਮਿਆਨਾ (ਤੰਬੂ) ਤਾਣ ਦਿੱਤਾ ਗਿਆ। ਰਾਜਕੁਮਾਰ ਨੂੰ ਆਪਣੀਆਂ ਨੁਹਾਉਣ-ਧਵਾਉਣ, ਕੱਪੜੇ-ਪਵਾਉਣ ਤੇ ਖਵਾਉਣ-ਪਿਆਉਣ ਵਾਲੀਆਂ ਕੁਹਾਰੀਆਂ, ਦਾਸੀਆਂ ਤੇ ਖਵਾਸੀਆਂ...ਭਾਵ ਇਹ ਕਿ ਮਹਿਲ ਦੇ ਪੂਰੇ ਐਸ਼-ਆਰਾਮ ਸਮੇਤ ਉਸ ਬਗ਼ੀਚੇ ਵਿਚ ਭੇਜ ਦਿੱਤਾ ਗਿਆ। ਇਕ ਦਿਨ (ਜਦੋਂ ਚੌਦਵਾਂ ਸਾਲ ਪੂਰਾ ਹੋਣ ਵਾਲਾ ਸੀ) ਰਾਜਕੁਮਾਰ ਨੇ ਦੇਖਿਆ ਕਿ ਇਕ ਚਮਕਦਾਰ ਸ਼ੈ ਜ਼ਮੀਨ ਤੱਕ ਉੱਗੀ ਹੋਈ ਹੈ। ਇਹ ਉਲਟਾ-ਰੁੱਖ ਪ੍ਰਕਾਸ਼ ਦਾ ਹੀ ਸੀ। ਪ੍ਰਕਾਸ਼ ਨੇ ਤੰਬੂ ਵਿਚ ਛੇਕ ਕਰ ਦਿੱਤਾ ਸੀ। ਬਸ ਜਿਉਂ ਹੀ ਰਾਜਕੁਮਾਰ ਨੇ ਉਸ ਪ੍ਰਕਾਸ਼ ਨੂੰ ਦੇਖਿਆ, ਤਿਉਂ ਹੀ ਮੁਸੀਬਤਾਂ ਸ਼ੁਰੂ ਹੋ ਗਈਆਂ। ਨੇਚਰ, ਸੁਪਰ-ਨੇਚੁਰਲ ਬਣ ਕੇ ਆਈ ਤੇ ਅਣ-ਨੇਚੁਰਲ ਵਾਤਾਵਰਨ ਵਿਚ ਪਲਨ ਵਾਲੇ ਬੱਚੇ ਨੂੰ ਪ੍ਰਕ੍ਰਿਤੀ ਨਾਲ ਟੱਕਰ ਲੈਣੀ ਪਈ। ਨਤੀਜਾ ਇਹ ਕਿ ਅੰਤ ਵਿਚ ਨੇਚਰ ਨੇ ਨੇਚਰ ਨੂੰ ਪਛਾਣ ਲਿਆ। ਬੜੀਆਂ ਮੁਸੀਬਤਾਂ ਆਈਆਂ ਪਰ ਰਾਜਕੁਮਾਰ ਨੇ ਪ੍ਰਕਾਸ਼ ਦਾ ਪੱਲਾ ਨਹੀਂ ਛੱਡਿਆ। ਅੰਤ ਵਿਚ ਰਾਜਕੁਮਾਰ ਦਾ ਉਸਦੀ ਪ੍ਰੇਮਿਕਾ ਨਾਲ ਵਿਆਹ ਹੋ ਗਿਆ। ਕਹਾਣੀ ਸਮਾਪਤ ਹੋ ਗਈ। ਹੋ ਸਕਦਾ ਹੈ ਕਿ ਬਾਬਾ ਆਦਮ ਦੀ ਕਹਾਣੀ ਵੀ ਇੰਜ ਹੀ ਹੋਏ। ਜੱਨਤ ਉੱਪਰ ਤਣੇ ਹੋਏ ਤੰਬੂ ਵਿਚ ਛੇਕ ਹੋ ਗਿਆ ਹੋਏ...ਬੁੱਢਾ ਬਾਦਸ਼ਾਹ ਰਾਜਕੁਮਾਰ ਦੀ ਉਡੀਕ ਕਰ ਰਿਹਾ ਹੈ, ਕਿਉਂਕਿ ਕਹਾਣੀ ਅਜੇ ਸਮਾਪਤ ਨਹੀਂ ਹੋਈ। ਅਜੇ ਤਾਂ ਰਾਜਕੁਮਾਰ ਡਾਕਟਰ ਵਾਰਡ ਤੇ ਹਾਈਡਰੋਜਨ ਬੰਬ; ਕਾਲੇ-ਗੋਰੇ ਤੇ ਹਿੰਦੂ-ਮੁਸਲਮਾਨ-ਦੰਗਿਆਂ ਦੇ ਜੰਗਲ ਵਿਚ ਰਸਤਾ ਲੱਭ ਰਿਹਾ ਹੈ।

ਪਰ ਆਪਣਾ ਬਲਭਦਰ ਨਾਰਾਇਣ ਸ਼ੁਕਲਾ, ਨਾ ਤਾਂ ਆਦਮ ਸੀ ਤੇ ਨਾ ਹੀ ਰਾਜਕੁਮਾਰ। ਇਸ ਲਈ ਉਸਨੂੰ ਨਾ ਸ਼ੈਤਾਨ ਦਾ ਡਰ ਸੀ ਤੇ ਨਾ ਹੀ ਪੰਡਿਤਾਂ-ਨਜੂਮੀਆਂ ਦਾ। ਉਹ ਤਾਂ ਸਿਰਫ ਪੰਡਿਤ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਦਾ ਦੂਜਾ-ਪੁੱਤਰ ਸੀ। ਏਸੇ 'ਸਿਰਫ' ਵਿਚ ਟੋਪੀ ਦੇ ਪੂਰੇ ਜੀਵਨ ਦਾ ਦੁਖਾਂਤ ਛੁਪਿਆ ਹੋਇਆ ਸੀ। ਸੱਚ ਪੁੱਛੋ ਤਾਂ ਇਹ ਕਹਾਣੀ ਵੀ ਏਸੇ 'ਸਿਰਫ' ਦੀ ਕਹਾਣੀ ਹੈ।
ਡਾਕਟਰ ਪੰਡਿਤ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਆਪਣੇ ਆਂਢ-ਗੁਆਂਢ ਤੇ ਜਾਣਕਾਰਾਂ ਵਿਚ ਬੜੇ ਭਲੇਮਾਨਸ ਆਦਮੀ ਮੰਨੇ ਜਾਂਦੇ ਸਨ। ਬੜੇ ਧਾਰਮਿਕ ਸਨ...ਕਦੀ-ਕਦਾਰ ਮੰਦਰ ਜਾਂਦੇ ਸਨ; ਕਦੀ ਪਾਠ-ਪੂਜਾ ਵੀ ਕਰ-ਕਰਾ ਲੈਂਦੇ ਸਨ, ਵੈਸੇ ਸ਼ਹਿਰ ਵਿਚ ਉਹਨਾਂ ਇਕ ਬੜਾ ਹੀ ਸੁੰਦਰ ਮੰਦਰ ਵੀ ਬਣਵਾਇਆ ਸੀ। ਉਹਨਾਂ ਨੂੰ ਸਿਰਫ ਇਕੋ ਸ਼ੌਕ ਸੀ...ਚੋਣ ਲੜਨ ਦਾ। ਹਮੇਸ਼ਾ ਹਾਰੇ, ਪਰ ਹਿੰਮਤ ਕਦੀ ਨਹੀਂ ਹਾਰੀ...ਤੇ ਹਰ ਇਲੈਕਸ਼ਨ ਵਿਚ ਖੜ੍ਹੇ ਹੁੰਦੇ ਰਹੇ। ਪਹਿਲਾਂ ਕਾਂਗਰਸ ਦੀ ਟਿਕਟ ਉੱਪਰ ਲੜੇ, ਹਾਰ ਗਏ। ਆਜ਼ਾਦ ਖੜ੍ਹੇ ਹੋਏ, ਹਾਰ ਗਏ। ਫੇਰ ਜਨਸੰਘ ਦੀ ਟਿਕਟ ਉੱਪਰ ਲੜੇ, ਹਾਰ ਗਏ। ਪਾਰਲੀਮੈਂਟ ਤੋਂ ਮਿਊਂਸਪਲਟੀ ਤੀਕ ਦੀਆਂ ਸਾਰੀਆਂ ਚੋਣਾ ਲੜੇ, ਤੇ ਹਾਰਦੇ ਰਹੇ; ਅਜਿਹੇ ਹਾਰਨ ਵਾਲੇ ਬੰਦੇ ਕਿੱਥੇ ਮਿਲਦੇ ਨੇ ਭਲਾਂ!
ਡਾਕਟਰ ਸਾਹਬ ਫ਼ਾਰਸੀ ਦੇ ਰਸੀਆ ਤੇ ਮਸਨਵੀ ਮੌਲਾਨਾ ਰੂਮ ਦੇ ਦੀਵਾਨੇ ਸਨ। ਅਕਸਰ 'ਉਰਫ਼' ਤੇ 'ਬੇਦਿਲ' ਦੇ ਸ਼ੇਅਰ ਗੁਣਗੁਣਾਉਂਦੇ ਰਹਿੰਦੇ ਸਨ। ਖ਼ੂਬ ਘੋਟਵੀਂ ਉਰਦੂ ਬੋਲਦੇ ਸਨ ਤੇ ਉਰਦੂ ਦੇ ਕੱਟੜ ਵਿਰੋਧੀ ਵੀ ਸਨ। 'ਇੰਸ਼ਾ ਅੱਲ੍ਹਾ', 'ਮਾਸ਼ਾ ਅੱਲ੍ਹਾ' ਤੇ 'ਸੁਬਹਾਨ ਅੱਲ੍ਹਾ' ਤੋਂ ਜ਼ਰਾ ਵੀ ਦੂਰ ਹੋ ਕੇ ਗੱਲ ਨਹੀਂ ਸੀ ਕਰਦੇ ਹੁੰਦੇ, ਪਰ ਮੁਸਲਮਾਨਾ ਨੂੰ ਨਫ਼ਰਤ ਕਰਦੇ ਸਨ–ਇਸ ਕਰਕੇ ਨਹੀਂ ਕਿ ਉਹਨਾਂ ਭਾਰਤ ਦੀ ਪ੍ਰਾਚੀਨ ਸਭਿਅਤਾ ਨੂੰ ਨਸ਼ਟ ਕੀਤਾ ਹੈ ਜਾਂ ਪਾਕਿਸਤਾਨ ਬਣਾ ਲਿਆ ਹੈ, ਬਲਕਿ ਇਸ ਕਰਕੇ ਕਿ ਉਹਨਾਂ ਦਾ ਮੁਕਾਬਲਾ ਡਾਕਟਰ ਸ਼ੇਖ ਸ਼ਰਫ਼ੂਦੀਨ ਲਾਲ ਤੇਲ ਵਾਲੇ ਨਾਲ ਸੀ। ਇਹ ਡਾਕਟਰ ਸ਼ੇਖ ਸ਼ਰਫ਼ੂਦੀਨ ਉਹਨਾਂ ਕੋਲ ਕੰਪਾਊਡਰ ਲੱਗਿਆ ਹੁੰਦਾ ਸੀ ਤੇ ਉਹਨਾਂ ਦੇ ਨਿਆਣੇ ਉਸਨੂੰ ਸਰਫੂ ਚਾਚਾ ਕਹਿੰਦੇ ਹੁੰਦੇ ਸਨ। ਸ਼ਰਫ਼ੂਦੀਨ ਨੇ ਹਰਕਤ ਇਹ ਕੀਤੀ ਕਿ ਨੀਲੇ ਤੇਲ ਦਾ ਰੰਗ ਬਦਲ ਦਿੱਤਾ। ਬਸ ਤੇਲ ਦਾ ਰੰਗ ਬਦਲ ਕੇ ਉਹ ਡਾਕਟਰ ਬਣ ਗਿਆ ਤੇ ਭੋਲੀ-ਭਾਲੀ ਜਨਤਾ ਨੂੰ ਦੋਵੇਂ ਹੱਥੀਂ ਲੁੱਟਣ ਲੱਗ ਪਿਆ। ਰੰਗ ਬਦਲਣ ਨਾਲ ਆਦਮੀ ਕੀ ਤੋਂ ਕੀ ਬਣ ਜਾਂਦਾ ਹੈ? ਟੋਪੀ ਉਹੀ ਹੁੰਦੀ ਹੈ¸ ਜੇ ਚਿੱਟੀ ਹੋਵੇ ਤਾਂ ਆਦਮੀ ਕਾਂਗਰਸੀ ਦਿਖਾਈ ਦਿੰਦਾ ਹੈ; ਲਾਲ ਹੋਵੇ ਤਾਂ ਪਰਜਾ ਸੋਸ਼ਲਿਸਟ ਤੇ ਕੇਸਰੀ ਹੋਵੇ ਤਾਂ ਜਨਸੰਘੀ!
ਫੇਰ ਵੀ ਡਾਕਟਰ ਭਿਰਗੂ ਨਾਰਾਇਣ ਦਾ ਕਾਰੋਬਾਰ ਜ਼ੋਰਾਂ ਉੱਤੇ ਸੀ। ਨੀਲਾ ਤੇਲ ਨਸ-ਪੱਠਿਆਂ ਵਿਚ ਜਾਨ ਪਾਉਂਦਾ ਸੀ...ਤੇ ਅੱਜ ਕੱਲ੍ਹ ਦੇ ਨੌਜਵਾਨਾ ਨੂੰ ਨਸ-ਪੱਠਿਆਂ ਦੀ ਕਮਜ਼ੋਰੀ ਦੀ ਬੀਮਾਰੀ ਹੀ ਵਧੇਰੇ ਹੁੰਦੀ ਹੈ। ਨੀਲਾ ਤੇਲ ਲਿੱਸੜ-ਢਿੱਲੜ ਪੱਠਿਆਂ ਨੂੰ ਲੋਹੇ ਵਾਂਗ ਸਖ਼ਤ ਬਣਾ ਦਿੰਦਾ ਸੀ। (ਹਾਲਾਂਕਿ ਲਾਲ ਤੇਲ ਵੀ ਇਹੋ ਕੰਮ ਕਰਦਾ ਸੀ!) ਇਸੇ ਲਈ ਡਾਕਟਰ ਭਿਰਗੂ ਨਾਰਾਇਣ ਦੇ ਘਰ ਅੱਲ੍ਹਾ ਦੇ ਫ਼ਜ਼ਲ ਜਾਂ ਪ੍ਰਮਾਤਮਾਂ ਦੀ ਦਯਾ ਨਾਲ ਇਕ ਪਤਨੀ, ਚਾਰ ਨੌਕਰਾਣੀਆਂ, ਦੋ ਨੌਕਰ, ਇਕ ਮੱਝ, ਦੋ ਅਲਸੇਸ਼ੀਆਂ ਕੁੱਤੇ, ਇਕ ਮੋਟਰ ਤੇ ਤਿੰਨ ਪੁੱਤਰ ਸਨ।
ਪਰ ਸ਼੍ਰੀਮਾਨ ਭਿਰਗੂ ਨਾਰਾਇਣ ਜੀ ਇਸ ਕਹਾਣੀ ਦੇ ਹੀਰੋ ਨਹੀਂ। ਡਾਕਟਰ ਸਾਹਬ ਨਾਲ ਜਾਣ-ਪਛਾਣ ਤਾਂ ਮੈਂ ਇਸ ਕਰਕੇ ਕਰਵਾ ਰਿਹਾ ਹਾਂ ਕਿ ਉਹਨਾਂ ਨੂੰ ਜਾਣੇ ਬਿਨਾਂ ਪੰਡਿਤ ਬਲਭਦਰ ਨਾਰਾਇਣ ਟੋਪੀ ਸ਼ੁਕਲਾ ਦੇ ਵਿਅਕਤੀਤੱਵ ਨੂੰ ਸਮਝਣਾ ਜ਼ਰਾ ਔਖਾ ਹੋ ਜਾਵੇਗਾ।
ਟੋਪੀ ਦੀ ਮਾਂ ਰਾਮਦੁਲਾਰੀ ਇਕ ਸਿੱਧੀ-ਸਾਦੀ ਧਾਰਮਿਕ ਟਾਈਪ ਦੀ ਘਰੇਲੂ ਜ਼ਨਾਨੀ ਸੀ। ਵੱਡਾ ਭਰਾ ਮੁਨੇਸ਼ਵਰ ਨਾਰਾਇਣ ਸ਼ੁਕਲਾ ਉਰਫ਼ ਮੁਨੀ ਬਾਬੂ, ਰਾਮਰਾਜ-ਪ੍ਰੀਸ਼ਦ ਵਿਚ ਗਲ਼ੇ-ਗਲ਼ੇ ਤਾਈਂ ਖੁੱਭਿਆ ਹੋਇਆ ਸੀ ਤੇ ਛੋਟੇ ਭਰਾ ਭੈਰਵ ਨਾਰਾਇਣ ਨੂੰ ਕਾਂਗਰਸੀ ਬਣਨ ਦਾ ਸ਼ੌਕ ਸੀ ਕਿਉਂਕਿ ਇਸ ਪੇਸ਼ੇ ਵਿਚ ਉੱਪਰਲੀ ਕਮਾਈ ਨੀਲੇ ਤੇਲ ਨਾਲੋਂ ਕਿਤੇ ਵੱਧ ਸੀ। ਜਦੋਂ ਵੀ ਉਹ ਸੁਣਦਾ ਕਿ ਫਲਾਨੇ ਸੂਬੇ ਦਾ ਮੁੱਖ ਮੰਤਰੀ ਮਰਿਆ ਤਾਂ ਸਵਿਟਜ਼ਰ ਲੈਂਡ ਦੇ ਬੈਂਕ ਵਿਚ ਪੰਜਾਹ ਲੱਖ ਦੀ ਰਕਮ ਛੱਡੀ। ਫਲਾਨੇ ਪ੍ਰਾਂਤ ਦਾ ਮੁੱਖ ਮੰਤਰੀ, ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬੱਸ ਕੰਡਕਟਰ ਹੁੰਦਾ ਸੀ ਤੇ ਹੁਣ, ਦੇਸ਼ ਦੇ ਹਰੇਕ ਵੱਡੇ ਸ਼ਹਿਰ ਵਿਚ ਉਸਦੀਆਂ ਕੋਠੀਆਂ ਨੇ ਤੇ ਉਹ ਕਈ ਮਿੱਲਾਂ ਦਾ ਮਾਲਕ ਵੀ ਹੈ!...ਤਾਂ ਉਸਦੀਆਂ ਅੱਖਾਂ ਲਿਸ਼ਕਣ ਲੱਗ ਪੈਂਦੀਆਂ ਤੇ ਉਹ ਆਪਣੀ ਮਾਂ ਰਾਮਦੁਲਾਰੀ ਦੇ ਗੋਡੇ ਮੁੱਢ ਜਾ ਬੈਠਦਾ ਤੇ ਕਹਿੰਦਾ–
“ਮੈਂ ਤਾਂ ਮੁੱਖ ਮੰਤਰੀ ਬਣਾਗਾ।”
“ਪ੍ਰਭੂ ਦੀ ਲੀਲ੍ਹਾ ਬੜੀ ਅਪਰਮਪਾਰ ਏ ਲੱਲਾ। ਜ਼ਰੂਰ ਬਣੇਗਾ।” ਉਹ ਕਹਿੰਦੀ ਤੇ ਸੁਣ ਕੇ ਭੈਰਵ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਕਿ ਉਹ ਕਿਸੇ ਦਿਨ ਮੁੱਖ ਮੰਤਰੀ ਜ਼ਰੂਰ ਬਣੇਗਾ। ਪਰ ਉਹ ਆਪਦੇ ਪਿਤਾ ਨਾਲ ਆਪਣੇ ਦਿਲ ਦੀ ਗੱਲ ਕਦੀ ਵੀ ਸਾਂਝੀ ਨਹੀਂ ਸੀ ਕਰਦਾ¸ ਪੇਟ-ਘਰੋੜੀ ਦਾ ਜੋ ਸੀ, ਸੋ ਮਾਂ ਦਾ ਲਾਡਲਾ ਸੀ। ਡਾਕਟਰ ਸਾਹਬ ਤਾਂ ਮੁਨੀ ਬਾਬੂ ਉੱਤੇ ਮਿਹਰਬਾਨ ਸਨ ਤੇ ਮੁਨੀ ਬਾਬੂ ਮੁੰਨੀ ਬਾਈ ਉੱਤੇ।
ਮੁਨੀ ਬਾਬੂ ਨੂੰ ਮੁੰਨੀ ਬਾਈ ਦੀ ਇਕ ਗੱਲ ਪਸੰਦ ਆ ਗਈ ਸੀ। ਉਂਜ ਤਾਂ ਸ਼ਹਿਰ ਦੀਆਂ ਸੌ, ਸਵਾ-ਸੌ ਰੰਡੀਆਂ ਵਾਂਗ ਉਹ ਵੀ ਇਕ ਰੰਡੀ ਸੀ, ਪਰ ਉਸਨੇ ਆਪਣੇ ਪੇਸ਼ੇ ਵਿਚ ਵੀ ਧਰਮ ਦਾ ਪੱਲਾ ਨਹੀਂ ਸੀ ਛੱਡਿਆ। ਉਸਨੂੰ ਪਤਾ ਸੀ ਕਿ 'ਇਕ ਦਿਨ ਭਗਵਾਨ ਨੂੰ ਮੂੰਹ ਦਿਖਾਉਣਾ ਪਵੇਗਾ, ਇਸ ਲਈ ਕੋਠੇ ਦੀ ਇਕ ਕੋਠੜੀ ਵਿਚ ਸ਼ਿਵਾਲਾ ਬਣਾ ਲਿਆ ਸੀ। ਰੋਜ਼ ਸਵੇਰੇ ਉੱਠ ਕੇ, ਨਹਾਅ-ਧੋ ਕੇ ਉਹ ਨਟਰਾਜ, ਭੋਲੇ ਸ਼ੰਕਰ ਉਰਫ਼ ਭੂਤਨਾਥ ਦੀ ਪੂਜਾ ਕਰਦੀ ਤੇ ਸ਼ਾਮ ਨੂੰ ਜਦੋਂ ਉਹ ਬੱਤੀ ਸੌ ਹਥਿਆਰ ਸਜਾ ਕੇ ਆਪਣੀ ਦੁਕਾਨ ਖੋਲ੍ਹਦੀ ਤਾਂ ਇਸ ਗੱਲ ਦਾ ਖ਼ਿਆਲ ਰੱਖਦੀ ਕਿ ਗਾਣਾ ਤਾਂ ਭਾਵੇਂ ਕੋਈ ਸੁਣ ਲਏ, ਪਰ ਕੋਈ ਸ਼ੂਦਰ ਜਾਂ ਮਲੈਛ ਰਾਤ ਨਾ ਕੱਟ ਜਾਵੇ। ਉਸਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇਕ ਮੁਸਲਮਾਨ ਨੇ ਉਸਦੀ ਰਸਮ-ਨੱਥ-ਲੁਹਾਈ ਕੀਤੀ ਸੀ।...ਤੇ ਮੁਨੀ ਬਾਬੂ ਇਹਨਾਂ ਗੱਲਾਂ ਉੱਤੇ ਹੀ ਜਾਨ ਦਿੰਦੇ ਸਨ। ਉਹ ਮੁੰਨੀ ਬਾਈ ਨਾਲੋਂ ਦਸ ਸਾਲ ਛੋਟੇ ਸਨ¸ ਪਰ ਪਰੇਮ ਵਿਚ ਉਮਰ ਕਦੋਂ ਦੇਖੀ ਜਾਂਦੀ ਹੈ!
ਇਹੀ ਕਾਰਨ ਹੈ ਕਿ ਜਦੋਂ ਮੁਨੀ ਬਾਬੂ ਦੇ ਰਿਸ਼ਤੇ ਦੀ ਗੱਲ ਤੁਰੀ ਤਾਂ ਉਹਨਾਂ ਦਾ ਮੂੰਹ ਲੱਥ ਗਿਆ।...ਤੇ ਨਾ ਸਿਰਫ਼ ਮੂੰਹ ਲੱਥ ਗਿਆ, ਬਲਕਿ ਉਹਨਾਂ ਵਿਆਹ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਡਾਕਟਰ ਸਾਹਬ ਬੜੇ ਪ੍ਰੇਸ਼ਾਨ ਹੋਏ ਕਿਉਂਕਿ ਕੁੜੀ ਵਾਲੇ ਬੜੀ 'ਤਕੜੀ-ਅਸਾਮੀ' ਸਨ। ਇਕ ਲੱਖ ਰੁਪਏ, ਇਕ ਮੋਟਰ, ਪੰਜ ਸੇਰ ਸੋਨਾ, ਤਿੰਨ ਸੇਰ ਚਾਂਦੀ...ਡਾਕਟਰ ਸਾਹਬ ਨੇ ਨਫ਼ੇ ਨੁਕਸਾਨ ਉੱਤੇ ਵਿਚਾਰ ਕੀਤਾ ਤੇ ਮੁਨੀ ਬਾਬੂ ਨੂੰ ਸਮਝਾਉਣ ਦਾ ਫ਼ੈਸਲਾ ਕਰ ਲਿਆ। ਪਰ ਮੁਨੀ ਬਾਬੂ ਨੂੰ ਮੁੰਨੀ ਬਾਈ ਤੋਂ ਬਿਨਾਂ ਹੋਰ ਕੌਣ ਸਮਝਾ ਸਕਦਾ ਸੀ! ਪੰਜ ਹਜ਼ਾਰ ਲੈ ਕੇ ਮੁੰਨੀ ਬਾਈ ਸਮਝਾਉਣ ਲਈ ਤਿਆਰ ਹੋ ਗਈ। ਉਹ ਸਾਲ ਭਰ ਲਈ ਬੰਬਈ ਚਲੀ ਗਈ। ਡਾਕਟਰ ਸਾਹਬ ਨੇ ਉਸਨੂੰ ਆਪਣੇ ਇਕ ਮਰੀਜ਼ ਦੇ ਨਾਂ ਇਕ ਖ਼ਤ ਵੀ ਦਿੱਤਾ (ਉਹਨਾਂ ਦਾ ਉਹ ਮਰੀਜ਼ ਫ਼ਿਲਮ ਲਾਈਨ ਵਿਚ ਹੀਰੋ ਬਣ ਚੁੱਕਿਆ ਸੀ)। ...ਤੇ ਜਦੋਂ ਮੁੰਨੀ ਬਾਈ ਕੁਝ ਦੱਸੇ-ਪੁੱਛੇ ਬਿਨਾਂ, ਇੰਜ ਗਾਇਬ ਹੋ ਗਈ ਤਾਂ ਮੁਨੀ ਬਾਬੂ ਨੂੰ ਡਾਕਟਰ ਸਾਹਬ ਦੀ ਗੱਲ ਮੰਨ ਲੈਣੀ ਪਈ।
ਪੰਡਿਤ ਸੁਧਾਕਰ ਲਾਲ ਦੀ ਇਕਲੌਤੀ ਧੀ ਲਾਜਵੰਤੀ ਨਾਲ ਮੁਨੀ ਬਾਬੂ ਦਾ ਵਿਆਹ ਹੋ ਗਿਆ।
ਲਾਜਵੰਤੀ ਬੜੀ ਚੰਗੀ ਕੁੜੀ ਸੀ¸ ਬਸ ਇਕ ਅੱਖ ਜ਼ਰਾ ਖ਼ਰਾਬ ਸੀ; ਖੱਬਾ ਪੈਰ ਰਤਾ ਘੜੀਸ ਕੇ ਤੁਰਦੀ ਸੀ; ਰੰਗ ਜ਼ਰਾ ਪੱਕਾ ਸੀ ਤੇ ਮੂੰਹ ਉੱਤੇ ਮਾਤਾ ਦੇ ਦਾਗ਼ ਸਨ। ਪਰ ਇਹਨਾਂ ਗੱਲਾਂ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ, ਖ਼ਾਨਦਾਨੀ ਲੋਕਾਂ ਵਿਚ ਨੂੰਹਾਂ-ਧੀਆਂ ਦੀ ਸ਼ਕਲ ਕਦੋਂ ਦੇਖੀ ਜਾਂਦੀ ਹੈ? ਸ਼ਕਲਾਂ ਤਾਂ ਰੰਡੀਆਂ ਦੀਆਂ ਦੇਖੀਆਂ ਜਾਂਦੀਆਂ ਨੇ। ਘਰਵਾਲੀ ਦਾ ਸੁਭਾਅ ਤੇ ਖ਼ਾਨਦਾਨ ਦੇਖਿਆ ਜਾਂਦਾ ਹੈ। ਲਾਜਵੰਤੀ ਸੀਰਤ ਤੇ ਖ਼ਾਨਦਾਨੀ ਦੋਵਾਂ ਪੱਖਾਂ ਤੋਂ ਚੰਗੀ ਸੀ¸ ਯਾਨੀ, ਉਹ ਪੰਡਿਤ ਸੁਧਾਕਰ ਲਾਲ ਦੀ ਇਕਲੌਤੀ ਧੀ ਸੀ। ਪੰਡਿਤ ਜੀ ਸ਼ਹਿਰ ਦੇ ਸਭ ਤੋਂ ਵੱਡੇ ਵਕੀਲ ਸਨ। ਦਸ ਬਾਰਾਂ ਹਜ਼ਾਰ ਦੀ ਆਮਦਨ ਸੀ। ਵੱਡੀ ਜ਼ਿਮੀਂਦਾਰੀ ਸੀ। ਕਈ ਫੈਕਟਰੀਆਂ ਕਾਰਖ਼ਾਨਿਆਂ ਵਿਚ ਹਿੱਸੇਦਾਰੀ ਸੀ। ਉਹਨਾਂ ਦੇ ਪਿਤਾ ਨੇ ਬੜੇ ਠਾਠ ਨਾਲ ਠਾਣੇਦਾਰੀ ਕੀਤੀ ਸੀ ਤੇ ਦਾਦੇ ਨੇ ਉਸ ਤੋਂ ਵਧੇਰੇ ਠੁੱਕ ਨਾਲ ਤਹਿਸੀਲਦਾਰੀ। ਕਹਿੰਦੇ ਨੇ, ਪੰਡਿਤ ਜੀ ਦੇ ਘਰ ਨੋਟਾਂ ਨੂੰ ਵੀ ਅਨਾਜ ਵਾਂਗ ਧੁੱਪ ਲੁਆਈ ਜਾਂਦੀ ਸੀ। ਪਿਓ-ਦਾਦੇ ਨੇ ਡੇਢ ਸੌ ਦੁਕਾਨਾਂ ਤੇ ਪੰਜ ਹਵੇਲੀਆਂ ਦੇ ਇਲਾਵਾ ਸਤਾਰਾਂ ਲੱਖ ਦਾ ਬੈਂਕ ਬੈਲੇਂਸ ਛੱਡਿਆ ਸੀ। ਪਰ ਲਾਜਵੰਤੀ ਕੋਈ ਵਿਗੜਿਆ ਹੋਇਆ ਮੁਕੱਦਮਾ ਤਾਂ ਹੈ ਨਹੀਂ ਸੀ, ਜਿਹੜਾ ਵਕੀਲ ਸਾਹਬ ਸੰਭਾਲ ਲੈਂਦੇ। ਉਹ ਤਾਂ ਇਕ ਵਿਗੜੀ ਹੋਈ ਸ਼ਕਲ ਸੀ। ਬਰਾਬਰ ਵਾਲਿਆਂ ਵਿਚ ਕੋਈ ਵਰ ਨਹੀਂ ਮਿਲਿਆ। ਹੇਠਲੇ ਲੋਕਾਂ ਨੇ ਵੀ ਲਕਸ਼ਮੀ ਦੀ ਭੱਦੀ ਮੂਰਤੀ ਉੱਤੇ ਪੁੱਤਰ ਦੀ ਬਲੀ ਦੇਣੀ ਸਵੀਕਾਰ ਨਾ ਕੀਤੀ। ਬਸ, ਇਕ ਪੰਡਿਤ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਅਜਿਹੇ ਮਿਲੇ ਜਿਹਨਾਂ ਕਿਹਾ ਕਿ ਲਕਸ਼ਮੀ, ਲਕਸ਼ਮੀ ਹੁੰਦੀ ਹੈ।
ਮੁਨੀ ਬਾਬੂ ਤੇ ਲਾਜਵੰਤੀ ਦੀ ਕਹਾਣੀ ਵੀ ਟੋਪੀ ਸ਼ੁਕਲਾ ਦੀ ਕਹਾਣੀ ਦਾ ਅੰਗ ਨਹੀਂ...ਅਸਲ ਵਿਚ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਸਾਰੇ ਲੋਕਾਂ ਨੂੰ ਦੇਖ ਲਓ, ਜਿਹਨਾਂ ਨੇ ਟੋਪੀ ਨੂੰ ਹਰ ਪਾਸਿਓਂ ਜਕੜਿਆ ਹੋਇਆ ਹੈ।
ਪਰ ਮੈਂ ਇਹ ਦੇਖ ਰਿਹਾ ਹਾਂ ਕਿ ਗੱਲਬਾਤ ਦੀ ਤਾਣੀ ਕੁਝ ਉਲਝਦੀ ਜਾ ਰਹੀ ਹੈ। ਇਹ ਲਾਜਵੰਤੀ ਤੇ ਮੁਨੀ ਬਾਬੂ ਦੇ ਵਿਆਹ ਦੀ ਗੱਲ ਬਿਨਾਂ ਗੱਲੋਂ ਛਿੜ ਪਈ...ਅਜੇ ਤਾਂ ਬਰਸਾਤ ਦੀ ਕਾਲੀ ਹਨੇਰੀ ਰਾਤ ਵਿਚ ਉਹ ਬੱਚਾ ਪੈਦਾ ਹੋਇਆ ਹੈ ਜਿਹੜਾ ਅੱਗੇ ਚੱਲ ਕੇ ਪਡਿੰਤ ਬਲਭਦਰ ਨਾਰਾਇਣ ਟੋਪੀ ਸ਼ੁਕਲਾ ਤੇ ਉਸ ਤੋਂ ਵੀ ਅੱਗੇ ਜਾ ਕੇ ਟੋਪੀ ਸ਼ੁਕਲਾ ਬਣਨ ਵਾਲਾ ਹੈ।
ਟੋਪੀ ਸ਼ੁਕਲਾ ਦੀ ਸ਼ਕਲ ਭੱਦੀ ਸੀ, ਪਰ ਸੀ ਉਹ ਬੜਾ ਸ਼ਰਮੀਲਾ...ਨੰਗਾ ਪੈਦਾ ਨਹੀਂ ਸੀ ਹੋਇਆ¸ ਸਿਰ ਦੇ ਵਾਲ, ਸਾਰੇ ਪਿੰਡੇ ਉੱਤੇ ਉੱਗਾ ਕੇ ਪੈਦਾ ਹੋਇਆ ਸੀ। ਨਤੀਜਾ ਇਹ ਹੋਇਆ ਕਿ ਸਵੇਰੇ ਜਦੋਂ ਚਮਾਰਿਨ ਆਈ ਤੇ ਰਾਮਦੁਲਾਰੀ ਨੂੰ ਨੱਪ-ਘੁੱਟ ਕੇ ਆਪਣੇ ਘਰ ਵਾਪਸ ਗਈ ਤਾਂ ਉਸਨੇ ਆਪਣੇ ਪਤੀ ਨੂੰ ਕਿਹਾ¸
“ਦਾਗਦਰ ਸਾਹਿਬ ਕੇ ਘਰ ਮਾ ਬਨਮਾਨੁਸ ਪਾਇਦਾ ਹੋਈ ਬਾਯ।”
ਟੋਪੀ ਦਾ ਸਾਰਾ ਨਾਨਕਾ-ਦਾਦਕਾ ਛਾਣ ਮਰਿਆ ਗਿਆ ਕਿ ਪਤਾ ਤਾਂ ਲੱਗੇ ਬਈ ਇਹ ਬੱਚਾ ਕਿਸ ਉੱਤੇ ਗਿਆ ਹੈ! ਪਰ ਦੂਰ-ਦੂਰ ਤੀਕ ਇਸ ਰਵੇ ਦਾ ਕੋਈ ਵੀ ਦਿਖਾਈ ਨਹੀਂ ਸੀ ਦਿੱਤਾ। ਫੇਰ ਕੀ ਸੀ! ਸੱਸ ਦੀ ਜ਼ਬਾਨ ਚੱਲ ਪਈ। ਵਿਚਾਰੀ ਰਾਮਦੁਲਾਰੀ ਹੈਰਾਨ ਸੀ ਕਿ ਇਸ ਬੱਚੇ ਨੂੰ ਜਨਮ ਦੇ ਕੇ ਉਹ ਕਿਸ ਮੁਸੀਬਤ ਵਿਚ ਫਸ ਗਈ ਹੈ! ਉਹ ਤਾਂ ਚੰਗਾ ਇਹ ਸੀ ਕਿ ਜਦੋਂ ਉਸਦੀ ਸੱਸ ਨੂੰ ਗੁੱਸਾ ਆਉਂਦਾ ਸੀ, ਉਹ ਨਿਰੋਲ ਫ਼ਾਰਸੀ ਬੋਲਣ ਲੱਗ ਪੈਂਦੀ ਸੀ ਤੇ ਰਾਮਦੁਲਾਰੀ ਦੇ ਪੱਲੇ ਹੀ ਨਹੀਂ ਸੀ ਪੈਂਦਾ ਕਿ ਸੱਸ ਕੀ ਰਹੀ ਹੈ।
ਸੁਭਦਰਾ ਦੇਵੀ ਯਾਨੀ ਡਾਕਟਰ ਭਿਰਗੂ ਨਾਰਾਇਣ ਸ਼ੁਕਲਾ ਦੀ ਮਾਂ ਫ਼ਾਰਸੀ ਦੀ ਰਸੀਆ ਤੇ ਹਿੰਦੀ ਦੀ ਦੁਸ਼ਮਣ ਸੀ। ਯਾਨੀ ਨੀਲੇ ਤੇਲ ਵਾਲੇ ਡਾਕਟਰ ਦਾ ਨਾਨਾ ਪੰਡਿਤ ਬਾਲ ਮੁਕੰਦ ਫ਼ਾਰਸੀ-ਅਰਬੀ ਵਿਚ ਸਕਾਲਰ ਤੇ ਉਰਦੂ-ਫ਼ਾਰਸੀ ਦਾ ਕਵੀ ਸੀ। ਸੁਭਦਰਾ ਵੀ ਇਕੋ ਇਕ ਧੀ ਸੀ। ਇਸ ਲਈ ਉਹਨਾਂ ਉਸਨੂੰ ਰੱਜ ਕੇ ਫ਼ਾਰਸੀ ਪੜ੍ਹਾਈ। ਸੁਭਦਰਾ, ਚੋਰੀ-ਛਿੱਪੇ, ਫ਼ਾਰਸੀ ਵਿਚ ਸ਼ਿਅਰ ਵੀ ਕਹਿਣ ਲੱਗ ਪਈ ਸੀ। ਜਿਸ ਘਰ ਵਿਚ ਵਿਆਹੀ ਆਈ ਸੀ ਉਸ ਵਿਚ ਵੀ ਫ਼ਾਰਸੀ ਦਾ ਵਾਤਾਵਰਨ ਸੀ। ਡਾਕਟਰ ਭਿਰਗੂ ਦੇ ਪਿਤਾ ਖ਼ੁਦ ਉਰਦੂ, ਫ਼ਾਰਸੀ ਦੇ ਆਸ਼ਕ ਸਨ। ਸੁਭਦਰਾ ਜਦੋਂ ਘਰ ਦੇ ਨੌਕਰਾਂ-ਚਾਕਰਾਂ ਤੋਂ ਓਹਲਾ ਰੱਖ ਕੇ ਕੋਈ ਗੱਲ ਕਰਨੀ ਚਾਹੁੰਦੀ ਤਾਂ ਪਤੀ ਨਾਲ ਫ਼ਾਰਸੀ ਬੋਲਣ ਲੱਗ ਪੈਂਦੀ। ਉਹਨਾਂ, ਪਤੀ ਤੇ ਪਤਨੀ, ਦੋਵਾਂ ਦੇ ਵਿਚਾਰ ਅਨੁਸਾਰ ਹਿੰਦੀ ਗੰਵਾਰ ਲੋਕਾਂ ਦੀ ਭਾਸ਼ਾ ਸੀ।
ਵਿਚਾਰੀ ਰਾਮਦੁਲਾਰੀ ਤਾਂ ਆਪਣੇ ਸਹੁਰੇ ਘਰ ਦੀ ਘਰੇਲੂ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਸੀ ਸਮਝ ਸਕਦੀ। ਉਸਦੇ ਪੇਕੇ ਘਰ ਵਿੱਦਿਆ ਦੀ ਪ੍ਰੰਪਰਾ ਕੁਝ ਹੋਰ ਸੀ, ਪਰ ਉਹ ਏਨਾ ਜ਼ਰੂਰ ਸਮਝ ਗਈ ਸੀ ਕਿ ਸੱਸ ਪੋਤੇ ਦੀ ਪੈਦਾਇਸ਼ ਉੱਤੇ ਖ਼ੁਸ਼ ਨਹੀਂ ਹੈ।
ਉਸਨੇ ਡਰਦਿਆਂ-ਡਰਦਿਆਂ ਬੱਚੇ ਵੱਲ ਦੇਖਿਆ। ਉਹ ਹੁਣ ਵੀ ਓਨਾਂ ਹੀ ਬਦਸੂਰਤ ਸੀ ਤੇ ਆਪਣੀਆਂ ਬੇਹੱਦ ਬਲੈਕ ਐਂਡ ਵਾਈਟ ਅੱਖਾਂ ਨਾਲ ਛੱਤ ਵੱਲ ਦੇਖ ਰਿਹਾ ਸੀ।
ਰਾਮਦੁਲਾਰੀ ਦਾ ਕਲੇਜਾ ਸੱਸ ਦੀਆਂ ਗੱਲਾਂ ਨੇ ਛਲਨੀ ਕਰ ਦਿੱਤਾ। ਉਸਦਾ ਦਿਲ ਖੱਟਾ ਪੈ ਗਿਆ ਤੇ ਸ਼ਾਇਦ ਇਸੇ ਖਟਾਸ ਸਦਕਾ ਉਸਦਾ ਦੁੱਧ ਫੁੱਟ ਜਾਂ ਕਹੋ ਸੁੱਕ ਗਿਆ। ਦੁੱਧ ਫੁੱਟ ਗਿਆ ਸੀ ਜਾਂ ਸੁੱਕ ਗਿਆ ਸੀ, ਬਸ ਉਤਰਿਆ ਨਹੀਂ ਸੀ। ਉਸਨੂੰ ਤਰ੍ਹਾਂ-ਤਰ੍ਹਾਂ ਦੇ ਹਰੀਰੇ ਪਿਆਏ ਗਏ, ਭਾਂਤ-ਭਾਂਤ ਦੇ ਹਲਵੇ ਤੇ ਲੱਡੂ ਖੁਆਏ ਗਏ। ਸੈਂਕੜੇ ਟੂਨੇ-ਟੋਟਕੇ ਕੀਤੇ ਗਏ। ਪੀਰਾਂ ਫਕੀਰਾਂ ਦੀਆਂ ਖ਼ੁਸ਼ਾਮਦਾਂ ਕੀਤੀਆਂ ਗਈਆਂ। ਅਘੋਰੀਆਂ ਦੀਆਂ ਗਾਲ੍ਹਾਂ ਖਾਧੀਆਂ ਗਈਆਂ। ਸਾਧਾਂ-ਸੰਤਾਂ ਦੇ ਪੈਰ ਫੜ੍ਹੇ ਗਏ...ਪਰ ਦੁੱਧ ਨਹੀਂ ਉਤਰਿਆ।
ਉੱਧਰ ਟੋਪੀ ਸ਼ੁਕਲਾ ਦੀ ਬਦਸੂਰਤੀ ਨੇ ਮੁਨੀ ਬਾਬੂ ਦੀ ਕਦਰ ਹੋਰ ਵੀ ਵਧਾ ਦਿੱਤੀ। ਜਿਹੜੀ ਚੀਜ਼ ਆਉਂਦੀ, ਪਹਿਲਾਂ ਮੁਨੀ ਬਾਬੂ ਨੂੰ ਮਿਲਦੀ। ਨਵੇਂ ਕੱਪੜੇ ਮੁਨੀ ਬਾਬੂ ਲਈ ਬਣਵਾਏ ਜਾਂਦੇ ਤੇ ਟੋਪੀ ਨੂੰ ਉਸਦਾ ਲੱਥੜ ਪਾਉਣਾ ਪੈਂਦਾ। ਸੁਭਦਰਾ ਤਾਂ ਉਸਨੂੰ ਆਪਣੇ ਕੋਲ ਵੀ ਨਹੀਂ ਸੀ ਫੜਕਣ ਦੇਂਦੀ। ਸ਼ਾਇਦ ਉਹ ਡਰਦੀ ਸੀ ਕਿ ਜੇ ਕਿਤੇ ਟੋਪੀ ਉਸ ਨਾਲ ਛੁਹ ਗਿਆ ਤਾਂ ਉਸਦੇ ਚੰਪਈ ਰੰਗ ਉੱਤੇ ਦਾਗ਼ ਹੀ ਨਾ ਪੈ ਜਾਣ। ਮੁਨੀ ਬਾਬੂ ਨੂੰ ਜਦ ਵੀ ਦੇਖੋ, ਦਾਦੀ ਦੀ ਕੁੱਛੜ ਚੜ੍ਹੇ ਹੁੰਦੇ। ਦਾਦੀ ਉਸਨੂੰ 'ਗੁਲਿਸਤਾਂ' ਦੀ ਸੈਰ ਕਰਵਾ ਰਹੀ ਹੁੰਦੀ; ਕਦੀ ਰਾਮਾਇਣ ਸੁਣਾ ਰਹੀ ਹੁੰਦੀ ਤੇ ਕਦੀ ਮਹਾਭਾਰਤ ਦੇ ਯੋਧਿਆਂ ਦੀਆਂ ਗਾਥਾਵਾਂ...।
ਆਪਣੇ ਬਲਭਦਰ ਦਾ ਜੀਅ ਵੀ ਕਰਦਾ ਕਿ ਪਿਆਰ ਨਾਲ ਕੋਈ ਉਸਨੂੰ ਵੀ ਕਹਾਣੀ ਸੁਣਾਵੇ, ਪਰ ਉਸਦੇ ਚਾਰੇ ਪਾਸੇ ਗੂੜ੍ਹੀ ਚੁੱਪ ਵਰਤੀ ਰਹਿੰਦੀ। ਜਦੋਂ ਉਹ ਕਿਸੇ ਚੀਜ਼ ਖਾਤਰ ਜ਼ਿੱਦ ਕਰਦਾ, ਫਿਟਕਾਰ ਦਿੱਤਾ ਜਾਂਦਾ ਕਿ 'ਕੈਸਾ ਨਿਰਲੱਜਾ ਬੱਚਾ ਏ, ਆਪਣੇ ਭਰਾ ਦਾ ਸਾੜਾ ਕਰਦਾ ਏ।'
ਨਤੀਜਾ ਇਹ ਹੋਇਆ ਕਿ ਟੋਪੀ ਨੂੰ ਸ਼ੇਖ ਸਾਦੀ, ਅਮੀਰ ਹਮਜ਼ਾ ਦੀ ਕਹਾਣੀ, ਰਾਮਾਇਣ, ਮਹਾਭਾਰਤ ਤੇ ਹੋਰ ਕਈ ਚੀਜ਼ਾਂ ਨਾਲ ਨਫ਼ਰਤ ਹੋ ਗਈ। ਉਹ ਇਹਨਾਂ ਸਾਰਿਆਂ ਨੂੰ ਮੁਨੀ ਬਾਬੂ ਦੀ ਪਾਰਟੀ ਦਾ ਸਮਝਣ ਲੱਗ ਪਿਆ...ਤੇ ਇਕ ਦਿਨ ਤਾਂ ਉਸਨੇ ਗ਼ਜ਼ਬ ਹੀ ਕਰ ਦਿੱਤਾ। ਦਾਦੀ ਨੂੰ ਕਿਹਾ¸
“ਦਾਦੀ, ਤੁਸੀਂ ਇਸ ਕਾਲੇ ਕਲੂਟੇ ਕ੍ਰਿਸ਼ਨ ਨੂੰ ਪੂਜਦੇ ਓ ਨਾ, ਕਿਸੇ ਦਿਨ ਤੁਹਾਡੀ ਪੂਜਾ ਜਰੂਰ ਕਾਲੀ ਹੋ ਜਾਣੀ ਐਂ।”
ਉਸ ਦਿਨ ਦਾਦੀ ਨੂੰ ਦੋ ਗੱਲਾਂ ਉੱਤੇ ਗੁੱਸਾ ਆਇਆ ਸੀ ਪਹਿਲੀ ਇਹ ਕਿ ਉਸਦਾ ਪੋਤਾ 'ਜ਼ਰੂਰ' ਨੂੰ 'ਜਰੂਰ' ਕਹਿ ਰਿਹਾ ਸੀ (ਤੇ ਟੋਪੀ ਉਸਨੂੰ ਖਿਝਾਉਣ ਖਾਤਰ ਸਾਰੀ ਉਮਰ ਇਵੇਂ ਕਰਦਾ ਰਿਹਾ।) ਤੇ ਦੂਜੀ ਗੱਲ ਇਹ ਸੀ, ਉਸਨੇ ਪ੍ਰਭੂ ਦਾ ਮਜ਼ਾਕ ਉਡਾਇਆ ਸੀ। ਸੁਭਦਰਾ ਨੇ ਤਾਅਣਿਆਂ-ਮਿਹਣਿਆਂ ਦੇ ਤੀਰਾਂ ਨਾਲ ਰਾਮਦੁਲਾਰੀ ਦਾ ਸੀਨਾ ਛਲਨੀ ਕਰ ਦਿੱਤਾ। ਉਸ ਦਿਨ ਰਾਮਦੁਲਾਰੀ ਨੇ ਟੋਪੀ ਦੀ ਉਹ ਖੜਕਾਈ ਕੀਤੀ ਕਿ ਉਹ ਘਰੋਂ ਭੱਜ ਗਿਆ।
    --- --- ---

ਟੋਪੀ ਸ਼ੁਕਲਾ…:  ਤੀਜੀ ਕਿਸ਼ਤ

ਟੋਪੀ ਸ਼ੁਕਲਾ…:  ਤੀਜੀ ਕਿਸ਼ਤ  :

ਇਹ ਗੱਲ ਨਹੀਂ ਕਿ ਉਸਨੇ ਘਰੋਂ ਭੱਜਣ ਦਾ ਫੈਸਲਾ ਬਿਨਾਂ ਸੋਚੇ-ਸਮਝੇ ਕਰ ਲਿਆ ਸੀ। ਛੇ, ਸਾਢੇ-ਛੇ ਸਾਲ ਦਾ ਬੱਚਾ ਜਿੰਨਾ ਕੁ ਸੋਚ ਸਕਦਾ ਹੈ¸ ਓਨਾ ਉਸਨੇ ਵੀ ਸੋਚਿਆ ਸੀ। ਮਿਸਾਲ ਦੇ ਤੌਰ 'ਤੇ ਉਸਨੇ ਖਾਣ-ਪੀਣ ਤੇ ਰਾਤ ਨੂੰ ਸੌਣ ਦੀ ਸਮੱਸਿਆ ਉੱਤੇ ਗੌਰ ਕੀਤਾ। ਪਰ ਇਹ ਵੀ ਕੋਈ ਸਮੱਸਿਆ ਹੋਈ? ਘਰੇ ਖਾਵਾਂਗਾ ਤੇ ਆਪਣੇ ਬਿਸਤਰੇ ਵਿਚ ਸੌਂ ਜਾਵਾਂਗਾ। ਇਹ ਫ਼ੈਸਲਾ ਕਰਨ ਵਿਚ ਵੱਧ ਤੋਂ ਵੱਧ ਤਿੰਨ ਚਾਰ ਸੈਕਿੰਟ ਲੱਗੇ। ਇਸ ਲਈ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਭੱਜ ਗਿਆ ਸੀ। ਸਾਰਿਆਂ ਨੇ ਵੱਖੋ-ਵੱਖਰੇ ਢੰਗ ਨਾਲ ਉਸਨੂੰ ਇਕੋ ਗੱਲ ਸਮਝਾਈ ਕਿ ਬਿਨਾਂ ਸੋਚੇ ਸਮਝੇ ਉਸਨੂੰ ਇਹ ਮੂਰਖਤਾ ਨਹੀਂ ਸੀ ਕਰਨੀ ਚਾਹੀਦੀ।
ਪਰ ਮੈਂ ਯਾਨੀ ਕਿ (ਜੀਵਨੀਕਾਰ) ਇਹ ਜਾਣਦਾ ਹਾਂ ਕਿ ਟੋਪੀ ਸ਼ੁਕਲਾ ਨੇ ਸੋਚੇ-ਸਮਝੇ ਬਿਨਾਂ ਕਦੀ ਕੋਈ ਕੰਮ ਨਹੀਂ ਕੀਤਾ। ਇਹੀ ਗੱਲ ਅੰਤ ਵਿਚ ਉਸਦੇ ਜੀਵਨ ਦਾ ਦੁਖਾਂਤ ਸਿੱਧ ਹੋਈ। ਉਂਜ ਇਹ ਗੱਲ ਟੋਪੀ ਗਾਥਾ ਵਿਚ ਤੁਸੀਂ ਅੱਗੇ ਚੱਲ ਕੇ ਖ਼ੁਦ ਹੀ ਮਹਿਸੂਸ ਕਰ ਲਓਗੇ।
ਖ਼ੈਰ! ਹੋਇਆ ਇਹ ਕਿ ਉਸ ਦਿਨ ਰਾਮਦੁਲਾਰੀ ਨੇ ਟੋਪੀ ਨੂੰ ਚੰਗਾ ਖੜਕਾਇਆ ਸੀ ਤੇ ਟੋਪੀ ਆਪਣਾ ਅੱਗਾ-ਪਿੱਛਾ ਵਿਚਾਰ ਕੇ ਘਰੋਂ ਭੱਜ ਗਿਆ ਸੀ...ਤੇ ਜੇ ਉਹ ਘਰੋਂ ਨਾ ਭੱਜਦਾ ਤਾਂ ਸ਼ਾਇਦ ਮੈਂ ਇਹ ਜੀਵਨੀ ਵੀ ਨਾ ਲਿਖਦਾ। ਇਹ ਭੱਜਣਾ ਹੀ ਉਸਦੇ ਜੀਵਨ ਦੀ ਮਹੱਤਵਪੂਰਨ ਘਟਨਾ ਸੀ ਕਿਉਂਕਿ ਇੱਫ਼ਨ ਨਾਲ ਉਸਦੀ ਮੁਲਾਕਾਤ ਇਸੇ ਕਰਕੇ ਹੋ ਸਕੀ ਸੀ।
ਟੋਪੀ ਭੱਜਿਆ...ਤੇ ਘਰੋਂ ਹੀ ਨਹੀਂ, ਮੁਹੱਲੇ ਵਿਚੋਂ ਵੀ ਭੱਜ ਗਿਆ...ਤੇ ਮੁਹੱਲੇ ਵਿਚੋਂ ਬਾਹਰ ਨਿਕਲ ਕੇ ਉਸਨੇ ਪਹਿਲਾ ਦ੍ਰਿਸ਼ ਜਿਹੜਾ ਦੇਖਿਆ ਉਹ ਇਹ ਸੀ ਕਿ ਦੋ ਮੁੰਡੇ ਇਕ ਮੁੰਡੇ ਨੂੰ ਕੁੱਟੀ ਜਾ ਰਹੇ ਨੇ। ਉਸਨੂੰ ਏਨਾ ਹਿਸਾਬ ਤਾਂ ਆਉਂਦਾ ਹੀ ਸੀ ਕਿ ਜੇ ਇਕ ਵਿਚ ਇਕ ਜੋੜ ਦਿੱਤਾ ਜਾਵੇ ਤਾਂ ਦੋ ਬਣ ਜਾਂਦੇ ਨੇ।...ਤੇ ਉਸਨੇ ਇਕ ਵਿਚ ਇਕ ਜੋੜ ਦਿੱਤਾ।

ਲੜਾਈ ਖ਼ਤਮ ਹੋਈ ਤਾਂ ਉਸਦਾ ਕੁੜਤਾ ਲੀਰੋ-ਲੀਰ ਹੋ ਚੁੱਕਿਆ ਸੀ। ਗੋਡੇ ਛਿੱਲੇ ਗਏ ਸਨ ਤੇ ਮੂੰਹ ਉੱਤੇ ਨੌਂਹਾਂ ਦੀਆਂ ਵਲੂੰਧਰਾਂ ਦੇ ਨਿਸ਼ਾਨ ਸਨ। ਇੱਫ਼ਨ ਦਾ ਵੀ ਇਹੋ ਹਾਲ ਸੀ। ਪਰ ਇੱਫ਼ਨ ਤੇ ਟੋਪੀ ਵਿਚ ਇਕ ਫ਼ਰਕ ਸੀ। ਇੱਫ਼ਨ ਇਕਲੌਤਾ ਬੇਟਾ ਸੀ ਤੇ ਟੋਪੀ ਵਿਚਕਾਰਲਾ। ਕਹਿਣ ਲੱਗਿਆਂ ਇਹ ਗੱਲ ਏਨੀ ਭਿਆਨਕ ਨਹੀਂ ਲੱਗਦੀ¸ਪਰ ਇਸਦਾ ਦਰਦ ਉਹੀ ਸਮਝ ਸਕਦਾ ਹੈ ਜਿਹੜਾ ਆਪ ਦੂਜਾ-ਪੁੱਤਰ ਹੋਵੇ। ਸੱਚ ਪੁੱਛੋ ਤਾਂ ਮੈਂ ਇਹ ਜੀਵਨੀ ਸੰਸਾਰ ਭਰ ਦੇ ਦੂਜੇ-ਪੁੱਤਰਾਂ ਦੇ ਨਾਂ ਹੀ ਲਿਖ ਰਿਹਾ ਹਾਂ ਤਾਂਕਿ ਉਹ ਲਾਭ ਉਠਾਉਣ ਤੇ ਜੇ ਸੰਭਵ ਹੋ ਸਕੇ ਤਾਂ 'ਅੰਤਰ-ਰਾਸ਼ਟਰੀ ਦੂਜਾ-ਪੁੱਤਰ-ਸੰਘ' ਬਣਾਅ ਕੇ ਆਪਣੇ ਹੱਕਾਂ ਲਈ ਲੜਾਈ ਸ਼ੁਰੂ ਕਰ ਦੇਣ। ਜੇ ਕਾਲੇ-ਗੋਰੇ, ਹਿੰਦੂ-ਮੁਸਲਮਾਨ...ਭਾਵ ਕਿ ਸਾਰੇ ਬਰਾਬਰ ਹਨ ਤਾਂ ਦੂਜਾ-ਪੁੱਤਰ ਵੀ ਪਹਿਲੇ ਦੇ ਬਰਾਬਰ ਕਿਉਂ ਨਹੀਂ ਹੁੰਦਾ? 'ਦੂਜਾ-ਪੁੱਤਰ ਸੁਰੱਖਿਆ ਸੰਮਤੀ' ਬਣੀ ਹੋਈ ਹੁੰਦੀ ਤਾਂ ਮੈਂ ਇਹ ਬੋਰਿੰਗ ਜੀਵਨੀ ਲਿਖਣ ਤੋਂ ਬਚ ਗਿਆ ਹੁੰਦਾ। ਪਰ ਇਸ ਦੇਸ਼ ਵਿਚ ਯਸ਼ ਖੱਟਣ ਵਾਲਾ ਕੋਈ ਕੰਮ ਸਫਲ ਨਹੀਂ ਹੁੰਦਾ...ਪਸ਼ੂ-ਪੰਛੀਆਂ ਲਈ ਸੁਰੱਖਿਆ ਸੰਮਤੀਆਂ ਤਾਂ ਸੈਂਕੜੇ ਦੇ ਹਿਸਾਬ ਨਾਲ ਬਣੀਆਂ ਹੋਈਆਂ ਹੈਨ, ਤੇ ਦੂਜੇ-ਪੁੱਤਰ ਧੱਕੇ-ਧੌਲਾਂ ਖਾਂਦੇ ਫਿਰ ਰਹੇ ਨੇ। ਅਵਤਾਰਾਂ ਵਿਚ ਵੀ ਜਿਸਨੂੰ ਦੇਖੋ, ਉਹੀ ਪਹਿਲਾ ਪੁੱਤਰ ਹੈ। ਕਿਸੇ ਦੇ ਸਿਰ ਉੱਤੇ ਕੋਈ ਵੱਡਾ ਭਰਾ ਹੋਏ ਤਾਂ ਦੱਸੋ? ਲਕਸ਼ਮਣ ਤੇ ਭਰਤ ਵਰਗੇ ਭਰਾ, ਰਾਮ ਦੇ ਪ੍ਰਭਾਵ-ਪ੍ਰਛਾਵੇਂ ਦੇ ਬੋਝ ਹੇਠ ਦਬ ਕੇ ਰਹਿ ਗਏ। ਸਾਰੇ ਛੋਟੇ ਭਰਾ ਸਪੋਰਟਿੰਗ ਕਾਰਡਸ ਦੀ ਗਿਣਤੀ ਵਿਚ ਆਉਂਦੇ ਨੇ। ਤੁਸੀਂ ਆਪ ਦੇਖ ਲਓ ਕਿ ਇੱਫ਼ਨ ਵੱਡਾ ਬੇਟਾ ਸੀ ਇਸ ਲਈ ਉਸਨੂੰ ਆਪਣੀ ਕਮੀਜ਼ ਦੇ ਪਾਟ ਜਾਣ ਦਾ ਕੋਈ ਦੁੱਖ ਨਹੀਂ ਸੀ। ਪਰ ਟੋਪੀ ਪਾਟੇ ਹੋਏ ਕੁੜਤੇ ਨੂੰ ਦੇਖ ਕੇ ਏਨਾ ਘਬਰਾ ਗਿਆ ਕਿ ਕੁਹਣੀਆਂ, ਗੋਡਿਆਂ ਤੇ ਚਿਹਰੇ ਦੀਆਂ ਰਗੜਾਂ ਤੇ ਵਲੂੰਧਰਾਂ ਵਿਚੋਂ ਰਿਸ ਰਹੇ ਖ਼ੂਨ ਨੂੰ ਵੀ ਭੁੱਲ ਗਿਆ।

ਉਹ ਰੋਣ ਲੱਗ ਪਿਆ।
“ਕਿਉਂ, ਸੱਟ ਜ਼ਿਆਦਾ ਲੱਗੀ ਏ ਕਿ?”
“ਨਹੀਂ।” ਟੋਪੀ ਨੇ ਕਿਹਾ, “ਈ ਨਾ ਦੇਖ ਰਹਿਓ ਕਿ ਕੁਰਤਾ ਫਟ ਗਿਆ ਹੈ।”
“ਚੱਲ, ਮੈਂ ਤੈਨੂੰ ਦੂਜਾ ਕੁਰਤਾ ਪਹਿਨਾ ਦਿਆਂ।”
“ਈ ਤੂ ਕਾਇਸੇ ਬੋਲ ਰਹਿਓ?”
“ਮੈਂ ਇਸੇ ਤਰ੍ਹਾਂ ਬੋਲਦਾਂ...।”
ਟੋਪੀ ਨੂੰ ਇਹ ਤਾਂ ਪਤਾ ਸੀ ਕਿ ਉਹ ਇਸੇ ਤਰ੍ਹਾਂ ਬੋਲਦਾ ਹੈ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਹ ਇਸੇ ਤਰ੍ਹਾਂ ਕਿਉਂ ਬੋਲਦਾ ਹੈ। ਇਸ ਤਰ੍ਹਾਂ ਤਾਂ ਉਸਦੀ ਦਾਦੀ ਬੋਲਦੀ ਹੁੰਦੀ ਹੈ। ਉਸਨੇ ਸੋਚਿਆ ਕਿ ਇਹ ਮੁੰਡਾ ਵੀ ਦਾਦੀ ਦੀ ਪਾਰਟੀ ਦਾ ਲੱਗਦਾ ਹੈ।
“ਤੂ ਹਮਰੀ ਦਾਦੀ ਕੋ ਜਾਨਥ-ਓ?”
“ਨਹੀਂ!” ਇੱਫ਼ਨ ਨੇ ਕਿਹਾ, “ਮੈਂ ਤੇਰੀ ਦਾਦੀ ਨੂੰ ਨਹੀਂ ਜਾਣਦਾ।”
“ਤ ਤੂ ਉਂਹਕੀ ਤਰਹ ਕਹੇ ਬੋਲ ਰਹਿਓ?”
ਇੱਫ਼ਨ ਹੱਸ ਪਿਆ। “ਸ਼ਾਇਦ ਤੇਰੇ ਦਾਦੀ ਵੀ ਲਖ਼ਨਊ ਦੇ ਹੋਣ...।”
“ਈ ਤ ਹਮੇਂ ਨਾ ਮਾਲੂਮ।” ਉਸਨੇ ਕਹਿ ਤਾਂ ਦਿੱਤਾ। ਗੱਲ ਵੀ ਮੁੱਕ ਗਈ, ਪਰ ਉਸਦਾ ਦਿਲ ਸਾਫ ਨਾ ਹੋਇਆ। ਇੰਜ ਤਾਂ ਸਾਰੇ ਲਖ਼ਨਉ ਵਾਲੇ ਦਾਦੀ ਦੀ ਪਾਰਟੀ ਦੇ ਹੋ ਗਏ?
“ਚੱਲ, ਸਾਡੇ ਘਰ ਚੱਲ।” ਇੱਫ਼ਨ ਨੇ ਕਿਹਾ, “ਤੈਨੂੰ ਆਪਣੀ ਸਾਈਕਲ ਦਿਖਾਵਾਂਗਾ। ਵੈਸੇ ਤੇਰਾ ਨਾਂ ਕੀ ਏ?”
“ਈ ਲਖ਼ਨਊ ਕਹਾਂ ਹੈ?”
“ਇੱਥੋਂ ਦੂਰ ਏ।”
ਇਹ ਸੁਣ ਕੇ ਉਸਨੂੰ ਕੁਝ ਹੌਸਲਾ ਹੋਇਆ ਕਿ ਭਾਵੇਂ ਪੂਰਾ ਲਖ਼ਨਊ ਦਾਦੀ ਦੀ ਪਾਰਟੀ ਦਾ ਹੋਵੇ ਤਾਂ ਵੀ ਕੋਈ ਫ਼ਿਕਰ ਨਹੀਂ...ਕਿਉਂਕਿ ਲਖ਼ਨਊ ਦੂਰ ਹੈ।
“ਹਮਾਰਾ ਨਾਮ ਬਲਭਦਰ ਨਾਰਾਇਨ।”
“ਮੇਰਾ ਨਾਂ ਇੱਫ਼ਨ ਏ।”
“ਇੱਤਾ ਛੋਟਾ-ਸਾ ਨਾਮ ਹੈ ਤੋਹਰਾ?”
“ਨਹੀਂ, ਇਹ ਮੇਰਾ ਘਰ ਦਾ ਨਾਂਅ ਏਂ।”
ਟੋਪੀ ਇਹ ਸੁਣ ਕੇ ਉਦਾਸ ਹੋ ਗਿਆ। ਯਾਨੀ ਉਹ ਏਨਾ ਗਿਆ-ਗੁਜ਼ਰਿਆ ਸੀ ਕਿ ਉਸਦਾ ਕੋਈ ਘਰ ਦਾ ਨਾਂ ਹੀ ਨਹੀਂ ਸੀ। ਘਰ ਦੇ ਨਾਂ ਵੀ ਤਾਂ ਉਹਨਾਂ ਦੇ ਰੱਖੇ ਜਾਂਦੇ ਨੇ ਜਿਹਨਾਂ ਨੂੰ ਬਹੁਤੀ ਵਾਰੀ ਬੁਲਾਇਆ ਜਾਂਦਾ ਹੋਏ। ਟੋਪੀ ਨੂੰ ਬੁਲਾਇਆ ਹੀ ਨਹੀਂ ਸੀ ਜਾਂਦਾ।
“ਤੋਹਰੇ ਪਾਸ ਸਾਇਕਿਲ ਹੈ?” ਉਸਨੇ ਪੁੱਛਿਆ।
“ਹਾਂ, ਕੱਲ੍ਹ ਹੀ ਆਈ ਏ।”
“ਬਿਲਕੁਲ ਚਮਚਮਾਤੀ ਹੋਇ-ਹੈ!”
“ਹਾਂ।”
ਉਹ ਇੱਫ਼ਨ ਕੇ ਘਰ ਪਹੁੰਚ ਕੇ ਹੋਰ ਵੀ ਹੈਰਾਨ-ਪ੍ਰੇਸ਼ਾਨ ਹੋ ਗਿਆ ਸੀ। ਉਸਨੂੰ ਉਹ ਘਰ ਬੜਾ ਅਜੀਬ-ਓਪਰਾ ਜਿਹਾ ਲੱਗਿਆ ਸੀ। ਅਜਬ ਕਿਸਮ ਦੇ ਟੇਢੇ-ਮੇਢੇ ਲੋਟੇ, ਅਜੀਬ ਜਿਹੇ ਭਾਂਡੇ, ਅਜੀਬ-ਅਜੀਬ ਕੱਪੜੇ...ਭਾਵ ਇਹ ਕਿ ਸਾਰਾ ਵਾਤਾਵਰਨ ਹੀ ਬੜਾ ਅਜੀਬ ਸੀ।
“ਇਹ ਕੌਣ ਏਂ?” ਇਕ ਬੁੱਢੀ ਔਰਤ ਨੇ ਪੁੱਛਿਆ।
“ਇਹ ਪਤਾ ਨਹੀਂ ਕਿਹੜਾ ਨਰੈਣ ਏਂ।”
“ਬਲਭਦਰ।”
“ਕਿਹਨਾਂ ਦਾ ਮੁੰਡਾ ਏ?” ਇਕ ਜਵਾਨ ਔਰਤ ਨੇ ਪੁੱਛਿਆ, ਜਿਹੜੀ ਇੱਫ਼ਨ ਦੀ ਮਾਂ ਨਿਕਲੀ।
“ਹਮ ਡਾਕਟਰ ਭਿਰਗੂ ਨਾਰਾਇਣ ਕੇ ਲੜਕੇ ਹੈਂ।”
“ਨੀਲੇ ਤੇਲ ਵਾਲੇ ਡਾਕਟਰ ਭਿਰਗੂ ਨਾਰਾਇਣ ਨਾ?” ਇਹ ਸਵਾਲ ਇਕ ਬੜੇ ਹੀ ਹੱਸਮੁਖ ਆਦਮੀ ਨੇ ਕੀਤਾ ਸੀ, ਜਿਹੜਾ ਇੱਫ਼ਨ ਦਾ ਪਿਓ ਨਿਕਲਿਆ।
“ਹਾਂ”
“ਇੱਫ਼ਨ ਮੀਆਂ, ਇਹਨਾਂ ਨੂੰ ਕੁਝ ਖੁਆਓ-ਪਿਆਓ ਬਈ।” ਉਸ ਆਦਮੀ ਨੇ ਕਿਹਾ।
“ਤੂੰ ਮੀਆਂ ਹੌ ਜੀ?”
“ਮੀਆਂ?” ਇੱਫ਼ਨ ਭੰਵਤਰ ਗਿਆ।
“ਤੂੰ ਮੁਸਲਮਾਨ ਹੌ?”
“ਹਾਂ।”
“ਔਰ ਈ ਲੋਗ?”
“ਇਹ ਮੇਰੇ ਅੱਬੂ ਨੇ; ਇਹ ਮੇਰੀ ਅੰਮਾਂ ਏਂ ਤੇ ਇਹ ਦੱਦਾ।”
“ਹਮ ਈ ਨਾ ਪੂਛ ਰਹੇਂ।” ਟੋਪੀ ਨੇ ਕਿਹਾ, “ਕਾ ਈਹੋ ਲੋਗ ਮੀਆਂ ਹੈਂ?”
“ਹਾਂ।” ਇੱਫ਼ਨ ਦੇ ਅੱਬੂ ਮੁਸਕਰਾਏ, “ਅਸੀਂ ਲੋਕ ਮੀਏਂ ਆਂ।”
“ਤਬ ਹਮ ਹਿਆਂ ਕੁਛ ਖਾ-ਓ ਨਾ ਸਕਤੇ।”
“ਕਿਉਂ?” ਸਵਾਲ ਇੱਫ਼ਨ ਨੇ ਕੀਤਾ ਸੀ।
“ਹਮ ਲੋਗ ਮੀਆਂ ਲੋਗਨ ਕਾ ਛੁਆ ਨਾ ਖਾਤੇ।”
“ਮਗਰ ਕਿਉਂ ਨਹੀਂ ਖਾਤੇ?”
“ਮੀਆਂ ਲੋਗ ਬਹੁਤ ਬੁਰੇ ਹੋਵੇਂ।”
ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਕੁਝ ਖਾ ਲਏ। ਪਰ ਉਹ ਟਸ ਤੋਂ ਮਸ ਨਹੀਂ ਸੀ ਹੋਇਆ। ਹਾਂ, ਇੱਫ਼ਨ ਦਾ ਛੋਟਾ-ਜਿਹਾ ਸਾਈਕਲ ਦੇਖ ਕੇ ਬੜਾ ਖ਼ੁਸ਼ ਹੋਇਆ ਸੀ ਉਹ।
“ਈ ਤੂੰ ਕਹਾਂ ਸੇ ਮੰਗਾਯੇ-ਹੌ?”
“ਮੇਰੇ ਚੱਚੂ ਵਲਾਇਤੋਂ ਲਿਆਏ ਨੇ।”
“ਬੇਲਾਇਤ ਕੇਹਰ ਹੈ?”
ਇਸ  ਪ੍ਰਸ਼ਨ ਦਾ ਜਵਾਬ ਇੱਫ਼ਨ ਕੋਲ ਨਹੀਂ ਸੀ। ਪਰ ਉਹ ਇਹ ਵੀ ਨਹੀਂ ਸੀ ਕਹਿਣਾ ਚਾਹੁੰਦਾ ਕਿ ਇਹਦਾ ਉਸਨੂੰ ਪਤਾ ਨਹੀਂ। ਇਸ ਲਈ ਉਹ ਸੁਣੀ ਅਣਸੁਣੀ ਕਰਕੇ ਸਾਈਕਲ ਚਲਾਉਣ ਲੱਗ ਪਿਆ।...ਤੇ ਪਹੀਆਂ ਦੀਆਂ ਨਿੱਕਲ ਕੀਤੀਆਂ ਤਾਰਾਂ ਦੇਖ ਕੇ ਟੋਪੀ ਵੀ ਆਪਣਾ ਪ੍ਰਸ਼ਨ ਭੁੱਲ ਕੇ ਸਾਈਕਲ ਦੇ ਪਿੱਛੇ-ਪਿੱਛੇ ਭੱਜਣ ਲੱਗ ਪਿਆ।
ਉਹ ਦੋਵੇਂ ਪਤਾ ਨਹੀਂ ਕਦੋਂ ਤੀਕ ਇੰਜ ਹੀ ਖੇਡਦੇ ਰਹਿੰਦੇ, ਪਰ ਇਕ ਨੌਕਰ ਨੇ ਆ ਕੇ ਖੇਡ ਮੁਕਾਅ ਦਿੱਤੀ¸
“ਛੋਟੇ ਸਰਕਾਰ, ਚਲ ਕੇ ਖਾਣਾ ਖਾ ਲਓ।”
“ਆ ਤੂੰ ਵੀ ਖਾ ਲੈ।” ਇੱਫ਼ਨ ਨੇ ਟੋਪੀ ਨੂੰ ਕਿਹਾ।
“ਨਾਹੀਂ, ਹਮ ਨਾ ਖਾ ਸਕਤੇ।”
“ਤਾਂ ਮੀਆਂ ਤੁਸੀਂ ਵੀ ਘਰ ਤਸ਼ਰੀਫ਼ ਲੈ ਜਾਓ...ਖਾਣੇ ਲਈ ਤੁਹਾਡਾ ਇੰਤਜ਼ਾਰ ਹੋ ਰਿਹਾ ਹੋਏਗਾ।” ਨੌਕਰ ਨੇ ਕਿਹਾ।
“ਹਮ ਮੀਆਂ ਨਾ ਹੈਂ।”
ਨੌਕਰ ਇੱਫ਼ਨ ਨੂੰ ਲੈ ਕੇ ਚਲਾ ਗਿਆ। ਟੋਪੀ ਉਸ ਵੱਡੇ ਸਾਰੇ ਕੰਪਾਊਂਡ ਵਿਚ ਇਕੱਲਾ ਖੜ੍ਹਾ ਰਹਿ ਗਿਆ, ਜਿਹੜਾ ਭਾਂਤ-ਭਾਂਤ ਦੇ ਫਲਦਾਰ ਰੁੱਖਾਂ ਨਾਲ ਭਰਿਆ ਹੋਇਆ ਸੀ। ਉਹ ਇਕ ਰੁੱਖ ਹੇਠ ਬੈਠ ਕੇ ਇਹ ਸੋਚਣ ਲੱਗਾ ਕਿ ਆਖ਼ਰ ਉਸ ਕੋਲ ਸਾਈਕਲ ਕਿਉਂ ਨਹੀਂ? ਕਮਾਲ ਤਾਂ ਇਹ ਹੋਇਆ ਸੀ ਮੁਨੀ ਭਾਈ ਕੋਲ ਵੀ ਸਾਈਕਲ ਨਹੀਂ ਸੀ। ਉਹ ਇਹ ਸੋਚ ਕੇ ਖੁਸ਼ ਹੋ ਗਿਆ ਕਿ ਜਦੋਂ ਉਹ ਛਾਤੀ ਤਾਣ ਕੇ ਮੁਨੀ ਭਾਈ ਨੂੰ ਇਹ ਦੱਸੇਗਾ ਕਿ ਉਸਦੇ ਇਕ ਦੋਸਤ ਕੋਲ ਸਾਇਕਿਲ ਹੈ, ਜਿਹੜੀ ਉਸਦਾ ਚੱਚੂ ਵਲਾਇਤੋਂ ਲਿਆਇਆ ਹੈ ਤਾਂ ਮੁਨੀ ਭਾਈ ਦਾ ਮੂੰਹ ਲੱਥ ਜਾਵੇਗਾ। ਪਰ ਇਹ ਚੱਚੂ ਕੀ ਹੁੰਦਾ ਹੈ? 'ਉਂਹ! ਕੁਛ ਹੋਤਾ ਹੋਇਹੇ! ਬਾਤ ਤ ਹੈ ਈ ਕਿ ਹਮਰੇ ਦੋਸਤ ਕੇ ਪਾਸ ਸਾਇਕਿਲ ਹੈ।' ਭੁੱਖ ਜਾਗ ਪਈ ਸੀ। ਉਹ ਘਰ ਵੱਲ ਤੁਰ ਪਿਆ। ਪਰ ਜਦੋਂ ਘਰ ਪਹੁੰਚਿਆ ਤਾਂ ਘਰ ਵਿਚ ਇਕ ਸਨਸਨੀ ਜਿਹੀ ਫੈਲੀ ਹੋਈ ਸੀ; ਰਾਮਦੁਲਾਰੀ ਦੇ ਤੀਜਾ ਬੱਚਾ ਹੋ ਰਿਹਾ ਸੀ।
“ਭਾਈ ਹੋਈ ਕੀ ਬਾਹਿਨ?” ਇਕ ਨੌਕਰਾਣੀ ਨੇ ਪੁੱਛਿਆ।
“ਸਾਇਕਿਲ ਨਾ ਹੋ ਸਕਤੀ ਕਾ?” ਟੋਪੀ ਨੇ ਸਵਾਲ ਕੀਤਾ।
ਬੁੱਢੀ ਨੌਕਰਾਣੀ ਹੱਸ-ਹੱਸ ਲੋਟਪੋਟ ਹੋ ਗਈ। ਉਸਨੇ ਇਹ ਗੱਲ ਦੋਵਾਂ ਜਵਾਨ ਨੌਕਰਾਣੀਆਂ ਨੂੰ ਦੱਸੀ ਤੇ ਉਹ ਵੀ ਜੀਅ ਖੋਲ੍ਹ ਕੇ ਹੱਸੀਆਂ। ਟੋਪੀ ਕੱਚਾ ਜਿਹਾ ਹੋ ਗਿਆ।
ਪਿੱਛੋਂ ਇਹ ਗੱਲ ਦਾਦੀ ਯਾਨੀ ਸੁਭਦਰਾ ਦੇਵੀ ਤੇ ਉਸਦੀ ਮਾਂ ਰਾਮਦੁਲਾਰੀ ਨੂੰ ਵੀ ਦੱਸੀ ਗਈ। ਰਾਮਦੁਲਾਰੀ ਮੁਸਕਰਾ ਪਈ। ਸੁਭਦਰਾ ਦੇਵੀ ਨੇ ਠੇਠ ਉਰਦੂ ਵਿਚ ਟੋਪੀ ਦੀ ਮੂਰਖਤਾ ਦਾ ਰੋਣਾ, ਰੋਣਾ ਸ਼ੁਰੂ ਕਰ ਦਿੱਤਾ...ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਟੋਪੀ ਨੂੰ ਇਕ ਸਾਈਕਲ ਦੀ ਲੋੜ ਹੈ।...ਤੇ ਜਦੋਂ ਕਿਸੇ ਨੇ ਇਹ ਨਹੀਂ ਸੋਚਿਆ ਤਾਂ ਉਹ ਇੱਫ਼ਨ ਵੱਲ ਝੁਕਦਾ ਗਿਆ।
ਆਗਿਆ ਹੋਵੇ ਤਾਂ ਇੱਥੇ ਇੱਫ਼ਨ ਬਾਰੇ ਵੀ ਕੁਝ ਦੱਸ ਦੇਵਾਂ¸

ਇਹ ਗੱਲ ਕਹਾਣੀ ਤੇ ਜੀਵਨੀ ਦੋਵਾਂ ਦੇ ਨਿਯਮਾਂ ਦੇ ਵਿਰੁੱਧ ਜਾਂਦੀ ਹੈ ਕਿ ਪਾਠਕ ਨੂੰ ਹਨੇਰੇ ਵਿਚ ਰੱਖਿਆ ਜਾਵੇ। ਪਾਠਕ ਤੇ ਗਾਹਕ ਵਿਚ ਬੜਾ ਫ਼ਰਕ ਹੁੰਦਾ ਹੈ। ਲੇਖਕ ਤੇ ਦੁਕਾਨਦਾਰ ਵਿਚ ਬੜਾ ਅੰਤਰ ਹੁੰਦਾ ਹੈ। ਦੁਕਾਨਦਾਰ ਨੇ ਆਪਣੀ ਚੀਜ਼ ਵੇਚਣੀ ਹੁੰਦੀ ਹੈ, ਇਸ ਲਈ ਉਹ ਜਾਸੂਸੀ ਕਹਾਣੀ ਦੇ ਲੇਖਕ ਵਾਂਗ ਕੁਝ ਛਿਪਾਉਂਦਾ ਹੈ ਤੇ ਕੁਝ ਦੱਸਦਾ ਰਹਿੰਦਾ ਹੈ। ਪਰ ਲੇਖਕ ਕੋਲ ਵੇਚਣ ਵਾਲੀ ਕੋਈ ਸ਼ੈ ਨਹੀਂ ਹੁੰਦੀ। ਕਹਾਣੀ ਦਾ ਤਾਣਾ-ਬਾਣਾ ਗ਼ਫ (ਮੋਟਾ/ਮਜ਼ਬੂਤ) ਹੋਵੇ ਤਾਂ ਪਾਠਕਾਂ ਅੱਗੇ ਝੂਠ ਬੋਲਣ ਦੀ ਲੋੜ ਨਹੀਂ ਪੈਂਦੀ। ਮੈਂ ਟੋਪੀ ਦੀ ਕਹਾਣੀ ਨੂੰ ਜਾਸੂਸੀ ਕਹਾਣੀ ਬਣਾਏ ਬਿਨਾਂ ਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ 'ਟੋਪੀ-ਗਾਥਾ' ਕਾਲ ਹੈ; 'ਟੁੱਚਾ-ਯੁੱਗ' ਹੈ। ਛੋਟੇ ਲੋਕ ਜਨਮ ਲੈ ਰਹੇ ਹਨ। ਲੋਕਾਂ ਦੀ ਆਜ਼ਾਦੀ ਉੱਤੇ ਰੰਗ-ਰੰਗ ਦਾ ਚਿੱਕੜ ਪੁਚਿਆ ਹੋਇਆ ਹੈ। ਨਾ ਇਹ ਵੀਰਾਂ ਦੀਆਂ ਗਾਥਾਵਾਂ ਦਾ ਸਮਾਂ ਹੈ ਤੇ ਨਾ ਹੀ ਸ਼ਿੰਗਾਰ-ਰਸ ਵੰਡਣ ਦਾ। ਕੋਈ ਯੁੱਗ ਕਲ਼ਯੁੱਗ ਨਹੀਂ ਹੁੰਦਾ। ਪਰ 'ਟੋਪੀ-ਯੁੱਗ' ਜ਼ਰੂਰ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਲੇਖਕ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਪਾਠਕਾਂ ਨਾਲ ਆਪਣੇ ਯੁੱਗ ਦੀ ਜਾਣ-ਪਛਾਣ ਕਰਵਾਏ ਤੇ ਇਹ ਦੱਸੇ ਕਿ ਇਸ ਭੱਜ-ਦੌੜ ਵਿਚ ਉਹ ਆਪ ਕਿੱਥੇ ਕੁ ਖੜ੍ਹਾ ਹੈ।

ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ¸ 'ਮੈਂ ਹੀ ਸਭ ਕੁਝ ਹਾਂ।' ਮੈਂ ਕ੍ਰਿਸ਼ਨ ਨਹੀਂ, ਪਰ ਆਪਣੇ ਪਾਠਕਾਂ ਨੂੰ ਕਹਿ ਰਿਹਾ ਹਾਂ ਕਿ ਮੈਂ ਹੀ ਟੋਪੀ ਹਾਂ ਤੇ ਮੈਂ ਹੀ ਇੱਫ਼ਨ ਵੀ। ਮੈਂ ਹੀ ਮੁਨੀ ਬਾਬੂ ਹਾਂ ਤੇ ਮੈਂ ਹੀ ਭੈਰਵ ਵੀ। ਮੈਂ ਇਹ ਯੁੱਗ ਹਾਂ ਤੇ ਤੁਹਾਡੇ ਨਾਲ ਆਪਣੀ ਜਾਣ-ਪਛਾਣ ਕਰਵਾ ਰਿਹਾ ਹਾਂ।...ਮੈਂ ਲੇਖਕ ਵੀ ਹਾਂ ਤੇ ਪਾਠਕ ਵੀ।...ਤੇ ਮੈਂ ਜਿਹੜਾ ਲੇਖਕ ਹਾਂ, ਉਸ 'ਮੈਂ' ਕੋਲੋਂ ਇੱਫ਼ਨ ਦੀ ਜਾਣ-ਪਛਾਣ ਕਰਵਾਉਣ ਦੀ ਆਗਿਆ ਮੰਗ ਰਿਹਾ ਹਾਂ, ਜਿਹੜਾ ਪਾਠਕ ਹੈ।
ਇੱਫ਼ਨ ਬਾਰੇ ਕੁਝ ਜਾਣ ਲੈਣਾ ਇਸ ਲਈ ਜ਼ਰੂਰੀ ਹੈ ਕਿ ਇੱਫ਼ਨ ਟੋਪੀ ਦਾ ਪਹਿਲਾ ਦੋਸਤ ਸੀ। ਇਸ ਇੱਫ਼ਨ ਨੂੰ ਟੋਪੀ ਨੇ ਹਮੇਸ਼ਾ ਇੱਫਨ ਕਿਹਾ। ਇੱਫ਼ਨ ਨੂੰ ਇਸ ਦਾ ਬੁਰਾ ਲੱਗਿਆ, ਪਰ ਇੱਫਨ ਕਹੇ ਜਾਣ 'ਤੇ ਵੀ ਬੋਲਦਾ ਰਿਹਾ। ਇਸ ਬੋਲਦੇ ਰਹਿਣ ਵਿਚ ਹੀ ਉਸਦੀ ਵਡਿਆਈ ਸੀ। ਇਹ ਨਾਵਾਂ ਦਾ ਚੱਕਰ ਵੀ ਅਜ਼ੀਬ ਹੁੰਦਾ ਹੈ। ਉਰਦੂ ਤੇ ਹਿੰਦੀ ਇਕੋ ਭਾਸ਼ਾ, ਹਿੰਦਵੀ, ਦੇ ਦੋ ਰੂਪ ਨੇ। ਪਰ ਤੁਸੀਂ ਖ਼ੁਦ ਦੇਖ ਲਓ ਕਿ ਨਾਂ ਬਦਲ ਜਾਣ ਕਰਕੇ ਕਿਹੋ ਜਿਹੇ ਘਪਲੇ ਹੋ ਰਹੇ ਨੇ। ਨਾਂ ਕ੍ਰਿਸ਼ਨ ਹੋਵੇ ਤਾਂ ਉਸਨੂੰ ਅਵਤਾਰ ਕਹਿੰਦੇ ਹਨ ਤੇ ਜੇ ਮੁਹੰਮਦ ਹੋਏ ਤਾਂ ਪੈਗੰਬਰ। ਨਾਵਾਂ ਦੇ ਚੱਕਰ ਵਿਚ ਪੈ ਕੇ ਲੋਕੀ ਇਹ ਭੁੱਲ ਗਏ ਨੇ ਕਿ ਦੋਵੇਂ ਦੁੱਧ ਦੇਣ ਵਾਲੇ ਜਾਨਵਰ ਚਰਾਉਂਦੇ ਹੁੰਦੇ ਸਨ।  ਦੋਵੇਂ ਹੀ ਪਸ਼ੂਪਤੀ, ਗੋਬਰਧਨ ਤੇ ਬਰਜ-ਕੁਮਾਰ ਸਨ। ਏਸੇ ਕਰਕੇ ਕਹਿੰਦਾ ਹਾਂ ਕਿ ਟੋਪੀ ਦੇ ਬਿਨਾਂ ਇੱਫ਼ਨ ਤੇ ਇੱਫ਼ਨ ਦੇ ਬਿਨਾਂ ਟੋਪੀ, ਨਾ ਸਿਰਫ ਇਹ ਕਿ ਅਧੂਰੇ ਨੇ, ਬਲਿਕੇ ਨਿਰਅਰਥ ਵੀ ਨੇ। ਇਸ ਲਈ ਇੱਫ਼ਨ ਦੇ ਘਰ ਜਾਣਾ ਜ਼ਰੂਰੀ ਹੈ। ਇਹ ਦੇਖਣਾ ਜ਼ਰੂਰੀ ਹੈ ਕਿ ਉਹਦੀ ਆਤਮਾਂ ਦੇ ਵਿਹੜੇ ਵਿਚ ਕਿਹੋ-ਜਿਹੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਪ੍ਰੰਪਰਾਵਾਂ ਦੇ ਰੁੱਖ ਕਿਹੋ-ਜਿਹੇ ਫੁੱਲ-ਫਲ ਦੇ ਰਹੇ ਨੇ।
    --- --- ---

ਟੋਪੀ ਸ਼ੁਕਲਾ…: ਚੌਥੀ ਕਿਸ਼ਤ

ਟੋਪੀ ਸ਼ੁਕਲਾ…: ਚੌਥੀ ਕਿਸ਼ਤ  :

ਇੱਫ਼ਨ ਦੀ ਕਹਾਣੀ ਵੀ ਬੜੀ ਲੰਮੀ ਹੈ। ਪਰ ਅਸੀਂ ਟੋਪੀ ਦੀ ਕਹਾਣੀ ਸੁਣ-ਸੁਣਾਅ ਰਹੇ ਹਾਂ, ਇਸ ਲਈ ਮੈਂ ਇੱਫ਼ਨ ਦੀ ਪੂਰੀ ਕਹਾਣੀ ਨਹੀਂ ਸੁਣਾਵਾਂਗਾ¸ ਬਲਕਿ, ਸਿਰਫ ਓਨੀਂ ਹੀ ਸੁਣਾਵਾਂਗਾ ਜਿੰਨੀ ਟੋਪੀ ਦੀ ਕਹਾਣੀ ਲਈ ਜ਼ਰੂਰੀ ਹੈ।
ਗੱਲ ਇਹ ਕਿ ਕੋਈ ਵੀ ਕਹਾਣੀ ਕਦੀ ਨਿਰੋਲ ਕਿਸੇ ਇਕ ਜਣੇ ਦੀ ਕਹਾਣੀ ਨਹੀਂ ਹੋ ਸਕਦੀ। ਕਥਾਕਾਰ ਜਦੋਂ ਇਹ ਗੱਲ ਭੁੱਲ ਜਾਂਦਾ ਹੈ ਤਾਂ ਉਹ ਹੀਰੋ ਦਾ ਕੱਦ ਲੰਮਾਂ ਕਰਨ ਲਈ ਹੋਰ ਪਾਤਰਾਂ ਨੂੰ ਉਪਰੋਂ-ਹੇਠੋਂ ਕੱਟਣਾ ਸ਼ੁਰੂ ਕਰ ਦਿੰਦਾ ਹੈ ਤਾਂਕਿ ਹੀਰੋ ਦੂਰੋਂ ਹੀ ਦਿਸ ਪਏ। ਪਰ ਕਹਾਣੀ ਦਾ ਚੱਕਰ ਹੀ ਹੋਰ ਹੁੰਦਾ ਹੈ, ਇਹ ਕਦੀ ਕਿਸੇ ਇਕ ਦੀ ਨਹੀਂ ਹੁੰਦੀ। ਕਹਾਣੀ ਕਈਆਂ ਦੀ ਚੱਲ ਰਹੀ ਹੁੰਦੀ ਹੈ ਪਰ ਫੇਰ ਵੀ ਉਸਦੀ ਇਕਾਗਰਤਾ ਨਹੀਂ ਟੁੱਟਦੀ।
ਇਸ ਕਹਾਣੀ ਦਾ ਹੀਰੋ ਟੋਪੀ ਜ਼ਰੂਰ ਹੈ, ਪਰ ਇਹ ਕਹਾਣੀ ਜਾਂ ਜੀਵਨੀ ਸਿਰਫ ਟੋਪੀ ਦੀ ਨਹੀਂ। ਇਹ ਕਹਾਣੀ ਇਸ ਦੇਸ਼, ਬਲਕਿ ਪੂਰੇ ਸੰਸਾਰ ਦੀ ਕਹਾਣੀ ਦਾ ਇਕ ਸਲਾਈਸ ਹੈ। ਸਲਾਈਸ, ਰੋਟੀ ਨਾਲੋਂ ਕੱਟਿਆ ਹੋਣ ਦੇ ਬਾਵਜੂਦ ਰੋਟੀ ਦਾ ਇਕ ਟੁੱਕੜਾ ਹੀ ਹੁੰਦਾ ਹੈ। ਇਸ ਲਈ ਕਹਾਣੀਕਾਰ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ...ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਮਾਰ ਜਾਂ ਜਿਵਾਅ ਨਹੀਂ ਸਕਦਾ। ਪ੍ਰੇਮਚੰਦ, ਅਮਰਕਾਂਤ ਤੇ ਸਕੀਨਾ ਦਾ ਵਿਆਹ ਨਹੀਂ ਕਰਵਾ ਸਕੇ, ਕਿਉਂਕਿ ਇਕ ਕਹਾਣੀਕਾਰ ਵੀ ਭਾਰਤੀ ਜੀਵਨ ਦਾ ਇਕ ਸਲਾਈਸ ਹੁੰਦਾ ਹੈ। ਉਸ ਨਾਲੋਂ ਕੱਟਿਆ ਹੋਣ ਦੇ ਬਾਵਜ਼ੂਦ ਵੀ ਉਸਦਾ ਇਕ ਅੰਗ ਹੁੰਦਾ ਹੈ। ਪ੍ਰੇਮਚੰਦ ਦੇ ਜ਼ਮਾਨੇ ਵਿਚ ਅਮਰਕਾਂਤ ਤੇ ਸਕੀਨਾ, ਵਿਜੇ ਲਕਸ਼ਮੀ ਤੇ ਸੱਯਦ ਹਸਨ ਦਾ ਵਿਆਹ ਨਹੀਂ ਹੋ ਸਕਦਾ ਸੀ।
ਇਸ ਲਈ ਮੈਂ ਜ਼ਰੂਰੀ ਸਮਝਿਆ ਕਿ ਇੱਫ਼ਨ ਬਾਰੇ ਕੁਝ ਦੱਸ ਦਿਆਂ, ਕਿਉਂਕਿ ਇੱਫ਼ਨ ਇਸ ਕਹਾਣੀ ਵਿਚ ਤੁਹਾਨੂੰ ਜਗ੍ਹਾ-ਜਗ੍ਹਾ ਨਜ਼ਰ ਆਏਗਾ। ਨਾ ਟੋਪੀ ਇੱਫ਼ਨ ਦਾ ਪ੍ਰਛਾਵਾਂ ਹੈ ਤੇ ਨਾ ਹੀ ਇੱਫ਼ਨ ਟੋਪੀ ਦਾ। ਇਹ ਦੋਵੇਂ, ਦੋ ਆਜ਼ਾਦ ਵਿਅਕਤੀ ਨੇ। ਇਹਨਾਂ ਦੋਵਾਂ ਵਿਅਕਤੀਆਂ ਦੀ ਡਿਵੈਲਪਮੈਂਟ ਇਕ ਦੂਜੇ ਤੋਂ ਆਜ਼ਾਦ ਢੰਗ-ਤਰੀਕਿਆਂ ਨਾਲ ਹੋਈ। ਦੋਵਾਂ ਨੂੰ ਦੋ ਕਿਸਮ ਦੀਆਂ ਘਰੇਲੂ ਪ੍ਰੰਪਰਾਵਾਂ ਮਿਲੀਆਂ। ਦੋਵਾਂ ਨੇ ਜੀਵਨ ਬਾਰੇ ਅੱਡੋ-ਅੱਡਰੇ ਢੰਗ ਨਾਲ ਸੋਚਿਆ। ਫੇਰ ਵੀ ਇੱਫ਼ਨ ਟੋਪੀ ਦੀ ਕਹਾਣੀ ਦਾ ਇਕ ਅਟੁੱਟ ਹਿੱਸਾ ਹੈ। ਮੈਂ 'ਹਿੰਦੂ-ਮੁਸਲਮਾਨ, ਭਾਈ-ਭਾਈ' ਵਾਲੀ ਗੱਲ ਨਹੀਂ ਕਰ ਰਿਹਾ। ਭਲਾ ਮੈਂ ਇਹ ਮੂਰਖਤਾ ਕਿਉਂ ਕਰਾਂਗਾ? ਕੀ ਮੈਂ ਹਰ ਰੋਜ਼ ਆਪਣੇ ਵੱਡੇ ਜਾਂ ਛੋਟੇ ਭਰਾ ਨੂੰ ਇਹ ਕਹਿੰਦਾ ਹਾਂ ਕਿ 'ਆਪਾਂ ਦੋਵੇਂ ਭਾਈ-ਭਾਈ ਹਾਂ...?' ਚਲੋ, ਮੈਂ ਨਹੀਂ ਕਹਿੰਦਾ...ਤਾਂ ਕੀ, ਤੁਸੀਂ ਕਹਿੰਦੇ ਓ? ਜੇ ਹਿੰਦੂ ਤੇ ਮੁਸਲਮਾਨ ਭਾਈ-ਭਾਈ ਨੇ ਤਾਂ ਕਹਿਣ ਦੀ ਕੋਈ ਲੋੜ ਨਹੀਂ। ਜੇ ਨਹੀਂ ਤਾਂ ਕਹਿਣ ਨਾਲ ਕੀ ਫ਼ਰਕ ਪੈ ਜਾਏਗਾ? ਮੈਂ ਕੋਈ ਚੋਣ ਤਾਂ ਲੜਨੀ ਨਹੀਂ। ਮੈਂ ਤਾਂ ਇਕ ਕਹਾਣੀਕਾਰ ਹਾਂ ਤੇ ਇਕ ਕਹਾਣੀ ਸੁਣਾ ਰਿਹਾ ਹਾਂ। ਮੈਂ ਟੋਪੀ ਤੇ ਇੱਫ਼ਨ ਦੀ ਗੱਲ ਕਰ ਰਿਹਾ ਹਾਂ...ਇਹ ਇਸ ਕਹਾਣੀ ਦੇ ਦੋ ਪਾਤਰ ਨੇ¸ ਇਕ ਦਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਹੈ ਤੇ ਦੂਜੇ ਦਾ ਨਾਂ ਸਯੱਦ ਜ਼ਰਗ਼ਾਮ ਮੁਰਤੁਜ਼ਾ। ਇਕ ਨੂੰ ਟੋਪੀ ਕਿਹਾ ਗਿਆ ਤੇ ਦੂਜੇ ਨੂੰ ਇੱਫ਼ਨ।
ਇੱਫ਼ਨ ਦੇ ਦਾਦਾ ਤੇ ਪੜਦਾਦਾ ਬੜੇ ਪ੍ਰਸਿੱਧ ਮੌਲਵੀ ਸਨ। ਕਾਫ਼ਿਰਾਂ ਦੇ ਦੇਸ਼ ਵਿਚ ਪੈਦਾ ਹੋਏ। ਕਾਫ਼ਿਰਾਂ ਦੇ ਦੇਸ਼ ਵਿਚ ਮਰੇ। ਪਰ ਵਸੀਅਤ ਕਰਕੇ ਮਰੇ ਕਿ ਲਾਸ਼ ਕਰਬਲਾ ਲਿਜਾਈ ਜਾਏ। ਜਾਪਦਾ ਸੀ, ਉਹਨਾਂ ਦੀ ਆਤਮਾਂ ਨੇ ਇਸ ਦੇਸ਼ ਵਿਚ ਇਕ ਵੀ ਸਾਹ ਨਹੀਂ ਸੀ ਲਿਆ। ਉਸ ਖ਼ਾਨਦਾਨ ਵਿਚ ਜਿਹੜਾ ਪਹਿਲਾ ਹਿੰਦੁਸਤਾਨੀ ਬੱਚਾ ਪੈਦਾ ਹੋਇਆ, ਉਹ ਵੱਡਾ ਹੋ ਕੇ ਇੱਫ਼ਨ ਦਾ ਪਿਓ ਬਣਿਆ।
ਇੱਫ਼ਨ ਦੇ ਅੱਬਾ ਸਯੱਦ ਮੁਰਤੁਜ਼ਾ ਹੁਸੈਨ ਵੀ ਹਿੰਦੂਆਂ ਦਾ ਛੂਹਿਆ ਨਹੀਂ ਸੀ ਖਾਂਦੇ, ਪਰ ਜਦੋਂ ਉਹ ਮਰੇ ਤਾਂ ਉਹਨਾਂ ਇਹ ਵਸੀਅਤ ਵੀ ਨਹੀਂ ਕੀਤੀ ਕਿ 'ਲਾਸ਼ ਕਰਬਲਾ ਲਿਜਾਈ ਜਾਏ।'...ਉਹ ਇਕ ਹਿੰਦੁਸਤਾਨੀ ਕਬਰਸਤਾਨ ਵਿਚ ਦਫ਼ਨਾ ਦਿੱਤੇ ਗਏ।
ਇੱਫ਼ਨ ਦੀ ਦਾਦੀ ਵੀ ਹਿੰਦੂਆਂ ਦਾ ਛੂਹਿਆ ਨਹੀਂ ਸੀ ਖਾਂਦੀ। ਬੜੀ ਨਮਾਜ਼ੀ ਬੀਬੀ ਸੀ...ਕਰਬਲਾ, ਨਜਫ਼, ਖੁਰਾਸਾਨ, ਕਾਜ਼ਮੈਨ ਤੇ ਪਤਾ ਨਹੀਂ ਕਿੱਥੋਂ-ਕਿੱਥੋਂ ਦੀ ਯਾਤਰਾ ਕਰ ਆਈ ਸੀ, ਪਰ ਜਦੋਂ ਕੋਈ ਘਰੋਂ ਜਾਣ ਲੱਗਦਾ ਤਾਂ ਉਹ ਬੂਹੇ ਅੱਗੇ ਪਾਣੀ ਦਾ ਘੜਾ ਜ਼ਰੂਰ ਰਖਵਾਂਦੀ ਤੇ ਮਾਸ਼ ਦਾ ਸਦਕਾ ਵੀ ਜ਼ਰੂਰ ਉਤਰਵਾਉਂਦੀ।
ਇੱਫ਼ਨ ਦੀ ਦਾਦੀ ਨਮਾਜ਼ ਰੋਜ਼ੇ ਦੀ ਵੀ ਪਾਬੰਦ ਸੀ, ਪਰ ਜਦੋਂ ਇਕਲੌਤੇ ਬੇਟੇ ਦੇ ਚੇਚਕ ਨਿਕਲੀ ਤਾਂ ਉਹ, ਉਸਦੇ ਮੰਜੇ ਕੋਲ ਇਕ ਲੱਤ 'ਤੇ ਖੜ੍ਹੀ ਹੋਈ ਤੇ ਬੋਲੀ, “ਮਾਤਾ ਮੋਰੇ ਬੱਚੇ ਕੋ ਮਾਫ਼ ਕਰਦੱਯੋ।” ਉਹ ਪੂਰਬ ਦੀ ਰਹਿਣ ਵਾਲੀ ਸੀ। ਨੌਂ ਜਾਂ ਦਸ ਸਾਲ ਦੀ ਸੀ ਜਦੋਂ ਵਿਆਹ ਕੇ ਲਖ਼ਨਊ ਆਈ ਸੀ, ਪਰ ਜਦੋਂ ਤੀਕ ਜਿਊਂਦੀ ਰਹੀ ਪੂਰਬੀ ਬੋਲੀ ਬੋਲਦੀ ਰਹੀ। ਲਖ਼ਨਊ ਦੀ ਉਰਦੂ ਸੁਸਰਾਲੀ ਬੋਲੀ ਸੀ...ਉਹ ਆਪਣੇ ਪੇਕਿਆਂ ਦੀ ਭਾਸ਼ਾ ਨੂੰ ਗਲ਼ ਲਾਈ ਰੱਖਦੀ।...ਕਿਉਂਕਿ ਇਸ ਭਾਸ਼ਾ ਦੇ ਸਿਵਾਏ ਇੱਧਰ ਹੋਰ ਕੋਈ ਨਹੀਂ ਸੀ ਜਿਹੜਾ ਉਸਦੇ ਦਿਲ ਦੀ ਗੱਲ ਸਮਝਦਾ। ਜਦੋਂ ਬੇਟੇ ਦੀ ਸ਼ਾਦੀ ਦੇ ਦਿਨ ਆਏ, ਗਾਉਣ-ਵਜਾਉਣ ਲਈ ਉਸਦਾ ਦਿਲ ਫੜਕਿਆ...ਪਰ ਮੌਲਵੀ ਸਾਹਬ ਦੇ ਘਰ ਗਾਉਣਾ-ਵਜਾਉਣਾ ਕਿੰਜ ਹੋ ਸਕਦਾ ਸੀ! ਵਿਚਾਰੀ ਮਨ-ਮਸੋਸ ਕੇ ਰਹਿ ਗਈ। ਹਾਂ, ਇੱਫ਼ਨ ਦੀ ਛਟੀ 'ਤੇ, ਤੇ ਫੇਰ ਉਸਦੀ ਮੁਸਲਮਾਨੀ ਦੇ ਮੌਕੇ ਉੱਤੇ ਉਹਨੇ ਜੀਅ ਭਰ ਕੇ ਜਸ਼ਨ ਮਨਾਇਆ।
ਹੋਇਆ ਇੰਜ ਸੀ ਕਿ ਇੱਫ਼ਨ ਆਪਣੇ ਦਾਦੇ ਦੇ ਮਰਨ ਪਿੱਛੋਂ ਪੈਦਾ ਹੋਇਆ ਸੀ।
ਮਰਦਾਂ ਤੇ ਔਰਤਾਂ ਦੇ ਇਸ ਫ਼ਰਕ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ, ਕਿਉਂਕਿ ਇਸ ਗੱਲ ਨੂੰ ਧਿਆਨ ਵਿਚ ਰੱਖੇ ਬਿਨਾਂ ਇੱਫ਼ਨ ਦੀ ਆਤਮਾਂ ਦਾ ਮੁਹਾਂਦਰਾ ਸਮਝ ਵਿਚ ਨਹੀਂ ਆ ਸਕਦਾ।
ਇੱਫ਼ਨ ਦੀ ਦਾਦੀ ਕਿਸੇ ਮੌਲਵੀ ਦੀ ਬੇਟੀ ਨਹੀਂ ਸੀ, ਬਲਕਿ ਇਕ ਜ਼ਿਮੀਂਦਾਰ ਦੀ ਧੀ ਸੀ। ਦੁੱਧ-ਘੀ ਖਾਂਦੀ ਆਈ ਸੀ, ਪਰ ਲਖ਼ਨਊ ਆ ਕੇ ਉਸ ਦਹੀਂ ਲਈ ਵੀ ਤਰਸ ਗਈ ਸੀ ਜਿਹੜਾ ਘਿਓ ਨਹਾਤੀਆਂ ਕਾੜ੍ਹਨੀਆਂ ਵਿਚ, ਅਸਾਮੀਆਂ ਦੇ ਘਰੋਂ, ਆਉਂਦਾ ਸੀ। ਬਸ, ਪੇਕੇ ਜਾਂਦੀ ਤਾਂ ਜੀਅ ਭਰ ਕੇ ਲੱਪ-ਗੱੜਪੀਂ ਖਾ ਲੈਂਦੀ। ਲਖ਼ਨਊ ਆਉਂਦਿਆਂ ਹੀ ਉਸਨੂੰ ਫੇਰ ਮੌਲਵਿਨ ਬਣ ਜਾਣਾ ਪੈਂਦਾ। ਆਪਣੇ ਮੀਆਂ ਨਾਲ ਉਸਨੂੰ ਇਹੋ ਇਕ ਸ਼ਿਕਾਇਤ ਰਹੀ ਕਿ ਸਮਾਂ ਦੇਖਦੇ ਸਨ ਨਾ ਮੌਕਾ, ਬਸ ਮੌਲਵੀ ਹੀ ਬਣੇ ਰਹਿੰਦੇ ਹੈਨ।
ਸਹੁਰੇ ਘਰ ਉਸਦੀ ਆਤਮਾਂ ਸਦਾ ਬੇਚੈਨ ਰਹੀ। ਜਦੋਂ ਮਰਨ ਲੱਗੀ ਤਾਂ ਬੇਟੇ ਨੇ ਪੁੱਛਿਆ ਕਿ 'ਲਾਸ਼ ਕਰਬਲਾ ਲਿਜਾਈ ਜਾਏ ਜਾਂ ਨਜਫ਼', ਤਾਂ ਹਿਰਖ ਕੇ ਬੋਲੀ¸
“ਏ ਬੇਟਾ ਜਉਨ ਤੂੰ ਸੇ ਲਾਸ਼ ਨਾ ਸੰਭਾਲੀ ਜਾਏ ਤ ਹਮਰੇ ਘਰ ਭੇਜ ਦਿਹੋ।”
ਮੌਤ ਸਿਰ 'ਤੇ ਖੜ੍ਹੀ ਸੀ, ਇਸ ਲਈ ਉਸਨੂੰ ਇਹ ਵੀ ਚੇਤਾ ਨਹੀਂ ਸੀ ਰਿਹਾ ਕਿ ਹੁਣ ਘਰ ਕਿੱਥੇ ਹੈ? ਘਰਵਾਲੇ ਤਾਂ ਕਰਾਚੀ ਚਲੇ ਗਏ ਸੀ ਤੇ ਘਰ ਕਸਟੋਡੀਅਨ ਦਾ ਹੋ ਚੁੱਕਿਆ ਹੈ। ਮਰਨ ਵੇਲੇ ਕਿਸੇ ਨੂੰ ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਭਲਾ ਚੇਤੇ ਵੀ ਕਿੰਜ ਰਹਿ ਸਕਦੀਆਂ ਨੇ! ਉਦੋਂ ਤਾਂ ਬੰਦਾ ਆਪਣੇ ਸਭ ਤੋਂ ਹੁਸੀਨ ਸੁਪਨੇ ਦੇਖ ਰਿਹਾ ਹੁੰਦਾ ਏ (ਇਹ ਕਹਾਣੀਕਾਰ ਦਾ ਆਪਣਾ ਵਿਚਾਰ ਹੈ ਕਿਉਂਕਿ ਉਹ ਅਜੇ ਤੀਕ ਮਰਿਆ ਨਹੀਂ)। ਇੱਫ਼ਨ ਦੀ ਦਾਦੀ ਨੂੰ ਵੀ ਆਪਣਾ ਘਰ ਯਾਦ ਆਇਆ। ਉਸ ਘਰ ਦਾ ਨਾਂ 'ਕੱਚੀ-ਹਵੇਲੀ' ਸੀ। ਕੱਚੀ ਇਸ ਲਈ ਕਿ ਉਹ ਕੱਚੀਆਂ ਇੱਟਾਂ ਦੀ ਬਣੀ ਹੋਈ ਸੀ। ਉਸਨੂੰ ਦਸ਼ਹਿਰੀ ਅੰਬਾਂ ਦਾ ਉਹ ਬੀਜੂ ਬੂਟਾ ਯਾਦ ਆਇਆ ਜਿਹੜਾ ਉਸਨੇ ਆਪਣੇ ਹੱਥੀਂ ਲਾਇਆ ਸੀ ਤੇ ਜਿਹੜਾ ਉਸ ਵਾਂਗਰ ਹੀ ਬੁੱਢਾ ਹੋ ਚੁੱਕਿਆ ਸੀ। ਅਜਿਹੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਤੇ ਅਣਗਿਣਤ ਮਿੱਠੀਆਂ-ਮਿੱਠੀਆਂ ਗੱਲਾਂ ਯਾਦ ਆਈਆਂ। ਉਹਨਾਂ ਚੀਜ਼ਾਂ ਤੇ ਗੱਲਾਂ ਨੂੰ ਛੱਡ ਕੇ ਭਲਾ ਕਰਬਲਾ ਜਾਂ ਨਜਫ਼ ਕਿੰਜ ਜਾ ਸਕਦੀ ਸੀ, ਉਹ!
ਉਹ ਬਨਾਰਸ ਦੇ 'ਫ਼ਾਤਮੈਨ' ਵਿਚ ਦਫ਼ਨ ਕਰ ਦਿੱਤੀ ਗਈ, ਕਿਉਂਕਿ ਮੁਰਤੁਜ਼ਾ ਹੁਸੈਨ ਦੀ ਪੋਸਟਿੰਗ ਓਹਨੀਂ ਦਿਨੀਂ ਉੱਥੇ ਹੀ ਸੀ। ਇੱਫ਼ਨ ਸਕੂਲ ਗਿਆ ਹੋਇਆ ਸੀ। ਨੌਕਰ ਨੇ ਆ ਕੇ ਖ਼ਬਰ ਦਿੱਤੀ ਕਿ ਬੀਬੀ ਦਾ ਦਿਹਾਂਤ ਹੋ ਗਿਆ ਹੈ। ਇੱਫ਼ਨ ਦੀ ਦਾਦੀ ਨੂੰ ਬੀਬੀ ਕਿਹਾ ਜਾਂਦਾ ਸੀ।
ਇੱਫ਼ਨ ਉਦੋਂ ਚੌਥੀ ਵਿਚ ਪੜ੍ਹਦਾ ਸੀ ਤੇ ਟੋਪੀ ਨਾਲ ਉਸਦੀ ਮੁਲਾਕਾਤ ਹੋ ਚੁੱਕੀ ਸੀ।
ਇੱਫ਼ਨ ਨੂੰ ਆਪਣੀ ਦਾਦੀ ਨਾਲ ਬੜਾ ਪਿਆਰ ਸੀ। ਪਿਆਰ ਤਾਂ ਉਸਨੂੰ ਆਪਣੇ ਅੱਬੂ, ਆਪਣੀ ਅੰਮੀਂ, ਆਪਣੀ ਬਾਜੀ ਤੇ ਆਪਣੀ ਛੋਟੀ ਭੈਣ ਨੁਸਰਤ ਨਾਲ ਵੀ ਸੀ, ਪਰ ਦਾਦੀ ਨਾਲ ਉਹ ਜ਼ਰਾ ਜ਼ਿਆਦਾ ਹੀ ਪਿਆਰ ਕਰਦਾ ਸੀ। ਅੰਮੀ ਤਾਂ ਕਦੀ ਕਦੀ ਝਿੜਕ ਜਾਂ ਇਕ ਅੱਧੀ ਚਪੇੜ ਵੀ ਜੜ ਦਿੰਦੀ ਸੀ। ਬਾਜੀ ਦਾ ਵੀ ਇਹੋ ਹਾਲ ਸੀ। ਅੱਬੂ ਵੀ ਕਦੇ-ਕਦਾਰ ਘਰ ਨੂੰ ਕਚਹਿਰੀ ਸਮਝ ਕੇ ਫ਼ੈਸਲੇ ਸੁਨਾਉਣ ਲੱਗ ਪੈਂਦੇ ਸਨ। ਨੁਸਰਤ ਨੂੰ ਜਦੋਂ ਮੌਕਾ ਮਿਲਦਾ ਸੀ, ਉਸਦੀਆਂ ਕਾਪੀਆਂ ਵਿਚ ਕਾਟੇ-ਵਾਟੇ ਮਾਰ ਦੇਂਦੀ ਸੀ। ਬਸ, ਇਕ ਦਾਦੀ ਸੀ ਜਿਸਨੇ ਕਦੀ ਉਸਦਾ ਦਿਲ ਨਹੀਂ ਸੀ ਦੁਖਾਇਆ। ਉਹ ਰਾਤ ਨੂੰ ਉਸਨੂੰ ਬਹਿਰਾਮ ਡਾਕੂ, ਅਨਾਰ ਪਰੀ, ਬਾਰਾਂ ਬੁਰਜ, ਅਮੀਰ ਹਮਜ਼ਾ, ਗੁਲਬਕਾਵਲੀ, ਹਾਤਮਤਾਈ, ਪੰਚ ਫੂਲਾਰਾਣੀ ਵਗ਼ੈਰਾ ਦੀਆਂ ਕਹਾਣੀਆਂ ਸੁਨਾਉਂਦੀ¸
“ਸੋਤਾ ਹੈ ਸੰਸਾਰ, ਜਾਗਤਾ ਹੈ ਪਾਕ ਪਰਵਰਦਿਗਾਰ। ਆਂਖੋਂ ਕੀ ਦੇਖੀ ਨਹੀਂ ਕਹਿਤੀ, ਕਾਨੋਂ ਕੀ ਸੁਣੀ ਕਹਿਤੀ ਹੂੰ ਕਿ ਏਕ ਮੁਲੁਕ ਮਾ ਏਕ ਬਾਦਸ਼ਾ ਰਹਾ...”
ਦਾਦੀ ਦੀ ਭਾਸ਼ਾ ਉੱਤੇ ਉਹ ਕਦੀ ਨਹੀਂ ਸੀ ਮੁਸਕਰਾਇਆ...ਉਸਨੂੰ ਤਾਂ ਚੰਗੀ ਭਲੀ ਲੱਗਦੀ ਸੀ, ਪਰ ਅੱਬੂ ਨਹੀਂ ਸਨ ਬੋਲਨ ਦਿੰਦੇ।...ਤੇ ਜਦੋਂ ਉਹ ਦਾਦੀ ਕੋਲ ਇਸ ਦੀ ਸ਼ਿਕਾਇਤ ਕਰਦਾ ਤਾਂ ਉਹ ਹੱਸ ਪੈਂਦੀ¸
“ਅ ਮੋਰਾ ਕਾ ਹੈ ਬੇਟਾ! ਅਨਪੜ ਗੰਵਾਰਨ ਕੀ ਬੋਲੀ ਤੂੰ ਕਾਹੇ ਕੋ ਬੋਲੇ ਲਗਿਓ। ਤੂੰ ਅਪਨੇ ਅੱਬਾ ਹੀ ਕੀ ਬੋਲੀ ਬੋਲੌ।” ਗੱਲ ਮੁੱਕ ਜਾਂਦੀ ਤੇ ਕਹਾਣੀ ਸ਼ੁਰੂ ਹੋ ਜਾਂਦੀ।
“ਤ ਊ ਬਾਦਸ਼ਾ ਕਾ ਕਿਹਿਸ ਕਿ ਤੁਰੰਤੇ ਏਕ ਠੋ ਹਿਰਨ ਮਾਰ ਲਿਆਵਾ...।”
ਇਹੀ ਬੋਲੀ ਟੋਪੀ ਦੇ ਦਿਲ ਵਿਚ ਉਤਰ ਗਈ ਸੀ। ਇੱਫ਼ਨ ਦੀ ਦਾਦੀ ਉਸਨੂੰ ਆਪਣੀ ਮਾਂ ਦੀ ਪਾਰਟੀ ਦੀ ਦਿਖਾਈ ਦਿੱਤੀ। ਆਪਣੀ ਦਾਦੀ ਨਾਲ ਤਾਂ ਉਸਨੂੰ ਨਫ਼ਰਤ ਸੀ। ਪਤਾ ਨਹੀਂ ਕਿਹੋ ਜਿਹੀ ਭਾਸ਼ਾ ਬੋਲਦੀ ਸੀ। ਇੱਫ਼ਨ ਦੇ ਅੱਬਾ ਦੀ ਤੇ ਉਸਦੀ ਭਾਸ਼ਾ ਇਕੋ ਸੀ।
ਉਹ ਜਦੋਂ ਇੱਫ਼ਨ ਕੇ ਘਰ ਜਾਂਦਾ, ਉਸਦੀ ਦਾਦੀ ਕੋਲ ਹੀ ਬੈਠਣ ਦੀ ਕੋਸ਼ਿਸ਼ ਕਰਦਾ। ਇੱਫ਼ਨ ਦੀ ਅੰਮੀ ਤੇ ਬਾਜੀ ਨਾਲ ਕਦੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਸੀ ਕਰਦਾ¸ ਪਰ ਉਹ ਦੋਵੇਂ ਉਸਦੀ ਬੋਲੀ ਉੱਤੇ ਹੱਸਣ ਲਈ ਉਸਨੂੰ ਛੇੜ ਲੈਂਦੀਆਂ ਤੇ ਜਦੋਂ ਗੱਲ ਵਧਣ ਲੱਗਦੀ ਤਾਂ ਦਾਦੀ ਵਿਚ ਪੈ ਜਾਂਦੀ¸
“ਤੈ ਕਾਹੇ ਕੋ ਜਾਥੈ ਉਨ ਸਭਨ ਕੇ ਪਾਸ ਮੂੰਹ ਪਿਟਾਵੇ ਕੋ ਝਾੜ ਮਾਰੇ। ਚਲ ਇਧਿਰ ਆ...” ਉਹ ਝਿੜਕ ਕੇ ਕਹਿੰਦੀ, ਪਰ ਹਰ ਸ਼ਬਦ ਖੰਡ ਦੇ ਖਿਡੌਣੇ ਵਰਗਾ ਲੱਗਦਾ। ਅਮਾਵਟ (ਅੰਬ-ਪਾਪੜ) ਬਣ ਜਾਂਦਾ। ਤਿਲਵਾ (ਤਿਲਾਂ ਦਾ ਲੱਡੂ) ਬਣ ਜਾਂਦਾ...ਤੇ ਉਹ ਚੁੱਪਚਾਪ ਉਸਦੇ ਕੋਲ ਜਾ ਬੈਠਦਾ।
“ਤੋਰੀ ਅੰਮਾਂ ਕਾ ਕਰ ਰਹੀਂ...” ਦਾਦੀ ਹਮੇਸ਼ਾ ਇੱਥੋਂ ਹੀ ਗੱਲ ਸ਼ੁਰੂ ਕਰਦੀ। ਪਹਿਲਾਂ ਉਹ ਚਕਰਾ ਜਾਂਦਾ ਕਿ ਇਹ ਅੰਮਾਂ ਕੀ ਹੁੰਦੀ ਹੈ, ਪਰ ਫੇਰ ਉਹ ਸਮਝ ਗਿਆ ਕਿ ਮਾਤਾਜੀ ਨੂੰ ਕਹਿੰਦੇ ਨੇ।
ਇਹ ਸ਼ਬਦ ਉਸਨੂੰ ਚੰਗਾ ਲੱਗਿਆ¸ ਅੰਮਾਂ! ਉਹ ਇਸਨੂੰ ਗੁੜ ਦੀ ਡਲੀ ਵਾਂਗ ਚੂਸਦਾ ਰਿਹਾ। ਅੰਮਾਂ। ਅੱਬੂ। ਬਾਜੀ।
ਤੇ ਫੇਰ ਇਕ ਦਿਨ ਗ਼ਜ਼ਬ ਹੋ ਗਿਆ।
ਡਾਕਟਰ ਭਿਰਗੂ ਨਾਰਾਇਣ ਸ਼ੁਕਲਾ ਨੀਲੇ ਤੇਲ ਵਾਲੇ ਦੇ ਘਰ ਵੀ ਵੀਹਵੀਂ ਸਦੀ ਪ੍ਰਵੇਸ਼ ਕਰ ਚੁੱਕੀ ਸੀ¸ ਯਾਨੀ ਖਾਣਾ ਮੇਜ਼-ਕੁਰਸੀਆਂ ਉੱਤੇ ਖਾਧਾ ਜਾਣ ਲੱਗ ਪਿਆ ਸੀ¸ ਲੱਗਦੀਆਂ ਥਾਲੀਆਂ ਹੀ ਸਨ, ਪਰ ਚੌਂਕੇ ਵਿਚ ਨਹੀਂ।
ਉਸ ਦਿਨ ਇੰਜ ਹੋਇਆ ਕਿ ਬੈਂਗਨ ਦਾ ਭੜਥਾ ਉਸਨੂੰ ਕੁਝ ਵਧੇਰੇ ਹੀ ਸੁਆਦ ਲੱਗਿਆ। ਰਾਮਦੁਲਾਰੀ ਖਾਣਾ ਪਰੋਸ ਰਹੀ ਸੀ। ਟੋਪੀ ਨੇ ਕਿਹਾ¸
“ਅੰਮਾਂ, ਜ਼ਰਾ ਬੈਂਗਨ ਦਾ ਭੜਥਾ...”
ਅੰਮਾਂ !
ਮੇਜ਼ ਉੱਤੇ ਜਿੰਨੇ ਹੱਥ ਸਨ ਰੁਕ ਗਏ; ਜਿੰਨੀਆਂ ਅੱਖਾਂ ਸਨ ਟੋਪੀ ਦੇ ਚਿਹਰੇ ਉੱਤੇ ਗੱਡੀਆਂ ਗਈਆਂ।
ਅੰਮਾਂ ! ਇਹ ਮਲੈਛ ਸ਼ਬਦ ਇਸ ਘਰ ਵਿਚ ਕਿੰਜ ਆਇਆ? ਅੰਮਾਂ ! ਪ੍ਰੰਪਰਾ ਦੀ ਕੰਧ, ਡੋਲਨ ਲੱਗ ਪਈ। ਅੰਮਾਂ ! ਧਰਮ, ਸੰਕਟ ਵਿਚ ਪੈ ਗਿਆ।
“ਇਹ ਲਫ਼ਜ਼ ਤੂੰ ਕਿੱਥੋਂ ਸਿੱਖਿਆ ਏ?” ਸੁਭਦਰਾ ਦੇਵੀ ਨੇ ਸਵਾਲ ਕੀਤਾ।
“ਲਫ਼ਜ਼?” ਟੋਪੀ ਨੇ ਅੱਖਾਂ ਨਚਾਈਆਂ। ਲਫ਼ਜ਼ ਕਾ ਹੋਤਾ ਹੈ ਮਾਂ?”
“ਇਹ ਅੰਮਾਂ ਕਹਿਣਾ ਤੂੰ ਕਿਸ ਕੋਲੋਂ ਸਿੱਖਿਆ ਏਂ?” ਦਾਦੀ ਕੜਕੀ।
“ਈ ਹਮ ਇੱਫਨ ਸੇ ਸੀਖਾ ਹੈ।”
“ਉਸਦਾ ਪੂਰਾ ਨਾਂ ਕੀ ਏ?”
“ਈ ਹਮ ਨਾ ਜਾਨਤੇ।”
“ਤੈਂ ਕਉਨੋਂ ਮੀਆਂ ਕੇ ਲਇਕਾ ਸੇ ਦੋਸਤੀ ਕਰ ਲਿਹਲੇ ਬਾਏ ਕਾ-ਰੇ?” ਰਾਮਦੁਲਾਰੀ ਦੀ ਆਤਮਾਂ ਝਨਝਣਾਅ ਗਈ।
“ਬਹੂ ਤੈਨੂੰ ਕਿੰਨੀ ਵਾਰੀ ਕਿਹੈ ਬਈ ਮੇਰੇ ਸਾਹਮਣੇ ਇਹ ਗੰਵਾਰਾਂ ਵਾਲੀ ਬੋਲੀ ਨਾ ਬੋਲਿਆ ਕਰ।” ਸੁਭਦਰਾ ਦੇਵੀ ਰਾਮਦੁਲਾਰੀ ਉੱਤੇ ਵਰ੍ਹ ਗਈ।
ਲੜਾਈ ਦਾ ਮੋਰਚਾ ਬਦਲ ਗਿਆ।
ਦੂਜੀ ਵੱਡੀ ਜੰਗ ਲੱਗੀ ਹੋਈ ਸੀ...ਇਸ ਲਈ ਜਦੋਂ ਡਾਕਟਰ ਭਿਰਗੂ ਨਾਰਇਣ ਨੀਲੇ ਤੇਲ ਵਾਲੇ ਨੂੰ ਇਹ ਪਤਾ ਲੱਗਿਆ ਕਿ ਟੋਪੀ ਨੇ ਕਲਕਟਰ ਸਾਹਬ ਦੇ ਮੁੰਡੇ ਨਾਲ ਦੋਸਤੀ ਕਰ ਲਈ ਹੈ ਤਾਂ ਉਹ ਆਪਣਾ ਗੁੱਸਾ ਪੀ ਗਏ...ਤੇ ਤੀਜੇ ਦਿਨ ਹੀ ਕੱਪੜੇ ਤੇ ਖੰਡ ਦਾ ਪਰਮਿਟ ਲੈ ਆਏ।
ਪਰ ਉਸ ਦਿਨ ਟੋਪੀ ਦੀ ਬੜੀ ਦੁਰਗਤ ਬਣੀ। ਸੁਭਦਰਾ ਦੇਵੀ ਤਾਂ ਉਸੇ ਸਮੇਂ ਖਾਣੇ ਦੀ ਮੇਜ਼ ਤੋਂ ਉਠ ਗਈ ਤੇ ਰਾਮਦੁਲਾਰੀ ਨੇ ਟੋਪੀ ਨੂੰ ਤਕੜਾ ਫਾਂਟਾ ਚਾੜ੍ਹਿਆ।
“ਤੈਂ ਫ਼ਿਰ ਜਾਏਬੇ ਓਕਰਾ ਘਰੇ?”
“ਹਾਂ।”
“ਅਰੇ ਤੋਹਾਰਾ ਹਾਂ ਮਾਂ ਲੁਕਾਰਾ ਆਗੇ ਮਾਟੀ ਮਿਲਊ।”
...ਰਾਮਦੁਲਾਰੀ ਕੁੱਟ-ਕੁੱਟ ਕੇ ਹੰਭ ਗਈ ਪਰ ਟੋਪੀ ਨੇ ਇਹ ਨਹੀਂ ਕਿਹਾ ਕਿ ਉਹ ਇੱਫ਼ਨ ਕੇ ਘਰੇ ਨਹੀਂ ਜਾਵੇਗਾ। ਮੁਨੀ ਬਾਬੂ ਤੇ ਭੈਰਵ ਉਸਦੀ ਕੁਟਾਈ ਦਾ ਤਮਾਸ਼ਾ ਦੇਖਦੇ ਰਹੇ।
“ਹਮ ਏਕ ਦਿਨ ਏ-ਕੋ ਰਹੀਮ ਕਬਾਬਚੀ ਕੀ ਦੁਕਾਨ ਪਰ ਕਬਾਬੋ ਖਾਤੇ ਦੇਖਾ ਰਹਾ।” ਮੁਨੀ ਬਾਬੂ ਨੇ ਬਲਦੀ ਉੱਤੇ ਤੇਲ ਪਾਇਆ।
ਕਬਾਬ !
“ਰਾਮ-ਰਾਮ-ਰਾਮ !” ਰਾਮਦੁਲਾਰੀ ਨੂੰ ਘਿਣ ਆ ਗਈ ਤੇ ਉਹ ਦੋ ਪੈਰ ਪਿੱਛੇ ਹਟ ਗਈ। ਟੋਪੀ ਮੁਨੀ ਵੱਲ ਦੇਖਣ ਲੱਗਿਆ। ਕਿਉਂਕਿ ਸੱਚਾਈ ਇਹ ਸੀ ਕਿ ਟੋਪੀ ਨੇ ਮੁਨੀ ਨੂੰ ਕਬਾਬ ਖਾਂਦਿਆਂ ਦੇਖਿਆ ਲਿਆ ਸੀ ਤੇ ਮੁਨੀ ਬਾਬੂ ਨੇ ਉਸਨੂੰ ਇਕ ਆਨਾ ਰਿਸ਼ਵਤ ਦਾ ਵੀ ਦਿੱਤਾ ਸੀ। ਟੋਪੀ ਨੂੰ ਇਹ ਵੀ ਪਤਾ ਸੀ ਕਿ ਮੁਨੀ ਬਾਬੂ ਸਿਗਰੇਟ ਵੀ ਪੀਂਦੇ ਨੇ, ਪਰ ਉਹ ਚੁਗ਼ਲਖ਼ੋਰ ਨਹੀਂ ਸੀ। ਉਸਨੇ ਹੁਣ ਤਾਈਂ ਮੁਨੀ ਬਾਬੂ ਦੀ ਕੋਈ ਗੱਲ, ਇੱਫ਼ਨ ਦੇ ਸਿਵਾਏ, ਕਿਸੇ ਹੋਰ ਨੂੰ ਨਹੀਂ ਸੀ ਦੱਸੀ।
“ਤੂੰ ਹਮੇ ਕਬਾਬ ਖਾਤੇ ਦੇਖੇ ਰਹਿਓ?”
“ਹਾਂ।”
“ਤਾਂ ਤੂੰ ਉਸੇ ਦਿਨ ਕਿਉਂ ਨਹੀਂ ਦੱਸਿਆ?” ਸੁਭਦਰਾ ਦੇਵੀ ਨੇ ਸਵਾਲ ਕੀਤਾ।
“ਇ ਝੁਟਠਾ ਹੈ ਦਾਦੀ!” ਟੋਪੀ ਨੇ ਕਿਹਾ।
ਉਸ ਦਿਨ ਟੋਪੀ ਬੜਾ ਉਦਾਸ ਰਿਹਾ। ਉਹ ਅਜੇ ਏਨਾ ਵੱਡਾ ਨਹੀਂ ਸੀ ਹੋਇਆ ਕਿ ਝੂਠ ਤੇ ਸੱਚ ਦੇ ਕਿੱਸੇ ਵਿਚ ਪੈਂਦਾ।... ਤੇ ਸੱਚੀ ਗੱਲ ਤਾਂ ਇਹ ਹੈ ਕਿ ਉਹ ਏਨਾ ਵੱਡਾ ਕਦੀ ਵੀ ਨਹੀਂ ਹੋ ਸਕਿਆ। ਉਸ ਦਿਨ ਉਸਦੇ ਏਨੀ ਮਾਰ ਪਈ ਸੀ ਕਿ ਉਸਦਾ ਸਾਰਾ ਪਿੰਡਾ ਦੁਖ ਰਿਹਾ ਸੀ। ਉਹ ਲਗਾਤਾਰ ਬੱਸ ਇਕੋ ਗੱਲ ਸੋਚਦਾ ਰਿਹਾ ਸੀ ਕਿ ਜੇ ਕਿਤੇ ਇਕ ਦਿਨ ਵਾਸਤੇ ਹੀ ਸਹੀ, ਉਹ ਮੁਨੀ ਬਾਬੂ ਨਾਲੋਂ ਵੱਡਾ ਹੋ ਜਾਵੇ ਤਾਂ ਉਸਨੂੰ ਦੇਖ ਲਵੇਗਾ। ਪਰ ਮੁਨੀ ਬਾਬੂ ਨਾਲੋਂ ਵੱਡਾ ਹੋ ਸਕਣਾ ਉਸਦੇ ਵੱਸ ਦੀ ਗੱਲ ਨਹੀਂ ਸੀ¸ ਉਹ ਮੁਨੀ ਬਾਬੂ ਨਾਲੋਂ ਛੋਟਾ ਪੈਦਾ ਹੋਇਆ ਸੀ, ਤੇ ਹਮੇਸ਼ਾ ਉਸਤੋਂ ਛੋਟਾ ਹੀ ਰਿਹਾ।
ਦੂਜੇ ਦਿਨ ਜਦੋਂ ਉਹ ਸਕੂਲ ਵਿਚ ਇੱਫ਼ਨ ਨੂੰ ਮਿਲਿਆ ਤਾਂ ਉਸਨੇ ਉਸਨੂੰ ਸਾਰੀ ਗੱਲ ਦੱਸੀ। ਦੋਵੇਂ ਭੂਗੋਲ ਦੀ ਘੰਟੀ ਛੱਡ ਕੇ ਖਿਸਕ ਗਏ ਸਨ। ਪੰਜਮ ਦੀ ਦੁਕਾਨ ਤੋਂ ਇੱਫ਼ਨ ਨੇ ਕੇਲੇ ਲਏ। ਗੱਲ ਇਹ ਸੀ ਕਿ ਟੋਪੀ ਫਲਾਂ ਦੇ ਇਲਾਵਾ ਹੋਰ ਕਿਸੇ ਬਾਜ਼ਾਰੂ ਚੀਜ਼ ਨੂੰ ਹੱਥ ਨਹੀਂ ਸੀ ਲਾਉਂਦਾ।
“ਅਇਸਾ ਨਾ ਹੋ ਸਕਤ ਕਾ ਕੀ ਹਮ ਲੋਗ ਦਾਦੀ ਬਦਲ ਲੇਂ!” ਟੋਪੀ ਨੇ ਕਿਹਾ, “ਤੋਹਰੀ ਦਾਦੀ ਹਮਰੇ ਘਰ ਆ ਜਾਏਂ, ਅਊਰ ਹਮਰੀ ਤੋਹਰੇ ਘਰ ਚਲੀ ਜਾਏਂ? ਹਮਰੀ ਦਾਦੀ ਤ ਬੋਲਿਓ ਤੂੰਹੀਂ ਲੋਗਨ ਕੋ ਬੋ-ਲ-ਥੀ!”
“ਇੰਜ ਨਹੀਂ ਹੋ ਸਕਦਾ।” ਇੱਫ਼ਨ ਨੇ ਕਿਹਾ, “ਅੱਬੂ ਇਹ ਨਹੀਂ ਮੰਨਣਗੇ, ਤੇ ਮੈਨੂੰ ਕਹਾਣੀ ਕੌਣ ਸੁਨਾਇਆ ਕਰੇਗਾ? ਤੇਰੀ ਦਾਦੀ ਨੂੰ ਬਾਰਾਂ ਬੁਰਜਾਂ ਵਾਲੀ ਕਹਾਣੀ ਆਉਂਦੀ ਏ?”
“ਤੂ ਹੱਮੇਂ ਏਕ ਠੋ ਦਾਦੀਓ ਨਾ ਦੇ ਸਕਤ-ਯੋਂ?” ਟੋਪੀ ਨੇ ਖ਼ੁਦ ਆਪਣੇ ਦਿਲ ਦੇ ਟੁੱਟਣ ਦੀ ਆਵਾਜ਼ ਸੁਣੀ।
“ਜਿਹੜੀ ਮੇਰੀ ਦਾਦੀ ਏ, ਉਹ ਮੇਰੇ ਅੱਬੂ ਦੀ ਅੰਮਾਂ ਵੀ ਤਾਂ ਹੈ।” ਇੱਫ਼ਨ ਨੇ ਕਿਹਾ।
ਤੇ ਇਹ ਗੱਲ ਟੋਪੀ ਦੀ ਸਮਝ ਵਿਚ ਆ ਗਈ।
“ਤੇਰੀ ਦਾਦੀ ਵੀ ਮੇਰੀ ਦਾਦੀ ਵਾਂਗਰ ਬੁੱਢੀ ਹੀ ਹੋਏਗੀ?”
“ਹਾਂ।”
“ਤਾਂ ਫੇਰ ਫ਼ਿਕਰ ਨਾ ਕਰ,” ਇੱਫ਼ਨ ਨੇ ਕਿਹਾ, “ਮੇਰੀ ਦਾਦੀ ਕਹਿੰਦੀ ਏ ਕਿ 'ਬੁੱਢੇ ਛੇਤੀ ਮਰ ਜਾਂਦੇ ਨੇ'।”
“ਹਮਰੀ ਦਾਦੀ ਨਾ ਮਰਿ-ਹੇ।”
“ਕਿਉਂ? ਮਰੇਗੀ ਕਿੰਜ ਨਹੀਂ? ਕੀ ਮੇਰੀ ਦਾਦੀ ਝੂਠ ਬੋਲਦੀ ਏ?”
ਐਨ ਉਸੇ ਵੇਲੇ ਨੌਕਰ ਆਇਆ ਤੇ ਪਤਾ ਲੱਗਿਆ ਕਿ ਇੱਫ਼ਨ ਦੀ ਦਾਦੀ ਮਰ ਗਈ ਹੈ।
ਇੱਫ਼ਨ ਚਲਾ ਗਿਆ। ਟੋਪੀ ਇਕੱਲਾ ਰਹਿ ਗਿਆ। ਉਹ ਮੂੰਹ ਲਟਕਾਈ ਜਿਮਨੇਜ਼ੀਅਮ ਵਿਚ ਚਲਾ ਗਿਆ। ਬੁੱਢਾ ਚਪੜਾਸੀ ਇਕ ਪਾਸੇ ਬੈਠਾ ਬੀੜੀ ਪੀ ਰਿਹਾ ਸੀ। ਟੋਪੀ ਇਕ ਨੁੱਕਰੇ ਬੈਠ ਕੇ ਰੋਣ ਲੱਗ ਪਿਆ।
ਸ਼ਾਮ ਨੂੰ ਉਹ ਇੱਫ਼ਨ ਕੇ ਘਰ ਗਿਆ ਤਾਂ ਉੱਥੇ ਇਕ ਅਜੀਬ ਜਿਹੀ ਚੁੱਪ ਵਾਪਰੀ ਹੋਈ ਸੀ। ਘਰ ਭਰਿਆ ਹੋਇਆ ਸੀ। ਹਰ ਰੋਜ਼ ਜਿੰਨੇ ਲੋਕ ਹੁੰਦੇ ਸਨ, ਅੱਜ ਉਸ ਨਾਲੋਂ ਵੀ ਵੱਧ ਸਨ...ਪਰ ਇਕ ਦਾਦੀ ਦੇ ਨਾ ਹੋਣ ਕਰਕੇ ਟੋਪੀ ਲਈ ਘਰ ਸੁੰਨਾ ਹੋ ਚੁੱਕਿਆ ਸੀ। ਜਦਕਿ ਉਸਨੂੰ ਦਾਦੀ ਦਾ ਨਾਂ ਵੀ ਨਹੀਂ ਸੀ ਪਤਾ। ਉਸਨੇ ਦਾਦੀ ਦੇ ਹਜ਼ਾਰ ਵਾਰੀ ਕਹਿਣ 'ਤੇ ਵੀ ਕਦੀ, ਉਸਦੇ ਹੱਥ ਦੀ ਬਣੀ ਹੋਈ, ਕੋਈ ਚੀਜ਼ ਨਹੀਂ ਸੀ ਖਾਧੀ। ਪ੍ਰੇਮ ਇਹਨਾਂ ਗੱਲਾਂ ਦਾ ਪਾਬੰਦ ਨਹੀਂ ਹੁੰਦਾ। ਟੋਪੀ ਤੇ ਦਾਦੀ ਵਿਚਾਲੇ ਇਕ ਅਜਿਹਾ ਰਿਸ਼ਤਾ ਬਣ ਚੁੱਕਿਆ ਸੀ ਜਿਹੜਾ ਮੁਸਲਿਮ ਲੀਗ, ਕਾਂਗਰਸ ਤੇ ਜਨਸੰਘ ਤੋਂ ਵੱਡਾ ਸੀ। ਇੱਫ਼ਨ ਦਾ ਦਾਦਾ ਜਿਊਂਦਾ ਹੁੰਦਾ ਤਾਂ ਉਹਨੇ ਵੀ ਇਸ ਰਿਸ਼ਤੇ ਨੂੰ ਉਸੇ ਤਰ੍ਹਾਂ ਨਹੀਂ ਸੀ ਸਮਝ ਸਕਣਾ ਜਿਸ ਤਰਾਂ ਟੋਪੀ ਦੇ ਘਰ ਵਾਲੇ ਨਹੀਂ ਸੀ ਸਮਝ ਸਕੇ। ਦੋਵੇਂ ਵੱਖਰੇ-ਵੱਖਰੇ ਤੇ ਅਧੂਰੇ ਸਨ...ਇਕ ਨੇ, ਦੂਜੇ ਨੂੰ ਪੂਰਾ ਕਰ ਦਿੱਤਾ ਸੀ। ਦੋਵੇਂ ਪਿਆਸੇ ਸਨ...ਇਕ ਨੇ, ਦੂਜੇ ਦੀ ਪਿਆਸ ਬੁਝਾਅ ਦਿੱਤੀ ਸੀ। ਦੋਵੇਂ ਆਪਣੇ ਘਰਾਂ ਵਿਚ ਬਿਗਾਨੇ ਸਨ ਤੇ ਭਰੇ-ਪੂਰੇ ਘਰਾਂ ਵਿਚ ਇਕੱਲੇ ਸਨ। ਦੋਵਾਂ ਨੇ ਇਕ ਦੂਜੇ ਦਾ ਇਕਲਾਪਾ ਮਿਟਾਅ ਦਿੱਤਾ ਸੀ¸ ਇਕ ਬਹੱਤਰ ਸਾਲ ਦੀ ਸੀ, ਤੇ ਇਕ ਅੱਠ ਸਾਲ ਦਾ ਸੀ।
“ਤੌਰੀ ਦਾਦੀ ਕੀ ਜਗਹ ਹਮਰੀ ਦਾਦੀ ਮਰ ਗਈ ਹੋਤੀਂ ਤ ਠੀਕ ਭਯਾ ਹੋਤਾ।” ਟੋਪੀ ਨੇ ਇੱਫ਼ਨ ਨੂੰ ਪੁਰਸਾ (ਮਰਨ ਵਾਲੇ  ਦੇ ਨਜ਼ਦੀਕੀ ਨੂੰ ਦਿੱਤੀ ਜਾਣ ਵਾਲੀ ਤੱਸਲੀ–ਅਨੁ.) ਦਿੱਤਾ।  
ਇੱਫ਼ਨ ਨੇ ਕੋਈ ਜਵਾਬ ਨਾ ਦਿੱਤਾ। ਉਸਨੂੰ ਇਸ ਗੱਲ ਦਾ ਕੋਈ ਜਵਾਬ ਆਉਂਦਾ ਹੀ ਨਹੀਂ ਸੀ। ਦੋਵੇਂ ਦੋਸਤ ਚੁੱਪਚਾਪ ਰੋਣ ਲੱਗ ਪਏ।
    --- --- ---

ਟੋਪੀ ਸ਼ੁਕਲਾ…:  ਪੰਜਵੀਂ ਕਿਸ਼ਤ

ਟੋਪੀ ਸ਼ੁਕਲਾ…:  ਪੰਜਵੀਂ ਕਿਸ਼ਤ :

ਟੋਪੀ ਨੇ ਦਸ ਅਕਤੁਰ ਸਨ ਪੰਤਾਲੀ ਨੂੰ ਸੌਂਹ ਖਾਧੀ ਕਿ ਹੁਣ ਉਹ ਕਿਸੇ ਅਜਿਹੇ ਮੁੰਡੇ ਨਾਲ ਦੋਸਤੀ ਨਹੀਂ ਕਰੇਗਾ, ਜਿਸਦਾ ਪਿਓ ਕੋਈ ਅਜਿਹੀ ਨੌਕਰੀ ਕਰਦਾ ਹੋਵੇ ਜਿਸ ਵਿਚ ਬਦਲੀ ਹੁੰਦੀ ਰਹਿੰਦੀ ਹੋਵੇ।
ਦਸ ਅਕਤੂਬਰ ਸਨ ਪੰਤਾਲੀ ਦਾ ਉਂਜ ਤਾਂ ਕੋਈ ਮਹੱਤਵ ਨਹੀਂ, ਪਰ ਟੋਪੀ ਦੇ ਆਤਮ-ਇਤਿਹਾਸ ਵਿਚ ਇਸ ਤਾਰੀਖ਼ ਦਾ ਬੜਾ ਮਹੱਤਵ ਹੈ ਕਿਉਂਕਿ ਇਸ ਤਾਰੀਖ਼ ਨੂੰ ਇੱਫ਼ਨ ਦੇ ਪਿਤਾ ਬਦਲ ਕੇ ਮੁਰਾਦਾਬਾਦ ਚਲੇ ਗਏ ਸਨ। ਇੱਫ਼ਨ ਦੀ ਦਾਦੀ ਦੀ ਮੌਤ ਤੋਂ ਥੋੜ੍ਹੇ ਦਿਨ ਬਾਅਦ ਹੀ ਇਹ ਬਦਲੀ ਹੋਈ ਸੀ, ਇਸ ਲਈ ਟੋਪੀ ਹੋਰ ਵੀ ਇਕੱਲਾ ਹੋ ਗਿਆ ਸੀ ਕਿਉਂਕਿ ਦੂਜੇ ਕਲੇਕਟਰ ਠਾਕੁਰ ਹਰਨਾਮ ਸਿੰਘ ਦੇ ਤਿੰਨਾਂ ਮੁੰਡਿਆਂ ਵਿਚੋਂ ਕੋਈ ਵੀ ਉਸਦਾ ਦੋਸਤ ਨਹੀਂ ਸੀ ਬਣ ਸਕਿਆ। ਡੱਬੂ, ਬੜਾ ਛੋਟਾ ਸੀ; ਬੀਲੂ, ਬੜਾ ਵੱਡਾ ਤੇ ਗੁੱਡੂ ਸੀ ਤਾਂ ਹਾਣ ਦਾ, ਪਰ ਸਿਰਫ ਅੰਗਰੇਜ਼ੀ ਬੋਲਦਾ ਸੀ। ਨਾਲੇ ਇਹ ਗੱਲ ਵੀ ਸੀ ਕਿ ਉਹਨਾਂ ਤਿੰਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਕਲੇਕਟਰ ਦੇ ਬੱਚੇ ਹਨ। ਕਿਸੇ ਨੇ ਟੋਪੀ ਨੂੰ ਮੂੰਹ ਨਹੀਂ ਸੀ ਲਾਇਆ।
ਮਾਲੀ ਤੇ ਚਪੜਾਸੀ ਟੋਪੀ ਨੂੰ ਪਛਾਣਦੇ ਸਨ। ਇਸ ਲਈ ਉਹ ਬੰਗਲੇ ਅੰਦਰ ਚਲਾ ਗਿਆ। ਬੀਲੂ, ਗੁੱਡੂ ਤੇ ਡੱਬੂ ਉਸ ਸਮੇਂ ਕ੍ਰਿਕਟ ਖੇਡ ਰਹੇ ਸਨ। ਡੱਬੂ ਨੇ ਸਟੋਕ ਲਾਇਆ¸ ਗੇਂਦ ਸਿੱਧੀ ਟੋਪੀ ਦੇ ਮੂੰਹ ਨੂੰ ਹੋ ਲਈ। ਉਸਨੇ ਘਬਰਾ ਕੇ ਹੱਥ ਅੱਗੇ ਕਰ ਲਏ, ਗੇਂਦ ਉਸਦੇ ਹੱਥਾਂ ਵਿਚ ਆ ਗਈ।
“ਹਾਉਜ਼ ਦੈਟ!”
ਹੈੱਡ ਮਾਲੀ ਅੰਪਾਇਰ ਸੀ। ਉਸਨੇ ਉਂਗਲ ਖੜ੍ਹੀ ਕਰ ਦਿੱਤੀ। ਉਹ ਵਿਚਾਰਾ ਸਿਰਫ ਇਹ ਸਮਝਦਾ ਸੀ ਕਿ ਜਦੋਂ 'ਹਾਉਜ਼ ਦੈਟ' ਦਾ ਰੌਲਾ ਪਵੇ, ਉਸਨੂੰ ਉਂਗਲੀ ਚੁੱਕ ਦੇਣੀ ਚਾਹੀਦੀ ਹੈ।
“ਹੂ ਆਰ ਯੂ?” ਡੱਬੂ ਨੇ ਟੋਪੀ ਨੂੰ ਸਵਾਲ ਕੀਤਾ।
“ਬਲਭਦਰ ਨਰਾਇਨ।” ਟੋਪੀ ਨੇ ਜਵਾਬ ਦਿੱਤਾ।
“ਹੂ ਇਜ਼ ਯੋਰ ਫਾਦਰ?” ਇਹ ਸਵਾਲ ਗੁੱਡੂ ਨੇ ਕੀਤਾ।
“ਭਿਰਗੂ ਨਰਾਇਨ।”
“ਏ।” ਬੀਲੂ ਨੇ ਅੰਪਾਇਰ ਨੂੰ ਆਵਾਜ਼ ਦਿੱਤੀ, “ਇਹ ਭਿਰਗੂ ਨਰਾਇਨ ਕੌਣ ਏਂ? ਐਨੀ ਆਫ਼ ਆਵਰ ਚਪਰਾਸੀਜ਼...?”
“ਨਾ-ਹੀਂ ਸਾਹਿਬ,” ਅੰਪਾਇਰ ਨੇ ਕਿਹਾ, “ਸਹਰ ਕੇ ਮਸਹੂਰ ਦਾਗਦਰ ਹੈਂ।”
“ਯੂ ਮੀਨ ਡਾਕਟਰ?” ਡੱਬੂ ਨੇ ਸਵਾਲ ਕੀਤਾ।
“ਯਸ ਸਰ!” ਹੈਡ ਮਾਲੀ ਨੂੰ ਏਨੀ ਅੰਗਰੇਜ਼ੀ ਆ ਗਈ ਸੀ।
“ਬਟ ਹੀ ਲੁਕਸ ਸੋ ਕਲਮਜ਼ੀ।” ਬੀਲੂ ਬੋਲਿਆ।
“ਏ...!” ਟੋਪੀ ਆਕੜ ਗਿਆ, “ਤਨੀ ਜਬਨੀਆਂ ਸੰਭਾਲ ਕੇ ਬੋਲੋ। ਏਕ ਲੱਪੜ ਮੇਂ ਨਾਚੇ ਲਗਿਹੋ।”
“ਓ ਯੂ ਸਨ ਆਫ ਅ ਡਰਟੀ ਪਿੱਗ।” ਬੀਲੂ ਨੇ ਹੱਥ ਚਲਾ ਦਿੱਤਾ। ਟੋਪੀ ਲੁੜਕ ਗਿਆ। ਫੇਰ ਉਹ ਗਾਲ੍ਹਾਂ ਬਕਦਾ ਹੋਇਆ ਉਠਿਆ, ਪਰ ਹੈੱਡ ਮਾਲੀ ਵਿਚਾਲੇ ਆ ਗਿਆ ਤੇ ਡੱਬੂ ਨੇ ਆਪਣੇ ਅਲਸੇਸ਼ੀਅਨ ਨੂੰ ਸ਼ੁਸ਼ਕਰ ਦਿੱਤਾ।
ਢਿੱਡ ਵਿਚ ਸਤ ਸੂਈਆਂ ਚੁਭੀਆਂ ਤਾਂ ਟੋਪੀ ਦੇ ਹੋਸ਼ ਠਿਕਾਣੇ ਆ ਗਏ।...ਤੇ ਫੇਰ ਉਸਨੇ ਕਦੀ ਕਲੇਕਟਰ ਸਾਹਬ ਦੇ ਬੰਗਲੇ ਵੱਲ ਮੂੰਹ ਨਹੀਂ ਕੀਤਾ। ਪਰ ਫੇਰ ਪ੍ਰਸ਼ਨ ਇਹ ਖੜ੍ਹਾ ਹੋ ਗਿਆ ਕਿ ਆਖ਼ਰ ਉਹ ਕਰੇ ਤਾਂ ਕੀ ਕਰੇ? ਘਰ ਵਿਚ ਲੈ-ਦੇ ਕੇ ਬੁੱਢੀ ਨੌਕਰਾਨੀ ਸੀਤਾ ਸੀ ਜਿਹੜੀ ਉਸਦਾ ਦੁੱਖ-ਦਰਦ ਸਮਝਦੀ ਸੀ। ਸੋ ਉਹ ਉਸਦੇ ਪੱਲੇ ਹੇਠ ਚਲਾ ਗਿਆ ਤੇ ਸੀਤਾ ਦੇ ਪ੍ਰਛਾਵੇਂ ਹੇਠ ਜਾ ਕੇ ਉਸਦੀ ਆਤਮਾਂ ਵੀ ਛੋਟੀ ਹੋ ਗਈ। ਸੀਤਾ ਨੂੰ ਘਰ ਵਿਚ ਸਾਰੇ ਛੋਟੇ ਵੱਡੇ ਝਿੜਕ ਲੈਂਦੇ ਸਨ। ਟੋਪੀ ਨੂੰ ਵੀ ਘਰ ਦੇ ਸਾਰੇ ਝਿੜਕ ਲੈਂਦੇ ਸਨ। ਇਸ ਲਈ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਪਏ।
“ਟੇਕ (ਜ਼ਿਦ) ਮਤ ਕੀਆ ਕਰੋ ਬਾਬੂ!” ਇਕ ਰਾਤ ਜਦੋਂ ਮੁਨੀ ਬਾਬੂ ਤੇ ਭੈਰਵ ਨਾਲ ਸਰੀਕਾ ਕਰਨ ਬਦਲੇ ਉਸਨੂੰ ਤਕੜਾ ਕੁਟਾਪਾ ਚਾੜ੍ਹਿਆ ਗਿਆ ਤਾਂ ਸੀਤਾ ਨੇ ਉਸਨੂੰ ਆਪਣੀ ਕੋਠੜੀ ਵਿਚ ਲਿਜਾਅ ਕੇ ਸਮਝਾਉਣਾ ਸ਼ੁਰੂ ਕੀਤਾ।
ਗੱਲ ਇਹ ਹੋਈ ਸੀ ਕਿ ਸਰਦੀਆਂ ਦੇ ਦਿਨ ਸਨ¸ ਮੁਨੀ ਬਾਬੂ ਲਈ ਨਵੇਂ ਕੋਟ ਦਾ ਕੱਪੜਾ ਆਇਆ ਤੇ ਭੈਰਵ ਲਈ ਵੀ ਨਵਾਂ ਕੋਟ ਬਣਿਆ। ਟੋਪੀ ਨੂੰ ਮੁਨੀ ਬਾਬੂ ਦਾ ਕੋਟ ਮਿਲਿਆ। ਕੋਟ ਬਿਲਕੁਲ ਨਵਾਂ ਸੀ; ਬਸ ਮੁਨੀ ਨੂੰ ਪਸੰਦ ਨਹੀਂ ਸੀ ਆਇਆ। ਫੇਰ ਵੀ ਬਣਿਆ ਤਾਂ ਉਸੇ ਲਈ ਸੀ ਨਾ¸ ਸੀ ਤਾਂ ਲੱਥੜ ਹੀ ਨਾ? ਟੋਪੀ ਨੇ ਉਸੇ ਸਮੇਂ ਉਹ ਕੋਟ ਦੂਜੀ ਨੌਕਰਾਨੀ ਕੇਤਕੀ ਦੇ ਮੁੰਡੇ ਨੂੰ ਦੇ ਦਿੱਤਾ। ਉਹ ਖ਼ੁਸ਼ ਹੋ ਗਿਆ। ਨੌਕਰਾਨੀ ਦੇ ਮੁੰਡੇ ਨੂੰ ਦੇ ਦਿੱਤੀ ਜਾਣ ਵਾਲੀ ਚੀਜ਼ ਵਾਪਸ ਤਾਂ ਲਈ ਨਹੀਂ ਸੀ ਜਾ ਸਕਦੀ, ਇਸ ਲਈ ਫ਼ੈਸਲਾ ਇਹ ਹੋਇਆ ਕਿ ਟੋਪੀ 'ਜਾਡਾ ਖਾਏ' (ਪਾਲੇ ਮਰੇ)।
“ਹਮ ਜਾਡਾ-ਉਡਾ ਨਾ ਖਾਏਂਗੇ। ਭਾਤ ਖਾਏਂਗੇ।” ਟੋਪੀ ਨੇ ਕਿਹਾ।
“ਤੂੰ ਜੂਤ ਖਾਏਂਗਾ।” ਸੁਭਦਰਾ ਦੇਵੀ ਬੋਲੀ।
“ਆਪ ਕੋ ਇਹੋ ਨਾ ਮਾਲੂਮ ਕਿ ਜੂਤਾ ਖਾਯਾ ਨਾ ਜਾਤ ਪਹਿਨੇ ਜਾਤ ਹੈਂ।”
“ਦਾਦੀ ਨਾਲ ਬਕਵਾਸ ਕਰਦਾ ਐਂ।” ਮੁਨੀ ਬਾਬੂ ਨੇ ਹਿਰਖ ਕੇ ਕਿਹਾ।
“ਤ ਕਾ ਹਮ ਇਨਕੀ ਪੂਜਾ ਕਰੇਂ !”
ਫੇਰ ਕੀ ਸੀ ਦਾਦੀ ਨੇ ਆਸਮਾਨ ਸਿਰ 'ਤੇ ਚੁੱਕ ਲਿਆ। ਰਾਮਦੁਲਾਰੀ ਨੇ ਉਸਦੀ ਪਿਟਾਈ ਸ਼ੁਰੂ ਕਰ ਦਿੱਤੀ।
“ਤੂੰ ਦਸਵਾਂ ਮੈਂ ਚਹੁੰਪ (ਪਹੁੰਚ) ਗਇਲ ਬਾਡ।” ਸੀਤਾ ਨੇ ਸਮਝਾਇਆ, “ਤੂੰ ਹੈਂ ਦਾਦੀ ਸੇ ਟਰਰਾਵ ਕੇ ਤ ਨਾ ਨ ਚਾਹੀ। ਕਿਨੋਂ ਊ ਤੋਹਰ ਦਾਦੀ ਬਾਡਿਨ।”
ਸੀਤਾ ਨੇ ਤਾਂ ਬੜੀ ਆਸਾਨੀ ਨਾਲ ਕਹਿ ਦਿੱਤਾ ਸੀ ਕਿ ਉਹ ਦਸਵੀਂ ਵਿਚ ਹੋ ਗਿਆ ਹੈ। ਪਰ ਇਹ ਗੱਲ ਏਨੀ ਆਸਾਨ ਨਹੀਂ ਸੀ। ਦਸਵੀਂ ਵਿਚ ਹੋਣ ਲਈ ਉਸਨੂੰ ਬੜੇ ਪਾਪੜ ਵੇਲਨੇ ਪਏ ਸਨ। ਦੋ ਸਾਲ ਤਾਂ ਉਹ ਫੇਲ੍ਹ ਹੀ ਹੋਇਆ ਸੀ। ਨੌਵੀਂ ਵਿਚ ਉਹ ਸਨ ਉਨੰਜਾ ਵਿਚ ਹੀ ਹੋ ਗਿਆ ਸੀ ਪਰ ਦਸਵੀਂ ਵਿਚ ਉਹ ਸਨ ਬਵੰਜਾ ਵਿਚ ਹੋ ਸਕਿਆ ਸੀ।
ਜਦੋਂ ਪਹਿਲੀ ਵਾਰੀ ਫੇਲ੍ਹ ਹੋਇਆ ਸੀ¸ ਮੁਨੀ ਬਾਬੂ ਇੰਟਰਮੀਡੀਅਟ ਵਿਚੋਂ ਤੇ ਭੈਰਵ ਛੇਵੀਂ ਵਿਚੋਂ ਫਸਟ ਆਏ ਸਨ। ਸਾਰੇ ਘਰ ਨੇ ਉਸਨੂੰ ਜ਼ਬਾਨ ਦੀ ਨੋਕ ਉੱਤੇ ਰੱਖ ਲਿਆ। ਉਹ ਬੜਾ ਰੋਇਆ¸ ਗੱਲ ਇਹ ਸੀ ਕਿ ਉਹ ਗਾਊਦੀ ਨਹੀਂ ਸੀ, ਕਾਫ਼ੀ ਹੁਸ਼ਿਆਰ ਸੀ, ਪਰ ਉਸਨੂੰ ਕੋਈ ਪੜ੍ਹਨ ਹੀ ਨਹੀਂ ਸੀ ਦਿੰਦਾ। ਜਦੋਂ ਉਹ ਪੜ੍ਹਨ ਬੈਠਦਾ ਮੁਨੀ ਬਾਬੂ ਨੂੰ ਕੋਈ ਕੰਮ ਯਾਦ ਆ ਜਾਂਦਾ ਜਾਂ ਰਾਮਦੁਲਾਰੀ ਨੂੰ ਕੋਈ ਅਜਿਹੀ ਚੀਜ਼ ਮੰਗਾਉਣੀ ਪੈ ਜਾਂਦੀ ਜਿਹੜੀ ਨੌਕਰਾਂ ਤੋਂ ਨਹੀਂ ਸੀ ਮੰਗਵਾਈ ਜਾ ਸਕਦੀ।...ਜੇ ਇਹ ਸਭ ਨਾ ਹੁੰਦਾ ਤਾਂ ਪਤਾ ਲੱਗਦਾ ਕਿ ਭੈਰਵ ਨੇ ਉਸਦੀਆਂ ਕਾਪੀਆਂ ਦੇ ਹਵਾਈ ਜਹਾਜ਼ ਬਣਾ ਕੇ ਉਡਾਅ ਦਿੱਤੀਆਂ ਨੇ।
ਦੂਜੇ ਸਾਲ ਉਸਨੂੰ ਟਾਈਫ਼ਾਈਡ ਹੋ ਗਿਆ।
ਤੀਜੇ ਸਾਲ ਉਹ ਥਰਡ ਡਵੀਜ਼ਨ ਵਿਚ ਪਾਸ ਹੋ ਗਿਆ। ਇਹ ਥਰਡ ਡਵੀਜ਼ਨ ਕਲੰਕ ਦੇ ਟਿੱਕੇ ਵਾਂਗ ਉਸਦੇ ਮੱਥੇ ਉੱਤੇ ਚਿਪਕ ਗਈ।
ਪਰ ਸਾਨੂੰ ਉਸਦੀਆਂ ਮੁਸ਼ਕਿਲਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਸ਼ਨ ਉਨੰਜਾ ਵਿਚ ਉਹ ਆਪਣੇ ਸਾਥੀਆਂ ਨਾਲ ਸੀ। ਉਹ ਫੇਲ੍ਹ ਹੋ ਗਿਆ। ਸਾਥੀ ਅੱਗੇ ਨਿਕਲ ਗਏ। ਉਹ ਪਿੱਛੇ ਰਹਿ ਗਿਆ। ਸਨ ਪੰਜਾਹ ਵਿਚ ਉਸਨੂੰ ਉਸੇ ਕਲਾਸ ਵਿਚ ਉਹਨਾਂ ਮੁੰਡਿਆਂ ਨਾਲ ਬੈਠਣਾ ਪਿਆ ਜਿਹੜੇ ਪਿਛਲੇ ਸਾਲ ਅੱਠਵੀਂ ਵਿਚ ਸਨ।
ਪਿੱਛੇ ਵਾਲਿਆਂ ਨਾਲ ਇਕੋ ਕਲਾਸ ਵਿਚ ਬੈਠਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਉਸਦੇ ਦੋਸਤ ਦਸਵੀਂ ਵਿਚ ਸਨ। ਉਹ ਉਹਨਾਂ ਨਾਲ ਮਿਲਦਾ, ਉਹਨਾਂ ਨਾਲ ਖੇਡਦਾ। ਆਪਣੇ ਨਾਲ ਰਲ ਜਾਣ ਵਾਲਿਆਂ ਵਿਚੋਂ ਕਿਸੇ ਨਾਲ ਵੀ ਉਸਦੀ ਦੋਸਤੀ ਨਹੀਂ ਸੀ ਹੋ ਸਕੀ। ਉਹ ਜਦੋਂ ਵੀ ਕਲਾਸ ਵਿਚ ਬੈਠਦਾ, ਉਸਨੂੰ ਆਪਣਾ ਬੈਠਣਾ ਅਜ਼ੀਬ ਜਿਹਾ ਲੱਗਦਾ। ਇਸ ਉੱਤੋਂ ਜੁਲਮ ਇਹ ਹੁੰਦਾ ਕਿ ਮਾਸਟਰ ਜੀ ਕਮਜ਼ੋਰ ਮੁੰਡਿਆਂ ਨੂੰ ਪੜ੍ਹਨ ਲਈ ਸਮਝਾਉਂਦੇ ਤਾਂ ਉਸੇ ਦੀ ਉਦਾਹਰਨ ਦਿੰਦੇ।
“ਕਿਉਂ ਬਈ ਸ਼ਾਮ ਅਵਤਾਰ (ਜਾਂ ਮੁਹੰਮਦ ਅਲੀ)? ਬਲਭਦਰ ਵਾਂਗ ਇਸੇ ਕਲਾਸ ਵਿਚ ਟਿਕੇ ਰਹਿਣ ਦਾ ਇਰਾਦ ਏ ਕੀ?”
ਇਹ ਸੁਣ ਕੇ ਸਾਰੀ ਕਲਾਸ ਹੱਸ ਪੈਂਦੀ। ਹੱਸਣ ਵਾਲੇ ਉਹ ਹੁੰਦੇ ਸਨ ਜਿਹੜੇ ਪਿਛਲੇ ਸਾਲ ਅੱਠਵੀਂ ਵਿਚ ਹੁੰਦੇ ਸਨ।
ਉਹ ਸਾਲ ਭਰ ਇਹ ਸਭ ਕੁਝ ਝੱਲਦਾ ਰਿਹਾ, ਪਰ ਜਦੋਂ ਸਨ ਇਕਵੰਜਾ ਵਿਚ ਵੀ ਉਸਨੂੰ ਨੌਵੀਂ ਕਲਾਸ ਵਿਚ ਬੈਠਣਾ ਪਿਆ ਤਾਂ ਉਹ ਬਿਲਕੁਲ ਹੀ ਮਿੱਟੀ ਦਾ ਮਾਧੋ ਬਣ ਕੇ ਰਹਿ ਗਿਆ...ਕਿਉਂਕਿ ਹੁਣ ਤਾਂ ਦਸਵੀਂ ਵਿਚ ਵੀ ਉਸਦਾ ਕੋਈ ਦੋਸਤ ਨਹੀਂ ਸੀ ਰਿਹਾ। ਅੱਠਵੀਂ ਵਾਲੇ ਦਸਵੀਂ ਵਿਚ ਸਨ, ਸੱਤਵੀਂ ਵਾਲੇ ਉਸਦੇ ਨਾਲ! ਉਹਨਾਂ ਵਿਚਕਾਰ ਬੈਠਾ ਉਹ 'ਬੋਢਲ ਕੱਟਾ' ਹੀ ਲੱਗਦਾ ਸੀ।
ਉਹ ਆਪਣੇ ਭਰੇ-ਪੂਰੇ ਘਰ ਵਾਂਗ ਆਪਣੇ ਸਕੂਲ ਵਿਚ ਵੀ ਇਕੱਲਾ ਹੋ ਕੇ ਰਹਿ ਗਿਆ ਸੀ। ਮਾਸਟਰਾਂ ਨੇ ਵੀ ਉਸ ਵੱਲ ਉੱਕਾ ਹੀ ਧਿਆਨ ਦੇਣਾ ਛੱਡ ਦਿੱਤਾ ਸੀ। ਕੋਈ ਸਵਾਲ ਪੁੱਛਿਆ ਜਾਂਦਾ; ਜਵਾਬ ਦੇਣ ਲਈ ਉਹ ਵੀ ਹੱਥ ਖੜ੍ਹਾ ਕਰਦਾ, ਪਰ ਕੋਈ ਮਾਸਟਰ ਉਸ ਤੋਂ ਜਵਾਬ ਨਾ ਪੁੱਛਦਾ...ਪਰ ਜਦੋਂ ਉਸਦਾ ਹੱਥ ਖੜ੍ਹਾ ਹੁੰਦਾ ਰਿਹਾ ਤਾਂ ਇਕ ਦਿਨ ਅੰਗਰੇਜ਼ੀ ਸਾਹਿਤ ਦੇ ਮਾਸਟਰ ਨੇ ਕਿਹਾ¸
“ਤਿੰਨ ਸਾਲ ਦਾ ਇਹੀ ਕਿਤਾਬ ਪੜ੍ਹ ਰਿਹੈਂ...ਤੈਨੂੰ ਤਾਂ ਸਾਰੀ ਮੂੰਹ-ਜ਼ੁਬਾਨੀ ਯਾਦ ਹੋ ਗਈ ਹੋਣੀ ਏਂ! ਇਹਨਾਂ ਮੁੰਡਿਆਂ ਨੇ ਅਗਲੇ ਸਾਲ ਹਾਈ ਸਕੂਲ ਦਾ ਇਮਤਿਹਾਨ ਦੇਣੈ...ਤੈਥੋਂ ਅਗਲੇ ਸਾਲ ਪੁੱਛ ਲਵਾਂਗੇ।”
ਟੋਪੀ ਏਨਾ ਸ਼ਰਮਾਇਆ ਕਿ ਉਸਦੇ ਕਾਲੇ ਰੰਗ ਉੱਤੇ ਲਾਲੀ ਫਿਰ ਗਈ ਤੇ ਜਦੋਂ ਸਾਰੇ ਬੱਚੇ ਖਿੜ-ਖਿੜ ਕਰਕੇ ਹੱਸ ਪਏ ਤਾਂ ਉਹ ਬਿਲਕੁਲ ਹੀ ਮਰ ਗਿਆ। ਜਦੋਂ ਉਹ ਪਹਿਲੀ ਵਾਰੀ ਨੌਵੀਂ ਵਿਚ ਹੋਇਆ ਸੀ ਤਾਂ ਉਹ ਵੀ ਇਹਨਾਂ ਬੱਚਿਆਂ ਵਰਗਾ ਬੱਚਾ ਹੀ ਸਮਝਿਆ ਜਾਂਦਾ ਸੀ।
ਫੇਰ ਉਸੇ ਦਿਨ ਰਿਸੇਸ ਵਿਚ ਅਬਦੁਲ ਵਹੀਦ ਨੇ ਉਹ ਤੀਰ ਮਾਰਿਆ ਕਿ ਟੋਪੀ ਵਿਲਕ ਉਠਿਆ।
ਵਹੀਦ ਕਲਾਸ ਦਾ ਸਭ ਤੋਂ ਹੁਸ਼ਿਆਰ ਮੁੰਡਾ ਸੀ; ਮਨੀਟਰ ਵੀ ਸੀ। ਨਾਲੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਲਾਲ ਤੇਲ ਵਾਲੇ ਡਾਕਟਰ ਸ਼ਰਫ਼ੂਦੀਨ ਦਾ ਬੇਟਾ ਸੀ।
ਉਸਨੇ ਕਿਹਾ, “ਬਲਭਦਰ! ਤੂੰ ਸਾਡੇ ਵਿਚ ਕਿਉਂ ਘੁਸੜਦਾ ਫਿਰਦਾ ਏਂ; ਅੱਠਵੀਂ ਵਾਲਿਆਂ ਨਾਲ ਦੋਸਤੀ ਕਰ। ਅਸੀਂ ਤਾਂ ਨਿਕਲ ਜਾਣਾ ਏਂ; ਤੂੰ ਅੱਗੇ ਉਹਨਾਂ ਨਾਲ ਬਹਿਣਾ ਏਂ।”
ਇਹ ਗੱਲ ਟੋਪੀ ਦੇ ਦਿਲ ਦੇ ਆਰ ਪਾਰ ਹੋ ਗਈ ਤੇ ਉਸਨੇ ਸਹੁੰ ਖਾਧੀ ਕਿ ਟਾਈਫ਼ਾਈਡ ਹੋਵੇ ਭਾਂਵੇਂ ਟਾਈਫ਼ਾਈਡ ਦਾ ਪਿਓ, ਉਹ ਪਾਸ ਜ਼ਰੂਰ ਹੋਵੇਗਾ।
ਪਰ ਵਿਚਕਾਰ ਚੋਣਾ ਆ ਗਈਆਂ।
ਡਾਕਟਰ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਖੜ੍ਹੇ ਹੋ ਗਏ। ਜਿਸ ਘਰ ਵਿਚ ਕੋਈ ਚੋਣ ਲੜ ਰਿਹਾ ਹੋਵੇ ਉਸ ਘਰ ਵਿਚ ਕੋਈ ਪੜ੍ਹ ਕਿੰਜ ਸਕਦਾ ਹੈ?
ਉਹ ਤਾਂ ਜਦੋਂ ਡਾਕਟਰ ਸਾਹਬ ਦੀ ਜਮਾਨਤ ਜਬਤ ਹੋਈ, ਉਦੋਂ ਕਿਤੇ ਜਾ ਕੇ ਘਰ ਵਿਚ ਜ਼ਰਾ ਸ਼ਾਂਤੀ ਹੋਈ ਤੇ ਟੋਪੀ ਨੇ ਦੇਖਿਆ ਕਿ ਇਮਤਿਹਾਨ ਸਿਰ ਉੱਤੇ ਆਇਆ ਖੜ੍ਹਾ ਹੈ।
ਉਹ ਪੜ੍ਹਾਈ ਵਿਚ ਜੁਟ ਗਿਆ। ਅਜਿਹੇ ਵਾਤਾਵਰਣ ਵਿਚ ਕੋਈ ਪੜ੍ਹ ਕੀ ਸਕਦਾ ਸੀ? ਇਸ ਲਈ ਉਸਦਾ ਪਾਸ ਹੋ ਜਾਣਾ ਹੀ ਬੜਾ ਸੀ।
“ਵਾਹ!” ਦਾਦੀ ਬੋਲੀ, “ਭਗਵਾਨ ਨਜ਼ਰੇ-ਬਦ ਤੋਂ ਬਚਾਵੇ, ਰਿਫ਼ਤਾਰ ਚੰਗੀ ਏ...ਤੀਜੇ ਸਾਲ, ਤੀਜੇ ਦਰਜੇ ਵਿਚ ਪਾਸ ਤਾਂ ਹੋ ਗਿਐ।”
“ਜਦਕਿ ਸ਼ਰਫ਼ੂਆ ਦਾ ਬੇਟਾ ਫ਼ਸਟ ਆਇਆ ਏ।” ਡਾਕਟਰ ਸਾਹਬ ਨੇ ਕਿਹਾ। (ਉਹ ਡਾਕਟਰ ਸ਼ਰਫ਼ੂਦੀਨ ਨੂੰ ਸ਼ਰਫ਼ੂਆ ਹੀ ਕਹਿੰਦੇ ਸਨ।)
ਉਸਨੂੰ ਅਬਦੁਲ ਵਹੀਦ ਨਾਲ ਨਫ਼ਰਤ ਹੋ ਗਈ। ਹਾਲਾਂਕਿ ਫ਼ਸਟ ਆਉਣ ਵਿਚ ਉਸਦਾ ਕੋਈ ਕਸੂਰ ਨਹੀਂ ਸੀ ਤੇ ਟੋਪੀ ਦੇ ਥਰਡ ਆਉਣ ਵਿਚ ਵੀ ਉਸਦਾ ਕੋਈ ਹੱਥ ਨਹੀਂ ਸੀ।...ਪਰ ਜਿਸ ਤਰ੍ਹਾਂ ਵਹੀਦ ਨਾਲ ਉਸਦੀ ਤੁਲਨਾ ਕੀਤੀ ਗਈ ਸੀ, ਉਹ ਬੜਾ ਹੀ ਵਿਸੈਲਾ ਡੰਗ ਸੀ।
ਉਹਨੀਂ ਦਿਨੀਂ ਉਹ ਕੁਝ ਨਵੇਂ ਲੋਕਾਂ ਨਾਲ ਵੀ ਮਿਲਿਆ। ਇਹ ਲੋਕ ਸਵੇਰੇ ਸਵੇਰੇ ਮੁੰਡਿਆਂ ਨੂੰ ਇਕੱਠਾ ਕਰਕੇ ਗਤਕਾ ਖਿਡਾਉਂਦੇ, ਕੁਸ਼ਤੀ ਸਿਖਾਉਂਦੇ, ਪਰੇਡ ਕਰਵਾਉਂਦੇ ਤੇ ਉਹਨਾਂ ਦੇ ਹੱਕਾਂ ਦੀਆਂ ਗੱਲਾਂ ਕਰਦੇ।
ਟੋਪੀ ਅਚਾਨਕ ਉਹਨਾਂ ਕੋਲ ਚਲਾ ਗਿਆ। ਹੱਥੋ-ਹੱਥ ਲਿਆ ਗਿਆ। ਫੇਰ ਜਦੋਂ ਉਸਨੂੰ ਪਤਾ ਲੱਗਿਆ ਕਿ ਇਹ ਉਹ ਪਾਰਟੀ ਹੈ ਜਿਸਨੇ ਗਾਂਧੀ ਨੂੰ ਮਾਰਿਆ ਹੈ ਤਾਂ ਉਸਨੂੰ ਬੜਾ ਡਰ ਲੱਗਿਆ, ਪਰ ਉਹ ਉਹਨਾਂ ਲੋਕਾਂ ਨਾਲ ਮਿਲਦਾ ਰਿਹਾ।
ਉਹਨਾਂ ਲੋਕਾਂ ਤੋਂ ਉਸਨੂੰ ਪਹਿਲੀ ਵਾਰੀ ਇਹ ਪਤਾ ਲੱਗਿਆ ਕਿ ਮੁਸਲਮਾਨਾ ਨੇ ਕਿਸ ਤਰ੍ਹਾਂ ਦੇਸ਼ ਦਾ ਸਤਿਆਨਾਸ਼ ਕੀਤਾ ਹੈ। ਦੇਸ਼ ਭਰ ਵਿਚ ਜਿੰਨੀਆਂ ਮਸਜਿਦਾਂ ਨੇ ਉਹ ਮੰਦਰਾਂ ਨੂੰ ਢਾਹ ਕੇ ਬਣਾਈਆਂ ਗਈਆਂ ਨੇ (ਟੋਪੀ ਨੂੰ ਇਹ ਮੰਨਣ ਵਿਚ ਜ਼ਰਾ ਸ਼ੱਕ ਸੀ ਕਿਉਂਕਿ ਸ਼ਹਿਰ ਵਿਚ ਦੋ ਮਸਜਿਦਾਂ ਤਾਂ ਉਸਦੇ ਸਾਹਮਣੇ ਬਣੀਆ ਸਨ ਤੇ ਕੋਈ ਮੰਦਰ-ਵੰਦਰ ਨਹੀਂ ਸੀ ਢਾਇਆ ਗਿਆ)। ਗਊ-ਹੱਤਿਆ ਤਾਂ ਮੁਸਲਮਾਨਾ ਦਾ ਖ਼ਾਸ ਸ਼ੁਗਲ  ਹੈ। ਨਾਲੇ ਉਹਨਾਂ ਦੇਸ਼ ਦੀ ਵੰਡ ਕਰਵਾਈ ਹੈ। ਪੰਜਾਬ ਤੇ ਬੰਗਾਲ ਵਿਚ ਉਹਨਾਂ ਹਿੰਦੂ ਬੁੱਢਿਆਂ ਤੇ ਬੱਚਿਆਂ ਨੂੰ ਬੜੀ ਬੇਦਰਦੀ ਨਾਲ ਕਤਲ ਕੀਤਾ ਹੈ। ਔਰਤਾਂ ਦੀ ਪਤ ਲੁੱਟੀ ਤੇ ਹੋਰ ਕੀ ਕੀ ਨਹੀਂ ਕੀਤਾ ਇਹਨਾਂ ਮੁਸਲਮਾਨਾ ਨੇ! ਇਹ ਜਦੋਂ ਤਾਈਂ ਦੇਸ਼ ਵਿਚ ਹਨ, ਦੇਸ਼ ਦਾ ਕਲਿਆਣ ਨਹੀਂ ਹੋ ਸਕਦਾ। ਇਸ ਲਈ ਮੁਸਲਮਾਨਾ ਨੂੰ ਅਰਬ ਸਾਗਰ ਵਿਚ ਧੱਕਾ ਦੇ ਦੇਣਾ ਹਰ ਹਿੰਦੂ ਨੌਜਵਾਨ ਦਾ ਕਰੱਤਵ ਹੈ।
ਇਹ ਸਾਰੀਆਂ ਗੱਲਾਂ ਦਿਲ ਨਹੀਂ ਸਨ ਲੱਗਦੀਆਂ। ਇਹਨਾਂ ਗੱਲਾਂ ਦੌਰਾਨ ਉਸਨੂੰ ਕਈ ਵਾਰੀ ਇੱਫ਼ਨ ਯਾਦ ਆਇਆ। ਪਰ ਜਦੋਂ ਵਹੀਦ ਫ਼ਸਟ ਆ ਗਿਆ ਤਾਂ ਉਸਨੂੰ ਵਿਸ਼ਵਾਸ ਹੋ ਗਿਆ ਕਿ ਮੁਸਲਮਾਨ ਜਦੋਂ ਤਾਈਂ ਇੱਥੇ ਹਨ ਉਦੋਂ ਤਾਈਂ ਹਿੰਦੂ ਸੁੱਖ-ਚੈਨ ਦਾ ਸਾਹ ਨਹੀਂ ਲੈ ਸਕਦੇ।
ਸੋ ਇਕ ਸੱਚੇ ਭਾਰਤੀ ਤੇ ਇਕ ਸੱਚੇ ਹਿੰਦੂ ਵਾਂਗ ਉਹ ਮੁਸਲਮਾਨਾ ਨਾਲ ਨਫ਼ਰਤ ਕਰਨ ਲੱਗ ਪਿਆ।
ਤੇ ਜਦੋਂ ਜੁਲਾਈ ਸਨ ਬਵੰਜਾ ਵਿਚ ਉਹ ਸਕੂਲ ਗਿਆ ਤਾਂ ਜਨਸੰਘੀ ਬਣ ਚੁੱਕਿਆ ਸੀ। ਇਸ ਲਈ ਜਦੋਂ ਸੀਤਾ ਨੇ ਉਸਨੂੰ ਇਹ ਤਾਅਨਾ ਦਿੱਤਾ ਕਿ ਉਹ ਦਸਵੀਂ ਵਿਚ ਪੜ੍ਹਦਾ ਹੈ ਤਾਂ ਉਹ ਤੜਫ ਉਠਿਆ। ਬੋਲਿਆ¸
“ਦਾਦੀ ਮੀਆਂ ਲੋਗਨ ਕੀ ਭਾਸ਼ਾ ਬੋਲਤੀ ਹੈ। ਹਮੇਂ ਤ ਈ ਜਨਾ ਰਹਾ ਕਿ ਊਹੋ ਮੁਸਲਮਾਨ ਹੋ ਗਈ ਹੈਂ।”
    --- --- ---

ਟੋਪੀ ਸ਼ੁਕਲਾ…: ਛੇਵੀਂ ਕਿਸ਼ਤ

ਟੋਪੀ ਸ਼ੁਕਲਾ…:  ਛੇਵੀਂ ਕਿਸ਼ਤ  :

ਇੱਫ਼ਨ ਦੀ ਜ਼ਿੰਦਗੀ ਨੇ ਬਿਲਕੁਲ ਦੂਸਰੇ ਰਸਤੇ ਉੱਪਰ ਸਫ਼ਰ ਕੀਤਾ। ਰਾਜਨੀਤੀ ਵਿਚ ਉਸਨੂੰ ਕੋਈ ਦਿਲਚਸਪੀ ਨਹੀਂ ਸੀ। ਫੇਰ ਵੀ ਘਰ ਵਿਚ ਜੋ ਗੱਲਾਂ ਹੁੰਦੀਆਂ ਸਨ...ਉਹ ਤਾਂ ਉਹ ਸੁਣਦਾ ਹੀ ਸੀ। ਚਾਹੇ ਉਸਨੂੰ ਸਿਰਫ 'ਸਪੋਰਟਸ ਪੇਜ' ਵਿਚ ਦਿਲਚਸਪੀ ਸੀ, ਪਰ ਅਖ਼ਬਾਰ ਤਾਂ ਪੂਰਾ ਹੀ ਲੈਣਾ ਪੈਂਦਾ ਸੀ।
ਉਸਨੇ ਜੋ ਕੁਝ ਸੁਣਿਆ ਤੇ ਅਖ਼ਬਾਰ ਵਿਚ ਪੜ੍ਹਿਆ, ਉਹ ਰੌਂਗਟੇ ਖੜ੍ਹੇ ਕਰ ਦੇਣ ਲਈ ਕਾਫ਼ੀ ਸੀ। ਉਹ ਸਾਹਿਤ ਦਾ ਰਸੀਆ ਸੀ। ਵਾਮਿਕ ਜੌਨਪੁਰੀ, ਸਾਹਿਰ ਲੁਧਿਆਣਵੀ, ਅਲੀ ਸਰਦਾਰ ਜਾਫ਼ਰੀ ਤੇ ਹੋਰ ਕਵੀਆਂ ਦੀਆਂ ਕਵਿਤਾਵਾਂ ਤੇ ਕ੍ਰਿਸ਼ਨ ਚੰਦਰ, ਅੱਬਾਸ ਤੇ ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਨੇ ਉਸਨੂੰ ਕਿਹਾ ਕਿ ਇਸ ਆਜ਼ਾਦੀ ਵਿਚ ਜ਼ਰੂਰ ਕੋਈ ਘਪਲਾ ਹੋਇਆ ਹੈ :

 ਕੌਣ ਆਜ਼ਾਦ ਹੁਆ,
 ਕਿਸਕੇ ਮਾਥੇ ਸੇ ਗੁਲਾਮੀ ਕੀ ਸਿਆਹੀ ਛੂਟੀ।

 ਅਬ ਯਹ ਪੰਜਾਬ ਨਹੀਂ ਇਕ ਹਸੀਂ ਖ਼ਾਬਨੀ।
 ਅਬ ਯਹ ਦੁਆਬਾ ਹੈ, ਸੇਹ ਆਗ਼ ਹੈ ਪੰਜਾਬਨੀ।।

 ਜਾਮਾ ਮਸਜਿਦ ਮੇਂ ਅੱਲਾਹ ਕੀ ਜਾਤ ਥੀ।
 ਚਾਂਦਨੀ ਚੌਕ ਮੇਂ ਰਾਤ-ਹੀ-ਰਾਤ ਥੀ।।

 ਆਸ ਕੱਚੇ ਘੜੇ ਵਾਂਗ ਢਹਿ ਗਈ।
 ਸੋਹਣੀ ਵਿਚ ਤੂਫ਼ਾਨ ਦੇ ਰਹਿ ਗਈ।।

 ਅੱਜ ਆਖਾਂ ਵਾਰਿਸ ਸ਼ਾਹ ਨੂੰ ।  
 ਕਿਤੋਂ ਕਬਰਾਂ ਵਿਚੋਂ ਬੋਲ ।।
 ਤੇ ਅੱਜ ਕਿਤਾਬੇ ਇਸ਼ਕ ਦਾ ।
 ਕੋਈ ਅਗਲਾ ਵਰਕਾ ਖੋਲ੍ਹ ।।


ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ੍ਹ! ਤੇ ਕਿਤਾਬੇ ਇਸ਼ਕ ਦੇ ਵਰਕੇ ਤੂਫ਼ਾਨੀ ਹਵਾਵਾਂ ਨਾਲ ਖਿੱਲਰ ਗਏ ਸਨ, ਲਾਸ਼ਾਂ ਬਣ ਕੇ ਸੜ ਰਹੇ ਸਨ ਤੇ ਚੀਕਾਂ ਬਣ ਬਣ ਗੂੰਜ ਰਹੇ ਸਨ। ਪਿਸ਼ਾਵਰ ਐਕਸਪ੍ਰੈਸ ਦੀਆਂ ਲਾਸ਼ਾਂ ਗਿਣ ਰਹੇ ਸਨ। ਇਕ ਤਵਾਇਫ਼ ਦਾ ਖ਼ਤ ਬਣ ਕੇ ਪੰਡਿਤ ਨਹਿਰੂ ਤੇ ਮੁਹੰਮਦ ਅਲੀ ਜਿੱਨਾਹ ਨੂੰ ਲੱਭ ਰਹੇ ਸਨ।
“ਸਿੱਖਾਂ ਨੇ ਤਾਂ ਗ਼ਜ਼ਬ ਈ ਕਰ ਦਿੱਤਾ¸ ਮਾਸੂਮ ਬੱਚਿਆਂ ਨੂੰ ਕਿਰਪਾਨਾ ਉੱਤੇ ਉਛਾਲਿਆ ਏ ਜੀ। ਇਕ ਤੇਰ੍ਹਾਂ ਸਾਲ ਦੀ ਲੜਕੀ ਨਾਲ ਵੀਹ ਸਿੱਖਾਂ ਨੇ ਜ਼ਿਨਾਂਹ ਕੀਤਾ। ਉਹ ਵਿਚਾਰੀ ਕਿਤੇ ਵਿਚਕਾਰ ਈ ਮਰ ਗਈ...।”
ਅੱਬੂ ਦੇ ਕਮਰੇ ਵਿਚੋਂ ਆਵਾਜ਼ਾਂ ਆ ਰਹੀਆਂ ਸਨ ਤੇ ਉਹ ਦਾਲਾਨ ਵਿਚ ਬੈਠਾ ਖ਼ਵਾਜਾ ਅਹਿਮਦ ਅੱਬਾਸ ਦੀ ਕਹਾਣੀ 'ਸਰਦਾਰ ਜੀ' ਪੜ੍ਹ ਰਿਹਾ ਸੀ...
“ਮਿਸਟੇਕ ਹੋ ਗਈ।” ਖ਼ਵਾਜਾ ਸਾਹਬ ਦੀ ਹੀ ਕਿਸੇ ਹੋਰ ਕਹਾਣੀ ਦੀ ਆਵਾਜ਼ ਗੂੰਜੀ।
ਪਰ ਮਿਸਟੇਕ, ਕਿਸ ਤੋਂ ਹੋ ਗਈ? ਇਸ ਸਵਾਲ ਦਾ ਜਵਾਬ ਕੋਈ ਨਹੀਂ ਦੇ ਰਿਹਾ। ਚੌਦਾਂ ਪੰਦਰਾਂ ਸਾਲ ਦੀ ਇਕ ਕੱਚੀ ਆਤਮਾਂ, ਸਵਾਲਾਂ ਦੇ ਜੰਗਲ ਵਿਚ ਭਟਕ ਰਹੀ ਸੀ। ਢਾਕੇ ਤੋਂ ਪੇਸ਼ਾਵਰ ਤੀਕ ਜ਼ਿੰਦਗੀ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀ। ਕੱਟੀਆਂ ਹੋਈਆਂ ਫਸਲਾਂ ਬਲ ਰਹੀਆਂ ਸਨ; ਖੜ੍ਹੀਆਂ ਫਸਲਾਂ ਵੀ ਬਲ ਰਹੀਆਂ ਸਨ। ਜ਼ਮੀਨ ਤੋਂ ਆਸਮਾਨ ਤੀਕ ਗਾੜ੍ਹਾ ਧੂੰਆਂ ਭਰਿਆ ਹੋਇਆ ਸੀ...ਏਨੀ ਜਗ੍ਹਾ ਬਾਕੀ ਨਹੀਂ ਸੀ ਕਿ ਉਸ ਵਿਚ ਸਾਹ ਲਿਆ ਜਾ ਸਕੇ।
“ਅੱਬੂ, ਕੀ ਇਹ ਹਿੰਦੂ ਬੜੇ ਖਰਾਬ ਹੁੰਦੇ ਨੇ?” ਇਕ ਦਿਨ ਉਸਨੇ ਆਪਣੇ ਅੱਬੂ ਨੂੰ ਪੁੱਛਿਆ, “ਤੇ ਇਹ ਸਿੱਖ ਤਾਂ ਬੜੇ ਹੀ ਜ਼ਲੀਲ ਲੱਗਦੇ ਨੇ।”
ਉਦੋਂ ਉਸਨੂੰ ਇਹ ਨਹੀਂ ਸੀ ਪਤਾ ਕਿ ਪੱਛਮੀ ਪਾਕਿਸਤਾਨ ਦੇ ਹਿੰਦੂ ਤੇ ਸਿੱਖ ਬੱਚੇ ਵੀ ਆਪਣੇ ਅੱਬੂਆਂ ਤੋਂ ਮੁਸਲਮਾਨਾ ਬਾਰੇ ਇਹੋ ਸਵਾਲ ਪੁੱਛ ਰਹੇ ਹੋਣਗੇ।
ਉਸਦਾ ਸਵਾਲ ਬੜਾ ਸਿੱਧਾ-ਸਾਦਾ ਸੀ। ਪਰ ਉਸਦੇ ਅੱਬੂ ਕੋਈ ਸਿੱਧਾ-ਸਾਦਾ ਉਤਰ ਨਹੀਂ ਸੀ ਦੇ ਸਕੇ। ਅਖ਼ਬਾਰਾਂ ਕੁਝ ਕਹਿੰਦੀਆਂ ਸਨ, ਆਤਮਾਂ ਕੁਝ ਹੋਰ ਕਹਿੰਦੀ ਸੀ...ਤੇ ਮਾਹੌਲ ਵਿਚ ਭਰਿਆ ਹੋਇਆ ਧੂੰਆਂ ਗਲ਼ਾ ਵੱਖਰਾ ਘੁੱਟ ਰਿਹਾ ਸੀ।
ਫੇਰ ਵੀ ਕੋਈ ਉਤਰ ਤਾਂ ਦੇਣਾ ਹੀ ਪੈਣਾ ਸੀ।
“ਨਹੀਂ ਬੇਟੇ।” ਅੱਬੂ ਨੇ ਕਿਹਾ, “ਗੂੰਡੇ, ਹਿੰਦੂ ਜਾਂ ਮੁਸਲਮਾਨ ਨਹੀਂ ਹੁੰਦੇ।”
“ਲੇਕਿਨ...”
“ਮੈਂ ਵੀ ਜਾਣਦਾ ਆਂ ਕਿ ਕੀ ਹੋ ਰਿਹਾ ਏ।” ਅੱਬੂ ਨੇ ਬੜੀ ਖਰ੍ਹਵੀ ਆਵਾਜ਼ ਵਿਚ ਉਸਦੀ ਗੱਲ ਟੁੱਕੀ। ਇੱਫ਼ਨ ਹੈਰਾਨ ਰਹਿ ਗਿਆ। ਉਸਨੇ ਅੱਬੂ ਨੂੰ ਹਮੇਸ਼ਾ ਮੁਸਕੁਰਾਉਂਦਿਆਂ ਦੇਖਿਆ ਸੀ...ਅਖ਼ੀਰ ਇਹ ਹੋ ਕੀ ਗਿਆ ਹੈ? ਅਖ਼ੀਰ ਇਹ ਹੋ ਕੀ ਰਿਹਾ ਹੈ?
“ਝਿੜਕਦੇ ਕਿਉਂ ਓ?” ਅੰਮੀ ਨੇ ਕਿਹਾ, “ਹਾਂ ਬੇਟਾ, ਇਹ ਹਿੰਦੂ ਤੇ ਸਿੱਖ ਬੜੇ ਕਮੀਨੇ ਹੁੰਦੇ ਨੇ।”
“ਕਿਉਂ?” ਇੱਫ਼ਨ ਦਾ ਸਵਾਲ ਸੀ। ਅੰਮੀ ਚੱਕਰਾਂ ਵਿਚ ਪੈ ਗਈ। “ਤੇ ਆਖ਼ਰ ਅੱਲ੍ਹਾ ਮੀਆਂ ਏਨੀਆਂ ਮੰਦੀਆਂ ਤਕਦੀਰਾਂ ਕਿਉਂ ਲਿਖਦੇ ਨੇ?”
“ਗੁਨਾਹਾਂ ਦਾ ਫ਼ਲ ਹੁੰਦੈ ਬੇਟਾ!” ਅੰਮੀ ਨੇ ਕਿਹਾ।
“ਉਹਨਾਂ ਬੱਚਿਆਂ ਨੇ ਕੀ ਗੁਨਾਹ ਕੀਤਾ ਹੋਏਗਾ?”
“ਅੱਛਾ ਬਹੁਤਾ ਬਕ ਨਾ।” ਅੰਮੀ ਵੀ ਹਿਰਖ ਗਈ।
ਉਸ ਦਿਨ ਪਹਿਲੀ ਵਾਰੀ ਉਸਦੀਆਂ ਨਜ਼ਰਾਂ ਵਿਚ ਅੱਲ੍ਹਾ ਮੀਆਂ ਦੀ ਇੱਜ਼ਤ ਕੁਝ ਘੱਟ ਹੋਈ ਸੀ। ਇਹ ਤਾਂ ਕੋਈ ਗੱਲ ਨਾ ਹੋਈ ਕਿ ਗੁਨਾਹ ਕਰਨ ਵੱਡੇ ਤੇ ਉਸਨੂੰ ਭੁਗਤਣ ਬੱਚੇ!
ਇਹ ਸ਼ੰਕਾ ਬੜੀ ਭਿਆਨਕ ਸੀ। ਇਸ ਨੇ ਉਸਨੂੰ ਬਿਲਕੁਲ ਨਿਹੱਥਾ ਕਰ ਦਿੱਤਾ; ਅੱਲ੍ਹਾ ਮੀਆਂ ਹਿੰਦੂਆਂ ਤੇ ਸਿੱਖਾਂ ਨਾਲ ਰਲ ਗਏ ਨੇ।
ਉਸ ਰਾਤ ਉਸਨੂੰ ਇਕ ਸੁਪਨਾ ਆਇਆ ਕਿ ਅੱਲ੍ਹਾ ਮੀਆਂ ਦੀ ਚਿੱਟੀ ਦਾੜ੍ਹੀ, ਖ਼ੂਨ ਨਾਲ ਲਾਲ ਹੋਈ-ਹੋਈ ਹੈ ਤੇ ਉਹ ਹਿੰਦੂਆਂ ਤੇ ਸਿੱਖਾਂ ਦੀ ਇਕ ਸਭਾ ਵਿਚ ਭਾਸ਼ਣ ਦੇ ਰਹੇ ਨੇ¸
“ਇਹ ਮੁਸਲਮਾਨ ਬੱਚਾ ਇੱਥੇ ਕਿਵੇਂ ਆ ਗਿਆ?” ਅੱਲ੍ਹਾ ਮੀਆਂ ਨੇ ਉਸ ਵੱਲ ਇਸ਼ਾਰਾ ਕੀਤਾ, “ਇਸ ਨੂੰ ਵੀ ਮਾਰ ਸੁੱਟੋ।”
ਇਹ ਸੁਣਦਿਆਂ ਹੀ ਸਾਰੀ ਭੀੜ ਉਸ ਵੱਲ ਅਹੁਲੀ। ਉਹ ਭੱਜ ਪਿਆ। ਅਗਲੇ ਪਾਸਿਓਂ ਇਕ ਬੁੱਢੇ ਸਰਦਾਰ ਜੀ ਆ ਰਹੇ ਸਨ। ਇੱਫ਼ਨ ਨੇ ਸੋਚਿਆ, ਹੁਣ ਮਾਰੇ ਗਏ। ਪਰ ਉਹਨਾਂ ਸਰਦਾਰ ਜੀ ਨੇ ਉਸਨੂੰ ਆਪਣੇ ਸਾਫੇ ਵਿਚ ਲੁਕਾਅ ਲਿਆ। ਭੀੜ ਨੇ ਉਹਨਾਂ ਨੂੰ ਘੇਰ ਲਿਆ। ਇਕ ਨੇ ਤਲਵਾਰ ਮਾਰੀ, ਸਰਦਾਰ ਜੀ ਦੀ ਗਰਦਨ ਕੱਟੀ ਗਈ। ਲੁੜਕਦਾ ਹੋਇਆ ਸਿਰ ਇਕ ਪਾਸੇ ਵੱਲ ਭੱਜਿਆ; ਭੀੜ ਨੇ ਸਿਰ ਦਾ ਪਿੱਛਾ ਕੀਤਾ; ਸਿਰ ਇਕ ਸਭਾ ਵਿਚ ਜਾ ਘੁਸਿਆ...ਇਕ ਬੁੱਢਾ ਆਦਮੀ ਇਕ ਬੁੱਢੀ ਐਨਕ ਲਾਈ, ਨੰਗੇ ਪਿੰਡੇ ਬੈਠਾ, ਕੁਝ ਕਹਿ ਰਿਹਾ ਸੀ। ਸਿਰ ਉਸਦੇ ਪਿੱਛੇ ਜਾ ਲੁਕਿਆ। ਇਕ ਆਦਮੀ ਨੇ ਗੋਲੀ ਚਲਾਈ। ਬੁੱਢੀ ਐਨਕ ਵਾਲਾ ਆਦਮੀ ਮਰ ਗਿਆ।
ਸਰਦਾਰ ਜੀ ਦਾ ਸਿਰ ਫੇਰ ਭੱਜਿਆ।
ਕਿਤਾਬਾਂ ਦੀ ਇਕ ਦੁਕਾਨ ਨੂੰ ਅੱਗ ਲੱਗੀ ਹੋਈ ਸੀ। ਜਵਾਹਰ ਲਾਲ ਨਹਿਰੂ ਆਪਣੀਆਂ ਕਿਤਾਬਾਂ ਦੀ ਅੱਗ ਦੀ ਰੌਸ਼ਨੀ ਵਿਚ ਖੜ੍ਹੇ ਅਜੀਬ ਜਿਹੇ ਲੱਗ ਰਹੇ ਸਨ। ਉਸ ਸਿਰ ਨੇ ਕਿਹਾ¸
“ਅਸੀਂ ਅਹਿਮਦ ਅੱਬਾਸ ਦੇ ਸਰਦਾਰ ਜੀ ਆਂ ਜੀ¸ ਅਹਿ ਲਓ! ਤੁਸੀਂ ਆਪਣੀ ਇਮਾਨਤ ਸੰਭਾਲੋ...”
ਸਾਫਾ ਖੁੱਲ੍ਹ ਗਿਆ। ਇੱਫ਼ਨ ਛਾਲ ਮਾਰ ਕੇ ਪੰਡਿਤ ਜੀ ਦੀ ਜਵਾਹਰ ਬੰਡੀ ਦੀ ਜੇਬ ਵਿਚ ਚਲਾ ਗਿਆ।
“ਤੂੰ ਕੌਣ ਏਂ?” ਜਵਾਹਰ ਲਾਲ ਨੇ ਪੁੱਛਿਆ।
“ਮੈਂ ਇੱਫ਼ਨ...”
“ਨਹੀਂ।” ਜਵਾਹਰ ਲਾਲ ਨੇ ਕਿਹਾ, “ਤੂੰ ਤਾਕਤ ਏਂ। ਮੈਂ ਤੈਨੂੰ ਅੱਜ ਫੇਰ ਹਾਸਿਲ ਕੀਤਾ ਹੈ। ਮੈਂ ਤੇਰੇ 'ਤੇ ਇਕ ਕਿਤਾਬ ਲਿਖਾਂਗਾ।”
ਭੀੜ ਫੇਰ ਆ ਗਈ। ਬਹੁਤ ਸਾਰੇ ਹਿੰਦੂ-ਸਿੱਖਾਂ ਨੇ ਜਿੱਨਾਹ ਕੈਪ ਲਈ ਹੋਈ ਸੀ; ਕਈਆਂ ਨੇ ਤੁਰਕੀ ਟੋਪੀਆਂ ਲਈਆਂ ਸਨ; ਕਈਆਂ ਦੀਆਂ ਸ਼ੇਰਵਾਨੀਆਂ ਦੇ ਕਾਲਰ ਉੱਤੇ ਖਜੂਰ ਦਾ ਰੁੱਖ ਬਣਿਆ ਹੋਇਆ ਸੀ!
ਜਵਾਹਰ ਲਾਲ ਨੇ ਭੀੜ ਵੱਲ ਦੇਖਿਆ। ਗੁੱਸੇ ਨਾਲ ਉਹਨਾਂ ਦਾ ਮੂੰਹ ਹੋਰ ਲਾਲ ਹੋ ਗਿਆ। ਉਹ ਇੱਫ਼ਨ ਸਮੇਤ ਕਿਤਾਬਾਂ ਦੀ ਚਿਤਾ ਵਿਚ ਛਾਲ ਮਾਰ ਗਏ। ਇੱਫ਼ਨ ਦੀ ਚੀਕ ਨਿਕਲ ਗਈ।
ਤੇ ਫੇਰ ਉਸਦੀ ਅੱਖ ਖੁੱਲ੍ਹ ਗਈ।
ਜਿਹੜੇ ਬੱਚੇ ਢਹਿੰਦੀਆਂ ਕੰਧਾਂ ਦੀ ਛਾਂ ਵਿਚ ਜਵਾਨ ਹੁੰਦੇ ਨੇ, ਉਹਨਾਂ ਦੀ ਕਹਾਣੀ ਬੜੀ ਅਜੀਬ ਹੁੰਦੀ ਹੈ।
ਇੱਫ਼ਨ ਦੀ ਅੱਖ ਖੁੱਲ੍ਹੀ ਤਾਂ ਉਸਦੀ ਆਤਮਾਂ ਆਪਣੇ ਖੋਲ ਵਿਚ ਮੁੜ ਆਈ।
ਉਹ ਰੋਜ਼ ਵਾਂਗ ਉਠਿਆ। ਹਰ ਰੋਜ਼ ਵਾਂਗ ਹੀ ਮੂੰਹ ਹੱਥ ਥੋ ਕੇ ਮਾਂ-ਬਾਪ ਨੂੰ ਸਲਾਮ ਕੀਤੀ। ਉਸਨੂੰ ਰੋਜ਼ ਵਾਂਗ ਲੰਮੀ ਉਮਰ ਦੀ ਦੁਆ ਮਿਲੀ। ਰੋਜ਼ ਵਾਂਗ ਹੀ ਉਹ ਸਕੂਲ ਗਿਆ, ਪਰ ਸਕੂਲ ਦੇ ਲੋਕ ਉਸਨੂੰ ਅਜੀਬ-ਅਜੀਬ ਦਿਖਾਈ ਦੇਣ ਲੱਗ ਪਏ। ਉਸਨੂੰ ਲੱਗਿਆ ਕਿ ਬਾਬੂ ਤ੍ਰਿਵੈਣੀ ਨਾਰਾਇਣ ਨੇ ਉਸਦੇ ਜ਼ੋਰ ਨਾਲ ਤੇ ਲਕਸ਼ਮਣ ਦੇ ਪੋਲਾ ਜਿਹਾ ਥੱਪੜ ਮਾਰਿਆ ਹੈ¸ ਜਦਕਿ ਦੋਵਾਂ ਦੀ ਖ਼ਤਾ (ਗ਼ਲਤੀ) ਇਕ ਸੀ! ਉਸਨੂੰ ਲੱਗਿਆ ਕਿ ਚੌਧਰੀ ਜੀ ਨੇ ਰਾਮਦਾਸ ਨੂੰ ਇਕ ਸਵਾਲ ਵੱਧ ਦਿਲ ਲਾ ਕੇ ਸਮਝਾਇਆ ਹੈ!...
ਸਕੂਲ ਦੇ ਸਾਰੇ ਦੋਸਤ ਉਸਨੂੰ ਓਪਰੇ-ਬਿਗਾਨੇ ਦਿਖਾਈ ਦੇਣ ਲੱਗ ਪਏ। ਉਸਨੇ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕੀਤਾ। ਉਸਨੂੰ ਆਪਣੇ ਮੋਢਿਆਂ ਉੱਤੇ ਸ਼ੇਰਵਾਨੀ ਭਾਰੀ ਭਾਰੀ ਲੱਗਣ ਲੱਗ ਪਈ...ਤੇ ਉਸ ਦਿਨ ਉਸਨੇ ਚੁੱਪਚਾਪ ਇਕ ਸੌਂਹ ਖਾਧੀ ਕਿ ਜ਼ਿੰਦਗੀ ਭਰ ਸ਼ੇਰਵਾਨੀ ਨਹੀਂ ਪਾਏਗਾ।...
ਖੇਡਾਂ ਦੀ ਘੰਟੀ ਵਿਚ ਫੁਟਬਾਲ ਖਿਡਾਈ ਗਈ। ਇੱਫ਼ਨ ਚੰਗਾ ਖੇਡ ਰਿਹਾ ਸੀ, ਦੂਜੇ ਪਾਸੇ ਦੇ ਸਟਾਪਰ ਨੇ ਲੱਤ ਅੜਾ ਦਿੱਤੀ, ਉਹ ਡਿੱਗ ਪਿਆ। ਇਹ ਕੋਈ ਖਾਸ ਗੱਲ ਨਹੀਂ ਸੀ, ਪਰ ਇਸ ਵਾਰੀ ਉਸਨੂੰ ਬੜਾ ਗੁੱਸਾ ਆਇਆ। ਉਸਨੇ ਫ਼ੌਰਨ ਬਦਲਾ ਲਿਆ। ਉਹ ਮੁੰਡਾ ਡਿੱਗ ਪਿਆ। ਮਾਸਟਰ ਸਾਹਬ ਨੇ ਉਸਨੂੰ ਬੜਾ ਝਿੜਕਿਆ। ਉਸਨੂੰ ਮੈਦਾਨ ਵਿਚੋਂ ਬਾਹਰ ਕਰ ਦਿੱਤਾ ਗਿਆ। ਸਾਰੇ ਮੁੰਡੇ ਖੇਡ ਰਹੇ ਸਨ, ਉਹ ਇਕੱਲਾ ਬਾਹਰ ਬੈਠਾ ਸੀ ਤੇ ਸੋਚ ਰਿਹਾ ਸੀ ਕਿ ਜੇ ਉਹ ਮੁਸਲਮਾਨ ਨਾ ਹੁੰਦਾ ਤਾਂ ਮਾਸਟਰ ਸਾਹਬ ਨੇ ਉਸਨੂੰ ਇੰਜ ਨਾ ਕੱਢਿਆ ਹੁੰਦਾ।
ਉਸ ਸ਼ਾਮ ਉਹ ਘਰੇ ਪਹੁੰਚਿਆ ਤਾਂ ਉਸਦੀ ਮਾਂ ਨੇ ਦੇਖਿਆ ਕਿ ਉਹ ਬੜਾ ਉਦਾਸ ਹੈ। ਮਾਂ ਨੇ ਉਸਨੂੰ ਪਿਆਰ ਕੀਤਾ। ਦਿੱਲੀ ਤੋਂ ਮਾਮੂ ਜਿਹੜਾ ਹਬਸ਼ੀ ਹਲਵਾ ਲਿਆਏ ਸਨ, ਖਾਣ ਲਈ ਦਿੱਤਾ। ਪਰ ਉਸਦੇ ਚਿਹਰੇ ਉੱਤੇ ਰੌਣਕ ਨਾ ਆਈ।
“ਕੀ ਗੱਲ ਏ ਮੀਆਂ?” ਦਿੱਲੀ ਵਾਲੇ ਮਾਮੂ ਨੇ ਪੁੱਛਿਆ।
“ਕੁਛ ਨਹੀਂ।”
“ਜਾਪਦਾ ਏ, ਅੱਜ ਸਕੂਲੇ ਮਾਰ ਪਈ ਏ।” ਮਾਮੂ ਹੱਸੇ।
“ਪਾਕਿਸਤਾਨ ਤਾਂ ਮੁਸਲਮਾਨਾ ਨੇ ਬਣਵਾਇਆ ਏ ਨਾ?” ਉਸਨੇ ਸਵਾਲ ਕੀਤਾ।
“ਨਹੀਂ।” ਉਸਦੇ ਮਾਮੂ ਬੋਲੇ, “ਪਾਕਿਸਤਾਨ, ਅੰਗਰੇਜ਼ਾਂ ਨੇ ਬਣਾਇਆ ਏ।”
“ਇਕ ਤੁਸੀਂ ਹੀ ਇੰਜ ਕਹਿ ਰਹੇ ਓ।” ਉਹ ਬੋਲਿਆ, “ਮੈਂ ਇਹ ਕਹਿ ਰਿਹਾਂ ਕਿ ਜਦੋਂ ਮੁਸਲਮਾਨਾ ਨੇ ਪਾਕਿਸਤਾਨ ਬਣਵਾ ਈ ਲਿਐ ਤਾਂ ਫੇਰ ਅਸੀਂ ਇੱਥੇ ਕੀ ਕਰ ਰਹੇ ਆਂ? ਅੱਬੂ, ਤੁਸੀਂ ਪਾਕਿਸਤਾਨ ਕਿਉਂ ਨਹੀਂ ਚਲੇ ਚੱਲਦੇ?”
“ਤੂੰ ਅਜਿਹੀਆਂ ਗੱਲਾਂ ਸੋਚ ਕੇ ਆਪਣਾ ਟਾਈਮ ਕਿਉਂ ਬਰਬਾਦ ਕਰਦਾ ਏਂ।” ਅੱਬੂ ਬੋਲੇ, “ਜਾਹ, ਜਾ ਕੇ ਪੜ੍ਹ।”
“ਹਿੰਦੂ ਮਾਸਟਰ ਸਾਨੂੰ ਜੀਅ ਲਾ ਕੇ ਨਹੀਂ ਪੜ੍ਹਾਉਂਦੇ।” ਉਸਨੇ ਕਿਹਾ, “ਹਿੰਦੂ ਮੂੰਡੇ ਸਾਨੂੰ ਤੰਗ ਕਰਦੇ ਰਹਿੰਦੇ ਨੇ। ਪਰਸੋਂ ਭਵਾਨੀ ਦੀ ਮਿਠਿਆਈ ਨੂੰ ਮੇਰਾ ਹੱਥ ਲੱਗ ਗਿਆ ਤਾਂ ਉਸਨੇ ਮਿਠਿਆਈ ਸੁੱਟ ਦਿੱਤੀ ਤੇ ਕਿਹਾ, 'ਏ ਮੀਆਂ, ਈ ਪਾਕਿਸਤਾਨ ਨਾ ਹੈ।”
“ਇਹ ਦੱਸ ਬਈ ਤੂੰ ਜਦੋਂ ਨਾਨਾ ਸਾਹਬ ਦੇ ਘਰ ਗਿਆ ਸੈਂ ਤਾਂ ਗੌਰੀਸ਼ੰਕਰ ਸਾਹਬ ਨੇ ਤੈਨੂੰ ਪਿਆਰ ਨਹੀਂ ਸੀ ਕੀਤਾ?” ਮਾਮੂ ਨੇ ਪੁੱਛਿਆ।
“ਕੀਤਾ ਸੀ।”
“ਕੀ ਉਹ ਹਿੰਦੂ ਨਹੀਂ?”
“ਮਗਰ ਮਾਮੂ ਜਾਨ, ਇੱਥੇ ਓਹੋ ਜਿਹੇ ਹਿੰਦੂ ਕਿਉਂ ਨਹੀਂ...?”
“ਤੇਰੇ ਨਾਨਾ ਸਾਹਬ ਹਿੰਦੂਆਂ ਦਾ ਛੁਹਿਆ ਨਹੀਂ ਖਾਂਦੇ ਤਾਂ ਕੀ ਗੌਰੀਸ਼ੰਕਰ ਚਾ ਨਾਲ ਉਹਨਾਂ ਦੀ ਦੋਸਤੀ ਨਹੀਂ?”
“ਹੈ, ਮਗਰ...”
“ਇੰਜ ਈ ਜੇ ਤੇਰੇ ਦੋਸਤ ਭਵਾਨੀ ਨੇ ਤੇਰਾ ਛੁਹਿਆ ਨਹੀਂ ਖਾਧਾ ਤਾਂ ਤੂੰ ਉਸਨੂੰ ਆਪਣਾ ਦੁਸ਼ਮਣ ਕਿੰਜ ਸਮਝ ਬੈਠਾ ਏਂ...?”
“ਇਸ ਲਈ ਕਿ ਉਸਨੇ ਪਾਕਿਸਤਾਨ ਵਾਲੀ ਗੱਲ ਜੋ ਆਖੀ ਸੀ।”
“ਕੋਈ ਆਖੇ ਕਿ ਕਾਂ ਤੇਰਾ ਕੰਨ ਲੈ ਗਿਐ ਤਾਂ ਤੂੰ ਕੀ ਕਰੇਂਗਾ?...ਕੰਨ ਦੇਖੇਂਗਾ ਕਿ ਕਾਂ ਕੇ ਪਿੱਛੇ ਭੱਜ ਪਏਂਗਾ?...ਪਕਿਸਤਾਨ ਤੂੰ ਬਣਾਇਆ ਏ?”
“ਜੀ ਨਹੀਂ।”
“ਫੇਰ ਤੂੰ ਕਿਉਂ ਨਾਰਾਜ਼ ਹੁੰਣੈ?”
ਗੱਲ ਇੱਫ਼ਨ ਦੀ ਸਮਝ ਵਿਚ ਆ ਗਈ। ਪਰ ਉਹ ਬੇਨਾਮ-ਡਰ ਫੇਰ ਵੀ ਨਹੀਂ ਸੀ ਮਿਟਿਆ। ਉਹ ਸਕੂਲ ਜਾਂਦਾ ਰਿਹਾ। ਪਰ ਹੌਲੀ-ਹੌਲੀ ਆਪਣੇ ਹਿੰਦੂ ਦੋਸਤਾਂ ਨਾਲੋਂ ਨਿੱਖੜਦਾ ਗਿਆ। ਸ਼ੰਕਰ, ਰਾਮਦੀਨ, ਪ੍ਰਭੂ, ਭਵਾਨੀ, ਸੀਤਾ ਰਾਮ...ਉਸਨੇ ਇਹਨਾਂ ਵਿਚੋਂ ਕਿਸੇ ਨੂੰ ਵੀ ਆਪਣੇ ਨੇੜੇ ਨਹੀਂ ਦੇਖਿਆ। ਹੁਣ ਉਸਦੇ ਚਾਰੇ ਪਾਸੇ ਵਾਜਿਦ, ਮੁਹਿਬੁੱਲ ਹਸਨ, ਸਰਵਰ...ਤੇ ਅਜਿਹੇ ਹੀ ਦੂਸਰੇ ਨਾਂ ਸਨ। ਪੁਰਾਣੇ ਸਾਥੀਆਂ ਵਿਚੋਂ ਮੁਜਾਵਿਰ ਤੇ ਜਮਾਲ ਦੇ ਸਿਵਾਏ ਹੋਰ ਕੋਈ ਨਾਲ ਨਹੀਂ ਸੀ।
ਇਸ ਪਰੀਵਰਤਨ ਨੂੰ ਕਿਸੇ ਨੇ ਵੀ ਮਹਿਸੂਸ ਨਹੀਂ ਕੀਤਾ। ਮਾਸਟਰ ਪੜ੍ਹਾਉਂਦੇ ਰਹੇ। ਮੁੰਡੇ ਪੜ੍ਹਦੇ ਰਹੇ। ਮਾਸਟਰਾਂ ਨੇ ਇਹ ਜਾਨਣ ਦੀ ਜ਼ਰੂਰਤ ਹੀ ਨਹੀਂ ਸਮਝੀ ਕਿ ਦੇਖੀਏ ਬਈ ਹੁਣ ਮੁੰਡਿਆਂ ਦੀ ਦੋਸਤੀ ਦਾ ਆਧਾਰ ਕੀ ਹੈ?
ਮੁੰਡਿਆਂ ਨੇ ਵੀ ਇਸ ਬਾਰੇ ਨਹੀਂ ਸੋਚਿਆ ਕਿ ਪੁਰਾਣੇ ਮਿੱਤਰਾਂ ਵਿਚਕਾਰ ਪਾੜਾ ਕਿਉਂ ਵਧ ਰਿਹਾ ਹੈ? ਤੇ ਉਹਨਾਂ ਮੁੰਡਿਆਂ ਨਾਲ ਦੋਸਤੀ ਕਿਉਂ ਹੋ ਰਹੀ ਹੈ ਜਿਹੜੇ ਪਹਿਲਾਂ ਦੋਸਤ ਨਹੀਂ ਸਨ ਹੁੰਦੇ?
ਹਾਂ, ਮੌਲਵੀ ਸਾਹਬ ਨੇ ਇਹ ਗੱਲ ਮਹਿਸੂਸ ਕੀਤੀ ਕਿ ਉਰਦੂ ਦੀ ਕਲਾਸ ਛੋਟੀ ਹੋ ਗਈ ਹੈ ਤੇ ਹੁਣ ਕੋਈ ਹਿੰਦੂ ਮੁੰਡਾ ਉਰਦੂ ਨਹੀਂ ਪੜ੍ਹਦਾ...!
ਇਕ ਦਿਨ ਉਹਨਾਂ ਆਪਣੀ ਬੀਵੀ ਨੂੰ ਇਹ ਗੱਲ ਆਖੀ, “ਜੇ ਇਹੋ ਰਿਫ਼ਤਾਰ ਰਹੀ ਤਾਂ ਉਰਦੂ ਦੀ ਪੜ੍ਹਾਈ ਤਾਂ ਖ਼ਤਮ ਹੋ ਜਾਏਗੀ।”  
“ਫੇਰ ਆਪਾਂ ਪਾਕਿਸਤਾਨ ਕਿਉਂ ਨਹੀਂ ਚਲੇ ਚੱਲਦੇ?” ਬੀਵੀ ਨੇ ਪੁੱਛਿਆ।
“ਦੋ ਸਾਲ ਬਾਅਦ ਰਿਟਾਇਰ ਹੋਣ ਵਾਲਾ ਵਾਂ।” ਮੌਲਵੀ ਸਾਹਬ ਨੇ ਕਿਹਾ, “ਜ਼ਿੰਦਗੀ ਭਰ ਇੱਥੇ ਰਿਹਾਂ, ਹੁਣ ਮਰਨ ਖ਼ਾਤਰ ਉੱਥੇ ਚਲਾ ਜਾਵਾਂ?”
“ਜਦੋਂ ਦੇਖੋ ਮਰਨ-ਜਿਊਣ ਦੀਆਂ ਗੱਲ ਕਰਨ ਲੱਗ ਪੈਂਦੇ ਓ।” ਬੀਵੀ ਹਿਰਖ ਗਈ, “ਦੋ ਕੁੜੀਆਂ ਪਹਾੜ ਜਿੱਡੀਆਂ ਹੋਈਆਂ ਬੈਠੀਆਂ ਨੇ...ਇਹਨਾਂ ਦਾ ਅਚਾਰ ਪਾਉਣੈ?”
“ਮੈਂ ਭਾਈ ਕਲੀਮੁੱਲਾ ਨੂੰ ਲਿਖਿਆ ਤਾਂ ਹੈ। ਕਰਾਚੀ ਵਿਚ ਕੋਈ ਮੁਸਲਮਾਨ ਮੁੰਡਿਆਂ ਦਾ ਕਾਲ ਨਹੀਂ ਪਿਆ ਹੋਇਆ...”
ਹੁਣ ਜਿਸ ਮੌਲਵੀ ਸਾਹਬ ਦੀ ਆਤਮਾਂ ਉੱਤੇ ਦੋ ਜਵਾਨ ਕੁੜੀਆਂ ਦੇ ਕੁਆਰੇਪਨ ਦਾ ਬੋਝ ਹੋਵੇ, ਉਹ ਗ਼ਾਲਿਬ ਦਾ ਪ੍ਰੇਮ ਕਾਵ ਕਿੰਜ ਪੜ੍ਹਾ ਸਕਦੇ ਸਨ ਭਲਾ!
ਪਰ ਜਦੋਂ ਉਹ ਹਾਜ਼ਰੀ ਲਾਉਣ ਲੱਗਦੇ, ਉਦਾਸ ਹੋ ਜਾਂਦੇ : ਮੁਹੰਮਦ ਹਨੀਫ਼, ਅਕਰਮਉੱਲਾ, ਬਦਰੂਲ ਹਸਨ, ਨਜਫ਼ ਅੱਬਾਸ, ਬਕਾਉੱਲਾ, ਮੁਹੰਮਦ ਉਮਰ ਸਦੀਕੀ, ਹਿਜ਼ਬਰ ਅਲੀ ਖ਼ਾਂ ਤੋਖ਼ੀ...ਇਕੋ ਕਿਸਮ ਦੇ ਨਾਂ ਲੈ-ਲੈ ਕੇ ਬੋਰ ਹੋ ਜਾਂਦੇ। ਕਿੱਥੇ ਗਏ ਉਹ ਆਸ਼ਾ ਰਾਮ, ਨਰਬਦਾ ਪ੍ਰਸਾਦ, ਮਾਤਾਦੀਨ, ਗੌਰੀਸ਼ੰਕਰ ਸਿਨਹਾਂ, ਮਾਧੋਲਾਲ ਅਗਰਵਾਲ, ਮਸੀਹ ਪੀਟਰ, ਰੌਣਕ ਲਾਲ...?
ਇਹ ਜਾਣ ਕੇ ਉਹਨਾਂ ਨੂੰ ਹੋਰ ਵੀ ਦੁੱਖ ਹੋਇਆ ਸੀ ਕਿ ਹਿੰਦੀ ਦੇ ਪੰਡਿਤ ਜੀ ਦਾ ਰਜਿਸਟਰ ਭਰਪੂਰ ਹੁੰਦਾ ਜਾ ਰਿਹਾ ਹੈ। ਨਵਾਂ ਦੀ ਰੰਗ-ਬਿਰੰਗੀ ਬਹਾਰ ਉਹਨਾਂ ਦੇ ਰਜਿਸਟਰ ਨੂੰ ਛੱਡ ਕੇ ਪੰਡਿਤ ਜੀਆਂ ਦੇ ਰਜਿਸਟਰ ਵਿਚ ਜਾ ਖਿੜੀ ਹੈ।
ਉਹ ਉਹਨਾਂ ਪੰਡਿਤ-ਜੀਆਂ ਨਾਲ ਈਰਖਾ ਕਰਨ ਲੱਗ ਪਏ ਜਿਹਨਾਂ ਨੇ ਉਹਨਾਂ ਦਾ ਖਜ਼ਾਨਾ ਹਥਿਆ ਲਿਆ ਸੀ; ਇਸ ਲਈ ਉਹ ਹਿੰਦੀ ਦੀ ਬਦਖੋਈ ਕਰਨ ਲੱਗ ਪਏ।
“ਲਾਹੌਲ ਵਿਲਾ ਕੁਵੱਤ, ਕਿਆ ਅੱਜੜ੍ਹ ਜ਼ੁਬਾਨ ਹੈ...ਦੋ ਲਫ਼ਜ਼ ਬੋਲੋ ਤਾਂ ਜ਼ੁਬਾਨ ਵਿਚਾਰੀ ਹਫ਼ ਜਾਂਦੀ ਹੈ।”
ਜਦੋਂ ਪੰਡਿਤ ਜੀ ਤੀਕ ਇਹ ਗੱਲਾਂ ਪਹੁੰਚੀਆਂ ਤਾਂ ਉਹਨਾਂ ਨੂੰ ਵੀ ਬੁਰਾ ਲੱਗਿਆ। ਉਹ ਵਧੀਆਂ ਉਰਦੂ ਫ਼ਾਰਸੀ ਜਾਣਦੇ ਸਨ, ਪਰ ਮੌਲਵੀ ਸਾਹਬ ਦੀ ਜ਼ਿੱਦ ਸਦਕਾ ਉਹਨਾਂ ਵੀ ਉਰਦੂ ਬੋਲਣੀ ਛੱਡ ਦਿੱਤੀ। ਹਿੰਦੀ ਬੋਲਣ ਵਿਚ ਉਹਨਾਂ ਨੂੰ ਓਨੀ ਹੀ ਔਖ ਹੁੰਦੀ, ਪਰ ਉਹ ਹਿੰਦੀ ਹੀ ਬੋਲਦੇ। ਉਰਦੂ ਫ਼ਾਰਸੀ ਦੇ ਜਿਹੜੇ ਸ਼ਬਦ ਉਹਨਾਂ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਸਨ, ਉਹਨਾਂ ਕੋਸ਼ਿਸ਼ ਕਰਕੇ ਉਹਨਾਂ ਨੂੰ ਭੁਲਾਅ ਦਿੱਤਾ।
ਇਹ ਖਿੱਚੋ-ਤਾਣੀ ਏਨੀ ਵਧ ਗਈ ਕਿ ਸਕੂਲ ਦੇ ਸਾਲਾਨਾ ਮੁਸ਼ਾਇਰੇ ਵਿਚ ਮੌਲਵੀ ਸਾਹਬ ਨੇ ਪੰਡਿਤ ਜੀ ਦਾ ਨਾਂ ਸ਼ਾਮਿਲ ਨਹੀਂ ਕੀਤਾ। ਮੁਸ਼ਾਇਰਾ ਹੋਇਆ ਪਰ ਮੁੰਡਿਆਂ ਬੜਾ ਰੌਲਾ ਪਾਇਆ। ਫੇਰ ਪੰਡਿਤ ਜੀ ਨੇ ਮੁਸ਼ਾਇਰੇ ਦੀ ਖਹਿ ਨਾਲ ਇਕ ਕਵੀ-ਸਮੇਲਨ ਕਰਵਾਇਆ¸ ਇਹ ਸ਼ਹਿਰ ਦਾ ਪਹਿਲਾ ਕਵੀ-ਸਮੇਲਨ ਸੀ। ਪਰ ਪਿੱਛੋਂ ਪੰਡਿਤ ਜੀ ਨੇ ਆਪਣੇ ਦੋਸਤ ਮੌਲਵੀ ਅਹਿਮਦਉੱਲਾ ਐਡਵੋਕੇਟ ਨੂੰ ਕਿਹਾ¸ “ਮੁਸ਼ਾਇਰੇ ਵਾਲੀ ਬਾਤ ਨਹੀਂ ਬਣੀ।”
ਮੌਲਵੀ ਅਹਿਮਦਉੱਲਾ, ਜਿਹੜੇ ਜ਼ਿਲਾ ਕਾਂਗਰਸ ਕਮੇਟੀ ਦੇ ਸਦਰ (ਪ੍ਰਧਾਨ) ਸਨ ਤੇ ਜ਼ਿਲਾ ਮੁਸਲਿਮ ਲੀਗ ਦੇ ਸਦਰ ਵੀ ਰਹਿ ਚੁੱਕੇ ਸਨ, ਬੋਲੇ¸
“ਪੰਡਿਤ ਜੀ ਰਵਾਇਤਾਂ ਇਕ ਦਿਨ ਵਿਚ ਨਹੀਂ ਬਣ ਜਾਂਦੀਆਂ; ਥੋੜ੍ਹੇ ਦਿਨਾਂ 'ਚ ਲੋਕ ਮੁਸ਼ਾਇਰਿਆਂ ਨੂੰ ਭੁੱਲ ਜਾਣਗੇ।”
ਪੰਡਿਤ ਜੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ, ਪਰ ਉਹ ਚੁੱਪ ਰਹੇ। ਮੌਲਵੀ ਅਹਿਮਦਉੱਲਾ ਸਾਹਬ ਨੇ ਘਰ ਪਹੁੰਚਣ ਤੀਕ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਆਪਣੇ ਛੋਟੇ ਬੇਟੇ ਕੁਰਬਾਨ ਅਲੀ ਤੇ ਬੇਟੀ ਆਇਸ਼ ਬਾਨੋਂ ਨੂੰ ਹਿੰਦੀ ਪੜ੍ਹਾਉਣਗੇ, ਕਿਉਂਕਿ ਉਰਦੂ ਦਾ ਭਵਿੱਖ ਹਨੇਰਾ ਹੈ।
ਉਸੇ ਰਾਤ ਇੱਫ਼ਨ ਨੇ ਆਪਣੀ ਅੰਮੀ ਨੂੰ ਇਕ ਕਵਿਤਾ ਸੁਣਾਈ, ਜਿਸਦੀ ਸਮੇਲਨ ਵਿਚ ਬੜੀ ਤਾਰੀਫ਼ ਹੋਈ ਸੀ ਤਾਂ ਅੰਮੀ ਮੁਸਕੁਰਾ ਕੇ ਬੋਲੀ¸
“ਭੱਠ 'ਚ ਪਏ ਇਹ ਜ਼ਬਾਨ, ਇਹ ਕੋਈ ਜ਼ਬਾਨ ਏਂ ਮੋਈ? ਇਸ ਨਾਲੋਂ ਚੰਗੀ ਜ਼ਬਾਨ ਤਾਂ ਸਾਡੇ ਉਧਰ ਦੀਆਂ ਮੇਹਤਰਾਣੀਆਂ (ਭੰਗਣਾ) ਬੋਲਦੀਆਂ ਨੇ।”
“ਹੁਣ ਇਹੀ ਜ਼ਬਾਨ ਚੱਲੇਗੀ।” ਅੱਬੂ ਬੋਲੇ, ਜਿਹੜੇ ਜ਼ਿਲਾ ਅਧਿਕਾਰੀ ਹੋਣ ਦੇ ਨਾਤੇ ਸਮੇਲਨ ਵਿਚ ਗਏ ਸਨ। ਉਹ ਨਾ ਜਾਂਦੇ ਤਾਂ ਲੋਕ ਕਹਿੰਦੇ, 'ਮੁਸਲਮਾਨ ਕਲੈਕਟਰ ਸੀ, ਇਸ ਕਰਕੇ ਨਹੀਂ ਆਇਆ।'
“ਇਹ ਜ਼ਬਾਨ ਕਿਉਂ ਚੱਲੇਗੀ ਅੱਬੂ?”
“ਜਦੋਂ ਤੂੰ ਵੱਡਾ ਹੋ ਜਾਏਂਗਾ, ਸਮਝ ਜਾਏਂਗਾ।”
“ਕੀ ਇਹ ਜ਼ਬਾਨ ਇਸ ਲਈ ਚੱਲੇਗੀ ਕਿ ਇਹ ਹਿੰਦੂਆਂ ਦੀ ਜ਼ਬਾਨ ਏ?”
“ਇਹ ਤੂੰ ਹਰ ਵੇਲੇ ਹਿੰਦੂ, ਮੁਸਲਮਾਨ ਕੀ ਲਾਈ ਰੱਖਦਾ ਏਂ ਬਈ?” ਅੱਬੂ ਨੇ ਫੇਰ ਝਿੜਕ ਦਿੱਤਾ ਸੀ।
ਉਹ ਕਈ ਸਾਲਾਂ ਦਾ ਦੇਖ ਰਿਹਾ ਸੀ ਕਿ ਅੱਬੂ ਚਿੜਚਿੜੇ ਹੁੰਦੇ ਜਾ ਰਹੇ ਨੇ...ਪਰ ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਆਖ਼ਰ ਇਹ ਹੋ ਕਿਉਂ ਰਿਹਾ ਹੈ!
ਪਰ ਇੰਜ ਹੋ ਗਿਆ ਸੀ।
    --- --- ---

ਟੋਪੀ ਸ਼ੁਕਲਾ…:  ਸੱਤਵੀਂ ਕਿਸ਼ਤ

ਟੋਪੀ ਸ਼ੁਕਲਾ...:: ਸੱਤਵੀਂ ਕਿਸ਼ਤ

ਇਹ ਜੋ ਮੈਂ ਵਾਰੀ ਵਾਰੀ ਇੱਫ਼ਨ ਦੀ ਗੱਲ ਕਰਨ ਲੱਗ ਪੈਂਦਾ ਹਾਂ, ਇਸ ਤੋਂ ਤੁਸੀਂ ਇਹ ਨਾ ਸਮਝ ਲੈਣਾ ਕਿ ਇਹ ਕਹਾਣੀ ਟੋਪੀ ਤੇ ਇੱਫ਼ਨ ਦੋਵਾਂ ਦੀ ਕਹਾਣੀ ਹੈ। ਨਹੀਂ ਸਾਹਬੋ! ਇਹ ਕਹਾਣੀ ਸਿਰਫ ਟੋਪੀ ਦੀ ਕਹਾਣੀ ਹੈ। ਪਰ ਵਾਰੀ ਵਾਰੀ ਇੱਫ਼ਨ ਦੀ ਆਤਮਾਂ ਵਿਚ ਝਾਤ ਮਾਰਨੀ ਵੀ ਜ਼ਰੂਰੀ ਹੈ, ਕਿਉਂਕਿ ਦੇਸ਼ ਵਿਚ ਜੋ ਪਰੀਵਰਤਨ ਹੋ ਰਿਹਾ ਹੈ ਉਸਨੂੰ ਸਿਰਫ ਟੋਪੀ ਦੀ ਖਿੜਕੀ ਵਿਚੋਂ ਨਹੀਂ ਦੇਖਿਆ ਜਾ ਸਕਦਾ। ਇੱਫ਼ਨ ਵੀ ਟੋਪੀ ਦਾ ਹੀ ਇਕ ਰੂਪ ਹੈ। ਇਸ ਟੋਪੀ ਦੇ ਅਨੇਕਾਂ ਰੂਪ ਨੇ¸ ਬੰਗਾਲ, ਪੰਜਾਬ, ਯੂ.ਪੀ., ਆਂਧਰਾ, ਅਸਾਮ...ਸਾਰੇ ਦੇਸ਼ ਵਿਚ ਇਹ ਟੋਪੀ, ਆਪਣੀਆਂ ਸਮੱਸਿਆਵਾਂ ਦੀ ਪੰਡ ਚੁੱਕੀ, ਵਿਚਾਰਧਾਰਾਵਾਂ, ਫ਼ਲਸਫ਼ਿਆਂ ਤੇ ਰਾਜਨੀਤੀਆਂ ਦੇ ਜਨਮ ਦਾਤਿਆਂ ਦੇ ਬੂਹੇ ਖੜਕਾਅ ਰਿਹਾ ਹੈ। ਪਰ ਕੋਈ ਇਸਨੂੰ ਢੋਈ ਨਹੀਂ ਦੇਂਦਾ। ਮੈਂ ਇਸ ਕਹਾਣੀ ਨੂੰ ਏਨਾ ਵਿਸਥਾਰ ਨਹੀਂ ਦੇ ਸਕਦਾ ਕਿ ਇਸ ਵਿਚ ਟੋਪੀ ਦੇ ਸਾਰੇ ਰੂਪ ਸਮਾਅ ਜਾਣ। ਇਸ ਲਈ ਮੈਂ ਸਿਰਫ ਦੋ ਰੂਪ ਚੁਣੇ ਨੇ।
ਟੋਪੀ ਦੇ ਇਹ ਰੂਪ ਇਕ ਦੂਜੇ ਨਾਲ ਟਕਰਾਉਂਦੇ ਵੀ ਨੇ ਤੇ ਇਕ ਦੂਜੇ ਦੇ ਬਿਨਾਂ ਅਧੂਰੇ ਵੀ ਨੇ। ਟੋਪੀ ਜਾਂ ਟੋਪੀਆਂ ਦੇ ਸਾਹਮਣੇ ਪ੍ਰਸ਼ਨ ਆਪਣੀ ਦਸ਼ਾ ਦਾ ਹੈ¸ ਪ੍ਰੰਪਰਾਵਾਂ, ਮੁਹੱਬਤਾਂ, ਨਫ਼ਰਤਾਂ, ਭਰੋਸੇ, ਸ਼ੱਕ ਤੇ ਡਰ...
ਕਬੀਰ ਤੋਂ ਲੈ ਕੇ ਗੋਲਵਲਕਰ ਤੀਕ...ਤੇ, ਖੁਸਰੋ ਤੋਂ ਲੈ ਕੇ ਸਦਰ ਅਯੂਬ ਤੀਕ...ਤੇ, ਖੁਸਰੋ ਤੇ ਕਬੀਰ ਤੋਂ ਪਹਿਲਾਂ ਜੋ ਕੁਝ ਸੀ...ਤੇ, ਗੋਲਵਲਕਰ ਤੇ ਅਯੂਬ ਤੋਂ ਪਿੱਛੋ ਜੋ ਕੁਝ ਹੋਵੇਗਾ¸ ਟੋਪੀ ਇਸੇ ਪ੍ਰਾਣਘਾਤੀ ਭੰਵਰ ਵਿਚ ਫਸਿਆ ਹੋਇਆ ਹੈ।
ਟੋਪੀ ਹਰ ਯੁੱਗ ਦੇ ਪ੍ਰਾਣਘਾਤੀ ਭੰਵਰ ਦੀ ਗੋਦ ਵਿਚ ਜਨਮ ਲੈਂਦਾ ਹੈ। ਉਹ ਯੁੱਗ ਦੀਆਂ ਢੱਠੀਆਂ ਕੰਧਾਂ ਦੀ ਛਾਂ ਵਿਚ ਪੈਦਾ ਹੁੰਦਾ ਹੈ ਤੇ ਆਪਣੇ ਸਰੀਰ ਦੀ ਧੂੜ ਝਾੜਨ ਵਿਚ ਉਸਨੂੰ ਖਾਸੇ ਦਿਨ ਲੱਗ ਜਾਂਦੇ ਹਨ ਤੇ ਇਹਨਾਂ ਦਿਨਾਂ ਵਿਚ ਉਹ ਬਿਲਕੁਲ ਇਕੱਲਾ ਤੇ ਬੇਆਸਰਾ ਹੁੰਦਾ ਹੈ। ਉਸਦੀ ਭਾਸ਼ਾ ਕੋਈ ਨਹੀਂ ਸਮਝਦਾ। ਪਰ ਅਸੀਂ ਜਿਸ ਟੋਪੀ ਦਾ ਪਿੱਛਾ ਕਰ ਰਹੇ ਹਾਂ, ਉਹ ਹਰ ਯੁੱਗ ਦੇ ਟੋਪੀ ਨਾਲੋਂ ਗੁੰਝਲਦਾਰ ਸਵਾਲ ਹੈ। ਅੱਜ ਅਸੀਂ ਉਸਦੀ ਕੋਈ ਤਾਰੀਫ਼ ਨਹੀਂ ਕਰ ਸਕਦੇ।
ਹਰ ਟੋਪੀ ਅੱਜ ਜਨਸੰਘੀ, ਮੁਸਲਿਮ ਲੀਗੀ, ਕਾਂਗਰਸੀ ਤੇ ਕਮਿਉਨਿਸਟ ਸਭ ਕੁਝ ਹੈ। ਅੱਜ ਉਸਦੀ ਹਸਤੀ ਟੁਕੜਿਆਂ ਵਿਚ ਵੰਡੀ ਹੋਈ ਹੈ ਤੇ ਹਰ ਟੁਕੜਾ ਇਕ ਵੱਖਰੀ ਭਾਸ਼ਾ ਬੋਲ ਰਿਹਾ ਹੈ...ਤੇ ਵੱਖਰੇ ਢੰਗ ਨਾਲ ਸੋਚ ਰਿਹਾ ਹੈ। ਇਸ ਲਈ ਸਾਨੂੰ ਵਾਰੀ ਵਾਰੀ ਇੱਫ਼ਨ ਦਾ ਮੂੰਹ ਦੇਖਣਾ ਪੈਂਦਾ ਹੈ।
ਇੱਫ਼ਨ ਜਵਾਨ ਹੋਇਆ ਤਾਂ ਉਸਦਾ ਕੋਈ ਸੁਪਨਾ ਨਹੀਂ ਸੀ। ਉਹ ਪੜ੍ਹਦਾ ਰਿਹਾ। ਇਕ ਕਲਾਸ 'ਚੋਂ ਦੂਜੀ ਕਲਾਸ ਵਿਚ ਹੁੰਦਾ ਰਿਹਾ¸ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਕਰਨਾ ਕੀ ਹੈ? ਆਈ.ਏ.ਐਸ. ਤੇ ਆਈ.ਐਫ.ਐਸ. ਵਿਚ ਕਈ ਸਾਲ ਤੋਂ ਕਿਸੇ ਮੁਸਲਮਾਨ ਦਾ ਨਾਂ ਨਹੀਂ ਆਇਆ। ਇੱਫ਼ਨ ਨੇ ਇਹ ਨਹੀਂ ਸੋਚਿਆ ਕਿ ਬਹੁਤ ਸਾਰੇ ਹਿੰਦੂਆਂ ਦਾ ਨਾਂ ਵੀ ਨਹੀਂ ਸੀ ਆਉਂਦਾ। ਉਹ ਇਹਨਾਂ ਇਮਤਿਹਾਨਾਂ ਵਿਚ ਬੈਠਿਆ ਹੀ ਨਹੀਂ।...ਤੇ ਜਦੋਂ ਉਸਨੂੰ ਅਨੇਕਾਂ ਰਾਤਾਂ ਅੱਖਾਂ ਵਿਚ ਕੱਟਣ ਦੇ ਬਾਵਜੂਦ ਕੋਈ ਸੁਪਨਾ ਨਾ ਦਿਸਿਆ ਤਾਂ ਉਸਨੇ ਦਾੜ੍ਹੀ ਰੱਖ ਲਈ। ਅੱਲਾ ਮੀਆਂ ਵੱਲੋਂ ਵੀ ਉਸਦਾ ਦਿਲ ਸਾਫ਼ ਨਹੀਂ ਸੀ ਹੋਇਆ...ਪਰ ਉਹ ਇਕ ਸਹਿਮੀ ਹੋਈ ਨਸਲ ਦਾ ਪ੍ਰਤੀਨਿੱਧੀ ਸੀ, ਇਸ ਲਈ ਨਮਾਜ਼ ਪੜ੍ਹਨ ਲੱਗ ਪਿਆ।
ਪਿਤਾ ਦੀ ਮੌਤ ਪਿੱਛੋਂ ਉਸ ਉੱਤੇ ਛੋਟੇ ਭੈਣ-ਭਰਾਵਾਂ ਦਾ ਬੋਝ ਆ ਪਿਆ। ਬਾਜੀ ਤਾਂ ਆਪਣੇ ਮੀਆਂ ਨਾਲ ਪਾਕਿਸਤਾਨ ਜਾ ਚੁੱਕੀ ਸੀ। ਇਸਨੂੰ ਵਾਰੀ ਵਾਰੀ ਬੁਲਾਅ ਵੀ ਰਹੀ ਸੀ, ਪਰ ਇੱਫ਼ਨ ਪਾਕਿਸਤਾਨ ਨਹੀਂ ਗਿਆ। ਉਹ ਡਰਿਆ ਹੋਇਆ ਸੀ...ਪਰ, ਆਪਣੇ ਡਰ ਨੂੰ ਜਿੱਤਣਾ ਚਾਹੁੰਦਾ ਸੀ।
ਇਕ ਡਿਗਰੀ ਕਾਲਜ ਵਿਚ ਉਸਨੂੰ ਇਤਿਹਾਸ ਪੜ੍ਹਾਉਣ ਦੀ ਨੌਕਰੀ ਮਿਲ ਗਈ। ਉਹ ਬੜਾ ਖ਼ੁਸ਼ ਹੋਇਆ। ਉਸਨੇ ਪਹਿਲੇ ਦਿਨ ਦੀ ਕਲਾਸ ਦੀ ਤਿਆਰੀ ਬੜੀ ਮਿਹਨਤ ਨਾਲ ਕੀਤੀ। ਪਰ ਜਦੋਂ ਉਹ ਕਲਾਸ ਵਿਚ ਗਿਆ ਤਾਂ ਉਸਨੇ ਦੇਖਿਆ ਕਿ ਬੁਝੀਆਂ ਹੋਈਆਂ ਅੱਖਾਂ ਵਾਲੇ ਮੁੰਡੇ, ਲਾਸ਼ਾਂ ਵਾਂਗ ਬੈਠੇ ਹੋਏ ਹੈਨ। ਕਿਸੇ ਦੀਆਂ ਅੱਖਾਂ ਦੀ ਖਿੜਕੀ ਵਿਚੋਂ ਆਤਮਾਂ ਨਹੀਂ ਸੀ ਝਾਕ ਰਹੀ। ਅੱਖਾਂ ਖੁੱਲ੍ਹੀਆਂ ਸਨ...ਜਿਵੇਂ ਨੱਸਣ ਲੱਗੇ ਮਕਾਨ-ਮਾਲਕ ਘਬਰਾਹਟ ਵਿਚ ਖਿੜਕੀਆਂ ਬੰਦਾ ਕਰਨਾ ਭੁੱਲ ਗਏ ਹੋਣ; ਝਪਕ ਰਹੀਆਂ ਸਨ...ਜਿਵੇਂ ਖਿੜਕੀਆਂ ਹਵਾ ਨਾਲ ਖੁੱਲ੍ਹ, ਬੰਦ ਹੋ ਰਹੀਆਂ ਹੋਣ; ਸ਼ੀਸ਼ੇ ਟੁੱਟ ਰਹੇ ਸਨ; ਦਰਵਾਜ਼ੇ ਝੱਖੜ ਝੋਲੇ ਦੀ ਮਾਰ ਝੱਲ ਕੇ ਅੱਧੋਰਾਣੇ ਹੋਏ ਹੋਏ ਗਏ ਸਨ।
ਇੱਫ਼ਨ ਕਾਲਾਸ ਨੂੰ ਦੇਖ ਕੇ ਕੰਬ ਗਿਆ।
ਇਹਨਾਂ ਮੁੰਡਿਆਂ ਨੂੰ ਕੀ ਦੱਸਿਆ ਜਾਏ? ਇਹਨਾਂ ਦੀ ਸਮਝ ਵਿਚ ਇਹ ਗੱਲ ਕਿੰਜ ਆਏਗੀ ਕਿ ਦੋ ਨਦੀਆਂ ਮਿਲ ਕੇ ਤਿੰਨ ਨਹੀਂ ਬਣ ਜਾਂਦੀਆਂ, ਬਲਕਿ, ਇਕ ਹੋ ਜਾਂਦੀਆਂ ਨੇ। ਇਹਨਾਂ ਮੁੰਡਿਆਂ ਨੂੰ ਇਹ ਕਿਵੇਂ ਦੱਸਿਆ ਜਾਏ ਕਿ ਇਤਿਹਾਸ ਵੱਖ-ਵੱਖ ਸਾਲਾਂ ਜਾਂ ਪਲਾਂ ਦਾ ਨਾਂਅ ਨਹੀਂ; ਬਲਕਿ, ਇਤਿਹਾਸ ਨਾਂਅ ਹੈ, ਸਮੇਂ ਦੀ ਆਤਮ-ਕਥਾ ਦਾ। ਪਾਨੀਪਤ ਦੀਆਂ ਲੜਾਈਆਂ ਜਾਂ ਬਾਕਸਰ ਦੀ ਜੰਗ ਜਾਂ ਪਲਾਸੀ ਦਾ ਯੁੱਧ ਤਾਂ ਇਸ ਨਦੀ ਦੇ ਬੁਲਬੁਲੇ ਨੇ।
'ਮੁਸਲਿਮ-ਰਾਜਪੂਤ ਡਿਗਰੀ ਕਾਲੇਜ!'
ਕਲਾਸ ਵਿਚ ਸਿਰਫ ਮੁਸਲਿਮ-ਰਾਜਪੂਤ ਹੀ ਨਹੀਂ...ਸ਼ੇਖ, ਸਯੱਦ, ਪਠਾਣ, ਸਾਰੇ ਸਨ। ਉਂਜ ਕਾਲੇਜ ਵਿਚ ਤਾਂ ਹਿੰਦੂ, ਰਾਜਪੂਤ, ਕਾਯਸਥ, ਭੂਮੀਹਾਰ, ਠਾਕੁਰ, ਅਹੀਰ, ਕੁਰਮੀ...ਸਾਰੇ ਹੀ ਸਨ...ਪਰ, ਇਤਿਹਾਸ ਦੀ ਕਲਾਸ ਵਿਚ ਸਿਰਫ ਇਕ ਹਿੰਦੂ ਮੁੰਡਾ ਸੀ।
ਇਕ ਦਿਨ ਔਰੰਗਜੇਬ ਤੇ ਸ਼ਿਵਾਜੀ ਮਰਾਠਾ ਦੀ ਗੱਲ ਚੱਲ ਰਹੀ ਸੀ। ਇੱਫ਼ਨ ਦਾ ਖ਼ਿਆਲ ਇਹ ਸੀ ਕਿ ਪ੍ਰਿਥਵੀਰਾਜ ਚੌਹਾਨ ਤੇ ਸ਼ਿਵਾਜੀ ਵਰਗੇ ਲੋਕ ਰੀਐਕਸ਼ਨਰੀ ਸਨ ਕਿਉਂਕਿ ਉਹ ਹਿੰਦੁਸਤਾਨੀ ਨੈਸ਼ਨਲਿਜ਼ਮ ਦੀ ਰਾਹ ਵਿਚ ਰੁਕਾਵਟ ਪਾ ਰਹੇ ਸਨ।
ਉਹ ਇਕੱਲਾ ਮੁੰਡਾ, ਚੰਦਰਬਲੀ ਸਿੰਘ ਉਠ ਕੇ ਖੜ੍ਹਾ ਹੋ ਗਿਆ...ਤੇ, ਉਹ ਗੁਰੂ ਗੋਲਵਲਕਰ ਤੇ ਕੇ.ਐਮ. ਮੁਨਸ਼ੀ ਛਾਪ ਇਤਿਹਾਸ ਦਾ ਸਬਕ ਪਟਰ-ਪਟਰ ਸੁਣਾਉਣ ਲੱਗ ਪਿਆ¸
“ਸਰ! ਮੁਗਲ ਬਾਦਸ਼ਾਹਾਂ ਨੇ ਭਾਰਤ ਦੀ ਸਭਿਅਤਾ ਨੂੰ ਭਰਸ਼ਟ ਕੀਤਾ ਹੈ। ਮੁਸਲਮਾਨ ਸਮਰਾਟਾਂ ਦਾ ਯੁੱਗ ਭਾਰਤੀ ਸਭਿਅਤਾ ਦਾ ਕਾਲਾ ਯੁੱਗ ਹੈ। ਕੀ ਪ੍ਰਾਚੀਨ ਮੰਦਰਾਂ ਜਿੰਨੀ ਸੁੰਦਰ, ਕੋਈ ਇਕ ਮਸਜਿਦ ਬਣ ਸਕੀ? ਇਸੇ ਇਨਫੀਰੀਅਰਟੀ ਕੰਪਲੈਕਸ (ਹੀਣ-ਭਾਵਨਾ) ਕਾਰਣ ਔਰੰਗਜੇਬ ਨੇ ਮੰਦਰ ਢਵਾਏ...”
ਇੱਫ਼ਨ ਉਸ ਮੁੰਡੇ ਦੇ ਮੂੰਹ ਵੱਲ ਦੇਖਦਾ ਰਹਿ ਗਿਆ। ਪਰ ਉਹ ਇਤਿਹਾਸ ਦਾ ਟੀਚਰ ਸੀ। ਉਸਨੂੰ ਕੁਝ ਨਾ ਕੁਝ ਤਾਂ ਕਹਿਣਾ ਹੀ ਪੈਣਾ ਸੀ।
“ਜਦੋਂ ਅਛੂਤਾਂ ਦੇ ਕੰਨਾਂ ਵਿਚ ਪਿਘਲਿਆ ਹੋਇਆ ਸ਼ੀਸ਼ਾ ਪਾਇਆ ਜਾ ਰਿਹਾ ਸੀ, ਕੀ ਉੱਚੀ ਜਾਤ ਦੇ ਹਿੰਦੂ ਇਨਫੀਰੀਅਰਟੀ ਕੰਪਲੈਕਸ ਵਿਚ ਨਹੀਂ ਸਨ?”
ਸਾਰੀ ਘੰਟੀ ਇਸੇ ਬਹਿਸ ਵਿਚ ਖ਼ਤਮ ਹੋ ਗਈ¸ ਨਾ ਚੰਦਰਬਲੀ ਨੇ ਇੱਫ਼ਨ ਦੀ ਗੱਲ ਮੰਨੀ, ਨਾ ਇੱਫ਼ਨ ਨੇ ਚੰਦਰਬਲੀ ਦੀ...ਪਰ ਉਸ ਸ਼ਾਮ ਇੱਫ਼ਨ ਬੜਾ ਉਦਾਸ ਘਰ ਪਰਤਿਆ।
“ਕੀ ਗੱਲ ਏ?” ਉਸਦੀ ਬੀਵੀ ਸਕੀਨਾ ਨੇ ਪੁੱਛਿਆ।
ਉਸਨੇ ਗੱਲ ਦੱਸ ਦਿੱਤੀ¸ “ਤੇ ਜੇ ਮੁੰਡਿਆਂ ਦੇ ਦਿਮਾਗ਼ ਵਿਚ ਇਹੀ ਗੱਲਾਂ ਭਰੀਆਂ ਜਾਂਦੀਆਂ ਰਹੀਆਂ ਤਾਂ ਇਸ ਮੁਲਕ ਦਾ ਕੀ ਬਣੇਗਾ? ਨਵੀਂ ਨਸਲ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਘਾਟੇ ਵਿਚ ਜਾ ਰਹੀ ਏ। ਸਾਡਾ ਕੋਈ ਸੁਪਨਾ ਨਹੀਂ, ਮਗਰ ਇਹਨਾਂ ਕੋਲ ਝੂਠੇ ਸੁਪਨੇ ਤਾਂ ਹੈਨ। ਮੈਂ ਹਿਸਟਰੀ ਪੜ੍ਹਾਉਂਦਾ ਆਂ, ਪਰ ਇੰਜ ਲੱਗਾ ਹੈ ਹਿੰਦੁਸਤਾਨ ਦੀ ਕਿਸਮਤ ਵਿਚ ਹਿਸਟਰੀ ਹੈ ਹੀ ਨਹੀਂ। ਮੈਨੂੰ ਅੰਗਰੇਜਾਂ ਦੀ ਲਿਖੀ ਹੋਈ ਹਿਸਟਰੀ ਪੜ੍ਹਾਈ ਗਈ, ਚੰਦਰਬਲੀ ਨੂੰ ਹਿੰਦੂਆਂ ਦੀ ਲਿਖੀ ਹੋਈ ਪੜ੍ਹਾਈ ਜਾ ਰਹੀ ਏ। ਇਹੀ ਹਾਲ ਪਾਕਿਸਤਾਨ ਵਿਚ ਹੋਏਗਾ। ਉੱਥੇ ਇਸਲਾਮੀ ਛਾਪ ਵਾਲਾ ਇਤਾਹਾਸ ਪੜ੍ਹਾਇਆ ਜਾ ਰਿਹਾ ਹੋਏਗਾ। ਪਤਾ ਨਹੀਂ ਹਿੰਦੁਸਤਾਨੀ ਹਿਸਟਰੀ ਕਦੋਂ ਲਿਖੀ ਜਾਏਗੀ?”
“ਮੈਂ ਤਾਂ ਕਹਿੰਦੀ ਆਂ, ਪਾਕਿਸਤਾਨ ਚਲੇ ਚੱਲੋ।” ਸਕੀਨਾ ਨੇ ਕਿਹਾ।
“ਇਹ ਪੜ੍ਹਾਉਣ ਲਈ ਕਿ ਮੁਸਲਮਾਨਾ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨੀ ਅਨਸਿਵਲਾਈਜ਼ਡ (ਅਸਭਿਅਤ) ਸਨ?” ਉਸਨੇ ਇਨਕਾਰ ਵਿਚ ਗਰਦਨ ਹਿਲਾਈ। “ਨਹੀਂ, ਧੂੜ ਵਿਚ ਟੱਟੂ ਭਜਾਏ ਜਾ ਰਹੇ ਨੇ...ਮੈਂ ਇਹ ਪੜ੍ਹਾਉਣ ਦਾ ਕਿੱਤਾ ਹੀ ਛੱਡ ਦਿਆਂਗਾ।”
ਪੜ੍ਹਾਉਣ ਵਿਚ ਉਸਨੂੰ ਇਕ ਹੋਰ ਔਖ ਵੀ ਆ ਰਹੀ ਸੀ¸ ਮੁੰਡੇ ਨਾ ਅੰਗਰੇਜੀ ਸਮਝਦੇ ਸਨ, ਨਾ ਉਸਦੀ ਭਾਸ਼ਾ। ਉਹ ਪੜ੍ਹਉਂਦਾ ਰਹਿੰਦਾ ਤੇ ਇਹ ਦੇਖਦਾ ਰਹਿੰਦਾ ਕਿ ਉਸਦੀ ਆਵਾਜ਼ ਸਪਾਟ ਚਿਹਰਿਆਂ ਨਾਲ ਟਕਰਾਅ ਕੇ ਵਾਪਸ ਆ ਰਹੀ ਹੈ।
ਫੇਰ ਵੀ ਜਿਵੇਂ ਤਿਵੇਂ ਕਰਕੇ ਇਕ ਸਾਲ ਲੰਘ ਹੀ ਗਿਆ। ਇਸੇ ਸਾਲ ਮੈਨੇਜ਼ਿੰਗ ਕਮੇਟੀ ਦੇ ਸੈਕਟਰੀ ਦੇ ਮੁੰਡੇ ਨੇ ਇਤਿਹਾਸ ਦੀ ਐਮ.ਏ. ਕਰ ਲਈ। ਉਸ ਲਈ ਜਗ੍ਹਾ ਦੀ ਲੋੜ ਪਈ...ਤੇ ਸ਼ਹਿਰ ਦੇ ਹਿੰਦੀ ਅਖ਼ਬਾਰਾਂ ਵਿਚ ਇਹ ਲਿਖਿਆ ਜਾਣ ਲੱਗਿਆ ਕਿ 'ਇੱਫ਼ਨ ਮੁਸਲਿਮ ਲੀਗੀ ਹੈ। ਔਰੰਗਜੇਬ ਦੀ ਤਾਰੀਫ਼ ਤੇ ਸ਼ਿਵਾਜੀ ਦੀ ਭੰਡੀ ਕਰਦਾ ਹੈ।'
ਮੈਨੇਜ਼ਿੰਗ ਕਮੇਟੀ ਨੇ ਉਸ ਤੋਂ ਜਵਾਬ ਮੰਗਿਆ। ਇੱਫ਼ਨ ਦੀ ਛੁੱਟੀ ਹੋ ਗਈ। ਓਹਨੀਂ ਦਿਨੀਂ ਮੁਸਲਿਮ ਯੂਨੀਵਰਸਟੀ ਵਿਚ ਇਕ ਜਗ੍ਹਾ ਖ਼ਾਲੀ ਹੋਈ। ਉਹ ਉੱਥੋਂ ਦਾ ਪੁਰਾਣਾ ਵਿਦਿਆਰਥੀ ਸੀ; ਰੱਖ ਲਿਆ ਗਿਆ।
ਤੇ ਇੰਜ ਸਨ ਸੱਠ ਵਿਚ ਟੋਪੀ ਨਾਲ ਉਸਦੀ ਮੁਲਾਕਾਤ ਫੇਰ ਹੋ ਗਈ।
    --- --- ---

ਟੋਪੀ ਸ਼ੁਕਲਾ…:  ਅੱਠਵੀਂ ਕਿਸ਼ਤ

ਟੋਪੀ ਸ਼ੁਕਲਾ…:  ਅੱਠਵੀਂ ਕਿਸ਼ਤ  :

ਟੋਪੀ ਤੇ ਮੁਸਲਿਮ ਯੂਨੀਵਰਸਟੀ! ਹੋ ਸਕਦਾ ਹੈ ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਹੈਰਾਨੀ ਵਿਚ ਪਾ ਦਵੇ...ਕਿਉਂਕਿ ਅਸੀਂ ਟੋਪੀ ਨੂੰ ਜਨਸੰਘੀ ਬਣਦਿਆਂ ਦੇਖਿਆ ਸੀ। ਫੇਰ ਉਹ ਅਲੀਗੜ੍ਹ ਕੀ ਕਰਨ ਆ ਵੜਿਆ, ਜਿਹੜਾ ਮੁਸਲਿਮ ਸੰਪਰਦਾਇਕਤਾ ਦਾ ਗੜ੍ਹ ਹੈ?
ਜੇ ਮੈਂ ਸਿਰਫ ਕਹਾਣੀਕਾਰ ਹੁੰਦਾ ਤਾਂ ਇਸ ਸਵਾਲ ਦਾ ਜਵਾਬ ਟਾਲ ਦੇਂਦਾ। ਪਰ ਮੈਂ ਤੁਹਾਨੂੰ ਇਕ ਜੀਵਨੀ ਸੁਣਾਅ ਰਿਹਾ ਹਾਂ। ਟੋਪੀ ਅਲੀਗੜ੍ਹ ਵਿਚ ਸਿਰਫ ਇਸ ਲਈ ਆਇਆ ਕਿ ਉਹ ਇਹ ਦੇਖ ਸਕੇ ਕਿ ਮੁਸਲਮਾਨ ਨੌਜਵਾਨ ਕਿਸ ਕਿਸਮ ਦੇ ਸੁਪਨੇ ਦੇਖਦੇ ਨੇ?
ਦੇਖੋ, ਗੱਲ ਇਹ ਹੈ ਕਿ ਪਹਿਲਾਂ ਸੁਪਨੇ ਸਿਰਫ ਤਿੰਨ ਕਿਸਮ ਦੇ ਹੁੰਦੇ ਸਨ...ਬੱਚਿਆਂ ਦੇ ਸੁਪਨੇ, ਜਵਾਨਾਂ ਦੇ ਸੁਪਨੇ ਤੇ ਬੁੱਢਿਆਂ ਦੇ ਸੁਪਨੇ। ਫੇਰ ਸੁਪਨਿਆਂ ਦੀ ਇਸ ਦੁਨੀਆਂ ਵਿਚ ਆਜ਼ਾਦੀ ਦਾ ਸੁਪਨਾ ਵੀ ਸ਼ਾਮਿਲ ਹੋ ਗਿਆ...ਤੇ ਫੇਰ ਤਾਂ ਸੁਪਨਿਆਂ ਦੀ ਦੁਨੀਆਂ ਵਿਚ ਘਪਲਾ ਹੀ ਹੋ ਗਿਆ। ਮਾਤਾ-ਪਿਤਾ ਦੇ ਸੁਪਨੇ, ਪੁੱਤਰਾਂ-ਧੀਆਂ ਦੇ ਸੁਪਨਿਆਂ ਨਾਲ ਟਕਰਾਉਣ ਲੱਗ ਪਏ। ਪਿਤਾ ਸ਼੍ਰੀ ਪੁੱਤਰ ਨੂੰ ਡਾਕਟਰ ਬਣਾਉਣਾ ਚਾਹੁੰਦੇ ਨੇ ਤੇ ਪੁੱਤਰ ਕਮਿਉਨਿਸਟ ਪਾਰਟੀ ਦਾ ਹੋਲ-ਟਾਈਮਰ ਬਣ ਕੇ ਬੈਠ ਜਾਂਦਾ ਹੈ। ਸਿਰਫ ਇਹੀ ਘਪਲਾ ਨਹੀਂ ਹੋਇਆ, ਬਰਸਾਤੀ ਕੀਟ-ਪਤੰਗਾਂ ਵਾਂਗ ਭਾਂਤ-ਭਾਂਤ ਦੇ ਸੁਪਨੇ ਨਿਕਲ ਆਏ। ਕਲਰਕਾਂ ਦੇ ਸੁਪਨੇ; ਮਜ਼ਦੂਰਾਂ ਦੇ ਸੁਪਨੇ; ਮਿੱਲ ਮਾਲਕਾਂ ਦੇ ਸੁਪਨੇ; ਫ਼ਿਲਮ ਸਟਾਰਾਂ ਦੇ ਸੁਪਨੇ; ਹਿੰਦੀ ਸੁਪਨੇ; ਉਰਦੂ ਸੁਪਨੇ; ਹਿੰਦੁਸਤਾਨੀ ਸੁਪਨੇ...ਸਾਰਾ ਦੇਸ਼ ਸੁਪਨਿਆਂ ਦੀ ਦਲਦਲ ਵਿਚ ਧਸ ਗਿਆ। ਬੱਚਿਆਂ, ਬੁੱਢਿਆਂ ਤੇ ਨੌਜਵਾਨਾ ਦੇ ਸੁਪਨੇ¸ ਸੁਪਨਿਆਂ ਦੀ ਇਸ ਭੀੜ ਵਿਚ ਰੁਲ ਗਏ। ਹਿੰਦੂ ਬੱਚਿਆਂ, ਹਿੰਦੂ ਬੁੱਢਿਆਂ ਤੇ ਹਿੰਦੂ ਨੌਜਵਾਨਾਂ ਦੇ ਸੁਪਨੇ; ਮੁਸਲਮਾਨ ਬੱਚਿਆਂ, ਮੁਸਲਮਾਨ ਬੁੱਢਿਆਂ ਤੇ ਮੁਸਲਮਾਨ ਨੌਜਵਾਨਾਂ ਦੇ ਸੁਪਨਿਆਂ ਨਾਲੋਂ ਵੱਖਰੇ ਹੋ ਗਏ। ਸੁਪਨੇ ਬੰਗਾਲੀ, ਪੰਜਾਬੀ ਤੇ ਉਤਰ ਪ੍ਰਦੇਸੀ ਬਣ ਗਏ।
ਰਾਜਨੀਤੀ ਕਰਨ ਵਾਲਿਆਂ ਨੇ ਸਿਰਫ ਇਹ ਦੇਖਿਆ ਕਿ ਇਕ ਦਿਨ ਹਿੰਦੁਸਤਾਨ ਨਾਲੋਂ ਇਕ ਟੁਕੜਾ ਵੱਖ ਹੋ ਗਿਆ ਤੇ ਉਸਦਾ ਨਾਂ ਪਾਕਿਸਤਾਨ ਪੈ ਗਿਆ। ਜੇ ਸਿਰਫ ਏਨਾ ਹੀ ਹੋਇਆ ਹੁੰਦਾ ਤਾਂ ਘਬਰਾਉਣ ਵਾਲੀ ਕੋਈ ਗੱਲ ਨਾ ਹੁੰਦੀ। ਪਰ ਸੁਪਨੇ ਉਲਝ ਗਏ ਤੇ ਸਾਹਿਤਕਾਰ ਦੇ ਹੱਥ ਪੈਰ ਕੱਟੇ ਗਏ। ਸੁਪਨੇ ਦੇਖਣਾ ਵਿਅਕਤੀ, ਦੇਸ਼ ਤੇ ਉਮਰ ਦਾ ਕੰਮ ਹੁੰਦਾ ਹੈ। ਪਰ ਸਾਡੇ ਦੇਸ਼ ਵਿਚ ਅੱਜ ਕੱਲ੍ਹ ਵਿਅਕਤੀ ਸੁਪਨੇ ਨਹੀਂ ਦੇਖਦਾ। ਜਾਗ-ਜਾਗ ਕੇ ਦੇਸ਼ ਦੀਆਂ ਅੱਖਾਂ ਦੁਖਣ ਲੱਗ ਪਈਆਂ ਹਨ...ਰਹੀ ਉਮਰ, ਤਾਂ ਉਹ ਸੁਪਨੇ ਦੇਖਣਾ ਭੁੱਲ ਗਈ...
ਆਖ਼ਰ ਕੋਈ ਕਿਸ ਹੌਸਲੇ 'ਤੇ ਸੁਪਨੇ ਦੇਖੇ!
ਪਰ ਦੁਖਾਂਤ ਇਹ ਹੈ ਕਿ ਕਿਸੇ ਨੂੰ ਸੁਪਨਿਆਂ ਦੇ ਇਸ ਦੁਖਾਂਤ ਦਾ ਪਤਾ ਹੀ ਨਹੀਂ, ਕਿਉਂਕਿ ਆਪਣੇ ਖ਼ਿਆਲ ਵਿਚ ਸਾਰੇ ਕੋਈ ਨਾ ਕੋਈ ਸੁਪਨਾ ਦੇਖ ਰਹੇ ਹਨ।
ਇਸ ਲਈ ਟੋਪੀ ਵੀ ਸੁਪਨਾ ਦੇਖ ਰਿਹਾ ਸੀ। ਹੋਇਆ ਇਹ ਕਿ ਇਕ ਸਕਾਲਰਸ਼ਿਪ ਮਿਲਣ ਦਾ ਕਿੱਸਾ ਸੀ। ਟੋਪੀ ਵੀ ਉਮੀਦਵਾਰ ਸੀ। ਪਰ ਉਹ ਸਕਾਲਰਸ਼ਿਪ ਇਕ ਮੁਸਲਮਾਨ ਨੂੰ ਮਿਲ ਗਿਆ! ਉਹ ਮੁਸਲਮਾਨ ਮੁੰਡਾ ਕੋਈ ਬਹੁਤਾ ਹੁਸ਼ਿਆਰ-ਵੁਸ਼ਿਆਰ ਵੀ ਨਹੀਂ ਸੀ। ਸਕਾਲਰਸ਼ਿਪ ਦੇਣ ਵਾਲਿਆਂ ਵਿਚ ਉਸਦਾ ਕੋਈ ਰਿਸ਼ਤੇਦਾਰ ਵੀ ਨਹੀਂ ਸੀ। ਪਰ ਉਸਦੇ ਪਿਤਾ ਦੇ ਇਕ ਦੋਸਤ (ਜਿਹੜੇ ਜਨਸੰਘੀ ਸਨ) ਕਮੇਟੀ ਦੇ ਪ੍ਰਧਾਨ ਸਨ। ਰਾਜਨੀਤੀ ਆਪਣੀ ਥਾਂ ਹੈ, ਦੋਸਤੀ ਆਪਣੀ ਥਾਂ। ਉਹ ਸਕਾਲਰਸ਼ਿਪ ਉਸ ਮੁੰਡੇ ਨੂੰ ਮਿਲ ਗਿਆ। ਸਤ ਸੌ ਬਾਈ ਹਿੰਦੂ ਮੁੰਡਿਆਂ ਨੂੰ ਛੱਡ ਕੇ ਜਦੋਂ ਸਕਾਲਰਸ਼ਿਪ ਇਕ ਮੁਸਲਮਾਨ ਮੁੰਡੇ ਨੂੰ ਦੇ ਦਿੱਤਾ ਗਿਆ ਤਾਂ ਟੋਪੀ ਨੂੰ ਬੜਾ ਗੁੱਸਾ ਆਇਆ...ਤੇ ਉਹ ਅਲੀਗੜ੍ਹ ਯੂਨੀਵਰਸਟੀ ਤੋਂ ਸਕਾਲਰਸ਼ਿਪ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਲੱਗ ਪਿਆ।
ਦੂਜੇ ਪਾਸੇ ਉਸਦੀ ਚੇਤਨਾ ਵਾਰੀ-ਵਾਰੀ ਇਹ ਸਵਾਲ ਕਰਦੀ ਰਹਿੰਦੀ ਕਿ ਪਾਕਿਸਤਾਨ ਬਣ ਜਾਣ ਪਿੱਛੋਂ ਇੱਥੇ ਕਿਸੇ ਮੁਸਲਿਮ ਯੂਨੀਵਰਸਟੀ ਦੀ ਕੀ ਲੋੜ ਸੀ?
ਤੇ ਤੀਜੀ ਗੱਲ ਇਹ ਕਿ ਉਹ ਜਾਣਨਾ ਚਾਹੁੰਦਾ ਸੀ ਕਿ ਹਿੰਦੁਸਤਾਨ ਦਾ ਮੁਸਲਮਾਨ ਨੌਜਵਾਨ ਕਿਸ ਢੰਗ ਨਾਲ ਸੋਚਦਾ ਹੈ; ਕਿਸ ਰੰਗ ਦੇ ਸੁਪਨੇ ਦੇਖਦਾ ਹੈ?
ਪਰ ਅਲੀਗੜ੍ਹ ਆ ਕੇ ਉਹ ਅਜਿਹੇ ਲੋਕਾਂ ਵਿਚ ਫਸ ਗਿਆ ਕਿ ਉਸਦਾ ਸਾਰਾ ਪ੍ਰੋਗਰਾਮ ਧਰਿਆ ਰਹਿ ਗਿਆ। ਸਰਦਾਰ ਜੋਗਿੰਦਰ ਸਿੰਘ, ਹਾਮਿਦ ਰਿਜ਼ਵੀ, ਇਕਤਦਾਰ ਆਲਮ, ਕੇ.ਪੀ.ਸਿੰਘ...ਹਿੰਦੂ, ਮੁਸਲਮਾਨ ਤੇ ਸਿੱਖ ਮੁੰਡਿਆਂ ਦਾ ਇਹ ਛੋਟਾ ਜਿਹਾ ਗਰੁੱਪ, ਯੂਨੀਵਰਸਟੀ ਵਿਚ ਇਕ ਹੋਰ ਹੀ ਕਿਸਮ ਦੀ ਲੜਾਈ ਲੜ ਰਿਹਾ ਸੀ। ਇਹ ਐਸ.ਐਫ. ਵਾਲੇ ਲੋਕ ਸਨ।
ਮੁਨੀ ਬਾਬੂ ਨੇ ਉਸਨੂੰ ਆਉਣ ਵੇਲੇ ਹੁਸ਼ਿਆਰ ਕੀਤਾ ਸੀ ਕਿ ਉੱਥੇ ਮੁਸਲਮਾਨਾਂ ਨਾਲੋਂ ਕਮਿਊਨਿਸਟਾਂ ਤੋਂ ਵਧੇਰੇ ਖ਼ਤਰਾ ਹੈ। ਪਰ ਉਹ ਆਪਣੇ ਆਪ ਨੂੰ ਇਹਨਾਂ ਲੋਕਾਂ ਤੋਂ ਬਚਾਅ ਨਹੀਂ ਸੀ ਸਕਿਆ।
ਉਹ, ਉਸ ਇਕਤਿਦਾਰ ਆਲਮ ਦਾ ਮੂੰਹ ਕਿਵੇਂ ਬੰਦਾ ਕਰਦਾ...ਜਿਹੜਾ ਪਾਕਿਸਤਾਨ ਦਾ ਓਡਾ ਵੱਡਾ ਵਿਰੋਧੀ ਹੀ ਸੀ, ਜਿਡਾ ਕਿ ਖ਼ੁਦ ਟੋਪੀ...! ਉਹ ਉਸ ਹਾਮਿਦ ਰਿਜਵੀ ਨੂੰ ਕਿੰਜ ਭਜਾ ਦਿੰਦਾ...ਜਿਸਨੂੰ ਕੁਝ ਮੁਸਲਮਾਨ ਮੁੰਡਿਆਂ ਨੇ ਇਸ ਲਈ ਕੁੱਟਿਆ ਸੀ ਕਿ ਉਹ ਇਹ ਮੰਗ ਕਰ ਰਿਹਾ ਸੀ ਕਿ ਮੁਸ਼ਾਇਰੇ ਦੇ ਨਾਲ ਕਵੀ-ਸੰਮੇਲਨ ਵੀ ਹੋਣਾ ਚਾਹੀਦਾ ਹੈ !...ਤੇ ਯੂਨੀਵਰਸਟੀ ਵੱਲੋਂ 'ਲੈਕਚਰ-ਆਨ-ਇਸਲਾਮ' ਦੇ ਨਾਲ ਨਾਲ ਹੋਰਨਾਂ ਧਰਮਾਂ ਉੱਤੇ ਵੀ ਲੈਕਚਰ ਸ਼ੁਰੂ ਹੋਣੇ ਚਾਹੀਦੇ ਨੇ! ਸਿਰਫ ਮਿਲਾਦ-ਏ-ਨਬੀ ਹੀ ਨਹੀਂ, ਜਨਮ-ਅਸ਼ਟਮੀਂ ਵੀ ਮਨਾਈ  ਜਾਣੀ ਚਾਹੀਦੀ ਹੈ!
ਇਹੀ ਉਹ ਲੋਕ ਸਨ ਜਿਹੜੇ ਯੂਨੀਅਨ ਦੀ ਚੋਣ ਵਿਚ ਹਿੰਦੂ ਮੁੰਡਿਆਂ ਨੂੰ ਖੜ੍ਹਾ ਕਰਦੇ ਸਨ ਤੇ ਉਹਨਾਂ ਦੇ ਚੋਣ ਪ੍ਰਚਾਰ ਦਾ ਕੰਮ ਕਰਦੇ ਸਨ¸ ਮਾਰ ਖਾਂਦੇ ਸਨ, ਚੋਣ ਹਾਰਦੇ ਸਨ...ਪਰ ਹਿੰਮਤ ਨਹੀਂ ਸੀ ਹਾਰਦੇ।
“ਤੂੰ ਕਿਉਂ ਡਰਦਾ ਏਂ?” ਇਕ ਦਿਨ ਹਾਮਿਦ ਨੇ ਕਿਹਾ, “ਤੂੰ ਤਾਂ ਮਿਜਾਰਿਟੀ ਕਮਿਊਨਿਟੀ (ਵੱਧ ਗਿਣਤੀ) ਦਾ ਏਂ? ਚਾਰ ਕਰੋੜ ਮੁਸਲਮਾਨ ਤੀਹ ਕਰੋੜ ਹਿੰਦੂਆਂ ਦਾ ਕੀ ਵਿਗਾੜ ਸਕਦੇ ਨੇ?”
“ਚਾਰ ਕਰੋੜ ਤੋਂ ਵੀ ਘੱਟ ਸੀ ਸਾਲੇ, ਜਦੋਂ ਇਹਨਾਂ ਮੰਦਰ ਢਾਹ ਕੇ ਮਸੀਤਾਂ ਬਣਾ ਲਈਆਂ ਸਨ।”
“ਹਿੰਦੂਆਂ ਨੇ ਢਾਹੁਣ ਹੀ ਕਿਉਂ ਦਿੱਤੇ?” ਜੋਗਿੰਦਰ ਨੇ ਸਵਾਲ ਕੀਤਾ।
“ਦੇਖ ਸ਼ੁਕਲਾ,” ਕੇ.ਪੀ. ਬੋਲਿਆ, “ਗੱਲ ਇਹ ਨਹੀਂ...ਬੀਤੇ ਕੱਲ੍ਹ ਦਾ ਹਿਸਾਬ-ਕਿਤਾਬ ਕਰਨ ਬੈਠ ਗਏ ਤਾਂ ਸਵੇਰ ਹੋ ਜਾਏਗੀ। ਇੱਥੇ ਚਾਰ ਕਰੋੜ ਮੁਸਲਮਾਨ ਨੇ ਤੇ, ਉਹ ਇੱਥੇ ਹੀ ਰਹਿਣਗੇ।”
“ਕਿਉਂ ਰਹਿਣਗੇ?”
“ਕਿਉਂਕਿ ਅਸੀਂ ਇੱਥੋਂ ਦੇ ਆਂ।” ਇਕਤਿਦਾਰ ਨੂੰ ਗੁੱਸਾ ਆ ਗਿਆ। ਇਕਤਿਦਾਰ ਨੂੰ ਗੁੱਸਾ ਆਉਂਦਾ ਸੀ ਤਾਂ ਉਸਦਾ ਗੋਰਾ ਰੰਗ, ਗੁਲਾਬੀ ਹੋ ਜਾਂਦਾ ਸੀ। “ਇਸੇ ਦਾ ਨਾਂ ਹਿੰਦੂ ਸਵਾਨ ਇਜ਼ਮ ਈ। ਕਿਉਂ ਰਹਿਣਗੇ?...ਤੂੰ ਤਾਂ ਇੰਜ ਪੁੱਛ ਰਿਹੈਂ, ਜਿਵੇਂ ਇਹ ਮੁਲਕ ਤੇਰੇ ਪਿਓ ਦਾ ਹੋਏ!”
“ਉਹ ਤਾਂ ਹੈ ਹੀ।” ਟੋਪੀ ਨੇ ਕਿਹਾ, “ਮੇਰੇ ਪਿਓ ਦਾ ਨਹੀਂ ਤਾਂ ਹੋਰ ਤੁਹਾਡੇ ਪਿਓ ਦਾ ਏ? ਆ ਗਏ ਪਤਾ ਨਹੀਂ ਕਿੱਥੋਂ ਦੇ ਕੱਢੇ-ਵੱਢੇ, ਤੇ ਘਰ ਵਾਲੇ ਬਣ ਕੇ ਬਹਿ ਗਏ।”
“ਤੇ ਤੇਰੇ ਪਿਓ-ਦਾਦੇ ਤਾਂ ਸਿਰਕੰਡੇ ਦੇ ਝਾੜਾਂ ਵਾਂਗ ਇੱਥੇ ਈ ਉਗੇ ਹੋਣੇ ਨੇ!”
“ਪਲੀਜ਼ ਇਕਤਿਦਾਰ!” ਜੋਗਿੰਦਰ ਨੇ ਕਿਹਾ।
“ਨਹੀਂ ਮੀਆਂ!” ਇਕਤਿਦਾਰ ਨੇ ਉਸਦੀ ਗੱਲ ਟੁੱਕ ਦਿੱਤੀ, “ਇਹਨਾਂ ਹਿੰਦੂਆਂ ਦਾ ਦਿਮਾਗ਼ ਖ਼ਰਾਬ ਹੋ ਗਿਐ...ਹਿਸਟਰੀ ਪੜ੍ਹੋ, ਹਿਸਟਰੀ¸ ਇੱਥੇ ਸਾਰੇ ਬਾਹਰੋਂ ਈ ਆਏ ਨੇ ...।”
ਗੱਲ ਕਾਫੀ ਵਧ ਗਈ। ਟੋਪੀ ਖੜ੍ਹਾ ਹੋ ਗਿਆ, ਪਰ ਇਕਤਿਦਾਰ ਬੈਠਾ ਰਿਹਾ ਤੇ ਜਦੋਂ ਟੋਪੀ ਰਿੱਝ-ਉੱਬਲ ਚੁੱਕਿਆ ਤਾਂ ਉਹ ਖਿੜ-ਖਿੜ ਕਰਕੇ ਹੱਸ ਪਿਆ।
“ਚੱਲ ਚਾਹ ਪਿਆ ਤੇ ਕਾਂਗਰਸੀਆਂ ਲਈ ਆਪਣੇ ਪਿਓ ਦੇ ਨੀਲੇ ਤੇਲ ਦੀਆਂ ਦੋ ਸ਼ੀਸ਼ੀਆਂ ਮੰਗਵਾ ਦੇ...ਉਹਨਾਂ ਦੀ ਸਿਆਸਤ ਦੇ ਰਗ-ਪੱਠੇ ਢਿੱਲੇ ਹੋ ਗਏ ਨੇ।”
“ਬਈ ਇਹ ਤੁਹਾਡੇ ਦਾੜ੍ਹੀ ਵਾਲਾ ਕਿਹੜਾ ਆ ਵੜਿਆ ਏ?” ਹਾਮਿਦ ਨੇ ਜੋਗਿੰਦਰ ਤੋਂ ਪੁੱਛਿਆ।
“ਰਿਹਾ ਨਾ ਜੁਨੀਅਰ ਈ?” ਜੋਗਿੰਦਰ ਹੱਸਿਆ, “ਓਇ ਭਰਾ ਇਹ ਉਹੀ ਜ਼ਰਗ਼ਾਮ ਸਾਹਬ ਨੇ। ਬੁਲਬੁਲੀਆ ਦੇ ਜ਼ਮਾਨੇ ਵਿਚ ਹੁੰਦੇ ਸੀ। ਪਰ ਬਾਈਗਾਡ ਕਿਆ ਬੁਲਾਰਾ ਈ! ਸਈਦ ਆਂਡਾ ਕਹਿੰਦਾ ਹੁੰਦਾ ਸੀ ਬਈ ਸੁਲਤਾਨ ਨਿਆਜ਼ੀ ਤੇ ਮੂਨਿਸ ਸਾਹਬ ਨਾਲੋਂ ਵੀ ਚੰਗਾ ਬੁਲਾਰਾ ਏ।”
“ਓ-ਇ ਜਾਹ ਪਰ੍ਹਾਂ,” ਕੇ.ਪੀ. ਬੋਲਿਆ, “ਕਿੱਥੇ ਸੁਲਤਾਨ ਨਿਆਜ਼ੀ ਤੇ ਮੂਨਿਸ ਭਾਈ ਤੇ ਕਿੱਥੇ ਇਹ ਲੱਲੁ ਲਾਲ!”
“ਐਮ.ਏਂ ਵਿਚ ਟਾਪ ਕੀਤਾ ਸੀ ਇਹਨਾਂ।'' ਜੋਗਿੰਦਰ ਬੋਲਿਆ, “ਤੇ ਡਾਕਟਰ ਤਾਰਾ ਚੰਦ ਨੇ ਇਹਨਾਂ ਦੀ ਡੈਸਰਟੇਸ਼ਨ ਦੀ ਏਨੀ ਤਾਰੀਫ਼ ਕੀਤੀ ਸੀ ਕਿ ਕਿਆ ਕਹਿਣੇ!”
“ਪਰ ਇਹ ਤਾਂ ਬੜੀ ਥਰਡ ਰੇਟ ਹਰਕਤ ਐ ਕਿ ਐਮ.ਏ. ਵਿਚ ਟਾਪ ਕਰਕੇ ਦਾੜ੍ਹੀ ਰੱਖ ਲਈ।” ਇਕਤਿਦਾਰ ਨੇ ਕਿਹਾ।
“ਇਹ ਜਰਗਾਮ ਸਾਹਬ ਹੈਨ ਕਿੱਥੋਂ ਦੇ?” ਟੋਪੀ ਨੇ ਪੁੱਛਿਆ।
“ਜਰਗਾਮ ਨਹੀਂ, ਜ਼ਰਗਾਮ !” ਕੇ.ਪੀ. ਬੋਲਿਆ।
“ਚਾਹ!” ਜੋ, ਇਕਤਿਦਾਰ ਤੇ ਹਾਮਿਦ ਨੇ ਸਾਂਝਾ ਨਾਅਰਾ ਮਾਰਿਆ। ਗੱਗੇ ਦੀ ਬਿੰਦੀ ਖਾ ਜਾਣ 'ਤੇ ਜ਼ੁਰਮਾਨਾ ਤੇ ਕੇ.ਪੀ. ਉਰਦੂ ਭਾਸ਼ਾ ਤੇ ਅਰਬੀ ਸ਼ਬਦਾਂ ਨੂੰ ਗਾਲ੍ਹਾਂ ਕੱਢਦਾ ਹੋਇਆ ਸਾਰਿਆਂ ਨੂੰ ਕੈਫ਼ੇ ਡੀ. ਫੂਸ ਵਿਚ ਲੈ ਗਿਆ।
ਨਾਲ ਵਾਲੀ ਮੇਜ਼ ਉੱਤੇ ਬੈਠੇ ਹੋਏ ਮੁੰਡੇ ਕਿਸੇ ਕੁੜੀ ਦੀਆਂ ਗੱਲਾਂ ਕਰ ਰਹੇ ਸਨ ਤੇ ਦੂਜੇ ਪਾਸੇ ਕੋਈ ਸੀਨੀਅਰ ਮੁੱਲਾ, ਮੁੰਡਿਆਂ ਦੀ ਟੋਲੀ ਨੂੰ ਚਾਹ ਪਿਆ ਰਿਹਾ ਸੀ ਤੇ ਕਮਿਊਨਿਸਟਾਂ ਦੇ ਚਰਿੱਤਰ ਉੱਤੇ ਤਕਰੀਰ ਕਰ ਰਿਹਾ ਸੀ¸
“...ਇਸ ਯੂਨੀਵਰਸਟੀ ਨੂੰ ਹਿੰਦੂਆਂ ਤੋਂ ਖ਼ਤਰਾ ਨਹੀਂ। ਕਮਿਊਨਿਸਟਾਂ ਦਾ ਡਰ ਹੈ। ਡਾਕਟਰ ਜ਼ਾਕਿਰ ਹੁਸੈਨ ਨੇ ਪੁਰਾਣੀ ਦੁਸ਼ਮਣੀ ਕੱਢੀ ਏ। ਕੋਈ ਡਿਪਾਰਟਮੈਂਟ ਅਜਿਹਾ ਨਹੀਂ ਜਿਸ ਵਿਚ ਕਮਿਊਨਿਸਟ ਨਾ ਘੁਸੜੇ ਹੋਏ ਹੋਣ। ਖ਼ੁਦਾ ਦੇ ਰੰਗ ਕਿ ਮੁਸਲਿਮ ਯੂਨੀਵਰਸਟੀ ਦੀਆਂ ਲੜਕੀਆਂ ਨੱਚਦੀਆਂ ਨੇ ਤੇ ਕਲਚਰ ਦੇ ਨਾਂ 'ਤੇ ਏਨਟਨੀ ਕੁਲੋਪੈਟਰਾ ਖੇਡਦੀਆਂ ਨੇ।”
“ਇਹ ਤਾਂ ਬੜੀ ਮਾੜੀ ਗੱਲ ਏ ਬਾਈ ਜੀ,” ਕੇ.ਪੀ. ਨੇ ਕਿਹਾ, “ਮੁਸਲਮਾਨ ਲੜਕੀਆਂ ਨੂੰ ਤਾਂ ਲੈਲਾ-ਮਜਨੂੰ ਤੇ ਸ਼ੀਰੀ-ਫ਼ਰਹਾਦ ਖੇਡਣਾ ਚਾਹੀਦੈ...।”
ਕਈ ਮੇਜ਼ਾਂ 'ਤੇ ਬੈਠੇ ਮੁੰਡੇ ਹੱਸ ਪਏ। ਹੱਸਣ ਵਾਲਿਆਂ ਵਿਚ ਹਿੰਦੂ ਘੱਟ ਤੇ ਮੁਸਲਮਾਨ ਜ਼ਿਆਦਾ ਸਨ।
“ਇਸ ਨੀਲੇ ਤੇਲ ਵਾਲੇ ਰੰਗਰੂਟ ਨੂੰ ਕਿਉਂ ਵਿਗਾੜ ਰਹੇ ਓ ਪਾਰਟਨਰ!” ਸੀਨੀਅਰ ਮੁੱਲਾ ਨੇ ਕਿਹਾ।
ਕੇ.ਪੀ. ਜ਼ਰੂਰ ਜਵਾਬ ਦੇਂਦਾ ਪਰ ਉਦੋਂ ਹੀ ਇੱਫ਼ਨ ਇਕ ਹੋਰ ਲੇਕਚਰਰ ਨਾਲ ਅੰਦਰ ਆ ਗਿਆ।
“ਸਾਂਲੇਕ...(ਅਸਲਾਮ ਵਾਲੇਕੁਮ)।” ਕੇ.ਪੀ. ਨੇ ਕਿਹਾ।
“ਸਾਂਲੇਕ!” ਇੱਫ਼ਨ ਨੇ ਜਵਾਬ ਦਿੱਤਾ। “ਸੁਣਾਓ ਕਿਹੜਾ ਮੁੰਨਿਆਂ ਜਾ ਰਿਹੈ?”
“ਕੇ.ਪੀ. ਮੁੰਨਿਆਂ ਜਾ ਰਿਹੈ ਸਾਹਬ।” 'ਜੋ' ਨੇ ਕਿਹਾ, “ਆਓ।”
ਦੋਵੇਂ ਲੈਕਚਰਰ ਉੱਥੇ ਹੀ ਬੈਠ ਗਏ।
“ਸੁਣਿਆ ਏਂ, ਤੁਹਾਡਾ ਡਰਾਮਾਂ ਬੜਾ ਸ਼ਾਨਦਾਰ ਰਿਹੈ।” ਇੱਫ਼ਨ ਨੇ ਕੇ.ਪੀ. ਨੂੰ ਕਿਹਾ, “ਮੈਨੂੰ ਉਸ ਦਿਨ ਦਿੱਲੀ ਜਾਣਾ ਪੈ ਗਿਆ, ਦੇਖ ਨਹੀਂ ਸਕਿਆ, ਬੜਾ ਅਫ਼ਸੋਸ ਏ। ਇਹ ਸਾਹਿਬ ਕੌਣ ਨੇ?” ਉਸਨੇ ਟੋਪੀ ਵੱਲ ਇਸ਼ਾਰਾ ਕੀਤਾ।
“ਬਈ ਆਪਣਾ ਨਾਂ ਦੱਸ ਦੇ।” ਭਾਈ ਖ਼ਾਂ ਨੇ ਕਿਹਾ, “ਇਹਨਾਂ ਦਾ ਨਾਂ ਜ਼ਰਾ ਰਾਸ਼ਟਰੀ ਭਾਸ਼ਾ ਵਿਚ ਐ-ਜੀ...।”
“ਬਲਭਦਰ ਨਾਰਾਇਣ ਸ਼ੁਕਲਾ।”
ਇੱਫ਼ਨ ਤ੍ਰਭਕਿਆ!
“ਕਿੱਥੋਂ ਆਏ ਓ?”
“ਬਨਾਰਸੋਂ।”
“ਓਅ...ਤੁਸੀਂ ਡਾਕਟਰ ਭਿਰਗੂ ਨਾਰਾਇਣ ਸਾਹਬ ਦੇ ਲੜਕੇ ਤਾਂ ਨਹੀਂ?”
“ਹਾਂ-ਜੀ, ਹਾਂ।”
“ਅੱਛਾ! ਤਾਂ ਤੇਰੀ ਦਾਦੀ ਨੇ ਤੈਨੂੰ ਉਰਦੂ ਸਿੱਖਣ ਲਈ ਇੱਥੇ ਭੇਜ ਦਿੱਤੈ...?”
“ਇਫਨ !” ਟੋਪੀ ਦੀਆਂ ਅੱਖਾਂ ਚਮਕਣ ਲੱਗੀਆਂ, “ਈ ਤੂੰ ਦਾੜੀ ਕਬ ਰੱਖ ਲੀਓ?”
“ਇਹ ਮੇਰੇ ਬਚਪਨ ਦਾ ਦੋਸਤ ਏ।” ਇੱਫ਼ਨ ਨੇ ਕੇ.ਪੀ. ਹੁਰਾਂ ਨੂੰ ਦੱਸਿਆ, “ਇਸਦਾ ਛੋਟਾ ਭਰਾ ਪੈਦਾ ਹੋਣ ਵਾਲਾ ਸੀ ਤਾਂ ਨੌਕਰਾਣੀ ਨੇ ਪੁੱਛਿਆ ਕਿ ਭਰਾ ਹੋਗਾ ਕਿ ਭੈਣ? ਅੱਗੋਂ ਇਹ ਸਾਹਬ ਬੋਲੇ, 'ਸਾਇਕਿਲ ਨਾ ਹੋ ਸਕਤੀ ਕਾ?'”
ਏਨਾ ਜ਼ੋਰਦਾਰ ਠਹਾਕਾ ਲੱਗਿਆ ਕਿ ਕੈਫੇ ਡੀ. ਫੂਸ ਦੀ ਛੱਤ ਹਿੱਲ ਗਈ ਤੇ ਇਕ ਮੇਜ਼ ਉੱਤੇ ਬੈਠੀ, ਖੰਡ ਦੇ ਦਾਣੇ ਚੁਗਦੀ ਹੋਈ, ਚਿੜੀ ਘਬਰਾ ਕੇ ਉੱਡ ਗਈ।
“ਸਾਹਬ, ਅਸੀਂ ਇਹਨਾਂ ਨੂੰ ਏਨੇ ਗ਼ਜ਼ਬ ਦਾ ਆਦਮੀ ਨਹੀਂ ਸੀ ਸਮਝਦੇ।” ਇਕਤਿਦਾਰ ਨੇ ਕਿਹਾ।
“ਤਦੇ ਤਾਂ ਹਿੰਦੀ ਦੀ ਐਮ.ਏ. ਕਰਨ ਬਨਾਰਸ ਛੱਡ ਕੇ ਅਲੀਗੜ੍ਹ ਆ ਵੜੇ ਨੇ।” ਕੇ.ਪੀ. ਨੇ ਚੋਭ ਲਾਈ।
“ਤੋ ਮੀਆਂ ਲੋਕਾਂ ਦਾ ਛੁਹਿਆ ਹੋਇਆ ਖਾਣ ਲੱਗ ਪਿਆ ਏਂ ਤੂੰ?” ਇੱਫ਼ਨ ਨੇ ਪੁੱਛਿਆ, “ਤੇ ਤੇਰੀ ਉਹ ਜੱਬਰ-ਬੋਦੀ ਕਿੱਥੇ ਗਈ ਬਈ...?”
“ਤੁਹਾਡੀ ਦਾੜੀ ਦੇ ਕਾਮ ਆ ਗਈ।” ਟੋਪੀ ਨੇ ਜ਼ਰਾ ਨਾਰਾਜ਼ ਹੁੰਦਿਆਂ ਕਿਹਾ। ਕੋਈ ਨਹੀਂ ਹੱਸਿਆ। ਇੱਫ਼ਨ ਸਿਰਫ ਮੁਸਕਰਾ ਕੇ ਰਹਿ ਗਿਆ।
“ਖਾ ਪੀ ਚੁੱਕਿਆ ਹੋਏਂ ਤਾਂ ਸਾਡੇ ਨਾਲ ਚੱਲ।” ਇੱਫ਼ਨ ਖੜ੍ਹਾ ਹੋ ਗਿਆ।
“ਸਾਹਬ, ਉਹ ਚਾਹ ਆ ਰਹੀ ਏ।” ਕੇ.ਪੀ. ਨੇ ਕਿਹਾ।
“ਇਕਤਿਦਾਰ ਪੀ ਲਏਗਾ।”
“ਸਾਹਬ, ਉਹ ਬਿੱਲ ਵੀ ਆ ਰਿਹੈ।” ਕੇ.ਪੀ. ਬੋਲਿਆ।
“ਉਹ ਨਹੀਂ ਆਏਗਾ।”
ਇੱਫ਼ਨ ਬਿੱਲ ਦੇ ਕੇ, ਟੋਪੀ ਨੂੰ ਨਾਲ ਲੈ ਕੇ, ਚਲਾ ਗਿਆ।
ਦੋਵੇਂ ਬੜੇ ਖ਼ੁਸ਼ ਸਨ। ਪਰ ਦੋਵਾਂ ਨੇ ਇਸ ਰਹੱਸ ਨੂੰ ਲੁਕੋਇਆ ਹੋਇਆ ਸੀ। ਦੋਵੇਂ ਯਾਦਾਂ ਨੂੰ ਖੰਘਾਲ ਰਹੇ ਸਨ, ਪਰ ਕਿਸੇ ਕੋਲ ਕਹਿਣ ਲਈ ਕੋਈ ਗੱਲ ਨਹੀਂ ਸੀ।
ਗੱਲ ਇਹ ਹੈ ਕਿ ਦੋਵੇਂ ਦੋਸਤ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਵਿੱਛੜੇ ਸਨ।
“ਤੇਰੀ ਦਾਦੀ ਤਾਂ ਹਿੰਦੀ ਦੇ ਰਾਸ਼ਟਰੀ ਭਾਸ਼ਾ ਬਣ ਜਾਣ ਕਰਕੇ ਬੜੀ ਨਾਰਾਜ਼ ਹੁੰਦੀ ਹੋਏਗੀ !”
“ਉਹ ਮਰ ਗਈ।”
“ਹੈਂ?”
“ਹੈਂ ਕੀ? ਹੋਰ ਕਦੋਂ ਤਾਈਂ ਜਿਊਂਦੀ?”
“ਆਖ਼ਰ ਉਹ ਤੇਰੀ ਦਾਦੀ ਸੀ ਯਾਰ।”
“ਮੇਰੀ ਦਾਦੀ ਤਾਂ ਉਸੇ ਦਿਨ ਮਰ ਗਈ ਸੀ, ਜਿਸ ਦਿਨ ਅਸੀਂ ਪੰਜਮ ਦੀ ਦੁਕਾਨ ਤੋਂ ਕੇਲੇ ਖਰੀਦ ਰਹੇ ਸਾਂ। ਮੈਂ ਦਾਦੀ ਬਦਲ ਲਈ ਸੀ। ਅੱਬੂ ਦਾ ਕੀ ਹਾਲ ਏ?”
“ਉਹਨਾਂ ਦਾ ਇੰਤਕਾਲ (ਮੌਤ) ਹੋ ਗਿਆ।”
“ਬਾਜੀ?” ਟੋਪੀ ਨੇ 'ਹੈਂ' ਨਹੀਂ ਸੀ ਕਿਹਾ, ਬਲਕਿ ਦੂਜਾ ਸਵਾਲ ਕਰ ਦਿੱਤਾ ਸੀ।
“ਬਾਜੀ ਪਾਕਿਸਤਾਨ ਚਲੀ ਗਈ ਏ।”
“ਮੁੰਨਾ?” ਟੋਪੀ ਇਸ ਜਵਾਬ ਉੱਤੇ ਵੀ ਹੈਰਾਨ ਨਹੀਂ ਸੀ ਹੋਇਆ।
“ਮੁੰਨਾ ਇੱਥੇ ਈ ਏ। ਮੁੰਨੀ ਵੀ ਇੱਥੇ ਏ।”
ਗੱਲਾਂ ਮੁੱਕ ਗਈਆਂ। ਦੋਵੇਂ ਚੁੱਪ ਹੋ ਗਏ। ਦੋਵੇਂ ਉਦਾਸ ਹੋ ਗਏ। ਦੋਵਾਂ ਵਿਚਕਾਰ ਕੋਈ ਅਦਿੱਖ ਕੰਧ ਉਸਰੀ ਹੋਈ ਸੀ। ਦਿਲਾਂ ਦੀ ਧੜਕਨ ਦੀ ਆਵਾਜ਼ ਇੱਧਰੋਂ ਉਧਰ ਨਹੀਂ ਸੀ ਪਹੁੰਚ ਰਹੀ।
“ਕੀ ਪਾਕਿਸਤਾਨ ਦੇ ਬਿਨਾਂ ਕੰਮ ਨਹੀਂ ਚੱਲ ਸਕਦਾ ਸੀ?” ਟੋਪੀ ਨੇ ਉਸ ਕੰਧ ਉਪਰ ਪਹਿਲੀ ਗੈਂਤੀ ਮਾਰੀ।
“ਪਤਾ ਨਹੀਂ।” ਇੱਫ਼ਨ ਨੇ ਕਿਹਾ।
“ਤੇ ਹੁਣ ਮੈਂ ਪਾਕਿਸਤਾਨ ਨੂੰ ਗਾਲ੍ਹਾਂ ਵੀ ਨਹੀਂ ਕੱਢ ਸਕਦਾ।”
“ਕਿਉਂ?”
“ਬਾਜੀ ਜੁ ਉੱਥੇ ਚਲੀ ਗਈ ਐ। ਕੀ ਕਰਦੈ ਉਸਦਾ ਘਰਵਾਲਾ?”
“ਪਾਕਿਸਤਾਨ ਦੀ ਏਅਰ ਫੋਰਸ ਵਿਚ ਫ਼ਲਾਈਟ ਲੈਫ਼ਟੀਨੈਂਟ ਨੇ।”
“ਤੁਸੀਂ ਕਿਉਂ ਨਹੀਂ ਗਏ?”
“ਮੈਂ ਆਪਣੇ ਆਪਣੇ ਆਪ ਨੂੰ ਇਹ ਯਕੀਨ ਕਰਵਾਉਣ ਲਈ ਨਹੀਂ ਗਿਆ ਕਿ ਮੈਂ ਹਿੰਦੂਆਂ ਤੋਂ ਡਰ ਗਿਆ ਆਂ।”
“ਹਿੰਦੂਆਂ ਨੇ ਤੁਹਾਡਾ ਕੀ ਵਿਗਾੜਿਐ? ਕੀ ਜੀਜੇ ਨੂੰ ਹਿੰਦੂ ਇੱਧਰ ਨਹੀਂ ਆਉਣ ਦਿੰਦੇ?”
“ਇਹ ਗੱਲ ਨਹੀਂ।”
“ਫ਼ੇਰ ਕੀ ਗੱਲ ਏ?”
“ਫ਼ੇਰ ਨਹੀਂ ਫੇਰ?” ਇੱਫ਼ਨ ਨੇ ਦੰਦ ਪੀਹ ਕੇ ਕਿਹਾ। ਟੋਪੀ ਖਿੜ-ਖਿੜ ਕਰਕੇ ਹੱਸ ਪਿਆ। ਕਈ ਕੰਧਾਂ ਢੈ ਗਈਆਂ। ਕਈ ਡਰ ਮੁੱਕ ਗਏ। ਕਈ ਕਿਸਮ ਦਾ ਇਕੱਲਾਪਾ ਦੂਰ ਹੋ ਗਿਆ।
“ਸ਼ਬਦ ਸੁਧਾਰ ਯੋਜਨਾ ਅਜੇ ਤਾਈਂ ਚਲਾਈ ਜਾ ਰਹੀ ਐ!” ਟੋਪੀ ਨੇ ਕਿਹਾ, “ਯਾਰ ਭਾਈ, ਉਹ ਵੀ ਕੀ ਦਿਨ ਸਨ!”
“ਹਾਂ।”
ਦੋਵੇਂ ਉਦਾਸ ਹੋ ਗਏ। ਇੱਫ਼ਨ ਹਿੰਦੂਆਂ ਤੋਂ ਡਰਦਾ ਸੀ, ਇਸ ਲਈ ਉਹਨਾਂ ਨੂੰ ਨਫ਼ਰਤ ਕਰਦਾ ਸੀ। ਟੋਪੀ ਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਨਾਲ ਪਿਆਰ ਹੋ ਗਿਆ ਸੀ, ਇਸ ਲਈ ਉਹ ਮੁਸਲਮਾਨਾਂ ਨੂੰ ਨਫ਼ਤਰ ਕਰਨ ਲੱਗ ਪਿਆ ਸੀ...ਪਰ ਦੋਵੇਂ ਉਦਾਸ ਸਨ। ਕੰਧ ਉੱਤੇ ਚੜ੍ਹ ਕੇ ਜਦੋਂ ਪੁਰਾਣੀ ਦੋਸਤੀ ਨੇ ਝਾਤੀਆਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਦੋਵੇਂ ਉਦਾਸ ਹੋ ਗਏ। ਪਲ ਭਰ ਵਿਚ ਬੀਤੇ ਹੋਏ ਦਿਨ ਚੇਤੇ ਆ ਗਏ¸ ਸਾਰੀਆਂ ਗੱਲਾਂ, ਸਰੀਆਂ ਯਾਦਾਂ, ਸਾਰੇ ਨਾਅਰੇ...ਦੋਵਾਂ ਨੇ ਆਪਣੀ ਸਾਲਾਂ ਦੀ ਯਾਤਰਾ ਪਲਾਂ ਵਿਚ ਮੁਕਾਅ ਲਈ ਤੇ ਇਹ ਦੇਖ ਦੇ ਦੋਵੇਂ ਉਦਾਸ ਹੋ ਗਏ ਕਿ ਘਾਟੇ ਵਿਚ ਉਹ ਦੋਵੇਂ ਹੀ ਸਨ। ਹਿਪੋਕਰੇਸੀ (ਧੋਖੇ-ਫ਼ਰੇਬ) ਦੇ ਜੰਗਲ ਵਿਚ ਦੋ ਪਰਛਾਵਿਆਂ ਨੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕੀਤਾ ਤਾਂ ਦੋਵੇਂ ਆਪਸ ਵਿਚ ਲਿਪਟ ਗਏ।
“ਇਹ ਤੁਹਾਡੀ ਯੂਨੀਵਰਸਟੀ ਮੇਰੇ ਪੱਲੇ ਨਹੀਂ ਪਈ।”
“ਹੁਣ ਦੇਖੋ ਮੇਰੀ ਬੀਵੀ ਤੇਰੇ ਪੱਲੇ ਪੈਂਦੀ ਏ ਕਿ ਨਹੀਂ।”

ਇੱਫ਼ਨ ਦਾ ਡਰਾਇੰਗ ਰੂਮ ਬੜਾ ਸਾਦਾ ਜਿਹਾ ਸੀ। ਕੰਧਾਂ ਨੰਗੀਆਂ ਸਨ। ਨਕਲੀ ਆਤਿਸ਼ਦਾਨ ਉੱਤੇ ਸ਼ੰਕਰ ਦਾ ਇਕ ਬਸਟ (ਸਿਰ ਤੋਂ ਛਾਤੀ ਤੀਕ ਦਾ ਬੁੱਤ) ਰੱਖਿਆ ਹੋਇਆ ਸੀ ਤੇ ਉਸ ਬਸਟ ਦੇ ਕੋਲ, ਨਿੱਕਲ ਕੀਤੇ ਫਰੇਮ ਵਿਚ ਮੜ੍ਹੀਆਂ, ਦੋ ਤਸਵੀਰਾਂ ਰੱਖੀਆਂ ਹੋਈਆਂ ਸਨ¸ ਇਕ ਇੱਫ਼ਨ ਦੀ ਦਾਦੀ ਦੀ ਸੀ ਤੇ ਇਕ ਇੱਫ਼ਨ ਦੇ ਅੱਬਾ ਦੀ।
“ਸ਼ੰਕਰ ਜੀ ਨੂੰ ਭੋਲਾ ਸਮਝ ਕੇ ਫਸਾਅ ਰਹੇ ਓ?”
“ਗੋਮਤੀ ਗੰਗਾ ਵਿਚ ਮਿਲਦੀ ਏ ਨਾ।” ਇੱਫ਼ਨ ਮੁਸਕੁਰਾਇਆ, “ਮੈਨੂੰ ਹਿੰਦੂਆਂ ਨਾਲ ਨਫ਼ਰਤ ਏ, ਪਰ ਸ਼ੰਕਰ ਨੂੰ ਮੈਂ ਪਿਆਰ ਕਰਦਾ ਆਂ...ਕਿਉਂਕਿ ਇਹ ਬਿਲਕੁਲ ਆਦਮੀ ਦੇ ਮੇਚ ਦੇ ਨੇ। ਸਿਧਰੇ! ਕੋਈ ਪੁੱਛੇ ਕਿ ਸਮੁੰਦਰ ਮੰਥਨ ਵਿਚ ਤੁਸੀਂ ਵੀ ਸ਼ਾਮਿਲ ਹੋਏ ਸੀ?...ਫੇਰ ਜ਼ਹਿਰ ਇਕੱਲੇ ਕਿਉਂ ਪੀ ਗਏ? ਅੰਮ੍ਰਿਤ ਪੀਣ ਵਾਲਿਆਂ ਨੂੰ ਵੀ ਜ਼ਰਾ-ਜ਼ਰਾ ਚਟਾਅ ਦਿੱਤਾ ਹੁੰਦਾ। ਆਦਮੀ ਤੇ ਦੇਵਤੇ ਵਿਚ ਇਹੀ ਫ਼ਰਕ ਹੈ ਸ਼ਾਇਦ! ਮਗਰ ਜ਼ਹਿਰ ਸ਼ਾਇਦ ਇਕੱਲੇ ਹੀ ਪੀਣਾ ਪੈਂਦਾ ਏ। ਜ਼ਹਿਰ ਇਕੱਲਾ ਸੁਕਰਾਤ ਪੀਂਦਾ ਏ; ਸਲੀਬ ਉੱਤੇ ਇਕੱਲੇ ਈਸ ਚੜ੍ਹਦੇ ਨੇ; ਦੁਨੀਆਂ ਤਿਆਗ ਕੇ ਇਕ ਇਕੱਲਾ ਰਾਜਕੁਮਾਰ ਹੀ ਜਾਂਦਾ ਹੈ...ਇਮਤਿਹਾਨ ਦੀ ਘੜੀ, ਭੀੜ ਨਹੀਂ ਖੜ੍ਹਦੀ। ਬਸ, ਵੱਧ ਤੋਂ ਵੱਧ ਕਰਬਲਾ ਵਿਚ ਸੱਤਰ-ਬਹੱਤਰ ਆਦਮੀ ਇਕੱਠੇ ਹੋ ਜਾਂਦੇ ਨੇ। ਆਦਮੀ ਹਮੇਸ਼ਾ ਤੋਂ ਏਨਾ ਇਕੱਲਾ ਕਿਉਂ ਹੈ ਬਲਭਦਰ?”
“ਕਿਉਂਕਿ ਇਹ ਉਸਦੇ ਖਾਣੇ ਦਾ ਵਕਤ ਹੋ ਗਿਆ ਏ ਸਾਹਬ,” ਸਕੀਨਾ ਨੇ ਕਮਰੇ ਵਿਚ ਆ ਕੇ ਕਿਹਾ।
“ਇਹ ਮੇਰੀ ਬੀਵੀ ਸਕੀਨਾ...”
“ਇਹ ਅੰਦਾਜਾ ਤਾਂ ਮੈਨੇ ਭੀ ਲਾ ਲਿਆ ਸੀ...।”
“ਇਸਦੀ ਜ਼ੁਬਾਨ ਉੱਤੇ ਹੱਸੀਂ ਨਾ।” ਇੱਫ਼ਨ ਨੇ ਕਿਹਾ, “ਇਸਦੇ ਘਰ ਉਰਦੂ ਬੋਲੀ ਜਾਂਦੀ ਏ ਪਰ ਇਹ ਦਾਦੀ ਦੀ ਜ਼ਿੱਦ ਕਰਕੇ ਗੰਵਾਰ ਬਣ ਗਿਆ ਏ।”
“ਭਾਬੀ ਜੀ, ਇਹ ਗੱਲ ਬਿਲਕੁਲ ਨਹੀਂ।”
“ਹੋਰ ਕਿਹੜੀ ਗੱਲ ਏ?” ਸਕੀਨਾ ਦੀਆਂ ਅੱਖਾਂ ਵਿਚ ਸ਼ਰਾਰਤ ਦੀਆਂ ਕੰਦੀਲਾਂ ਬਲ ਪਈਆਂ।
“ਇਹ ਮੇਰੇ ਬਚਪਨ ਦੇ ਦੋਸਤ ਬਲਭਦਰ ਨਾਰਾਇਣ ਸ਼ੁਕਲਾ ਨੇ।”
“ਕੋਈ ਆਸਾਨ ਜਿਹਾ ਨਾਂ ਨਹੀਂ ਸੀ ਰੱਖ ਸਕਦੇ?” ਸਕੀਨਾ ਨੇ ਸਵਾਲ ਕੀਤਾ।
“ਇਹ ਇਕ ਬੜਾ ਹੀ ਖ਼ਾਨਦਾਨੀ ਤੇ ਠੇਠ ਕਿਸਮ ਦਾ ਨਾਂ ਏਂ। ਮੀਆਂ ਲੋਕਾਂ ਦੇ ਹੱਥ ਦਾ ਛੁਹਿਆ ਨਹੀਂ ਖਾਂਦੇ...ਜਾਂ ਹੁਣ ਖਾਣ ਲੱਗ ਪਏ ਓ...?” ਇੱਫ਼ਨ ਨੇ ਟੋਪੀ ਨੂੰ ਸਵਾਲ ਕੀਤਾ।
“ਇਹ ਬੜੀ ਚੰਗੀ ਖ਼ਬਰ ਏ।” ਸਕੀਨਾ ਪਹਿਲਾਂ ਹੀ ਬੋਲ ਪਈ, “ਵੈਸੇ ਗੰਵਾਰਾਂ ਦੇ ਖਾਣ ਵਾਲੀ ਕੋਈ ਚੀਜ਼ ਇਸ ਵੇਲੇ ਹੈ ਵੀ ਨਹੀਂ ਘਰੇ...।”
ਟੋਪੀ ਨੂੰ ਇਹ ਗੱਲ ਬੁਰੀ ਲੱਗੀ। ਇਸ ਲਈ ਉਸਨੇ ਸਕੀਨਾ ਦੀ ਜ਼ਿੱਦ ਵਿਚ ਖਾ ਲੈਣ ਦਾ ਫ਼ੈਸਲਾ ਕਰ ਲਿਆ।
ਉਸ ਦਿਨ ਉਸਨੇ ਪਹਿਲੀ ਵਾਰੀ ਕਿਸੇ ਮੁਸਲਮਾਨ ਦੇ ਘਰ ਖਾਣਾ ਖਾਧਾ। ਅਲੀਗੜ੍ਹ ਆ ਕੇ ਥਾਲੀ ਦੀ ਆਦਤ ਤਾਂ ਛੁੱਟ ਹੀ ਗਈ ਸੀ। ਫੇਰ ਵੀ ਜਿਸ ਡੌਂਗੇ ਵਿਚੋਂ ਇੱਫ਼ਨ ਸਬਜ਼ੀ ਕੱਢ ਰਿਹਾ ਸੀ, ਉਸੇ ਡੌਂਗੇ ਵਿਚੋਂ ਉਸਨੂੰ ਆਪਣੇ ਲਈ ਸਬਜ਼ੀ ਕੱਢਣਾ ਅਜ਼ੀਬ ਜਿਹਾ ਲੱਗਿਆ। ਜਿਸ ਚਮਚੇ ਨਾਲ ਸਕੀਨਾ ਦਾਲ ਪਾ ਚੁੱਕੀ ਸੀ, ਉਸ ਚਮਚੇ ਨਾਲ ਆਪਣੇ ਲਈ ਦਾਲ ਪਾਉਣੀ ਆਸਾਨ ਨਹੀਂ ਸੀ ਲੱਗੀ। ਕਈ ਵਾਰੀ ਉਸਦਾ ਹੱਥ ਕੰਬਿਆ ਤੇ ਮੇਜ਼ ਉੱਤੇ ਕਈ ਜਗ੍ਹਾ ਦਾਲ ਤੇ ਸਬਜ਼ੀ ਡਿੱਗ ਪਈ। ਪਰ ਉਸਨੇ ਹਿੰਮਤ ਨਹੀਂ ਹਾਰੀ। ਦਾਲ ਦਾ ਮਜ਼ਾ ਵੀ ਕੁਝ ਨਵਾਂ ਹੀ ਸੀ। ਲਸਨ ਦੇ ਤੁੜਕੇ ਵਾਲੀ ਅਰਹਰ ਦੀ ਦਾਲ ਉਸਨੇ ਪਹਿਲੀ ਵਾਰੀ ਖਾਧੀ ਸੀ, ਕਿਉਂਕਿ ਉਹਨਾਂ ਦੇ ਘਰ ਲਸਨ, ਪਿਆਜ਼ ਨੂੰ ਵਾੜਿਆ ਹੀ ਨਹੀਂ ਸੀ ਜਾਂਦਾ। ਉਸ ਸਵਾਦ ਦਾ ਕੋਈ ਜਵਾਬ ਨਹੀਂ ਸੀ ਹੁੰਦਾ, ਪਰ ਸਕੀਨਾ ਦੀ ਤੁੜਕੀ ਹੋਈ ਦਾਲ ਦਾ ਮਜ਼ਾ ਵੀ ਆਪਣਾ ਹੀ ਸੀ।
“ਮੁੜ ਕਦੀ ਨਾ ਕਹਿਣਾ ਖਾਣ ਲਈ।” ਟੋਪੀ ਨੇ ਖਾਣਾ ਖਾ ਲੈਣ ਪਿੱਛੋਂ ਕਿਹਾ।
“ਕਿਉਂ?” ਸਕੀਨਾ ਦੀਆਂ ਖੂਬਸੂਰਤ ਭਵਾਂ ਤਣ ਗਈਆਂ।
“ਓ ਭਰਾ ਸ਼੍ਰੀ ਇਹਨਾਂ ਨੂੰ ਸਮਝਾਓ।” ਟੋਪੀ ਨੇ ਇੱਫ਼ਨ ਵੱਲ ਭੌਂ ਕੇ ਕਿਹਾ, “ਮੈਂ ਬੜਾ ਠੇਠ ਹਿੰਦੂ ਆਂ।”
“ਮੈਂ ਵੀ ਬੜੀ ਪੱਕੀ ਮੁਸਲਮਾਨ ਆਂ।” ਸਕੀਨਾ ਨੇ ਕਿਹਾ, “ਤੁਹਾਡੇ ਜਾਣ ਪਿੱਛੋਂ ਇਹਨਾਂ ਭਾਂਡਿਆਂ ਨੂੰ ਖ਼ੂਬ ਰਗੜ-ਰਗੜ ਕੇ ਮੰਜਵਾਵਾਂਗੀ।”
“ਮੈਂ ਨਾ ਖਾਂਦਾ ਤਾਂ ਕੀ ਇਹ ਭਾਂਡੇ ਮੰਜਵਾਏ ਨਹੀਂ ਸੀ ਜਾਣੇ?” ਟੋਪੀ ਨੇ ਕਿਹਾ, “ਇਹੀ ਤਾਂ ਗੰਦਾਪਨ ਏ ਮੁਸਲਮਾਨਾ ਦਾ।”
ਸਕੀਨਾ ਦੰਦ ਪੀਹ ਕੇ ਰਹਿ ਗਈ।
ਇੰਜ ਸਕੀਨਾ ਤੇ ਟੋਪੀ ਦੀ ਪਹਿਲੀ ਮੁਲਾਕਾਤ ਖਾਣੇ ਦੀ ਮੇਜ਼ ਉੱਤੇ ਹੋਈ।...ਤੇ ਪਹਿਲੀ ਮੁਲਾਕਾਤ ਵਿਚ ਹੀ ਦੋਵੇਂ ਭਿੜ ਗਏ।
    --- --- ---

ਟੋਪੀ ਸ਼ੁਕਲਾ…: ਨੌਂਵੀਂ ਕਿਸ਼ਤ

ਟੋਪੀ ਸ਼ੁਕਲਾ…: ਨੌਂਵੀਂ ਕਿਸ਼ਤ :

ਅਜੇ ਸਕੀਨਾ ਬਾਰੇ ਤੁਹਾਨੂੰ ਸਿਰਫ ਇਹ ਪਤਾ ਲੱਗਿਆ ਹੈ ਕਿ ਉਹ ਇੱਫ਼ਨ ਦੀ ਬੀਵੀ ਸੀ। ਪਰ ਉਹ ਇੱਫ਼ਨ ਦੀ ਬੀਵੀ ਹੀ ਤਾਂ ਪੈਦਾ ਨਹੀਂ ਸੀ ਹੋਈ।
ਸਕੀਨਾ ਇਕ ਖਾਂਦੇ ਪੀਂਦੇ ਮੁਸਲਮਾਨ ਘਰਾਨੇ ਦੀ ਇਕਲੌਤੀ ਕੁੜੀ ਸੀ। ਇਕਲੌਤੀ ਇੰਜ ਕਿ ਤਿੰਨ ਭਰਾਵਾਂ ਦੀ ਇਕੱਲੀ ਭੈਣ ਸੀ ਉਹ। ਪਰ ਪਾਕਿਸਤਾਨ ਬਣਨ ਪਿੱਛੋਂ ਭਰਾ ਵੀ ਇਕੱਲਾ ਰਹਿ ਗਿਆ ਸੀ।
ਸੱਯਦ ਆਬਿਦ ਰਜ਼ਾ ਇਕ ਖ਼ਾਨਦਾਨੀ ਆਦਮੀ ਤੇ ਪ੍ਰਸਿੱਧ ਵਕੀਲ ਸਨ। ਨਕਵੀ ਸੱਯਦ ਸਨ। ਉਹਨਾਂ ਦਾ ਸੱਯਦਪਨ ਨਵੇਂ ਛਪੇ ਨੋਟ ਵਾਂਗਰ ਕਰਾਰਾ ਸੀ। ਉਹ ਪੈਸੇ ਨਾਲੋਂ ਵੱਧ ਖ਼ਾਨਦਾਨੀ ਹੱਡੀ ਦੇ ਕਾਇਲ ਸਨ।
ਸੱਯਦ ਆਬਿਦ ਰਜ਼ਾ ਇਕ ਖ਼ਾਨਦਾਨੀ ਕਾਂਗਰਸੀ ਸਨ। ਕਾਂਗਰਸ ਵਿਚ ਇਹ ਉਹਨਾਂ ਦੀ ਤੀਜੀ ਪੁਸ਼ਤ ਸੀ। ਉਹਨਾਂ ਦੇ ਪਿਤਾ ਸੂਬਾ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਸਨ ਤੇ ਕਈ ਵਾਰੀ ਜੇਲ੍ਹ ਵੀ ਜਾ ਚੁੱਕੇ ਸਨ। ਉਹ ਖ਼ੁਦ ਵੀ ਜਿਲ੍ਹਾ ਕਮੇਟੀ ਦੇ ਸੈਕਟਰੀ ਸਨ ਤੇ ਕੁੱਲ ਮਿਲਾਅ ਕੇ ਨੌਂ ਸਾਲ, ਅੱਠ ਮਹੀਨੇ ਤੇ ਬਾਰਾਂ ਦਿਨ ਜੇਲ੍ਹ ਵਿਚ ਰਹਿ ਚੁੱਕੇ ਸਨ। ਉਹਨਾਂ ਖ਼ੱਦਰ ਦੇ ਸਿਵਾਏ, ਕੁਝ ਹੋਰ ਪਾਇਆ ਹੀ ਨਹੀਂ ਸੀ ਕਦੀ। ਖ਼ੱਦਰ ਵੀ ਉਹ ਬੜਾ ਹੀ ਖ਼ੁਰਦਰਾ ਪਾਉਂਦੇ ਸਨ। ਹੁਣ ਇਹ ਦੱਸਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਕਿ ਉਹ ਮੁਸਲਿਮ ਲੀਗ ਦੀ ਰਾਜਨੀਤੀ ਦੇ ਘੋਰ ਵਿਰੋਧੀ ਸਨ। ਉਹਨਾਂ ਦੇ ਚਾਰੇ ਬੱਚੇ (ਸਕੀਨਾ ਤੇ ਉਸਦੇ ਤਿੰਨੇ ਵੱਡੇ ਭਰਾ) ਉਹਨਾਂ ਦੀ ਆਤਮਾ ਦੇ ਚਾਰ ਟੁਕੜੇ ਸਨ ਤੇ ਚਾਰੇ ਹੀ ਪਕਿਸਤਾਨ ਦੇ ਵਿਰੋਧੀ ਸਨ। ਤਿੰਨੇ ਮੁੰਡੇ ਅਲੀਗੜ੍ਹ ਵਿਚ ਪੜ੍ਹਦੇ ਸਨ ਤੇ ਕਮਿਊਨਿਸਟ ਕਹੇ ਜਾਂਦੇ ਸਨ। ਕਈ ਵਾਰੀ ਮੁਸਲਿਮ ਸਟੂਡੈਂਟ ਫੈਡਰੇਸ਼ਨ ਤੇ ਮੁਸਲਮਾਨ ਦਾਦਿਆਂ (ਗੁੰਡਿਆਂ) ਨੇ ਉਹਨਾਂ ਨੂੰ ਕੁੱਟਿਆ, ਪਰ ਉਹ ਪਾਕਿਸਤਾਨ ਦਾ ਵਿਰੋਧ ਕਰਦੇ ਰਹੇ; ਪਰ ਜਦੋਂ ਪੀ.ਸੀ. ਜੋਸ਼ੀ ਦੀ ਕਮਿਊਨਿਸਟ ਪਾਰਟੀ ਨੇ ਸਨ ਪੰਤਾਲੀ ਵਿਚ ਮੁਸਲਿਮ ਲੀਗ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਤਾਂ ਤਿੰਨਾਂ ਭਰਾਵਾਂ ਦਾ ਦਿਲ ਖੱਟਾ ਪੈ ਗਿਆ।
ਵੱਡੇ ਭਰਾ ਨੇ ਕਿਹਾ ਵੀ ਕਿ 'ਜੇ ਮੁਸਲਮਾਨਾ ਦੀ ਨੁਮਾਇੰਦਗੀ ਸਿਰਫ ਲੀਗ ਕਰਦੀ ਹੈ ਤਾਂ ਸਿੱਧਾ ਪਾਕਿਸਤਾਨ ਜਿੰਦਾਬਾਦ ਦਾ ਨਾਅਰਾ ਲਾਉਣਾ ਚਾਹੀਦਾ ਹੈ। ਇਹ ਨਾਅਰਾ ਕਾਮਰੇਡਜ਼ ਤੁਹਾਨੂੰ ਮੁਬਾਰਕ ਹੋਏ।'
ਉਸਦਾ ਦਿਲ ਏਨਾ ਖੱਟਾ ਪੈ ਗਿਆ ਕਿ ਉਹ ਰਾਜਨੀਤੀ ਤੋਂ ਹੀ ਵੱਖ ਹੋ ਗਿਆ ਤੇ ਆਪਣੇ ਪਿਤਾ ਨਾਲ ਵਕਾਲਤ ਕਰਨ ਲੱਗ ਪਿਆ।
ਪੰਤਾਲੀ ਦੀਆਂ ਚੋਣਾ ਵਿਚ ਆਬਿਦ ਰਜ਼ਾ ਕਾਂਗਰਸ ਦੀ ਟਿਕਟ ਉਪਰ ਖੜ੍ਹੇ ਹੋਏ। ਉਹਨਾਂ ਦੀ ਜਮਾਨਤ ਜ਼ਬਤ ਹੋ ਗਈ। ਉਹਨਾਂ ਦੀ ਜਮਾਨਤ ਦਾ ਜ਼ਬਤ ਹੋਣਾ ਕੋਈ ਸਾਧਾਰਨ ਘਟਣਾ ਨਹੀਂ ਸੀ। ਉਹ ਮੁਸਲਮਾਨਾ ਦੇ ਵੀ ਬੜੇ ਚਹੇਤੇ ਸਨ। ਪਰ ਉਹਨੀਂ ਦਿਨੀਂ ਮੁਸਲਮਾਨਾ ਨੇ ਇਹ ਫ਼ੈਸਲਾ ਕਰਨਾ ਸੀ ਕਿ ਪਾਕਿਸਤਾਨ ਬਣੇਗਾ ਜਾਂ ਨਹੀਂ। ਆਮ ਮੁਸਲਮਾਨ ਨੂੰ ਇਹ ਵੀ ਨਹੀਂ ਸੀ ਪਤਾ ਕਿ ਜੇ ਪਾਕਿਸਤਾਨ ਬਣਿਆ ਤਾਂ ਛਪਰੇ ਵਿਚ ਨਹੀਂ ਬਣੇਗਾ। ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜੇ ਉਹਨਾਂ ਨੇ ਪਾਕਿਸਤਾਨ ਜਾਣਾ ਚਾਹਿਆ ਤਾਂ ਉਹਨਾਂ ਨੂੰ ਆਪਣਾ ਛਪਰਾ, ਛੱਡਣਾ ਪਵੇਗਾ। ਸਦੀਆਂ ਪੁਰਾਣੇ ਘਰ ਤੇ ਮੁਹੱਲੇ; ਰਾਹ ਤੇ ਗਲੀਆਂ; ਖੇਤ ਤੇ ਪਗਡੰਡੀਆਂ ਵੀ ਛੱਡਣੇ ਪੈਣਗੇ।...ਤੇ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਤਾਂ ਸ਼ਾਇਦ ਸੱਯਦ ਆਬਿਦ ਰਜ਼ਾ ਦੀ ਜਮਾਨਤ ਜ਼ਬਤ ਨਾ ਹੋਈ ਹੁੰਦੀ। ਸੱਯਦ ਆਬਿਦ ਰਜ਼ਾ ਦੇ ਜੁੱਤੀਆਂ ਦਾ ਹਾਰ ਵੀ ਨਾ ਪਾਇਆ ਜਾਂਦਾ ਤੇ ਸ਼ਾਇਦ ਉਹਨਾਂ ਨੂੰ ਹਿੰਦੂਆਂ ਦਾ ਗ਼ੁਲਾਮ ਵੀ ਨਾ ਕਿਹਾ ਗਿਆ ਹੁੰਦਾ।
“ਕੀ ਤੁਸੀਂ ਉਸ ਸੱਯਦ ਆਬਿਦ ਰਜ਼ਾ ਨੂੰ ਵੋਟ ਪਾਓਗੇ ਜਿਹੜਾ ਹੋਲੀ ਖੇਡਦਾ ਹੈ? ਕੀ ਤੁਸੀਂ ਉਸ ਸੱਯਦ ਆਬਿਦ ਰਜ਼ਾ ਨੂੰ ਵੋਟ ਪਾਓਗੇ ਜਿਸਦੀ ਧੀ ਹਰ ਸਾਲ ਦੋ ਨਾਮ-ਹਰਾਮ ਹਿੰਦੂਆਂ ਦੇ ਰੱਖੜੀ ਬੰਨ੍ਹਦੀ ਹੈ? ਜੇ ਤੁਹਾਡੀ ਇਸਲਾਮੀ ਗ਼ੈਰਤ ਮਰ ਗਈ ਹੈ ਤਾਂ ਤੁਸੀਂ ਇੰਜ ਜ਼ਰੂਰ ਕਰਨਾ। ਪਰ ਯਾਦ ਰੱਖਣਾ ਕਿ ਕਿਆਮਤ ਦੇ ਦਿਨ ਤੁਸੀਂ ਆਂ ਹਜ਼ਤ (ਪੈਗੰਬਰ) ਨੂੰ ਮੂੰਹ ਦਿਖਾਉਣਾ ਹੈ! ਮੈਂ ਮੰਨਦਾ ਹਾਂ ਕਿ ਸੱਯਦ ਆਬਿਦ ਰਜ਼ਾ ਇਕ ਪੜ੍ਹਿਆ ਲਿਖਿਆ ਆਦਮੀ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਪਹਿਲਵਾਨ ਅਬਦੁੱਲ ਗਫ਼ੂਰ ਸਾਹਬ ਇਕ ਮਰਦੇ-ਜਾਹਿਲ (ਅਣਪੜ੍ਹ-ਇਨਸਾਨ) ਨੇ ਪਰ ਮੈਂ ਇਹ ਵੀ ਜਾਣਦਾ ਹਾਂ ਕਿ ਆਂ ਹਜ਼ਤ ਨੇ ਅਰਬ ਦੇ ਪੜ੍ਹੇ ਲਿਖਿਆਂ ਨੂੰ ਛੱਡ ਕੇ ਬਿਲਾਲੇ-ਹਬਸ਼ੀ ਰਜ਼ੀ ਅੱਲ੍ਹਾ ਤਾਅਲਾ ਅਨਹੋ (ਰਸੂਲ ਦੀ ਮਸਜਿਦ ਵਿਚ ਅਜ਼ਾਨਾਂ ਦਿੰਦਾ ਹੁੰਦਾ ਸੀ ਤੇ ਹਬਸ਼ ਦਾ ਰਹਿਣ ਵਾਲਾ ਸੀ) ਨੂੰ ਆਪਣੀ ਮਸਜਿਦ ਦਾ ਮੋਵਜ਼ਿਨ (ਨਮਾਇੰਦਾ) ਬਣਾਇਆ ਸੀ। ਤੁਸੀਂ ਕਿਸ ਦਾ ਸਾਥ ਦਿਓਗੇ? ਬਿਲਾਲ ਦੀ ਜ਼ਿਹਾਲਤ (ਅਣਪੜ੍ਹਤਾ) ਦਾ ਜਾਂ ਅਬੂ ਜੇਹਲ (ਅਰਬ ਦਾ ਇਕ ਸਕਾਲਰ। ਮੁਸਲਮਾਨ ਨਹੀਂ ਬਣਿਆ ਤਾਂ ਮੁਸਲਮਾਨ ਉਸਨੂੰ 'ਅਬੂ ਜੇਹਲ' ਕਹਿਣ ਲੱਗ ਪਏ) ਦੇ ਇਲਮ ਦਾ?...”
ਜਦੋਂ ਅਲੀਗੜ੍ਹ ਦੇ ਇਕ ਨੌਜਵਾਨ ਨੇ ਇਹ ਆਖ਼ਰੀ ਸਵਾਲ ਕੀਤਾ ਤਾਂ ਛਪਰਾ ਦੇ ਮੁਸਲਮਾਨ ਕਾਇਲ (ਪ੍ਰਭਾਵਿਤ) ਹੋ ਗਏ ਤੇ ਉਹਨਾਂ ਨੇ ਪਹਿਲਵਾਨ ਅਬਦੁੱਲ ਗਫ਼ੂਰ ਨੂੰ ਅਸੈਂਬਲੀ ਦਾ ਮੁਵਜ਼ਿਨ (ਨਮਾਇੰਦਾ) ਬਨਾਉਣ ਦਾ ਫ਼ੈਸਲਾ ਕਰ ਲਿਆ। ਉਦੋਂ ਵੀ ਸੱਯਦ ਆਬਿਦ ਰਜ਼ਾ ਨੇ ਉਹਨਾਂ ਨੂੰ ਸਮਝਾਇਆ¸
“ਮੈਂ ਜਾਣਦਾ ਹਾਂ ਕਿ ਤੁਸੀਂ ਪਹਿਲਵਾਨ ਨੂੰ ਵੋਟ ਪਾਉਣ ਜਾ ਰਹੇ ਹੋ। ਪਰ ਮੈਂ ਇਕ ਅਸੂਲ ਲਈ ਲੜ ਰਿਹਾਂ...” ਇੱਥੇ ਪਹਿਲਾ ਛਿੱਤਰ ਆਇਆ ਸੀ। “ਸ਼ੁਕਰੀਆ, ਮੈਂ ਇਹ ਅਰਜ਼ ਕਰ ਰਿਹਾ ਸਾਂ ਕਿ ਮੁਸਲਿਮ ਲੀਗ ਇਕ ਧੋਖਾ ਹੈ...”
“ਹਿੰਦੂ-ਕੁੱਤਾ...ਹਾਏ-ਹਾਏ !” ਭੀੜ ਨੇ ਜਵਾਬ ਦਿੱਤਾ ਸੀ।
“ਮੈਂ ਪੈਗੰਬਰ ਨਹੀਂ ਹਾਂ।” ਆਬਿਦ ਰਜ਼ਾ ਨੇ ਕਿਹਾ, “ਲੋਕਾਂ ਨੇ ਤਾਂ ਉਹਨਾਂ ਉੱਤੇ ਵੀ ਕੂੜਾ ਸੁੱਟਿਆ ਹੈ...”
“ਤੂੰ ਆਪਣੇ ਆਪ ਨੂੰ ਹਜ਼ਤ ਸਾਹਬ ਨਾਲ ਮਿਲਾਅ ਰਿਹੈਂ?” ਇਕ ਨੌਜਵਾਨ ਜੋਸ਼ ਵਿਚ ਖੜ੍ਹਾ ਹੋ ਗਿਆ। ਜਮਾਯਤ ਤੇ ਕਾਂਗਰਸ ਦੇ ਲੋਕ ਕਮਜ਼ੋਰ ਪੈ ਗਏ।...ਤੇ ਜਦੋਂ ਸਯੱਦ ਆਬਿਦ ਰਜ਼ਾ ਦੀ ਅੱਖ ਖੁੱਲ੍ਹੀ ਤਾਂ ਉਹ ਹਸਪਤਾਲ ਵਿਚ ਸਨ।
ਸਕੀਨਾ ਨੇ ਉਸ ਦਿਨ ਜਿੱਨਾਹ ਸਾਹਬ ਨੂੰ ਦਿਲ ਖੋਹਲ ਕੇ ਗਾਲ੍ਹਾਂ ਕੱਢੀਆਂ ਸਨ।
ਜਦੋਂ ਉਹਨੇ ਆਪਣੇ ਅੱਬਾ ਸਯੱਦ ਆਬਿਦ ਰਜ਼ਾ ਤੇ ਦੋ ਭਰਾਵਾਂ ਦੀਆਂ ਲਾਸ਼ਾਂ ਦੇਖੀਆਂ ਤਾਂ ਉਸਨੂੰ ਉਹ ਸਾਰੀਆਂ ਗੱਲਾਂ ਫੇਰ ਯਾਦ ਆ ਗਈਆਂ। ਉਸਨੂੰ ਚੋਣ ਦੇ ਦਿਨਾਂ ਦੇ ਭਾਸ਼ਣ ਦੀ ਆਵਾਜ਼ ਫੇਰ ਸੁਣਾਈ ਦੇਣ ਲੱਗੀ। ਜਾਨ-ਆਬਰੂ, ਜਾਨ- ਆਬਰੂ...
ਮਹੇਸ਼ ਨੇ ਸੱਯਦ ਆਬਿਦ ਰਜ਼ਾ ਨੂੰ ਬੜੀ ਵਾਰੀ ਕਿਹਾ ਸੀ ਕਿ 'ਦੰਗਿਆਂ ਦੇ ਦਿਨ ਨੇ, ਉਹ ਉਸਦੇ ਘਰ ਆ ਜਾਣ। ਇੱਥੇ ਕੁਝ ਵੀ ਹੋ ਸਕਦਾ ਏ। ਮਹੇਸ਼ ਦੇ ਸਕੀਨਾ ਰੱਖੜੀ ਬੰਨ੍ਹਦੀ ਹੁੰਦੀ ਸੀ ਤੇ ਮਹੇਸ਼ ਦੇ ਪਿਤਾ ਸੱਯਦ ਸਾਹਬ ਦੇ ਪੱਕੇ ਦੋਸਤਾਂ ਵਿਚੋਂ ਸਨ।
“ਕੀ ਮੈਂ ਮੁਸਲਿਮ ਲੀਗ ਦਾ ਵਿਰੋਧ ਇਸ ਲਈ ਕੀਤਾ ਸੀ ਕਿ ਹਿੰਦੁਸਤਾਨ ਆਜ਼ਾਦ ਹੋਏ ਤਾਂ ਮੈਂ ਪਨਾਹ ਲੈਣ ਖਾਤਿਰ ਤੁਹਾਡੇ ਘਰ ਆਵਾਂ...?” ਸੱਯਦ ਸਾਹਬ ਨੇ ਸਵਾਲ ਕੀਤਾ।
“ਚਾਚਾ ਜੀ, ਇਹ ਬਹਿਸ ਤਾਂ ਫੇਰ ਵੀ ਹੋ ਸਕਦੀ ਏ।” ਮਹੇਸ਼ ਨੇ ਕਿਹਾ।
“ਨਹੀਂ ਬੇਟੇ, ਇਸ ਬਹਿਸ ਦਾ ਸਹੀ ਵਕਤ ਇਹੋ ਹੈ।”
“ਘੱਟੋਘੱਟ ਸਕੀਨਾ ਨੂੰ ਤਾਂ ਇੱਥੋਂ ਹਟਾਅ ਦਿਓ।”
ਪਰ ਸੱਯਦ ਆਬਿਦ ਰਜ਼ਾ ਇਸ ਉੱਤੇ ਵੀ ਰਾਜ਼ੀ ਨਹੀਂ ਸੀ ਹੋਏ। ਕੁਝ ਦਿਨ ਪਹਿਲਾਂ ਹੀ ਤਾਂ ਉਹਨਾਂ ਸਕੀਨਾ ਦਾ ਵਿਆਹ ਕੀਤਾ ਸੀ। ਹੁਣ ਉਹ ਇੱਫ਼ਨ ਦੀ ਇਮਾਨਤ ਸੀ।
“ਮੈਂ ਉੱਥੇ ਲਿਖ ਦਿੱਤਾ ਏ ਕਿ ਕੋਈ ਆ ਕੇ ਸਕੀਨਾ ਨੂੰ ਲੈ ਜਾਏ। ਲਖ਼ਨਊ ਵਿਚ ਬਲਵੇ (ਦੰਗੇ) ਨਹੀਂ ਹੋ ਰਹੇ...”
ਪਰ ਤਿੰਨਾ ਬੇਟਿਆਂ ਨੇ ਜ਼ਿੱਦ ਕੀਤੀ ਤੇ ਸਕੀਨਾ ਨੂੰ ਮਹੇਸ਼ ਕੇ ਘਰ ਭੇਜ ਦਿੱਤਾ ਗਿਆ। ਸਕੀਨਾ ਨੂੰ ਛੱਡ ਕੇ ਮਹੇਸ਼ ਵਾਪਸ ਆ ਰਿਹਾ ਸੀ, ਰਸਤੇ ਵਿਚ ਮਾਰਿਆ ਗਿਆ। ਮੀਰ ਸਾਹਬ ਨੂੰ ਮਹੇਸ਼ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਮਿਲੀ। ਪਰ ਉਹਨਾਂ ਨੂੰ ਹੋਰ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ।
ਸ਼ਹਿਰ ਦੇ ਹਾਲਾਤ ਬੜੇ ਵਿਗੜ ਚੁੱਕੇ ਸਨ। ਹਰ ਆਦਮੀ ਇਕੱਲਾ ਪੈ ਗਿਆ ਸੀ। ਜਾਣੀਆਂ-ਪਛਾਣੀਆਂ ਗਲੀਆਂ, ਸੱਪ ਬਣ ਬਣ ਰੀਂਘ ਰਹੀਆਂ ਸਨ...ਤੇ ਫ਼ਨ ਚੁੱਕੀ ਪੈਰਾਂ ਦੇ ਖੜਾਕ ਦੀ ਉਡੀਕ ਕਰ ਰਹੀਆਂ ਸਨ। ਪੈਰਾਂ ਦੇ ਖੜਾਕ ਦੀ ਆਵਾਜ਼ ਬਦਲ ਗਈ ਸੀ। ਮਸਤ-ਮੇਹਲਦੀ ਆਵਾਜ਼ ਤਾਂ ਕੋਈ ਸੁਣਾਈ ਹੀ ਨਹੀਂ ਸੀ ਦਿੰਦੀ¸ ਹਰ ਆਦਮੀ ਤੇਜ਼-ਤੇਜ਼ ਤੁਰਦਾ ਸੀ। ਹਰ ਮੋਢੇ ਤੇ ਪਿੱਠ ਉੱਤੇ ਅੱਖਾਂ ਉਗ ਆਈਆਂ ਸਨ। ਪਰਛਾਵੇਂ ਹਿੰਦੂ, ਮੁਸਲਮਾਨ ਬਣ ਗਏ ਸਨ ਤੇ ਆਦਮੀ ਆਪਣੇ ਹੀ ਪਰਛਾਵੇਂ ਤੋਂ ਡਰ ਕੇ ਭੱਜ ਤੁਰਦਾ ਸੀ। ਟੁੱਟੇ ਹੋਏ ਸੁਪਨਿਆਂ ਦੀਆਂ ਕੀਚਰਾਂ, ਕੱਚ ਦੀਆਂ ਕੈਂਕਰਾਂ ਵਾਂਗ ਤਲੀਆਂ ਵਿਚ ਖੁਭ ਜਾਦੀਆਂ ਸਨ¸ ਪਰ ਕੋਈ ਦਰਦ ਵੱਸ ਚੀਕ ਵੀ ਨਹੀਂ ਸੀ ਸਕਦਾ; ਉਹ ਡਰਦਾ ਸੀ ਕਿ ਕਿਤੇ ਕੋਈ ਚੀਕ ਦੀ ਆਵਾਜ਼ ਨਾ ਸੁਣ ਲਏ ਤੇ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਾਏ ਕਿ ਉਹ ਗਲੀ ਵਿਚੋਂ ਲੰਘ ਰਿਹਾ ਹੈ!
ਆਦਮੀ...
ਮਨੁੱਖ...
ਦੋਵਾਂ ਸ਼ਬਦਾਂ ਦੇ ਅਰਥ ਇਕ ਹਨ। ਇਹਨਾਂ ਸ਼ਬਦਾਂ ਦੇ ਇਕ ਦੂਜੇ ਨਾਲ ਭਿੜਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ¸ ਮਹੇਸ਼ ਮਨੁੱਖ ਸੀ, ਉਸਨੂੰ ਆਦਮੀਆਂ ਨੇ ਮਾਰ ਦਿੱਤਾ। ਸੱਯਦ ਆਬਿਦ ਰਜ਼ਾ ਆਦਮੀ ਸਨ¸ ਉਹਨਾਂ ਨੂੰ ਮਨੁੱਖਾਂ ਨੇ ਮਾਰ ਦਿੱਤਾ।
ਤੀਜਾ ਦਿੱਲੀ ਵਿਚ ਸੀ¸ ਦੋਵਾਂ ਮੁੰਡਿਆਂ ਨੇ ਸੱਯਦ ਆਬਿਦ ਰਜ਼ਾ ਨੂੰ ਬੜਾ ਸਮਝਾਇਆ ਕਿ ਇਹ ਘਰੋਂ ਬਾਹਰ ਨਿਕਲਣ ਦੇ ਦਿਨ ਨਹੀਂ। ਪਰ ਸੱਯਦ ਆਬਿਦ ਰਜ਼ਾ ਨੇ ਕਿਹਾ¸
“ਇਹੋ ਤਾਂ ਘਰਾਂ 'ਚੋਂ ਨਿਕਲਣ ਦੇ ਦਿਨ ਹੈਨ ਬੇਟਾ ਜੀ!”
“ਅੱਬਾ, ਤੁਸੀਂ ਸਮਝਦੇ ਕਿਉਂ ਨਹੀਂ ਪਏ?” ਵੱਡਾ ਬੇਟਾ ਖਿਝ ਗਿਆ ਸੀ।
“ਸਮਝ ਤਾਂ ਤੁਸੀਂ ਨਹੀਂ ਰਹੇ ਓ ਬੇਟਾ।” ਸੱਯਦ ਆਬਿਦ ਰਜ਼ਾ ਨੇ ਕਿਹਾ, “ਕੀ ਮੈਂ ਜੇਲ੍ਹ ਵਿਚ ਇਹਨਾਂ ਦਿਨਾਂ ਦਾ ਇੰਤਜ਼ਾਰ ਕੀਤਾ ਸੀ? ਤੁਸੀਂ ਲੋਕ ਸਿਰਫ ਮਾਰੇ ਜਾ ਰਹੇ ਓ...ਪਰ ਹਿੰਦੁਸਤਾਨ ਤੇ ਪਕਿਸਤਾਨ ਦੀਆਂ ਬਸਤੀਆਂ ਵਿਚ ਮੇਰੀ ਰੂਹ ਨੂੰ ਨੰਗਿਆਂ ਕੀਤਾ ਜਾ ਰਿਹੈ; ਮੇਰੇ ਖ਼ਾਬਾਂ (ਸੋਚਾਂ-ਸੁਪਨਿਆਂ) ਨਾਲ ਜ਼ਿਨਾਂਹ (ਬਲਤਕਾਰ) ਕੀਤਾ ਜਾ ਰਿਹਾ ਏ। ਜੁੱਤੀਆਂ ਦਾ ਹਾਰ ਤੁਸੀਂ ਨਹੀਂ ਸੀ ਪਾਇਆ...ਤੇ ਜਿਹਨਾਂ ਨੇ ਮੇਰੇ ਜੁੱਤੀਆਂ ਦਾ ਹਾਰ ਪਾਇਆ ਸੀ, ਉਹ ਅਜ਼ਨਬੀ (ਓਪਰੇ-ਬਿਗਾਨੇ) ਨਹੀਂ ਸਨ। ਕੀ ਉਹ ਠੀਕ ਕਹਿ ਰਹੇ ਸਨ? ਇਸ ਸਵਾਲ ਦਾ ਜਵਾਬ ਜਾਨਣਾ ਜ਼ਰੂਰੀ ਹੈ।...ਤੇ ਇਸ ਸਵਾਲ ਦਾ ਜਵਾਬ ਜਾਨਣ ਲਈ ਘਰਾਂ 'ਚੋਂ ਨਿਕਲਣਾ ਹੀ ਪਏਗਾ।”
ਤੇ ਉਹ ਘਰੋਂ ਨਿਕਲ ਪਏ¸ ਉਹੀ ਲੰਮੀ ਅਚਕਨ; ਉਹੀ ਕਾਲੀ ਈਰਾਨੀ ਟੋਪੀ; ਸੱਜੇ ਪਾਸੇ ਵੱਡਾ ਬੇਟਾ; ਖੱਬੇ ਪਾਸੇ ਛੋਟਾ ਬੇਟਾ। ਬਾਬੂ ਗੌਰੀਸ਼ੰਕਰ ਨੇ ਉਹਨਾਂ ਨੂੰ ਆਪਣੇ ਘਰ ਦੀ ਖਿੜਕੀ ਵਿਚੋਂ ਦੇਖਿਆ, ਤੇ ਕੂਕੇ¸
“ਸੱਯਦ ਸਾਹਬ!”
ਸਾਹਮਣਿਓਂ ਇਕ ਜਲੂਸ ਆ ਰਿਹਾ ਸੀ। ਗੌਰੀਸ਼ੰਕਰ ਬਾਬੂ ਬੰਦੂਕ ਚੁੱਕ ਕੇ ਬਾਹਰ ਵੱਲ ਅਹੁਲੇ...ਪਰ, ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਖੇਡ ਖ਼ਤਮ ਹੋ ਚੁੱਕੀ ਸੀ; ਸੱਯਦ ਆਬਿਦ ਰਜ਼ਾ ਦੀ ਈਰਾਨੀ ਟੋਪੀ ਲੱਥ ਕੇ ਨਾਲੀ ਵਿਚ ਜਾ ਪਈ ਸੀ।
“ਤੂੰ ਇਹਨਾਂ ਨੂੰ ਜਾਣਦਾ ਏਂ?” ਗੌਰੀਸ਼ੰਕਰ ਨੇ ਇਕ ਨੌਜਵਾਨ ਨੂੰ ਝੰਜੋੜ ਕੇ ਸਵਾਲ ਕੀਤਾ, “ਇਹ ਸੱਯਦ ਆਬਿਦ ਰਜ਼ਾ ਨੇ...”
ਗੌਰੀਸ਼ੰਕਰ ਬਾਬੂ ਦਾ ਖ਼ਿਆਲ ਸੀ ਕਿ ਇਹ ਨਾਂ ਕੋਈ ਚਮਤਕਾਰ ਕਰ ਦਵੇਗਾ ਤੇ ਟੋਪੀ ਨਾਲੀ ਵਿਚੋਂ ਉੱਡ ਕੇ ਸੱਯਦ ਸਾਹਬ ਦੇ ਸਿਰ ਉਪਰ ਆ ਜਾਵੇਗੀ...ਤੇ ਉਹ ਮੁਸਕੁਰਾਉਂਦੇ ਹੋਏ ਉਠ ਖੜ੍ਹੇ ਹੋਣਗੇ¸ ਪਰ, ਇੰਜ ਨਹੀਂ ਸੀ ਹੋਇਆ। ਟੋਪੀ ਉੱਥੇ ਨਾਲੀ ਵਿਚ ਹੀ ਪਈ ਰਹੀ ਸੀ।
“ਤੂੰ ਤਾਂ ਇੰਜ ਕਹਿ ਰਿਹੈਂ¸'ਇਹ ਆਬਿਦ ਰਜ਼ਾ ਨੇ', ਜਿਵੇਂ ਇਹ ਕੋਈ ਦੇਵਤਾ ਹੁੰਦੈ?”
“ਨਹੀਂ, ਦੇਵਤਾ ਤਾਂ ਤੂੰ ਐਂ।”
ਬਾਬੂ ਗੌਰੀਸ਼ੰਕਰ ਸਿਰ ਝੁਕਾਅ ਕੇ ਆਪਣੇ ਘਰ ਚਲੇ ਗਏ। ਜਿਸ ਨੌਜਵਾਨ ਨੂੰ ਉਹਨਾਂ ਨੇ ਝੰਜੋੜਿਆ ਸੀ, ਉਹ ਮੁਹੱਲੇ ਦਾ ਹੀ ਸੀ।
ਪਰ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫ਼ੈਲ ਗਈ ਕਿ ਆਬਿਦ ਰਜ਼ਾ ਮਾਰੇ ਗਏ। ਛਪਰੇ ਉੱਤੇ ਚੁੱਪ ਦੀ ਚਾਦਰ ਤਣ ਗਈ। ਦੰਗੇ ਰੁਕ ਗਏ। ਆਬਿਦ ਰਜ਼ਾ ਦੇ ਸਵਾਲ ਦਾ ਜਵਾਬ ਇਹ ਸੀ ਕਿ ਗੌਰੀਸ਼ੰਕਰ ਬਾਬੂ ਨੇ ਉਸ ਨੌਜਵਾਨ ਦੇ ਖ਼ਿਲਾਫ਼ ਗਵਾਹੀ ਦਿੱਤੀ। ਆਬਿਦ ਰਜ਼ਾ ਦੇ ਸਵਾਲ ਦਾ ਜਵਾਬ, ਮਹੇਸ਼ ਦੀ ਲਾਸ਼ ਵੀ ਸੀ।
ਪਰ ਸਕੀਨਾ ਨੂੰ ਸਿਰਫ ਉਹ ਗਾਲ੍ਹਾਂ ਯਾਦ ਰਹੀਆਂ ਸਨ ਜਿਹੜੀਆਂ ਉਸਨੇ ਪਾਕਿਸਤਾਨ ਨੂੰ ਕੱਢੀਆਂ ਸਨ। ਦੂਜੇ ਸਾਲ ਉਸਨੇ ਮਹੇਸ਼ ਦੇ ਭਰਾ ਰਮੇਸ਼ ਦੇ ਰੱਖੜੀ ਨਹੀਂ ਸੀ ਬੰਨ੍ਹੀ। ਉਸਨੇ ਰੱਖੜੀ ਖ਼ਰੀਦੀ ਜ਼ਰੂਰ, ਪਰ ਰੱਖੜੀ ਵਿਚ ਇਕ ਈਰਾਨੀ ਟੋਪੀ ਨਜ਼ਰ ਆਈ...ਤਾਂ ਉਹਨੇ ਉਸਨੂੰ ਨਾਲੀ ਵਿਚ ਸੁੱਟ ਦਿੱਤਾ ਤੇ ਆਪਣੇ ਉਸ ਭਰਾ ਨੂੰ ਖ਼ਤ ਲਿਖਣ ਬੈਠ ਗਈ ਸੀ, ਜਿਹੜਾ ਦਿੱਲੀ ਤੋਂ ਸਿੱਧਾ ਪਾਕਿਸਤਾਨ ਚਲਾ ਗਿਆ ਸੀ।
'...ਮੈਂ ਰਮੇਸ਼ ਭਰਾ ਦੇ ਰੱਖੜੀ ਕਿਉਂ ਬੰਨ੍ਹਾਂ? ਕੀ ਕਰਾਂ ਇੱਫ਼ਨ ਪਾਕਿਸਤਾਨ ਆਉਣ ਲਈ ਰਾਜ਼ੀ ਹੀ ਨਹੀਂ ਹੋ ਰਹੇ? ਮੈਨੂੰ ਤਾਂ ਇਸ ਮੁਲਕ ਨਾਲ ਨਫ਼ਰਤ ਹੋ ਗਈ ਹੈ...'
ਨਫ਼ਰਤ !
ਇਹ ਸ਼ਬਦ ਕਿੰਨਾ ਅਜ਼ੀਬ ਹੈ! ਨਫ਼ਰਤ ! ਇਹ ਇਕੋ ਸ਼ਬਦ ਰਾਸ਼ਟਰੀ ਅੰਦੋਲਨ ਦਾ ਫਲ ਹੈ¸ ਬੰਗਾਲ, ਪੰਜਾਬ ਤੇ ਉਤਰ ਪ੍ਰਦੇਸ ਦੇ ਇਨਕਲਾਬੀਆਂ ਦੀਆਂ ਲਾਸ਼ਾਂ ਦਾ ਮੁੱਲ ਹੈ, ਸਿਰਫ ਇਕ ਸ਼ਬਦ...ਨਫ਼ਰਤ !
ਨਫ਼ਰਤ !
ਸ਼ੱਕ !
ਡਰ !
ਇਹਨਾਂ ਤਿੰਨਾਂ ਕਿਸ਼ਤੀਆਂ ਉਪਰ ਅਸੀਂ ਨਦੀ ਪਾਰ ਕਰ ਰਹੇ ਹਾਂ। ਇਹੀ ਤਿੰਨ ਸ਼ਬਦ ਬੀਜੇ ਤੇ ਵੱਢੇ ਜਾ ਰਹੇ ਹਨ। ਇਹੀ ਸ਼ਬਦ ਦੁੱਧ ਬਣ ਕੇ ਮਾਵਾਂ ਦੀਆਂ ਛਾਤੀਆਂ ਰਾਹੀਂ ਅਗਲੀ ਨਸਲ ਦੇ ਲਹੂ ਵਿਚ ਪਹੁੰਚ ਰਹੇ ਹਨ। ਦਿਲਾਂ ਦੇ ਬੰਦ ਦਰਵਾਜ਼ਿਆਂ ਦੀਆਂ ਝੀਥਾਂ ਰਾਹੀਂ, ਇਹੋ ਤਿੰਨ ਸ਼ਬਦ ਝਾਕ ਰਹੇ ਹਨ। ਆਵਾਰਾ ਰੂਹਾਂ ਵਾਂਗ ਇਹੀ ਤਿੰਨ ਸ਼ਬਦ, ਵਿਹੜਿਆਂ ਵਿਚ ਵਰੋਲੇ ਬਣ ਬਣ ਘੁੰਮਦੇ ਪਏ ਹਨ। ਚਮਗਿੱਦੜਾਂ ਵਾਂਗ ਖੰਭ ਫੜਫੜਾ ਰਹੇ ਹਨ; ਚੁੱਪ ਵਿਚ ਉੱਲੂਆਂ ਵਾਂਗ ਚੀਕਦੇ ਹਨ। ਕਾਲੀ ਬਿੱਲੀ ਵਾਂਗ ਰਸਤੇ ਕੱਟਦੇ ਹਨ; ਫਫੇਕੁਟਣੀਆਂ ਵਾਂਗ ਲਾਈ-ਬੁਝਾਈ ਕਰਦੇ ਹਨ ਤੇ ਗੁੰਡਿਆਂ ਵਾਂਗ ਸੁਪਨਿਆਂ ਰੂਪੀ ਕੁਆਰੀਆਂ ਨੂੰ ਛੇੜਦੇ ਹਨ...ਤੇ ਭਰੇ ਰਾਹਾਂ ਤੋਂ ਉਹਨਾਂ ਨੂੰ ਚੁੱਕ ਕੇ ਲਈ ਜਾ ਰਹੇ ਹਨ।
ਤਿੰਨ ਸ਼ਬਦ...!
ਨਫ਼ਰਤ; ਸ਼ੱਕ; ਡਰ...!!!
ਤਿੰਨ ਰਾਕਸ਼ਸ...!
“ਮੈਂ ਹਰ ਹਿੰਦੂ ਨੂੰ ਨਫ਼ਰਤ ਕਰਦੀ ਹਾਂ।” ਸਕੀਨਾ ਨੇ ਕਿਹਾ।
“ਬੜਾ ਚੰਗਾ ਕਰਦੇ ਓ।” ਟੋਪੀ ਨੇ ਕਿਹਾ। “ਭਾਈ, ਮੇਰੇ ਅਤੇ ਤੁਹਾਡੇ ਉੱਤੇ ਹੁਣ ਸ਼ੱਕ ਨਹੀਂ ਕਰ ਸਕਦੇ। ਵੈਸੇ ਮੈਂ ਵੀ ਮੁਸਲਮਾਨਾਂ ਨੂੰ ਕੋਈ ਖ਼ਾਸ ਪਿਆਰ ਨਹੀਂ ਕਰਦਾ।”
“ਤਾਂ ਇੱਥੇ ਕਿਉਂ ਆਉਂਦਾ ਏਂ ਫੇਰ?”
“ਇਹ ਤਾਂ ਮੇਰੇ ਇਕ ਦੋਸਤ ਦਾ ਘਰ ਐ।”
ਦੋਸਤ...!
ਤਾਂ ਇਹ ਸ਼ਬਦ ਅਜੇ ਜਿਊਂਦਾ ਹੈ...!?!
    --- --- ---

ਟੋਪੀ ਸ਼ੁਕਲਾ…: ਦਸਵੀਂ ਕਿਸ਼ਤ

ਟੋਪੀ ਸ਼ੁਕਲਾ…: ਦਸਵੀਂ ਕਿਸ਼ਤ :

ਟੋਪੀ ਦੂਜਾ-ਪੁੱਤਰ ਸੀ। ਉਹ ਝਿੜਕਾਂ ਸੁਨਣ, ਮੁਨੀ ਬਾਬੂ ਦੇ ਲੱਥੜ ਪਾਉਣ ਤੇ ਭੈਰਵ ਦੀ ਜ਼ਿੱਦ ਅੱਗੇ ਗੋਠੇ ਟੇਕਣ ਦਾ ਆਦੀ ਹੋ ਚੁੱਕਿਆ ਸੀ। ਅਲੀਗੜ੍ਹ ਵਿਚ ਉਸਨੂੰ ਕੋਈ ਝਿੜਕਣ ਵਾਲਾ ਨਹੀਂ ਸੀ। ਉਹ ਕੀ ਕਰੇ ਜਾਂ ਕੀ ਨਾ ਕਰੇ, ਇਹ ਦੱਸਣ ਵਾਲਾ ਵੀ ਕੋਈ ਨਹੀਂ ਸੀ। ਇਸ ਲਈ ਕਈ ਜਣਿਆ ਤੇ ਫੇਰ ਬਹੁਤ ਸਾਰੇ ਲੋਕਾਂ ਨਾਲ ਦੋਸਤੀ ਹੋ ਜਾਣ ਪਿੱਛੋਂ ਵੀ ਉਹ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਰਿਹਾ। ਇਹ ਸਥਿਤੀ ਬੜੀ ਖ਼ਤਰਨਾਕ ਹੁੰਦੀ ਹੈ।
ਇਹੀ ਕਾਰਨ ਹੈ ਕਿ ਜਦੋਂ ਇੱਫ਼ਨ ਨਾਲ ਮੁਲਾਕਾਤ ਹੋਈ ਤਾਂ ਉਹ ਜਿਊਂ ਪਿਆ।...ਤੇ ਜਦੋਂ ਪਹਿਲੀ ਮੁਲਾਕਾਤ ਵਿਚ ਹੀ ਸਕੀਨਾ ਨੇ ਉਸਨੂੰ ਪੁੱਠੇ ਹੱਥੀਂ ਲਿਆ ਤਾਂ ਦੋ ਸਾਲਾਂ ਦੀ ਪਿਆਸ ਬੁਝ ਗਈ। ਉਹ ਆਪਣਾ ਸਾਰਾ ਸਮਾਂ ਇੱਫ਼ਨ ਦੇ ਘਰ ਬਿਤਾਉਣ ਲੱਗ ਪਿਆ। ਇੱਫ਼ਨ ਹੁੰਦਾ ਜਾਂ ਨਾ ਹੁੰਦਾ, ਉਹ ਆ ਜਾਂਦਾ...ਇੱਫ਼ਨ ਦੀਆਂ ਕਿਤਾਬਾਂ ਉਲਟਦਾ-ਪਲਟਦਾ ਰਹਿੰਦਾ; ਸਕੀਨਾ ਦੀਆਂ ਝਾੜਾ ਖਾਂਦਾ ਰਹਿੰਦਾ। ਪੰਜ ਸਾਲ ਦੀ ਸ਼ਬਨਮ ਨੂੰ ਹਿੰਦੀ ਪੜਾਉਣ ਦੀ ਕੋਸ਼ਿਸ਼ ਕਰਦਾ ਤੇ ਇਸ ਉਪਰ ਵੀ ਸਕੀਨਾ ਦੀਆਂ ਝਿੜਕਾਂ ਸੁਣਦਾ।
ਇੱਫ਼ਨ ਦੇ ਘਰ ਉਸਦਾ ਜਾਣਾ-ਆਉਣਾ ਏਨਾ ਵਧ ਗਿਆ ਕਿ ਸ਼ਮਸ਼ਾਦ ਮਾਰਕੀਟ, ਸਟਾਫ਼ ਕੱਲਬ, ਕੈਫ਼ੇ ਡੀ. ਫੂਸ ਤੇ ਕੈਫ਼ੇ ਅਲਫ਼ ਲੈਲਾ ਵਿਚ ਇਸ ਗੱਲ ਦੇ ਚਰਚੇ ਹੋਣ ਲੱਗ ਪਏ।
ਯੂਨੀਵਰਸਟੀ ਇਕ ਛੋਟੀ ਜਿਹੀ ਬਸਤੀ ਹੈ; ਸ਼ਹਿਰ ਨਾਲੋਂ ਵੱਖਰੀ-ਨਵੇਕਲੀ। ਇੱਥੇ ਬਹੁਤ ਸਾਰੇ ਲੋਕ ਇਹ ਵੀ ਭੁੱਲ ਜਾਂਦੇ ਨੇ ਕਿ ਮੁਸਲਮਾਨਾਂ ਦਾ ਬਹੁਮਤ ਪਾਕਿਸਤਾਨ ਵਿਚ ਹੈ। ਕਠਪੁਲੇ ਦੇ ਇਸ ਪਾਰ ਹਿੰਦੁਸਤਾਨ ਹੈ ਤੇ ਕਠਪੁਲੇ ਵਿਚ ਯੂਨੀਵਰਸਟੀ। ਲੋਕ ਇਕ ਦੂਜੇ ਦੀ ਟੋਹ ਵਿਚ ਲੱਗੇ ਰਹਿੰਦੇ ਨੇ ਕਿ¸ ਕਿਸ ਦੀ ਬੀਵੀ ਕਿਸ ਨੂੰ ਦੇਖ ਕੇ ਮੁਸਕਰਾਉਂਦੀ ਹੈ! ਕਿਹੜਾ ਮੁੰਡਾ ਅੱਜ-ਕੱਲ੍ਹ ਕਿਸ ਕੁੜੀ ਉੱਤੇ ਆਸ਼ਕ ਹੈ ਤੇ ਕਿਸ ਕਿਸ ਉੱਤੇ ਆਸ਼ਕ ਹੋਣ ਦੀ ਝਾਕ ਰੱਖਦਾ ਹੈ।
ਸੈਕਸ !
ਫਰਸਟੇਸ਼ਨ !
ਫੈਨਟਿਸਿਜ਼ਮ !
“ਮੌਲਾਨਾ ਮੁਹੰਮਦ ਅਲੀ ਇਸ ਕਮਰੇ ਵਿਚ ਰਹਿੰਦੇ ਸਨ।”
“ਹਸਰਤ ਮੋਹਾਨੀ, ਲਿਆਕਤ ਅਲੀ, ਸਦਰ ਅਯੂਬ, ਲਾਲਾ ਅਮਰਨਾਥ, ਗ਼ੌਸ ਮੁਹੰਮਦ ਸ਼ਕੂਰ, ਤਲਤ ਮਹਿਮੂਦ¸ ਕਿਹੜਾ ਇੱਥੇ ਨਹੀਂ ਪੜ੍ਹਿਆ!”
“ਅਲੀਗੜ੍ਹ ਯੂਨੀਵਰਸਟੀ ਇਕ ਕਲਚਰ ਦਾ ਨਾਂ ਏਂ।”
“ਮਿਜਾਜ਼ ਨੇ ਵੀ ਕਿੰਨੀ ਐਸ਼ ਕੀਤੀ ਹੋਏਗੀ ਸਾਹਬ !”
“ਜਿਹੜਾ ਇੱਥੇ ਨਹੀਂ ਪੜ੍ਹਿਆ, ਉਹ ਗੰਵਾਰ ਏ।”
“ਇੱਥੇ ਤਾਂ ਬਿਹਾਰੀ ਵੀ ਬੰਦੇ ਬਣ ਜਾਂਦੇ ਐ।”
“ਨਰਗਿਸ ਸਾਲੀ ਨੂੰ ਦੇਖੋ...ਰਾਜਕਪੂਰ ਤੋਂ ਛੁੱਟੀ ਤੇ ਸੁਨੀਲ ਦੱਤ ਨਾਲ ਜਾ ਫਸੀ।”
“ਟੋਪੀ ਨੇ ਵੀ ਕੀ ਹੱਥ ਮਾਰਿਐ...!”
“ਕੀ ਜ਼ਮਾਨਾ ਆ ਗਿਐ, ਮੁਸਲਮਾਨ ਕੁੜੀਆਂ ਹਿੰਦੂਆਂ ਨਾਲ ਧੜਾਧੜ ਵਿਆਹ ਕਰਵਾ ਰਹੀਆਂ ਨੇ!”
“ਬਰਕ (ਆਸਮਾਨੀ ਬਿਜਲੀ) ਡਿੱਗਦੀ ਏ ਵਿਚਾਰੇ ਮੁਸਲਮਾਨਾ 'ਤੇ ਤਾਂ।”
“ਟੋਪੀ ਨਾਲੋਂ ਚੰਗਾ ਤਾਂ ਕੋਈ ਵੀ ਹੋ ਸਕਦਾ ਏ ਬਈ। ਚਲੋ ਅਜ਼ਾਨ ਹੋ ਗਈ।”
ਇੱਫ਼ਨ ਨੇ ਸੁਣੀ-ਅਣਸੁਣੀ ਕਰ ਦਿੱਤੀ; ਸਕੀਨਾ ਟੋਪੀ ਨੂੰ ਨਾਲ ਲੈ ਕੇ ਪਿਕਚਰ ਜਾਣ ਲੱਗ ਪਈ; ਟੋਪੀ ਸੁੰਨਮੁੰਨ ਜਿਹਾ ਹੋ ਗਿਆ ਤੇ ਜਦੋਂ ਉਸ ਤੋਂ ਰਿਹਾ ਨਾ ਗਿਆ ਤਾਂ ਬੋਲਿਆ¸
“ਭਾਈ ਸ਼੍ਰੀ, ਇਹ ਸਾਡੀ ਯੂਨੀਵਰਸਟੀ ਤਾਂ ਬੜੀ ਘਟੀਆ ਜਗ੍ਹਾ ਨਿਕਲੀ।”
“ਕਿਉਂ?”
“ਮੈਂ ਹੁਣ ਇੱਥੇ ਨਹੀਂ ਆਇਆ ਕਰਾਂਗਾ।”
“ਕਿਉਂ? ਕੀ ਤੂੰ ਸਕੀਨਾ ਨਾਲ ਫਸ ਗਿਐਂ?”
“ਇਹ ਕਾਲੀਚਰਣ ਈ ਰਹਿ ਗਿਐ, ਮੇਰੇ ਲਈ।”
“ਅੰਕਲ ਟੋਪੀ ਤੁਸੀਂ...” ਸ਼ਬਨਮ ਬੋਲੀ।
“ਖਵਰਦਾਰ ਜੇ ਫ਼ੇਰ ਮੈਨੂੰ ਟੋਪੀ ਕਿਹਾ!”
“ਟੋਪੀ, ਖ਼ੁਦਾ ਦੇ ਵਾਸਤੇ ਮੇਰੀ ਬੱਚੀ ਦੀ ਜ਼ੁਬਾਨ ਨਾ ਵਿਗਾੜ।” ਸਕੀਨਾ ਬੋਲੀ।
“ਤੁਹਾਡੇ ਖੁਦਾ ਦੇ ਵਾਸਤੇ ਮੈਂ ਕੋਈ ਕੰਮ ਕਿਉਂ ਕਰਾਂ?” ਟੋਪੀ ਨੇ ਸਵਾਲ ਕੀਤਾ, “ਉਂ-ਵੀ, ਉਸਨੂੰ ਮੈਂ ਪਾਕਿਸਤਾਨ ਭੇਜ ਦਿੱਤਾ ਐ।”
“ਅੰਕਲ ਟੋਪੀ ਹਿੰਦੂ ਨੇ।” ਸ਼ਬਨਮ ਨੇ ਤਾੜੀ ਵਜਾ ਕੇ ਇੰਜ ਕਿਹਾ ਜਿਵੇਂ ਹਿੰਦੂ ਹੋਣਾ ਕੋਈ ਬੇਵਕੂਫ਼ੀ ਹੋਏ।
“ਤੈਨੂੰ ਕਿਸ ਨੇ ਦੱਸਿਐ...?”
“ਅੱਜ ਸਕੂਲੇ ਮੇਰੀ ਇਕ ਫਰੈਂਡ ਕਹਿ ਰਹੀ ਸੀ, ਕਿ ਅੰਮੀ ਟੋਪੀ ਨਾਲ ਫਸ ਗਈ ਏ। ਤੇ ਟੋਪੀ ਅੰਕਲ ਹਿੰਦੂ ਨੇ।” ਸ਼ਬਨਮ ਨੇ ਫੇਰ ਤਾੜੀ ਵਜਾਈ। “ਤੁਸੀਂ ਹਿੰਦੂ ਓ...।” ਉਸਨੇ ਫੇਰ ਗਾਲ੍ਹ ਕੱਢੀ।
ਕਮਰੇ ਵਿਚ ਚੁੱਪ ਵਰਤ ਗਈ; ਟੋਪੀ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ;  ਇੱਫ਼ਨ ਉਦਾਸ ਹੋ ਗਿਆ; ਸਕੀਨਾ ਹੱਸ ਪਈ।
“ਇੱਥੋਂ ਦੇ ਲੋਕਾਂ ਨੂੰ ਤਾਂ ਬਦਨਾਮ ਕਰਨਾ ਵੀ ਨਹੀਂ ਆਉਂਦਾ।” ਉਸਨੇ ਕਿਹਾ, “ਇਹ ਸੁਣ ਕੇ ਟੋਪੀ ਦਾ ਦਿਮਾਗ ਚੜ੍ਹ ਜਾਏਗਾ, ਕਿਸੇ ਕੁੜੀ ਨਾਲ ਇਸ਼ਕ ਲੜਾ ਬੈਠੇਗਾ ਤੇ ਜੁੱਤੀਆਂ ਖਾਏਗਾ।”
“ਅੱਜ ਰੱਖੜੀ ਐ, ਤੁਸੀਂ ਮੇਰੇ ਰੱਖੜੀ ਕਿਉਂ ਨਹੀਂ ਬੰਨ੍ਹ ਦਿੰਦੇ?”
“ਰੱਖੜੀ...!”
ਮਹੇਸ਼ ! ਰਮੇਸ਼ !!
ਰੱਖੜੀ...!
“ਮੈਂ ਹਿੰਦੂਆਂ ਦੇ ਰੱਖੜੀ ਨਹੀਂ ਬੰਨ੍ਹਦੀ।”
“ਸ਼੍ਰੀ ਮਤੀ ਜਰਗਾਮ, ਰੱਖੜੀ ਹਿੰਦੂਆਂ ਦੇ ਈ ਬੰਨ੍ਹੀ ਜਾਂਦੀ ਏ।”
“ਮੇਰੇ ਮੀਆਂ ਦਾ ਨਾਂ ਵਿਗਾੜਿਆ ਤਾਂ ਮਾਰ ਸੁੱਟਾਂਗੀ।”
“ਅੰਕਲ ਹਿੰਦੂ ਨੇ।” ਸ਼ਬਨਮ ਨੇ ਆਪਣੀ ਗੁੱਡੀਆ ਦੇ ਕੰਨ ਵਿਚ ਕਿਹਾ।
“ਪ੍ਰੰਤੂ...”
“ਰਹਿਣ ਦੇ ਆਪਣਾ ਪਰੰਤੂ-ਅਰੰਤੂ।” ਸਕੀਨਾ ਹਿਰਖ ਗਈ। “ਕੀ ਇਸ ਲਈ ਰੱਖੜੀ ਬੰਨ੍ਹਾਂ ਕਿ ਇੱਥੋਂ ਦੇ ਕਲਜੀਭੀਏ ਮੈਨੂੰ ਤੇਰੇ ਨਾਲ ਬਦਨਾਮ ਕਰ ਰਹੇ ਨੇ? ਮੈਂ ਹਰ ਸਾਲ ਇਕ ਰੱਖੜੀ ਖ਼ਰੀਦ ਕੇ ਨਾਲੀ ਵਿਚ ਸੁੱਟ ਦੇਂਦੀ ਆਂ।”
“...ਤੇ ਇਹ ਭੁੱਲ ਜਾਂਦੀ ਆਂ ਕਿ ਮਹੇਸ਼ ਨੇ ਮੇਰੀ ਹਿਫ਼ਾਜਤ ਕੀਤੀ ਤੇ ਰਮੇਸ਼ ਸਫ਼ਰ ਕਰਕੇ ਰੱਖੜੀ ਬੰਨਾਉਣ ਆਉਂਦਾ ਰਿਹਾ...।” ਇੱਫ਼ਨ ਨੇ ਕਿਹਾ।
“ਹਾਂ, ਪਰ ਮੈਂ ਇਹ ਨਹੀਂ ਭੁੱਲੀ ਕਿ ਅੱਬਾ ਦੀ ਈਰਾਨੀ ਟੋਪੀ ਨਾਲੀ ਵਿਚ ਪਈ ਸੀ।”
“ਓਅ, ਤਾਂ ਕੀ ਮੈਂ ਸੁੱਟੀ ਸੀ, ਅੱਬਾ ਦੀ ਟੋਪੀ ਨਾਲੀ 'ਚ?” ਟੋਪੀ ਵੀ ਹਿਰਖ ਗਿਆ।
“ਚੁੱਪ...ਤੂੰ ਵੀ ਹਿੰਦੂ ਏਂ।”
“ਤੋ ਫ਼ੇਰ, ਤੁਸੀਂ ਮੈਨੂੰ ਨਾਲੀ ਵਿਚ ਸੁੱਟ ਦਿਓ; ਮੈਂ ਵੀ ਤਾਂ ਟੋਪੀ ਆਂ...ਹਿਸਾਬ ਬਰਾਬਰ ਹੋ ਜਾਵੇਗਾ।”
ਸਕੀਨਾ ਉੱਥੋਂ ਉਠ ਗਈ। ਇੱਫ਼ਨ ਇਕ ਕਿਤਾਬ ਉਲਟਣ-ਪਲਟਣ ਲੱਗਿਆ। ਟੋਪੀ ਲੰਮੇ-ਲੰਮੇ ਸਾਹ ਲੈਣ ਲੱਗ ਪਿਆ...'ਇਹ ਮੁਸਲਮਾਨ ਇਸ ਕਾਬਲ ਹੀ ਨਹੀਂ ਹੁੰਦੇ ਕਿ ਕੋਈ ਇਹਨਾਂ ਨੂੰ ਮੂੰਹ ਲਾਵੇ।'
“ਭਾਈ ਸ਼੍ਰੀ, ਤੁਸੀਂ ਆਪਣੀ ਏਸ ਬੀਵੀ ਨੂੰ ਲੈ ਕੇ ਪਾਕਿਸਤਾਨ ਚਲੇ ਜਾਓ।”
ਇੱਫ਼ਨ ਨੇ ਕੋਈ ਜਵਾਬ ਨਾ ਦਿੱਤਾ। ਉਹ ਇਹ ਸੋਚ ਰਿਹਾ ਸੀ ਕਿ ਜੇ ਟੋਪੀ ਦੀ ਜਗ੍ਹਾ ਕੋਈ ਮੁਸਲਮਾਨ ਹੁੰਦਾ ਤਾਂ ਸ਼ਾਇਦ ਲੋਕ ਏਨਾ ਬੁਰਾ ਨਾ ਮੰਨਦੇ।
ਫੇਰ ਉਹੀ ਹਿੰਦੂ !
ਕੀ ਇਹ ਸ਼ਬਦ ਇੰਜ ਹੀ ਪਿੱਛਾ ਕਰਦਾ ਰਹੇਗਾ? ਟੋਪੀ ਤੂੰ ਹਿੰਦੂ ਕਿਉਂ ਏਂ...ਜਾਂ ਫੇਰ ਮੈਂ ਮੁਸਲਮਾਨ ਕਿਉਂ ਆਂ?
ਕਿਉਂ?' ਇਹ ਵੀ ਕਿੰਨਾ ਅਜੀਬ ਸ਼ਬਦ ਹੈ; ਮਨੁੱਖ ਨੂੰ ਜਵਾਬ ਦੇਣ 'ਤੇ ਮਜ਼ਬੂਰ ਕਰ ਦਿੰਦਾ ਹੈ...ਪਰ ਜੇ ਕਿਸੇ ਕੋਲ ਜਵਾਬ ਹੀ ਨਾ ਹੋਵੇ ਫੇਰ?...ਫੇਰ, ਉਹ ਕੀ ਕਰੇ?
ਇੱਫ਼ਨ ਨੇ ਕਿਤਾਬ ਸੁੱਟ ਦਿੱਤੀ।
“ਤੂੰ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਏਂ; ਸਕੀਨਾ ਨੂੰ ਹਿੰਦੂਆਂ ਤੋਂ ਘਿਣ ਆਉਂਦੀ ਏ। ਮੈਂ...ਮੈਂ ਡਰਦਾ ਆਂ ਸ਼ਾਇਦ। ਸਾਡਾ ਅੰਜਾਮ ਕੀ ਹੋਏਗਾ ਬਲਭਦਰ? ਮੇਰੇ ਦਿਲ ਦਾ ਡਰ, ਤੇਰੇ ਤੇ ਸਕੀਨਾ ਦੇ ਦਿਲ ਦੀ ਨਫ਼ਰਤ...ਕੀ ਇਹ ਏਨੀਆਂ ਅੱਟਲ ਸੱਚਾਈਆਂ ਨੇ ਕਿ ਬਦਲੀਆਂ ਨਹੀਂ ਜਾ ਸਕਦੀਆਂ? ਇਤਿਹਾਸ ਦਾ ਟੀਚਰ ਕੱਲ੍ਹ ਕੀ ਪੜ੍ਹਾਏਗਾ? ਉਹ ਇਸ ਹਾਲਤ ਨੂੰ ਕਿੰਜ ਬਿਆਨ ਕਰੇਗਾ ਕਿ ਮੈਂ ਤੈਥੋਂ ਡਰਦਾ ਸਾਂ ਤੇ ਤੂੰ ਮੇਰੇ ਨਾਲ ਨਫ਼ਰਤ ਕਰਦਾ ਸੈਂ? ਫੇਰ ਵੀ ਅਸੀਂ ਦੋਸਤ ਸਾਂ? ਮੈਂ ਤੈਨੂੰ ਮਾਰ ਕਿਉਂ ਨਹੀਂ ਦਿੰਦਾ; ਤੂੰ ਮੈਨੂੰ ਕਤਲ ਕਿਉਂ ਨਹੀਂ ਕਰ ਸਕਦਾ? ਉਹ ਕੀ ਹੈ ਜਿਹੜਾ ਸਾਨੂੰ ਰੋਕ ਰਿਹਾ ਹੈ? ਮੈਂ ਹਿਸਟਰੀ ਨਹੀਂ ਪੜ੍ਹਾ ਸਕਦਾ; ਮੈਂ ਅਸਤੀਫ਼ਾ ਦੇ ਦਿਆਂਗਾ।”
“ਇਹ ਕੋਈ ਬਹੁਤੀ ਅੱਕਲਮੰਦੀ ਵਾਲੀ ਗੱਲ ਨਹੀਂ ਕਰੋਗੇ।”
“ਮਗਰ...”
“ਭਾਈ ਸ਼੍ਰੀ!” ਟੋਪੀ ਨੇ ਉਸਨੂੰ ਟੋਕਿਆ, “ਅੱਕਲਮੰਦੀ ਕਹਿਣ 'ਤੇ ਤੁਸੀਂ ਮੈਨੂੰ ਟੋਕਿਆ ਕਿਉਂ ਨਹੀਂ?”
ਇੱਫ਼ਨ ਮੁਸਕੁਰਾ ਪਿਆ।
ਦੋਵੇਂ ਚੁੱਪ ਹੋ ਗਏ। ਹੁਣ ਕੁਝ ਕਹਿਣ-ਸੁਨਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਰਹੀ। ਇੱਫ਼ਨ ਪਹਿਲੀ ਵਾਰੀ ਆਪਣੇ ਡਰ ਉੱਤੇ ਸ਼ੱਕ ਕਰ ਰਿਹਾ ਸੀ ਤੇ ਟੋਪੀ ਆਪਣੀ ਨਫ਼ਰਤ ਉੱਤੇ ਖਿਝ ਗਿਆ ਸੀ। ਦੋਸਤੀ ਝੂਠੀ ਹੈ ਜਾਂ ਡਰ? ਦੋਸਤੀ ਝੂਠੀ ਹੈ ਜਾਂ ਨਫ਼ਰਤ?...
“ਪਰ ਫੇਰ ਮੁਸਲਮਾਨਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ?” ਇੱਫ਼ਨ ਨੇ ਇੰਜ ਸਵਾਲ ਕੀਤਾ ਜਿਵੇਂ ਉਹ ਖਾਸੀ ਦੇਰ ਤੋਂ ਹਿੰਦੂ-ਮੁਸਲਮ ਸਮੱਸਿਆ ਉੱਤੇ ਬਹਿਸ ਕਰ ਰਹੇ ਹੋਣ।
“ਕਿਉਂਕਿ ਉਹਨਾਂ ਦੇ ਦਿਲ ਵਿਚ ਚੋਰ ਐ।” ਟੋਪੀ ਨੇ ਕਿਹਾ।
“ਕਿਹੜਾ ਚੋਰ ਐ?”
“ਇਹ ਚੋਰ ਐ ਕਿ ਉਹਨਾਂ ਪਾਕਿਸਤਾਨ ਬਨਵਾਇਆ ਐ...ਇਸ ਲਈ ਭਾਰਤ ਉੱਤੇ ਉਹਨਾਂ ਦਾ ਕੀ ਹੱਕ ਐ? ਭਾਈ ਸ਼੍ਰੀ ਹਰ ਮੁਸਲਮਾਨ ਦੇ ਦਿਲ ਦੀ ਇਕ ਖਿੜਕੀ, ਪਾਕਿਸਤਾਨ ਵੱਲ ਖੁੱਲ੍ਹਦੀ ਐ।”
“ਫੇਰ ਮੈਂ ਪਾਕਿਸਤਾਨ ਕਿਉਂ ਨਹੀਂ ਗਿਆ?”
ਟੋਪੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਹਾਂ, ਫੇਰ ਇਹ ਇੱਫ਼ਨ ਪਾਕਿਸਤਾਨ ਕਿਉਂ ਨਹੀਂ ਗਿਆ? ਚਾਰ, ਸਾਢੇ ਚਾਰ ਕਰੋੜ ਮੁਸਲਮਾਨ ਇੱਥੇ ਕੀ ਕਰ ਰਹੇ ਨੇ? ਮੇਰਾ ਗੁਆਂਢੀ ਕਬੀਰ ਮੁਹੰਮਦ ਨਵਾਂ ਘਰ ਕਿਉਂ ਬਨਵਾ ਰਿਹਾ ਹੈ?
“ਪ੍ਰੰਤੂ ਮੁਸਲਮਾਨ, ਪਾਕਿਸਤਾਨ ਦੀ ਹਾਕੀ ਦੀ ਟੀਮ ਦੇ ਜਿੱਤਣ 'ਤੇ ਖ਼ੁਸ਼ੀ ਕਿਉਂ ਮਨਾਉਂਦੇ ਨੇ?”
“ਇਹ ਸਵਾਲ ਇੰਜ ਵੀ ਕੀਤਾ ਜਾ ਸਕਦਾ ਏ ਕਿ ਹਿੰਦੂਸਤਾਨ ਦੀ ਹਾਕੀ-ਟੀਮ ਵਿਚ ਮੁਸਲਮਾਨ ਕਿਉਂ ਨਹੀਂ ਲਏ ਜਾ ਰਹੇ? ਕੀ ਮੁਸਲਮਾਨ ਹਾਕੀ ਖੇਡਣੀ ਭੁੱਲ ਗਏ ਨੇ?”
“ਨਹੀਂ! ਇਸ ਗੱਲ ਦਾ ਡਰ ਰਹਿੰਦੈ ਕਿ ਉਹ ਪਾਕਿਸਤਾਨ ਨਾਲ ਰਲ ਜਾਣਗੇ।”
ਡਰ !
ਤਾਂ ਇਹ ਡਰ ਦੋਵੇਂ ਪਾਸੇ ਹੈ? ਉਦਾਸੀ ਹੋਰ ਵਧ ਗਈ। ਹਨੇਰਾ ਹੋਰ ਗੂੜ੍ਹਾ ਹੋ ਗਿਆ। ਇਹ ਡਰ ਆਖ਼ਰ ਕਿੱਥੇ ਕਿੱਥੇ ਹੈ? ਕੀ ਇਸ ਡਰ ਤੋਂ ਖਹਿੜਾ ਛੁਡਾਉਣ ਦਾ ਕੋਈ ਰੱਸਤਾ ਹੈ, ਜਾਂ ਨਹੀਂ...?
“ਪਰ ਮੁਸਲਮਾਨ ਇਹ ਕਿੰਜ ਸਾਬਤ ਕਰਨਗੇ ਕਿ ਉਹ ਪਾਕਿਸਤਾਨ ਨਾਲ ਨਹੀਂ ਰਲਣਗੇ... ਜੇ ਉਹਨਾਂ ਨੂੰ ਪਾਕਿਸਤਾਨ ਦੇ ਖ਼ਿਲਾਫ਼ ਖਿਡਾਇਆ ਹੀ ਨਹੀਂ ਜਾਏਗਾ?”
“ਕਿੰਤੂ ਮੁਸਲਮਾਨਾ ਦੀ ਵਫ਼ਾਦਰੀ ਪਰਖਣ ਲਈ ਅਸੀਂ ਆਪਣਾ ਗੋਲਡ ਮੈਡਲ ਤਾਂ ਨਹੀਂ ਨਾ ਗੰਵਾਅ ਸਕਦੇ?”
“ਅਗਰ ਕੋਈ ਹੋਰ ਤਰੀਕਾ ਹੋਏ ਤਾਂ ਉਹ ਦੱਸ ਦੇਅ?”
“ਫ਼ਰਜ਼ ਕਰੋ ਹਾਕੀ ਨਹੀਂ ਯੁੱਧ ਛਿੜ ਗਿਆ ਐ। ਜੇ ਅਸੀਂ ਮੁਸਲਮਾਨ ਦੀ ਵਫ਼ਾਦਰੀ ਪਰਖਣ ਲਈ ਉਹਨਾਂ ਨੂੰ ਲੜਾਈ ਵਿਚ ਭੇਜ ਦੇਈਏ ਤੇ ਉਹ ਪਾਕਿਸਤਾਨ ਨਾਲ ਰਲ ਜਾਣ ਤਾਂ ਇਹ ਇਮਤਿਹਾਨ ਕਿਸ ਨੂੰ ਮਹਿੰਗਾ ਪਵੇਗਾ?”
ਆਪਣੀ ਇਸ ਦਲੀਲ ਨੇ ਟੋਪੀ ਦਾ ਦਿਲ ਖੁਸ਼ ਕਰ ਦਿੱਤਾ¸ ਇਹ ਸ਼ੱਕ ਹੀ ਠੀਕ ਹੈ; ਇਹ ਨਫ਼ਰਤ ਹੀ ਠੀਕ ਹੈ। ਵੱਧ ਤੋਂ ਵੱਧ ਇਹੋ ਹੁੰਦਾ ਏ ਨਾ ਕਿ ਦੰਗੇ ਹੁੰਦੇ ਰਹਿੰਦੇ ਨੇ...ਸੌ, ਦੋ-ਸੌ ਆਦਮੀ ਮਰ ਜਾਂਦੇ ਨੇ।...
“ਸੌ-ਦੋ-ਸੌ ਆਦਮੀਆਂ ਦੀ ਜਾਨ ਬਚਾਉਣ ਖਾਤਰ ਅਸੀਂ ਆਪਣੀ ਆਜ਼ਾਦੀ ਨੂੰ ਖ਼ਤਰੇ 'ਚ ਤਾਂ ਨਹੀਂ ਪਾ ਸਕਦੇ।”
“ਫੇਰ?”
“ਫ਼ੇਰ ਕੀ? ਮੈਂ ਕੋਈ ਮੁਸਲਮਾਨਾਂ ਦਾ ਠੇਕਾ ਲਿਆ ਹੋਇਐ ਕੋਈ?”
ਟੋਪੀ ਹਿਰਖ ਗਿਆ। ਉਹ ਇੱਫ਼ਨ ਉੱਤੇ ਹਿਰਖਿਆ ਸੀ ਕਿਉਂਕਿ ਜੇ ਉਹ ਮੁਸਲਮਾਨ ਨਾ ਹੁੰਦਾ ਤਾਂ ਇਹ ਪ੍ਰੇਸ਼ਾਨ ਕਰ ਦੇਣ ਵਾਲੇ ਸਵਾਲ ਵੀ ਪੈਦਾ ਨਾ ਹੁੰਦੇ।...
ਸਵਾਲ ਸਾਡਾ ਪਿੱਛਾ ਨਹੀਂ ਛੱਡਦੇ। ਮਨੁੱਖ ਮੌਤ ਨੂੰ ਜਿੱਤ ਸਕਦਾ ਹੈ, ਪਰ ਇਹਨਾਂ ਸਵਾਲਾਂ ਤੋਂ ਨਹੀਂ ਜਿੱਤ ਸਕਦਾ। ਕੋਈ ਨਾ ਕੋਈ ਸਵਾਲ ਪਿੱਛੇ ਪਿਆ ਹੀ ਰਹਿੰਦਾ ਹੈ।...
“ਜੇ ਮੁਸਲਮਾਨ ਏਨੇ ਈ ਬੁਰੇ ਨੇ, ਤਾਂ ਤੂੰ ਉਹਨਾਂ ਦੀ ਯੂਨੀਵਰਸਟੀ ਵਿਚ ਪੜ੍ਹਨ ਕਿਉਂ ਆ ਵੜਿਆ ਏਂ?” ਇੱਫ਼ਨ ਨੇ ਸਵਾਲ ਕੀਤਾ।
“'ਇਹ ਮੁਸਲਮਾਨਾਂ ਦੇ ਪਿਓ ਦੀ ਯੂਨੀਵਰਸਟੀ ਐ?” ਟੋਪੀ ਨੇ ਸਵਾਲ ਕੀਤਾ, “ਕੇਂਦਰ ਸਰਕਾਰ ਜਿਹੜੀ ਏਡ ਦਿੰਦੀ ਐ, ਕੀ ਉਸ ਵਿਚ ਸਾਡਾ ਪੈਸਾ ਨਹੀਂ ਹੁੰਦਾ? ਸਾਰੇ ਮੁਸਲਮਾਨ ਗੱਦਾਰ ਐ।”
“ਹਾਂ,” ਸਕੀਨਾ ਵੀ ਆ ਗਈ, “ਮੇਰੇ ਅੱਬਾ ਵੀ ਗੱਦਾਰ ਸਨ?”
“ਤੁਸੀਂ ਹਰ ਗੱਲ ਵਿਚ ਆਪਣੇ ਅੱਬਾ ਨੂੰ ਕਿਉਂ ਘਸੀਟ ਲਿਆਉਂਦੇ ਓ? ਅੱਬਾ ਨਾ ਹੋਏ ਰਾਮ ਨਾਮ ਹੋ ਗਏ! ਜਿੱਥੇ ਦੇਖੋ ਉੱਥੇ ਈ ਮੌਜੂਦ...। ਦੰਗਿਆਂ ਵਿਚ ਹੋਰ ਵੀ ਕਈ ਅੱਬਾ ਮਾਰੇ ਗਏ ਨੇ।” ਉਹ ਵਰ੍ਹ ਗਿਆ¸ ਫੇਰ ਘਬਰਾ ਗਿਆ ਤੇ, “ਸੌਰੀ ਭਾਬੀ ਜੀ!” ਕਹਿੰਦਾ ਹੋਇਆ ਕਾਹਲ ਨਾਲ ਉੱਠਿਆ ਤੇ ਚਲਾ ਗਿਆ।
ਜਾਣ ਵੇਲੇ ਉਹ ਸ਼ਬਨਮ ਨੂੰ ਪਿਆਰ ਕਰਨਾ ਵੀ ਭੁੱਲ ਗਿਆ ਸੀ। ਨਹੀਂ ਤਾਂ ਹੁੰਦਾ ਇਹ ਸੀ ਕਿ ਉਹ ਸ਼ਬਨਮ ਦੀ ਪੱਪੀ ਲੈਂਦਾ ਸੀ ਤੇ ਉਹ ਛੇਤੀ ਛੇਤੀ ਆਪਣੀ ਗਲ੍ਹ ਪੁੰਝ ਲੈਂਦੀ ਸੀ ਕਿ ਕਿਤੇ ਟੋਪੀ ਦੇ ਰੰਗ ਦਾ ਧੱਬਾ ਨਾ ਲੱਗ ਗਿਆ ਹੋਏ।
“ਅੰਕਲ ਨੇ ਮੈਨੂੰ ਪਿਆਰ ਕਿਉਂ ਨਹੀਂ ਕੀਤਾ?” ਸ਼ਬਨਮ ਨੇ ਆਪਣੀ ਮਾਂ ਨੂੰ ਪੁੱਛਿਆ।
“ਉਹ ਪਾਗ਼ਲ ਹੋ ਗਿਐ।”
ਦੂਜੇ ਦਿਨ ਸਕੂਲ ਵਿਚ ਸ਼ਬਨਮ ਨੇ ਆਪਣੀਆਂ ਸਹੇਲੀਆਂ ਨੂੰ ਇਹ ਗੱਲ ਦੱਸ ਦਿੱਤੀ ਕਿ 'ਅੰਮੀ ਕਹਿੰਦੀ ਏ, ਟੋਪੀ ਅੰਕਲ ਪਾਗਲ ਹੋ ਗਿਐ।'
ਸਹੇਲੀਆਂ ਨੇ ਇਹ ਗੱਲ ਆਪੋ-ਆਪਣੀਆਂ ਅੰਮੀਆਂ ਨੂੰ ਜਾ ਦੱਸੀ...ਤੇ ਗੱਲਾਂ ਦਾ ਚਰਖ਼ਾ, ਫੇਰ ਚੱਲ ਪਿਆ।
    --- --- ---