Tuesday 15 June 2010

ਟੋਪੀ ਸ਼ੁਕਲਾ…: ਚੌਦ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਚੌਦ੍ਹਵੀਂ ਕਿਸ਼ਤ :

ਅਲੀਗੜ੍ਹ ਪਹੁੰਚ ਕੇ ਟੋਪੀ ਨੂੰ ਪਹਿਲੀ ਖ਼ਬਰ ਇਹ ਮਿਲੀ ਕਿ ਸਲੀਮਾ ਦੀ ਸ਼ਾਦੀ ਹੋ ਗਈ ਹੈ। ਇਹ ਸੂਚਨਾ ਉਸਨੂੰ ਸ਼ਬਨਮ ਨੇ ਦਿੱਤੀ। ਉਹ ਸਟੇਸ਼ਨ ਤੋਂ ਸਿੱਧਾ ਇੱਫ਼ਨ ਦੇ ਘਰ ਪਹੁੰਚਿਆ; ਘਰੇ ਸ਼ਬਨਮ ਦੇ ਸਿਵਾਏ ਕੋਈ ਨਹੀਂ ਸੀ। ਇੱਫ਼ਨ ਯੂਨੀਵਰਸਟੀ ਜਾ ਚੁੱਕਿਆ ਸੀ ਤੇ ਸਕੀਨਾ ਗੁਆਂਢੀਆਂ ਦੇ ਘਰ ਗਈ ਹੋਈ ਸੀ।
“ਟੋਪੀ ਅੰਕਲ ਬੜਾ ਮਜ਼ਾ ਆਇਆ।” ਸ਼ਬਨਮ ਨੇ ਕਿਹਾ।
“ਕਿਉਂ, ਕੀ ਹੋ ਗਿਆ?”
“ਸਲੀਮਾ ਖਾਲਾ ਦੀ ਸ਼ਾਦੀ ਹੋ ਗਈ।”
“ਤੋ ਤੈਨੂੰ ਮਜਾ ਕਾਹਦਾ ਆਇਆ?”
“ਅਸੀਂ ਵੀ ਜਾਣਾ ਸੀ, ਗੱਡੀ ਓ ਲੰਘ ਗਈ।” ਸ਼ਬਨਮ ਹੱਸ ਪਈ।
ਟੋਪੀ ਨੂੰ ਉਦਾਸ ਹੋਣ ਦਾ ਕੋਈ ਹੱਕ ਨਹੀਂ ਸੀ। ਇਸ ਲਈ ਉਹ ਰਸੋਈ ਵਿਚ ਜਾ ਕੇ ਚਾਹ ਬਨਾਉਣ ਦੀ ਤਿਆਰੀ ਕਰਨ ਲੱਗ ਪਿਆ। ਸ਼ਬਨਮ ਵੀ ਉਸਦੇ ਪਿੱਛੇ ਪਿੱਛੇ ਆ ਗਈ।
“ਅੰਕਲ, ਮੈਂ ਬੜੀ ਬੋਰ ਹੋ ਰਹੀ ਆਂ।”
“ਕੀ ਹੋ ਰਹੀ ਐਂ ਤੂੰ ?” ਟੋਪੀ ਨੇ ਹੈਰਾਨੀ ਨਾਲ ਪੁੱਛਿਆ।
“ਬੋਰ...”
“ਤੂੰ ਵੀ ਬੋਰ ਹੋਣ ਲੱਗ ਪਈ ਏਂ!”
“ਕੀ ਕਰਾਂ? ਸਾਰੇ ਈ ਬੋਰ ਹੋ ਰਹੇ ਨੇ...ਬੋਰ ਕੀ ਹੁੰਦਾ ਏ ਅੰਕਲ?”
“ਬੋਰ, ਬੋਰ ਹੁੰਦਾ ਏ।”
“ਅੰਮੀ ਨੇ ਤੁਹਾਡੇ ਲਈ ਇਕ ਸਵੈਟਰ ਬੁਨਿਆਂ ਏ।”
“ਕਿਹੋ ਜਿਹਾ...?”
“ਬੜਾ ਹੀ ਸੋਹਣਾ ਏ...ਅੰਕਲ, ਤੁਸੀਂ ਹਿੰਦੂ ਓ ਨਾ?”
“ਕਿਉਂ...?”
“ਕਲ੍ਹ ਮੈਂ ਆਂਟੀ ਸ਼ਾਹਿਦਾ ਕੇ ਘਰ ਗਈ ਸੀ; ਉਹ ਆਂਟੀ ਮਹਿਮੂਦਾ ਕੋਲ ਹਿੰਦੂਆਂ ਦੀਆਂ ਬੁਰਾਈਆਂ ਕਰ ਰਹੀ ਸੀ। ਮੈਂ ਕਿਹਾ, 'ਵਾਹ, ਹਿੰਦੂ ਤਾਂ ਅੰਕਲ ਟੋਪੀ ਵੀ ਨੇ...ਉਹ ਤਾਂ ਬੜੇ ਚੰਗੇ ਨੇ।' ਦੋਏਂ ਹੱਸ ਪਈਆਂ। ਆਂਟੀ ਸ਼ਾਹਿਦਾ ਨੇ ਕਿਹਾ, 'ਮਾਂ ਨੂੰ ਚੰਗਾ ਲੱਗਦਾ ਏ ਨਾ, ਧੀ ਨੂੰ ਚੰਗਾ ਕਿਉਂ ਨਹੀਂ ਲੱਗੇਗਾ।' ਕੀ ਤੁਸੀਂ ਅੰਮੀ ਨੂੰ ਬੜੇ ਚੰਗੇ ਲੱਗਦੇ ਓ?”
“ਤੇਰੀ ਸਲੀਮਾ ਆਂਟੀ ਦੀ ਸ਼ਾਦੀ ਕਦੋਂ ਹੋਈ ਏ?”
“ਪਰਸੋਂ...”
“ਆਪਾਂ ਕਦੋਂ ਆਣ ਟਪਕੇ?” ਸਕੀਨਾ ਨੇ ਘਰ ਵੜਦਿਆਂ ਹੀ ਪੁੱਛਿਆ।
“ਥੋੜ੍ਹੀ ਦੇਰ ਹੋਈ...ਸ਼ਬਨਮ ਤੋਂ ਖ਼ਬਰਾਂ ਸੁਣ ਰਿਹਾਂ।”
“ਤਾਂ ਤੈਨੂੰ ਉਸ ਡਾਕਟਰ ਪਤਾ ਨਹੀਂ ਕਿਹੜੇ ਸ਼ੁਕਲਾ ਨੇ ਬਿਲਕੁਲ ਈ ਕੱਢ ਦਿੱਤੈ?”
“ਡਾਕਟਰ ਪਤਾ ਨਹੀਂ ਕਿਹੜੇ ਸ਼ੁਕਲਾ ਨਹੀਂ; ਡਾਕਟਰ ਭਿਰਗੂ ਨਾਰਾਇਣ ਸ਼ੁਕਲਾ, ਨੀਲੇ ਤੇਲ ਵਾਲੇ।”
“ਹੋਣਗੇ ਕੋਈ।”
“ਹੋਣਗੇ ਨਹੀਂ, ਹੈਨ।” ਟੋਪੀ ਬੋਲਿਆ, “ਤੁਹਾਡੇ ਨਾਲ ਫਸਣ ਦੇ ਇਹ ਅਰਥ ਤਾਂ ਨਹੀਂ ਕਿ ਮੇਰੇ ਪਿਤਾ ਜੀ ਦਾ ਨਾਂ ਡਾਕਟਰ ਪਤਾ ਨਹੀਂ ਕਿਹੜੇ ਸ਼ੁਕਲਾ ਹੋ ਜਾਵੇ...”
“ਸੂਰਤ ਦੇਖੀ ਏ ਆਪਣੀ?”
“ਰੋਜ ਹੀ ਦੇਖਦਾਂ...”
“ਮੈਂ ਇਸ ਨਾਲ ਫਸਾਂਗੀ?”
“ਸਾਰੀ ਦੁਨੀਆਂ ਕਹਿ ਰਹੀ ਐ।” ਟੋਪੀ ਬੋਲਿਆ, “ਸ਼ਬਨਮ ਕਹਿ ਰਹੀ ਕਿ ਸਲੀਮਾ ਦੀ ਸ਼ਾਦੀ ਹੋ ਗਈ...?”
“ਹਾਂ।”
“ਇਕ ਮੁਸਲਮਾਨ ਕੁੜੀ ਉੱਤੇ ਕਿਸੇ ਤਰ੍ਹਾਂ ਆਸ਼ਕ ਹੋਏ ਤੋ ਉਸਦੀ ਸ਼ਾਦੀ ਹੋ ਗਈ।”
“ਇੱਫ਼ਨ ਨੇ ਤੇਰੇ ਵੱਲੋਂ ਇਕ ਐਪਲੀਕੇਸ਼ਨ ਭੇਜ ਦਿੱਤੀ ਏ।”
“ਕਿਸ ਕੁੜੀ ਦੇ ਪਿਓ ਨੂੰ?”
“ਹੁਣ ਇਹ ਤਾਂ ਮੈਨੂੰ ਨਹੀਂ ਪਤਾ; ਵੈਸੇ ਉਹ ਇਸ ਯੂਨੀਵਰਸਟੀ ਦਾ ਰਜਿਸਟ੍ਰਾਰ ਏ।” ਸਕੀਨਾ ਨੇ ਉਤਰ ਦਿੱਤਾ।
“ਜਦ ਤਾਈਂ ਤੁਸੀਂ ਮੇਰੇ ਨਾਲ ਫਸੇ ਹੋਏ ਓ...ਮੈਂ ਇੱਥੇ ਲੈਕਚਰਰ ਨਹੀਂ ਲੱਗ ਸਕਦਾ ਤੇ ਭਾਈ ਸ਼੍ਰੀ ਰੀਡਰ ਨਹੀਂ ਬਣ ਸਕਦੇ। ਸੋਚ ਰਿਹਾਂ, ਤੁਹਾਨੂੰ ਛੱਡ ਦਿਆਂ...”
ਸਕੀਨਾ ਹੈਰਾਨ-ਪ੍ਰੇਸ਼ਾਨ ਰਹਿ ਗਈ; ਇਹ ਕਿਸੇ ਹੋਰ ਦੀ ਆਵਾਜ਼ ਸੀ।
“ਬਕ ਨਾ...”
“ਮੈਂ ਬਕ ਨਹੀਂ ਰਿਹਾ...ਮੈਨੂੰ ਤੁਹਾਡੀ ਜਾਂ ਆਪਣੀ ਜਾਂ ਭਾਈ ਸਾਹਬ ਦੀ ਪ੍ਰਵਾਹ ਨਹੀਂ, ਪ੍ਰੰਤੂ ਇਹ ਸ਼ਬਨਮ...”
“ਮੇਰੀ ਬੇਟੀ, ਅਰੰਤੂ-ਪਰੰਤੂ ਨਹੀਂ...ਸਮਝਿਆ।”
“ਇਸ ਗੱਲ ਨੂੰ ਹੱਸ ਕੇ ਕਦੋਂ ਤਾਈਂ ਟਾਲਦੇ ਰਹੋਗੇ? ਤੁਸੀਂ ਮੇਰੇ ਰੱਖੜੀ ਕਿਉਂ ਨਹੀਂ ਬੰਨ੍ਹ ਦੇਂਦੇ?”
“ਇੱਥੋਂ ਦੇ ਮੁੱਲਿਆਂ ਤੋਂ ਡਰ ਕੇ; ਇੱਥੋਂ ਦੀ ਕਿਸੇ ਜਮੀਲਾ, ਅਨੀਸਾ, ਕੁਦਸੀਆ ਆਪਾ ਤੋਂ ਡਰ ਕੇ; ਇੱਥੋਂ ਦੇ ਡਰਪੋਕ ਕਮਿਊਨਿਸਟਾਂ ਤੋਂ ਡਰ ਕੇ...ਮੈਂ ਕਿਸੇ ਹਿੰਦੂ ਦੇ ਰੱਖੜੀ ਨਹੀਂ ਬੰਨ੍ਹ ਸਕਦੀ। ਤੇਰੇ ਬਾਪ, ਪਤਾ ਨਹੀਂ ਕਿਹੜੇ ਨੀਲੇ ਤੇਲ ਵਾਲੇ, ਨੇ ਤੈਨੂੰ ਘਰੋਂ ਕੱਢ ਦਿੱਤੈ; ਤੇਰੇ ਭਰਾ ਨੇ ਤੇਰੇ ਲਈ ਇਸ ਘਰ ਵਿਚ ਇਕ ਕਮਰਾ ਖ਼ਾਲੀ ਕਰ ਦਿੱਤੈ...ਹਿੰਮਤ ਹੋਏ ਤਾਂ ਸਾਡੇ ਨਾਲ ਰਹਿ।”
ਟੋਪੀ ਦਾ ਉਤਰ ਸੁਣੇ ਬਿਨਾਂ ਸਕੀਨਾ ਆਪਣੇ ਕਮਰੇ ਵਿਚ ਚਲੀ ਗਈ। ਉਹ ਰੋਣਾ ਚਾਹੁੰਦੀ ਸੀ...ਪਰ ਟੋਪੀ ਤੇ ਸ਼ਬਨਮ ਦੇ ਸਾਹਮਣੇ ਨਹੀਂ ਸੀ ਰੋਣਾ ਚਾਹੁੰਦੀ। ਉਸਨੂੰ ਰਮੇਸ਼ ਯਾਦ ਆ ਰਿਹਾ ਸੀ, ਜਿਸਦਾ ਇਕ ਖ਼ਤ ਉਸਦੇ ਸਿਰਹਾਣੇ ਹੇਠ ਪਿਆ ਸੀ। ਉਸਨੇ ਉਹ ਖ਼ਤ ਫੇਰ ਪੜ੍ਹਨਾ ਸ਼ੁਰੂ ਕਰ ਦਿੱਤਾ। ਖ਼ਤ ਉਰਦੂ ਵਿਚ ਸੀ :
'ਸੁਕਨ ਮੇਰੀ ਭੈਣ! ਮੈਂ ਲੜਾਈ ਦੇ ਮੈਦਾਨ ਵਿਚ ਹਾਂ। ਪਤਾ ਨਹੀਂ ਕੀ ਹੋਣ ਵਾਲਾ ਹੈ। ਹਰ ਪਾਸੇ ਨਾ ਖ਼ਤਮ ਹੋਣ ਵਾਲੀ ਬਰਫ਼ ਦਾ ਅਟੁੱਟ ਸਿਲਸਿਲਾ ਹੈ। ਮੈਂ ਬੜਾ ਇਕੱਲਾ ਹਾਂ ਕਿਉਂਕਿ, ਮੇਰੇ ਕੋਲ ਤੇਰੀ ਰੱਖੜੀ ਨਹੀਂ...ਤੂੰ ਏਨੀ ਕਿਉਂ ਬਦਲ ਗਈ ਏਂ ਸੁਕਨ...?'
ਦੋ ਮਹੀਨੇ ਪਹਿਲਾਂ ਲਿਖਿਆ ਗਿਆ ਖ਼ਤ, ਉਸਨੂੰ ਦੋ ਦਿਨ ਪਹਿਲਾਂ ਹੀ ਮਿਲਿਆ ਸੀ...ਤੇ ਉਸੇ ਦਿਨ ਦੇ ਅਖ਼ਬਾਰ ਵਿਚ ਇਹ ਖ਼ਬਰ ਵੀ ਸੀ ਕਿ ਕਰਨਲ ਰਮੇਸ਼ ਲੱਦਾਖ ਦੇ ਮੋਰਚੇ ਉੱਤੇ ਲੜਦੇ ਹੋਏ ਮਾਰੇ ਗਏ। ਇਹ ਖ਼ਬਰ ਪੜ੍ਹ ਕੇ ਸਕੀਨਾ ਆਪਣੇ ਬਕਸੇ ਵਿਚ ਰੱਖੀਆਂ, ਰੱਖੜੀਆਂ ਗਿਣਨ ਲੱਗ ਪਈ ਸੀ¸ ਇਸ ਕਰਕੇ ਦੇਰ ਹੋ ਗਈ ਸੀ, ਗੱਡੀ ਲੰਘ ਗਈ ਸੀ ਤੇ ਉਹ ਸਲੀਮਾ ਦੀ ਸ਼ਾਦੀ ਵਿਚ ਨਹੀਂ ਸਨ ਜਾ ਸਕੇ। ਉਸਨੇ ਇੱਫ਼ਨ ਨੂੰ ਵੀ ਇਹ ਗੱਲ ਨਹੀਂ ਸੀ ਦੱਸੀ ਕਿ ਉਸਦੇ ਬਕਸੇ ਵਿਚ ਰੱਖੜੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ...ਤੇ ਘਰ ਵਿਚ ਪਈਆਂ ਲਾਸ਼ਾਂ ਨੂੰ ਛੱਡ ਕੇ ਉਹ ਸ਼ਾਦੀ ਵਿਚ ਕਿੰਜ ਜਾ ਸਕਦੀ ਸੀ ਭਲਾ?...ਤੇ ਇਹ ਟੋਪੀ ਪੁੱਛ ਰਿਹਾ ਹੈ ਕਿ ਮੈਂ ਉਸਦੇ ਰੱਖੜੀ ਕਿਉਂ ਨਹੀਂ ਬੰਨ੍ਹ ਦੇਂਦੀ?...
ਉਸਨੇ ਆਪਣੇ ਬਕਸੇ ਵਿਚੋਂ ਚੌਦਾਂ ਰੱਖੜੀਆਂ ਕੱਢੀਆਂ। ਹਰ ਰੱਖੜੀ ਨੂੰ ਪਿਆਰ ਕਰਨ ਪਿੱਛੋਂ ਫੇਰ ਬਕਸੇ ਵਿਚ ਰੱਖ ਦਿੱਤਾ।
“ਏ ਭਾਬੀ ਜੀ!” ਟੋਪੀ ਨੇ ਦਰਵਾਜ਼ੇ ਪਿੱਛੋਂ ਆਵਾਜ਼ ਦਿੱਤੀ।
“ਕੀ ਏ?”
“ਕੀ ਕਰ ਰਹੇ ਓ?”
“ਸੋਚ ਰਹੀ ਆਂ।”
“ਕੀ ਸੋਚ ਰਹੇ ਓ?”
“ਇਹ ਸੋਚ ਰਹੀ ਆਂ ਕਿ ਆਖ਼ਰ ਮੈਂ ਤੇਰੇ ਵਿਚ ਕੀ ਦੇਖਿਆ ਕਿ ਆਪਣੇ ਚੰਨ ਵਰਗੇ ਮੀਏਂ ਨੂੰ ਛੱਡ ਕੇ ਤੇਰੇ ਨਾਲ ਫਸ ਗਈ...”
“ਚੰਨ ਦੇ ਦਾੜ੍ਹੀ ਨਹੀਂ ਹੁੰਦੀ।” ਇੱਫ਼ਨ ਨੇ ਕਮਰੇ ਵਿਚ ਆਉਂਦਿਆਂ ਹੋਇਆਂ ਕਿਹਾ, “ਯਾਰ ਟੋਪੀ ਇਸ ਖ਼ੁਦਾ ਦੀ ਬੰਦੀ ਨੂੰ ਪਰਸੋਂ ਦਾ ਪਤਾ ਨਹੀਂ ਕੀ ਹੋ ਗਿਐ...ਬੈਠੀ-ਬੈਠੀ ਗ਼ਾਇਬ ਹੋ ਜਾਂਦੀ ਏ।”
ਪਰ ਸਕੀਨਾ ਇਹ ਫ਼ੈਸਲਾ ਕਰ ਚੁੱਕੀ ਸੀ ਕਿ ਉਹ ਕਿਸੇ ਨੂੰ ਵੀ ਆਪਣੇ ਇਸ ਦੁੱਖ ਵਿਚ ਸ਼ਾਮਿਲ ਨਹੀਂ ਕਰੇਗੀ। ਉਸਦਾ ਦੁੱਖ ਸੀ ਵੀ ਤਾਂ ਅਜਿਹਾ ਹੀ ਕਿ ਕਿਸੇ ਨੂੰ ਸਮਝਾਉਣਾ ਮੁਸ਼ਕਿਲ ਸੀ। ਸਾਰੇ ਜਾਣਦੇ ਸਨ ਕਿ ਉਹ ਹਿੰਦੂਆਂ ਨਾਲ ਨਫ਼ਰਤ ਕਰਦੀ ਹੈ; ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਉਸਦੇ ਬਕਸੇ ਵਿਚ ਹੇਠ ਉੱਤੇ ਚੌਦਾਂ ਰੱਖੜੀਆਂ, ਰੱਖੀਆਂ ਹੋਈਆਂ ਹਨ। ਇਹਨਾਂ ਦੋਵਾਂ ਵਿਚੋਂ ਸੱਚ ਕੀ ਸੀ?...ਉਸਦੀ ਉਹ ਨਫ਼ਰਤ¸ ਜਿਸ ਬਾਰੇ ਸਾਰੇ ਜਾਣਦੇ ਸਨ; ਜਾਂ ਉਹ ਰੱਖੜੀਆਂ¸ ਜਿਹਨਾਂ ਬਾਰੇ ਕੋਈ ਵੀ ਨਹੀਂ ਸੀ ਜਾਣਦਾ? ਸੱਚ ਤੇ ਝੂਠ ਵਿਚ ਫ਼ਰਕ ਕਰਨਾ ਕੋਈ ਆਸਾਨ ਗੱਲ ਨਹੀਂ ਹੁੰਦੀ। ਇਹ ਗੱਲ ਸ਼ਾਇਦ ਸਕੀਨਾ ਨੂੰ ਵੀ ਨਹੀਂ ਸੀ ਪਤਾ ਕਿ ਉਸਦੀ ਨਫ਼ਰਤ ਝੂਠੀ ਹੈ ਜਾਂ ਉਸਦੀਆਂ ਰੱਖੜੀਆਂ!
“ਪਰਾਬਲਮਜ਼ ਆਫ ਨੈਸ਼ਨਲ ਇਨਟੀਗਰੇਸ਼ਨ ਉਪਰ ਅੱਜ ਇਰਫ਼ਾਨ ਹਬੀਬ ਪਰਚਾ ਪੜ੍ਹ ਰਹੇ ਨੇ ਤੇ ਸੁਣਿਆਂ ਹੈ ਕਿ ਇਕਤਿਦਾਰ ਆਲਮ ਖ਼ਾਂ ਵੀ ਕੋਈ ਹੈਰਾਨ ਕਰ ਦੇਣ ਵਾਲੀ ਗੱਲ ਦੱਸਣਗੇ।” ਇੱਫ਼ਨ ਨੇ ਟੋਪੀ ਨੂੰ ਦੱਸਿਆ।
“ਭਾਈ ਖਾਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦੱਸਣ ਪੱਖੋਂ ਤਾਂ ਹਾਤਿਮ ਦੇ ਮੁਕਾਬਲੇ ਦੇ ਐ।” ਟੋਪੀ ਨੇ ਕਿਹਾ।
“ਕਿਸੇ ਦੇ ਪੇਪਰ ਨਾਲ ਇਨਟੀਗਰੇਸ਼ਨ ਨਹੀਂ ਹੋ ਸਕਦੀ।” ਸਕੀਨਾ ਬੋਲੀ, “ਤੇ ਜੇ ਹੋ ਵੀ ਗਈ ਤਾਂ ਲੋਕ ਵੱਧ ਤੋਂ ਵੱਧ ਆਲੇ ਅਹਿਮਦ ਸੁਰੂਰ ਤੇ ਰਵਿੰਦਰ ਭਰਮਰ ਬਣ ਕੇ ਰਹਿ ਜਾਣਗੇ। ਨਾ ਬਈ ਨਾ...ਆਪਾਂ ਨੂੰ ਤਾਂ ਸਿੱਧੇ-ਸਾਦੇ ਕਮਿਊਨਲ ਹਿੰਦੂ-ਮੁਸਲਮਾਨ ਜ਼ਿਆਦਾ ਪਸੰਦ ਨੇ।”
“ਜਦੋਂ ਕਰੋਗੇ, ਪੁੱਠੀ ਗੱਲ ਈ ਕਰੋਗੇ।” ਟੋਪੀ ਨੇ ਕਿਹਾ।
“ਪੁੱਠੀ ਕਿੰਜ ਵੇ?” ਸਕੀਨਾ ਭੜਕ ਗਈ, “ਕੀ ਸੁਰੂਰ ਸਾਹਬ ਨੇ ਡਾਕਟਰ ਸਤੀਸ਼ ਦੇ ਵਿਰੁੱਧ ਨਿਜ਼ਾਮੀ ਨੂੰ ਪ੍ਰੋਫ਼ੈਸਰ ਬਨਾਉਣ ਲਈ ਇਕ ਪੂਰਾ ਇਸਲਾਮੀ ਮੋਰਚਾ ਨਹੀਂ ਬਣਾਅ ਲਿਆ ਸੀ?...ਤੇ ਫੇਰ ਕੀ ਉਸੇ ਖ਼ਲੀਕ ਨਿਜ਼ਾਮੀ ਨੂੰ ਇੱਥੋਂ ਦੇ ਨਵਾਬ ਕਾਮਰੇਡ ਨੇ ਇਰਫ਼ਾਨ ਹਬੀਬ ਦੀ ਜਗ੍ਹਾ ਪ੍ਰੋਫ਼ੈਸਰ ਨਹੀਂ ਸੀ ਬਣਾਅ ਦਿੱਤਾ? ਇਸ ਯੂਨੀਵਰਸਟੀ ਵਿਚ ਸਿਰਫ ਮੌਕਾਪ੍ਰਸਤ ਲੋਕ ਰਹਿੰਦੇ ਨੇ। ਕੁਝ ਦਿਨਾਂ ਵਿਚ ਡਾਨ ਵਿਮੈਨਜ਼ ਕਾਲੇਜ ਦੀ ਪ੍ਰਿੰਸੀਪਲ ਬਣ ਜਾਏਗੀ ਤੇ ਤੁਸੀਂ...” ਉਸਨੇ ਇੱਫ਼ਨ ਵੱਲ ਇਸ਼ਾਰਾ ਕੀਤਾ, “ਲੈਕਚਰਰ ਦੇ ਲੈਕਚਰਰ ਰਹਿ ਜਾਓਗੇ। ਇੱਥੇ ਮਜ਼ਨੂੰ ਗੋਰਖ਼ਪੁਰੀ ਨੂੰ ਜਗ੍ਹਾ ਨਹੀਂ ਮਿਲੇਗੀ ਤੇ ਖ਼ਾਜ਼ਾ ਮਸਊਦ ਅਲੀ ਜ਼ਕੀ ਨੂੰ ਤਰੱਕੀ ਮਿਲ ਜਾਏਗੀ। ਇਹ  ਮੁਲਕ ਅਬਰਾਰ ਮੁਸਤਫਾਵਾਂ, ਜਜ਼ਬੀਆਂ, ਭਰਮਰਾਂ ਤੇ ਨੁਰੂਲਹਸਨਾਂ ਲਈ ਹੈ; ਇਸ ਮੁਲਕ ਵਿਚ ਟੋਪੀਆਂ ਤੇ ਇੱਫ਼ਨਾਂ ਵਾਸਤੇ ਕੋਈ ਜਗ੍ਹਾ ਨਹੀਂ। ਇਸ ਸ਼ਹਿਰ ਦੇ ਰਾਈਸਾਂ ਨੂੰ ਕੁੜੀਆਂ ਸਪਲਾਈ ਕਰਨ ਵਾਲੀਆਂ ਆਪਾਵਾਂ ਮੇਰੇ ਬਾਰੇ ਵਿਚ ਇਹ ਕਹਿਣਗੀਆਂ ਕਿ ਮੈਂ ਟੋਪੀ ਨਾਲ ਫਸੀ ਹੋਈ ਹਾਂ...ਤੇ ਡਾਕਟਰ ਨੂੰ ਇਹ ਗੱਲ ਦੱਸਣ ਤੋਂ ਫ਼ੌਰਨ ਬਾਅਦ, ਕਿਸੇ ਕੁੜੀ ਦਾ ਪੇਟ ਸਾਫ ਕਰਵਾਉਣ ਦੀ ਗੱਲ ਪੱਕੀ ਕਰ ਲੈਣਗੀਆਂ। ਇੱਥੇ ਮੇਰਾ ਦਮ ਘੁਟ ਰਿਹਾ ਏ...ਮੈਨੂੰ ਇੱਥੋਂ ਲੈ ਚੱਲੋ...”
ਟੋਪੀ ਤੇ ਇੱਫ਼ਨ ਦੋਵੇਂ ਉਸਦੇ ਮੂੰਹ ਵੱਲ ਦੇਖਦੇ ਰਹਿ ਗਏ ਤੇ ਸਕੀਨਾ ਹੁਭਕੀਂ ਰੋਣ ਲੱਗ ਪਈ।
“ਇਸੇ ਲਈ ਤਾਂ ਕਹਿ ਰਿਹਾਂ, ਰੱਖੜੀ ਬੰਨ੍ਹ ਦੇਓ...”
“ਕਿਉਂ ਬੰਨ੍ਹ ਦਿਆਂ ਰੱਖੜੀ?” ਸਕੀਨਾ ਚੀਕ ਕੇ ਬੋਲੀ। ਉਸਦੀਆਂ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਲਾਲ-ਸੁਹੀਆਂ ਹੋਈਆਂ-ਹੋਈਆਂ ਸਨ, “ਮੈਂ ਇੱਥੋਂ ਦੀਆਂ ਆਪਾਵਾਂ ਤੋਂ ਨਹੀਂ ਡਰਦੀ...ਮੈਂ ਜਿਸਨੂੰ ਰੱਖੜੀ ਬੰਨ੍ਹਦੀ ਆਂ, ਉਹ ਮਰ ਜਾਂਦਾ ਹੈ।”
“ਕੌਣ ਮਰ ਗਿਆ ਹੁਣ?” ਇੱਫ਼ਨ ਨੇ ਘਬਰਾ ਕੇ ਝੱਟ ਪੁੱਛਿਆ।
“ਕੋਈ ਨਹੀਂ।”
“ਪ੍ਰੰਤੂ...” ਟੋਪੀ ਨੇ ਮੂੰਹ ਖੋਹਲਿਆ।
“ਇਕ ਹਿੰਦੂ ਮਰ ਗਿਆ।”
ਸਕੀਨਾ ਪਾਗਲਾਂ ਵਾਂਗ ਰੋਣ ਲੱਗ ਪਈ। ਇੱਫ਼ਨ ਉਸਦੇ ਸਿਰਹਾਣੇ ਬੈਠ ਕੇ ਉਸਦੇ ਵਾਲਾਂ ਉੱਤੇ ਹੱਥ ਫੇਰਨ ਲੱਗ ਪਿਆ। ਟੋਪੀ ਨੇ ਕਮਰੇ ਵਿਚ ਆਪਣੇ ਆਪ ਨੂੰ ਬਿਲਕੁਲ ਫਾਲਤੂ ਮਹਿਸੂਸ ਕੀਤਾ। ਉਹ ਸਕੀਨਾ ਨੂੰ ਛੂਹ ਵੀ ਨਹੀਂ ਸੀ ਸਕਦਾ। ਉਹ ਜਿੱਥੇ ਸੀ, ਉੱਥੇ ਹੀ ਖੜ੍ਹਾ ਵੀ ਨਹੀਂ ਸੀ ਰਹਿ ਸਕਦਾ। ਉਸਨੇ ਡਰੈਸਿੰਗ ਟੇਬਲ ਉਪਰ ਪਈਆਂ ਚੀਜ਼ਾਂ ਨੂੰ ਇਕ ਕਤਾਰ ਵਿਚ ਲਾਉਣਾ ਸ਼ੁਰੂ ਕਰ ਦਿੱਤਾ। ਇਹ ਕੰਮ ਮਿੰਟ ਕੁ ਵਿਚ ਹੀ ਮੁੱਕ ਗਿਆ। ਸਕੀਨਾ ਅਜੇ ਤੀਕ ਰੋ ਰਹੀ ਸੀ। ਇੱਫ਼ਨ ਉਸਦੇ ਵਾਲ ਸੰਵਾਰ ਰਿਹਾ ਸੀ। ਟੋਪੀ ਉਹਨਾਂ ਨੂੰ ਕਮਰੇ ਵਿਚ ਛੱਡ ਕੇ ਬਾਹਰ ਨਿੱਕਲ ਆਇਆ। ਸ਼ਬਨਮ ਇਕ ਪਲੰਘ ਉੱਤੇ ਪਈ ਗੁਣਗੁਣਾ ਰਹੀ ਸੀ¸
“ਜੈਕ ਐਂਡ ਜਿੱਲ
ਵੈਂਟ ਅੱਪ ਦ ਹਿੱਲ...”
ਟੋਪੀ, ਜੈਕ ਦੇ ਕਿੱਸੇ ਵਿਚ ਉਲਝਣਾ ਨਹੀਂ ਸੀ ਚਾਹੁੰਦਾ...ਨਹੀਂ ਤਾਂ ਹਮੇਸ਼ਾ ਵਾਂਗ ਇਹ ਕਹਿੰਦਾ ਕਿ 'ਆਖ਼ਰ ਉਸ ਜੈਕ ਨੂੰ ਪਹਾੜ ਉੱਤੇ ਚੜ੍ਹ ਦੀ ਕੀ ਲੋੜ ਪੈ ਗਈ ਸੀ?' ਤੇ ਇਹ ਸੁਣ ਕੇ ਸ਼ਬਨਮ ਲੜ ਪੈਂਦੀ ਤੇ ਟਾਈਮ ਪਾਸ ਹੋ ਜਾਂਦਾ।
“ਕੌਣ ਮਰ ਗਿਆ...?” ਜਿਵੇਂ ਜੈਕ ਐਂਡ ਜਿਲ ਨੇ ਵੀ ਪੁੱਛਿਆ ਹੋਵੇ; ਪਰ ਟੋਪੀ ਨੇ ਜਵਾਬ ਨਹੀਂ ਦਿੱਤਾ। ਉਹ ਬੜਾ ਉਦਾਸ ਸੀ। ਉਹ ਜਾਣਦਾ ਸੀ ਕਿ ਸਕੀਨਾ ਦੀ ਨਫ਼ਰਤ ਝੂਠੀ ਹੈ...ਇਸ ਲਈ ਉਸਨੂੰ ਇਸ ਗੱਲ ਦਾ ਦੁੱਖ ਨਹੀਂ ਸੀ ਕਿ ਸਕੀਨਾ ਉਸਦੇ ਰੱਖੜੀ ਬੰਨ੍ਹਣ ਤੋਂ ਇਨਕਾਰ ਕਰ ਦੇਂਦੀ ਸੀ ਦੁੱਖ ਤਾਂ ਉਸਨੂੰ ਇਸ ਗੱਲ ਦਾ ਸੀ ਕਿ ਸਕੀਨਾ ਰੋ ਰਹੀ ਸੀ।
    ੦੦੦
ਬਹਾਦੁਰ ਪਾਨ ਵਾਲੇ ਦੀ ਦੁਕਾਨ ਉੱਤੇ ਹਮੇਸ਼ਾ ਵਾਂਗ ਭੀੜ ਸੀ। ਪਾਨ ਸਿਗਰੇਟ ਤੋਂ ਬਿਨਾਂ ਬਾਜ਼ਾਰ ਵਿਚ ਕੋਈ ਹੋਰ ਅਜਿਹੀ ਚੀਜ਼ ਰਹੀ ਵੀ ਤਾਂ ਨਹੀਂ ਸੀ ਜਿਸਨੂੰ ਸਾਰੇ ਲੋਕ ਖਰੀਦ ਸਕਣ। ਬਾਕੀ ਸਾਰਾ ਬਾਜ਼ਾਰ ਉਂਘ ਰਿਹਾ ਸੀ। 'ਟੀ ਕਾਰਨਰ' ਤੇ 'ਕੋਜ਼ੀ ਕਾਰਨਰ' ਵਿਚ ਕੁਝ ਮੁੰਡੇ ਰੇਡੀਓ ਸੀਲੋਨ ਦਾ ਪ੍ਰੋਗਰਾਮ ਸੁਣ ਰਹੇ ਸਨ। ਲਾਲੇ ਦੀ ਦੁਕਾਨ ਉਤਲੇ 'ਤਸਵੀਰ ਮਹਿਲ' ਦੇ ਪੋਸਟਰ ਉਦਾਸ-ਉਦਾਸ ਦਿਖਾਈ ਦੇ ਰਹੇ ਸਨ। ਅਮੀਨ ਹਮੇਸ਼ਾ ਵਾਂਗ ਕਿਸੇ ਮੁੰਡੇ ਦੀ ਹਜਾਮਤ ਕਰ ਰਿਹਾ ਸੀ ਤੇ ਸ਼ਾਇਦ ਉਸਨੂੰ ਇਹ ਦੱਸ ਰਿਹਾ ਸੀ ਕਿ 'ਸਦਰ ਅਯੂਬ ਨੂੰ ਹਜਾਮਤ ਕਰਵਾਉਣ ਦਾ ਕਿੰਨਾ ਸ਼ੌਕ ਹੁੰਦਾ ਸੀ; ਤੇ ਨਵਾਬਜਾਦਾ ਲਿਆਕਤ ਅਲੀ ਖ਼ਾਂ ਨੇ ਚਾਰ ਦਿਨ ਸ਼ੇਵ ਨਹੀਂ ਸੀ ਕਰਵਾਈ ਕਿਉਂਕਿ ਉਹ ਕਿਸੇ ਦੀ ਸ਼ਾਦੀ ਵਿਚ ਗਿਆ ਹੋਇਆ ਸੀ...ਕਿਆ ਜ਼ਮਾਨਾ ਸੀ ਉਹ'...
ਸਭ ਕੁਝ ਓਵੇਂ ਹੀ ਸੀ¸ ਡਾਕਟਰ ਨੁਰੂਲਹਸਨ ਦੇ ਫਾਟਕ ਸਾਹਮਣੇ ਲੱਗਿਆ 'ਰਾਈਡਿੰਗ-ਕਲੱਬ' ਦਾ ਬੋਰਡ, ਬੇ-ਫਿਕਰਿਆਂ ਵਾਂਗ ਖੜ੍ਹਾ, ਯੱਕਿਆਂ, ਟਾਂਗਿਆਂ ਦੇ ਘੋੜਿਆਂ ਦੀ ਲਿੱਦ ਦੀ ਬੂ ਸੁੰਘ ਰਿਹਾ ਸੀ। ਇਕ ਮੋਚੀ ਸਿਰ ਝੁਕਾਈ ਬੈਠਾ ਇਕ ਚੱਪਲ ਦੀ ਪੁਰਾਣੀ ਟਾਕੀ ਉੱਤੇ ਨਵੀਂ ਟਾਕੀ ਲਾ ਰਿਹਾ ਸੀ।
ਸਭ ਕੁਝ ਓਵੇਂ ਹੀ ਸੀ।
ਟੋਪੀ ਦੇ ਨੇੜਿਓਂ ਕੁਝ ਮੁੰਡੇ ਕਿਸੇ ਕੁੜੀ ਦੀਆਂ ਗੱਲਾਂ ਕਰਦੇ ਹੋਏ ਲੰਘੇ। ਫੇਰ ਇਕ ਮੁੰਡੇ ਉੱਤੇ ਕੁਝ ਮੁੰਡਿਆਂ ਨੇ ਵਿਅੰਗ ਵਾਕਾਂ ਦੀ ਵਾਛੜ ਕਰ ਦਿੱਤੀ। ਉਹ ਮੁੰਡਾ ਨੀਵੀਂ ਪਾ ਕੇ ਲੰਘ ਗਿਆ।
'ਰਹਿਮਤ ਕੈਫ਼ੇ' ਦੇ ਸਾਹਮਣੇ ਕੁਝ ਮੁੰਡਿਆਂ ਵਿਚਕਾਰ ਠਣ ਗਈ। ਚਾਕੂ ਨਿਕਲ ਆਏ। ਇਕ ਥਾਈ-ਮੁੰਡੇ ਨੇ ਇਕ ਮੁੰਡੇ ਦੇ ਨੱਕ ਉੱਤੇ ਮਾਰੀ। ਪ੍ਰਾਕਟੋਰੀਅਲ ਬੁਲ ਨੇ ਉਸ ਥਾਈ-ਮੁੰਡੇ ਨੂੰ ਕੁਝ ਨਹੀਂ ਕਿਹਾ ਤੇ ਜਖ਼ਮੀ ਮੁੰਡੇ ਦਾ ਨਾਂ ਪਤਾ ਨੋਟ ਕਰ ਲਿਆ।
ਇਕ ਟਰੱਕ ਰਾਹ ਜਾਂਦੀ ਕਮਲੀ ਕੁੜੀ ਨੂੰ ਦੜਦਾ ਹੋਇਆ ਦੌੜ ਗਿਆ।
ਆਲ ਇੰਡੀਆ ਰੇਡੀਓ ਤੋਂ ਖ਼ਬਰਾਂ ਆਉਣ ਲੱਗ ਪਈਆਂ।
“ਕਿਉਂ ਬਈ, ਪਿਓ ਨੇ ਕੱਢ ਦਿਤੈ ਫੇਰ?” ਕਿਸੇ ਨੇ ਟੋਪੀ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ।
“ਹਾਂ।” ਟੋਪੀ ਨੇ ਜਵਾਬ ਦਿੱਤਾ।
ਪੁੱਛਣ ਵਾਲਾ ਇਕ ਸੀਨੀਅਰ ਦਾਦਾ ਸੀ।
“ਕਦੀ ਸਾਨੂੰ ਵੀ ਮਿਲਵਾ ਦੇ ਆਪਣੀ ਸਕੀਨਾ ਨਾਲ...”
ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਨੇ ਸਕੀਨਾ ਦਾ ਨਾਂ ਉਸਦੇ ਸਾਹਮਣੇ ਏਨੀ ਬੇਦਰਦੀ ਨਾਲ ਲਿਆ ਸੀ। ਉਹਦਾ ਅੰਦਰ-ਬਾਹਰ ਸੜ-ਭੁੱਜ ਗਿਆ।
ਨੇੜਿਓਂ ਲੰਘ ਰਹੇ ਮੁੰਡੇ ਖਿੜ-ਖਿੜ ਕਰਕੇ ਹੱਸ ਪਏ। ਉਹਨਾਂ ਉਸ ਦਾਦੇ ਦੀ ਗੱਲ ਨਹੀਂ ਸੀ ਸੁਣੀ¸ ਉਹ ਤਾਂ ਆਪਣੀ ਹੀ ਕਿਸੇ ਗੱਲ ਉੱਤੇ ਹੱਸੇ ਸਨ। ਫੇਰ ਸਾਰਾ ਬਾਜ਼ਾਰ ਹੱਸਣ ਲੱਗਿਆ; ਸਿਨੇਮੇ ਦੇ ਪੋਸਟਰ ਤੇ 'ਰਾਈਡਿੰਗ-ਕਲੱਬ' ਦੇ ਬੋਰਡ ਵੀ ਠਹਾਕੇ ਲਾਉਂਦੇ ਜਾਪੇ।
“ਸ਼ਟ ਅੱਪ!” ਟੋਪੀ ਨੇ ਕਿਹਾ।
ਸਾਰੇ ਠਹਾਕੇ ਬੰਦ ਹੋ ਗਏ।
ਪੂਰੀ ਸ਼ਮਸ਼ਾਦ ਮਾਰਕੀਟ ਦਾ ਸਾਹ ਰੁਕ ਗਿਆ। ਚਿਹਰੇ ਲੱਥ ਗਏ। ਬਹਾਦੁਰ ਜਲਦੀ-ਜਲਦੀ ਪਾਨ ਲਾਉਣ ਲੱਗ ਪਿਆ। ਸੱਯਦ ਹਬੀਬ ਇਕ ਗਾਹਕ ਨਾਲ ਗੱਲਾਂ ਕਰਨ ਲੱਗ ਪਿਆ। ਇੱਧਰ-ਉਧਰ ਭੌਂ ਰਹੇ ਮੁੰਡੇ ਚਾਹ-ਖਾਨਿਆਂ ਵਿਚ ਜਾ ਵੜੇ। ਟੋਪੀ ਦਾ ਸੰਘ ਸੁੱਕ ਗਿਆ ਤੇ ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਨ ਲੱਗਾ।
“ਸ਼ਟ ਅੱਪ!” ਦਾਦੇ ਨੇ ਦੁਹਰਾਇਆ। ਉਹ ਹੈਰਾਨ ਸੀ ਕਿ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕੋਈ 'ਸ਼ਟ ਅੱਪ' ਕਿੰਜ ਕਹਿ ਸਕਦਾ ਹੈ! ਭਰੇ ਬਾਜ਼ਾਰ ਵਿਚ ਜਿਵੇਂ ਨੰਗਾ ਹੋ ਗਿਆ ਸੀ ਉਹ...'ਸ਼ਟ ਅੱਪ !' ਉਹ ਫੇਰ ਬੜਬੜਾਇਆ।
ਟੋਪੀ ਆਪਣੀ ਥਾਵੇਂ ਖੜ੍ਹਾ ਰਿਹਾ।
'ਇਹ ਭੱਜਦਾ ਕਿਉਂ ਨਹੀਂ...?' ਦਾਦੇ ਨੇ ਆਪਣੇ ਆਪ ਨੂੰ ਸਵਾਲ ਕੀਤਾ।
ਉਸ ਪਿੱਛੋਂ ਜੋ ਕੁਝ ਹੋਇਆ ਉਸਨੂੰ ਵਧਾ-ਚੜ੍ਹਾ ਕੇ ਬਿਆਨ ਕਰਨ ਦੀ ਲੋੜ ਨਹੀਂ। ਏਨਾ ਜਾਣ ਲੈਣਾ ਕਾਫੀ ਹੈ ਕਿ ਜਦੋਂ ਟੋਪੀ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਵਿਚ ਸੀ। ਉਸਦੇ ਸਰੀਰ ਉਤੇ ਚਾਕੂ ਦੇ ਕਈ ਨਿਸ਼ਾਨ ਸਨ ਤੇ ਡਾਕਟਰ ਸਾਹਬ ਨੂੰ ਸ਼ਮਸ਼ਾਦ ਮਾਰਕੀਟ ਵਿਚ ਕੋਈ ਗਵਾਹ ਨਹੀਂ ਸੀ ਮਿਲ ਰਿਹਾ; ਕੋਈ ਵਾਰ ਕਰਨ ਵਾਲੇ ਨੂੰ ਪਛਾਣਦਾ ਹੀ ਨਹੀਂ ਸੀ।
ਕਠਪੁਲੇ ਦੇ ਪਾਰ ਜਲਸੇ ਹੋਣ ਲੱਗ ਪਏ। ਕਾਲਜਾਂ ਵਿਚ ਹੜਤਾਲ ਹੋ ਗਈ। ਬਾਜ਼ਾਰ ਬੰਦ ਹੋ ਗਏ, ਘੁਸਰ-ਮੁਸਰ ਸ਼ੁਰੂ ਹੋ ਗਈ। ਲੋਕ ਜਲਦੀ-ਜਲਦੀ ਘਰਾਂ ਨੂੰ ਜਾਣ ਲੱਗ ਪਏ...
ਦੰਗਾ ਹੋ ਗਿਆ। ਫੇਰ ਦੰਗੇ ਸਾਰੀ ਪੱਛਮੀ ਯੂ.ਪੀ. ਵਿਚ ਸ਼ੁਰੂ ਹੋ ਗਏ। ਮੇਰਠ, ਸ਼ਾਹਜਹਾਂ ਪੁਰ, ਬਰੇਲੀ, ਹਾਥਰਸ, ਖ਼ੁਰਜਾ... ਲਾਸ਼ਾਂ, ਲਾਸ਼ਾਂ, ਲਾਸ਼ਾਂ।
ਲਾਸ਼ !
ਇਹ ਸ਼ਬਦ ਕਿੰਨਾ ਘਿਣਾਉਣਾ ਹੈ! ਆਦਮੀ ਆਪਣੀ ਮੌਤ, ਆਪਣੇ ਘਰ ਵਿਚ, ਆਪਣੇ ਬਾਲ-ਬੱਚਿਆਂ ਦੇ ਸਾਹਮਣੇ ਮਰੇ...ਤਦ ਵੀ ਬਿਨਾਂ ਆਤਮਾ ਦੇ ਉਸਦੇ ਸਰੀਰ ਨੂੰ ਲਾਸ਼ ਕਿਹਾ ਜਾਂਦਾ ਹੈ ਤੇ ਜੇ...ਆਦਮੀ ਸੜਕ ਉੱਤੇ ਕਿਸੇ ਦੰਗਾਕਾਰੀ ਦੇ ਹੱਥੋਂ ਮਾਰਿਆ ਜਾਵੇ ਤਾਂ ਵੀ ਉਸਦੇ ਸਰੀਰ ਨੂੰ ਲਾਸ਼ ਹੀ ਕਹਿੰਦੇ ਨੇ। ਭਾਸ਼ਾ ਕਿੰਨੀ ਗਰੀਬ ਹੈ; ਸ਼ਬਦਾਂ ਦਾ ਕਿੱਡਾ ਕਾਲ ਪਿਆ ਜਾਪਦਾ ਹੈ! ਕਿੱਡੀ ਸ਼ਰਮ ਦੀ ਗੱਲ ਹੈ ਕਿ ਅਸੀਂ ਘਰੇ ਮਰ ਜਾਣ ਵਾਲੇ ਤੇ ਦੰਗਿਆਂ ਵਿਚ ਮਾਰੇ ਜਾਣ ਵਾਲੇ ਵਿਚ ਫ਼ਰਕ ਨਹੀਂ ਕਰ ਸਕਦੇ! ਹਾਲਾਂਕਿ ਘਰੇ ਸਿਰਫ ਇਕ ਬੰਦੇ ਦੀ ਮੌਤ ਹੋਈ ਹੁੰਦੀ ਹੈ ਤੇ ਦੰਗਾਕਾਰੀਆਂ ਦੇ ਹੱਥੋਂ ਇਕ ਪ੍ਰੰਪਰਾ ਜਾਂ ਇਕ ਸਭਿਅਤਾ ਜਾਂ ਇਕ ਇਤਿਹਾਸ ਦੀ ਮੌਤ ਹੁੰਦੀ ਹੈ। ਕਬੀਰ ਦੇ ਰਾਮ ਦੀ ਬਹੁਰੀਆ ਮਰਦੀ ਹੈ; ਜਾਯਸੀ ਦੀ ਪਦਮਾਵਤੀ ਮਰਦੀ ਹੈ; ਕੁਤੁਬਨ ਦੀ ਮਿਰਗਾਵਤੀ ਮਰਦੀ ਹੈ; ਸੂਰ ਦੀ ਰਾਧਾ ਮਰਦੀ ਹੈ; ਵਾਰਿਸ ਦੀ ਹੀਰ ਮਰਦੀ ਹੈ...ਤੁਲਸੀ ਦੇ ਰਾਮ ਮਰਦੇ ਨੇ; ਅਨੀਸ ਦੇ ਹੁਸੈਨ ਮਰਦੇ ਨੇ। ਕੋਈ ਲਾਸ਼ਾਂ ਦੇ ਢੇਰ ਨੂੰ ਨਹੀਂ ਦੇਖਦਾ। ਅਸੀਂ ਲਾਸ਼ਾਂ ਗਿਣਦੇ ਹਾਂ, ਅੰਕੜੇ ਸਮੇਟਨ ਲੱਗਦੇ ਹਾਂ¸ ਸੱਤ ਆਦਮੀ ਮਰੇ; ਚੌਦਾਂ ਦੁਕਾਨਾ ਲੁੱਟੀਆਂ ਗਈਆਂ; ਦਸ ਘਰਾਂ ਨੂੰ ਅੱਗ ਲਾ ਦਿੱਤੀ ਗਈ...ਜਿਵੇਂ ਘਰ, ਦੁਕਾਨਾ ਤੇ ਆਦਮੀ ਸਿਰਫ ਸ਼ਬਦ ਹੋਣ ਜਿਹਨਾਂ ਨੂੰ ਸ਼ਬਦਕੋਸ਼ ਵਿਚੋਂ ਕੱਢ ਕੇ ਵਾਯੂਮੰਡਲ ਵਿਚ ਮੰਡਲਾਉਂਦੇ ਰਹਿਣ ਲਈ ਖਿਲਾਰ ਦਿੱਤਾ ਗਿਆ ਹੋਵੇ!...
ਹੁਣ ਤੁਸੀਂ ਇਹ ਨਾ ਸੋਚਣ ਲੱਗ ਪੈਣਾ ਕਿ ਕਹਾਣੀਕਾਰ ਭਾਸ਼ਣ ਕਿਉਂ ਦੇਣ ਲੱਗ ਪਿਆ ਹੈ? ਮੁਆਫ਼ ਕਰਨਾ, ਮੈਂ ਕੋਈ ਲੀਡਰ ਨਹੀਂ ਹਾਂ। ਉਂਜ ਹੀ ਮੇਰੇ ਕੋਲ ਕਰਨ ਲਈ ਏਨੀਆਂ ਗੱਲਾਂ ਨੇ ਕਿ ਮੈਨੂੰ ਕੋਈ ਭਾਸ਼ਣ ਦੇਣ ਦੀ ਲੋੜ ਨਹੀਂ। ਇਹ ਸਾਰੀਆਂ ਗੱਲਾਂ ਟੋਪੀ ਨੇ ਕਹੀਆਂ ਸਨ ਤੇ ਇਵੇਂ ਹੀ ਕਹੀਆਂ ਸਨ...ਇਹ ਗੱਲਾਂ ਕਹਿੰਦਿਆਂ ਹੋਇਆਂ ਉਸ ਤੋਂ ਉਚਾਰਨ ਦੀ ਵੀ ਕੋਈ ਗ਼ਲਤੀ ਨਹੀਂ ਸੀ ਹੋਈ।
ਅਖ਼ਬਾਰ, ਰੇਡੀਓ, ਨੇਤਾ, ਸਾਰੇ ਹਿੰਦੂ ਤੇ ਸਾਰੇ ਮੁਸਲਮਾਨ ਇਹਨਾਂ ਦੰਗਿਆਂ ਬਾਰੇ ਬੋਲਨ ਲੱਗ ਪਏ। ਸਾਰੇ ਇਹ ਭੁੱਲ ਗਏ ਕਿ ਇਕ ਟੋਪੀ ਵੀ ਹੈ ਜਿਹੜਾ ਹਸਪਤਾਲ ਵਿਚ ਪਿਆ ਸ਼ਾਇਦ ਮਰ ਰਿਹਾ ਹੈ। ਬਸ ਸਕੀਨਾ ਨੇ ਉਸਨੂੰ ਯਾਦ ਰੱਖਿਆ। ਉਹ ਰੋਜ਼ ਹਸਪਤਾਲ ਜਾਂਦੀ...ਸਾਰੇ ਮਰੀਜ਼, ਸਾਰੇ ਡਾਕਟਰ, ਕੰਪਾਉਂਡਰ, ਸਫ਼ਾਈ ਸੇਵਕ, ਰਿਕਸ਼ੇਵਾਲੇ, ਪ੍ਰੋਫ਼ੈਸਰ, ਰੀਡਰ, ਉਹਨਾਂ ਦੀਆਂ ਬੇਗ਼ਮਾਂ ਤੇ ਧਰਮ-ਪਤਨੀਆਂ, ਉਸਨੂੰ ਹੈਰਾਨੀ ਨਾਲ ਦੇਖਦੀਆਂ¸ ਉਹ ਸਿਰ ਉੱਚਾ ਕਰਕੇ ਜਾਂਦੀ, ਸਿਰ ਉੱਚਾ ਕਰਕੇ ਬੈਠੀ ਰਹਿੰਦੀ ਤੇ ਸਿਰ ਉੱਚਾ ਕਰਕੇ ਪਰਤ ਆਉਂਦੀ।
ਟੋਪੀ ਸਿਰਫ ਇਸੇ ਸਵਾਲ ਉੱਤੇ ਭਾਸ਼ਣ ਦਿੰਦਾ ਰਹਿੰਦਾ। ਸ਼ਬਨਮ ਅੱਕ ਕੇ ਬਾਹਰ ਲਾਨ ਵਿਚ ਚਲੀ ਜਾਂਦੀ, ਵਾਪਸ ਆਉਂਦੀ ਤਾਂ ਦੇਖਦੀ ਕਿ ਭਾਸ਼ਣ ਅਜੇ ਜਾਰੀ ਹੈ¸
“ਤੁਸੀਂ ਇਹ ਕਿਉਂ ਨਹੀਂ ਸਮਝਦੇ ਪਏ ਕਿ ਦੰਗਾ ਲੋਕਲਾਈਜ਼ ਫਿਨੋਮਿਨਾ ਹੈ। ਜਦੋਂ ਜਮਸ਼ੇਦ ਪੁਰ ਵਿਚ ਦੰਗੇ ਹੋ ਰਹੇ ਸਨ ਤਾਂ ਅਲੀਗੜ੍ਹ ਵਿਚ ਅਸੀਂ ਤੁਸੀਂ ਆਰਾਮ ਨਾਲ ਨਹੀਂ ਸੌਂਦੇ ਹੁੰਦੇ ਸਾਂ?”
“ਮੇਰੀ ਗੱਲ ਛੱਡ।” ਸਕੀਨਾ ਨੇ ਕਿਹਾ, “ਮੈਨੂੰ ਤਾਂ ਉਂਜ ਵੀ ਨੀਂਦ ਨਹੀਂ ਆਉਂਦੀ।”
“ਕਿਉਂ...”
“ਰੱਖੜੀਆਂ ਸੱਪ ਬਣ ਕੇ ਮੇਰੇ ਸਰੀਰ ਉੱਤੇ ਰੀਂਘਣ ਲੱਗ ਪੈਂਦੀਆਂ ਨੇ।”
“ਰੱਖੜੀਆਂ...”
“ਹਾਂ।”
“ਤੁਸੀਂ ਪਾਗਲ ਹੋ ਗਏ ਓ।” ਟੋਪੀ ਹੱਸ ਪਿਆ।
“ਹੱਸ ਨਾ...ਡਾਕਟਰ ਨੇ ਹੱਸਣ ਤੋਂ ਮਨ੍ਹਾਂ ਕੀਤਾ ਏ।”
“ਹੱਦ ਹੋ ਗਈ...ਡਾਕਟਰ ਲੋਕ ਹੱਸਣ ਉੱਤੇ ਵੀ ਰੋਕ ਲਾਉਣ ਲੱਗ ਪਏ ਨੇ! ਆਪਣੇ ਦੇਸ਼ ਵਿਚ ਹੱਸਣ ਦਾ ਮੌਕੇ ਹੀ ਕਦੋਂ ਮਿਲਦਾ ਏ...?”
“ਤੁਸੀਂ ਲੋਕ ਹਰ ਗੱਲ ਨੂੰ ਪੋਲਿਟੀਕਲ ਕਿਉਂ ਬਣਾ ਦਿੰਦੇ ਓ?”
“ਕਿਉਂਕਿ ਸਾਨੂੰ ਨਾਅਰੇ ਲਾਉਣ ਤੇ ਭਾਸ਼ਣ ਦੇਣ ਵਿਚ ਮਜ਼ਾ ਆਉਂਦਾ ਐ।”
“ਇੱਫ਼ਨ ਨੇ ਦਾੜ੍ਹੀ ਕਟਵਾ ਦਿੱਤੀ ਏ।”
“ਕੀ...! ਕਦੋਂ ਤੇ ਕਿਉਂ??...ਤੇ ਫੇਰ ਕਦੋਂ ਰੱਖ ਰਹੇ ਨੇ?”
“ਪਤਾ ਨਹੀਂ।”
ਇਹ ਗੱਲ ਇੱਫ਼ਨ ਨੂੰ ਵੀ ਨਹੀਂ ਸੀ ਪਤਾ ਕਿ ਉਸਨੇ ਦਾੜ੍ਹੀ ਰੱਖੀ ਕਿਉਂ ਸੀ ਤੇ ਜੇ ਰੱਖੀ ਹੀ ਸੀ ਤਾਂ ਕਟਵਾ ਕਿਉਂ ਦਿੱਤੀ ਸੀ? ਜਦੋਂ ਦੰਗੇ ਸ਼ੁਰੂ ਹੋ ਗਏ ਸਨ, ਉਹ ਬੜਾ ਉਦਾਸ ਨਜ਼ਰ ਆਉਣ ਲੱਗ ਪਿਆ ਸੀ; ਫੇਰ ਇਕ ਦਿਨ ਸਕੀਨਾ ਨੇ ਦੇਖਿਆ ਕਿ ਉਹ ਕਲੀਨ ਸ਼ੇਵ ਹੈ ਤੇ ਬਾਜ਼ਾਰੋਂ ਸ਼ੈਵਿੰਗ ਸੈੱਟ ਖ਼ਰੀਦ ਲਿਆਇਆ ਹੈ ਪਰ ਸਕੀਨਾ ਨੇ ਕੋਈ ਸਵਾਲ ਨਹੀਂ ਸੀ ਕੀਤਾ।
“ਬਈ ਸਾਨੂੰ ਵੀ ਦਰਸ਼ਨ ਕਰਵਾਓ ਉਸ ਦਾੜ੍ਹੀ-ਮੰਨੇ ਚੰਨ ਦੇ...”
“ਉਹ ਦਿੱਲੀ ਚਲੇ ਗਏ ਨੇ।”
“ਕਿਉਂ?”
“ਇੱਥੋਂ ਰਿਜ਼ਾਇਨ ਕਰ ਦਿੱਤਾ ਏ।”
“ਭਾਈ ਸ਼੍ਰੀ ਨੂੰ ਮੈਂ ਏਨਾ ਡਰਪੋਕ ਨਹੀਂ ਸੀ ਸਮਝਦਾ।” ਟੋਪੀ ਰੋ ਪਿਆ, “ਉਹ ਮੈਨੂੰ ਛੱਡ ਕੇ, ਦੱਸੇ ਬਿਨਾਂ ਹੀ ਦਿੱਲੀ ਚਲੇ ਗਏ...”
“ਇੱਥੇ ਰਹਿਣਾ ਹੁਣ ਇਮਪਾਸੀਬਲ (ਅਸੰਭਵ) ਹੋ ਗਿਆ ਏ ਟੋਪੀ।”
“ਕਿਉਂ?”
“ਸਭ ਕੁਝ ਜਾਣ ਕੇ ਅਣਜਾਣ ਨਾ ਬਣ...”
“ਤਾਂ ਫੇਰ ਤੁਸੀਂ ਇੱਥੇ ਕਿਉਂ ਆਉਂਦੇ ਓ?”
“ਤੂੰ ਕਹਿਣਾ ਏਂ ਤਾਂ ਨਹੀਂ ਆਇਆ ਕਰਾਂਗੀ...”
ਕਹਿ ਕੇ ਉਹ ਏਨੀ ਤੇਜ਼ੀ ਨਾਲ ਬਾਹਰ ਨਿਕਲ ਗਈ ਸੀ ਕਿ ਟੋਪੀ ਕੁਝ ਕਹਿ ਹੀ ਨਹੀਂ ਸੀ ਸਕਿਆ...ਉਹ ਬੱਚਿਆਂ ਵਾਂਗ ਸਿਰਹਾਣੇ ਵਿਚ ਮੂੰਹ ਗੱਡ ਕੇ ਰੋਣ ਲੱਗ ਪਿਆ।
ਉਹ ਸਕੀਨਾ ਤੇ ਇੱਫ਼ਨ ਨਾਲ ਰੁੱਸ ਗਿਆ ਸੀ...ਇਸ ਲਈ ਜਦੋਂ ਸਕੀਨਾ ਸ਼ਾਮ ਨੂੰ ਫੇਰ ਆਈ ਤਾਂ ਉਹ, ਉਸ ਨਾਲ ਨਹੀਂ ਬੋਲਿਆ; ਸਕੀਨਾ ਵੀ ਉਸ ਨਾਲ ਨਹੀਂ ਬੋਲੀ।
“ਹੁਣ ਕਿਉਂ ਆਏ ਓ?” ਉਸਨੇ ਹਿਰਖ ਕੇ ਪੁੱਛਿਆ, “ਗਏ ਤਾਂ ਬੜੇ ਆਕੜ ਕੇ ਸੀ...”
“ਮੈਂ ਕੋਈ ਲੌਂਡੀ (ਦਾਸੀ) ਨਹੀਂ ਬਈ ਤੇਰੇ ਹੁਕਮ ਨਾਲ ਆਇਆ-ਜਾਇਆ ਕਰਾਂ...” ਸਕੀਨਾ ਵੀ ਹਿਰਖ ਗਈ। “ਤੂੰ ਆਪਣੇ ਆਪ ਨੂੰ ਸਮਝਦਾ ਕੀ ਏਂ? ਤੈਨੂੰ ਇਹ ਹੱਕ ਕਿਸ ਨੇ ਦਿੱਤੈ ਕਿ ਤੂੰ ਮੈਨੂੰ ਅਜਿਹੇ ਸਵਾਲ ਕਰੇਂ? ਆਪਣੇ ਆਪ 'ਚ ਰਿਹਾ ਕਰ ਤਾਂਕਿ ਦਿਮਾਗ਼ ਠਿਕਾਣੇ ਸਿਰ ਰਹੇ...”
ਟੋਪੀ ਹੱਕਾ-ਬੱਕਾ ਰਹਿ ਗਿਆ।
    --- --- ---

No comments:

Post a Comment