Tuesday 15 June 2010

ਟੋਪੀ ਸ਼ੁਕਲਾ…: ਗਿਆਰ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਗਿਆਰ੍ਹਵੀਂ ਕਿਸ਼ਤ :

ਇਹ ਗੱਲ ਸਾਰੀ ਯੂਨੀਵਰਸਟੀ ਵਿਚ ਫੈਲ ਗਈ ਕਿ ਸਕੀਨਾ ਨੇ ਟੋਪੀ ਦੇ ਰੱਖੜੀ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਲੋਕਾਂ ਨੇ ਸਕੀਨਾ ਦੀ ਹਿੰਮਤ ਦੀ ਤਾਰੀਫ਼ ਕੀਤੀ ਕਿ ਉਸਨੇ ਦਿਖਾਵੇ ਵਾਸਤੇ ਟੋਪੀ ਨੂੰ ਭਰਾ ਨਹੀਂ ਬਣਾਇਆ। ਲਾਹਨਤ ਹੈ ਟੋਪੀ 'ਤੇ ਕਿ ਮਾਸ਼ੂਕਾ ਤੋਂ ਰੱਖੜੀ ਬੰਨਵਾਉਣ ਗਿਆ ਸੀ।
“ਜੇ ਇਹ ਗੱਲ ਤੁਸੀਂ ਨਹੀਂ ਦੱਸੀ ਤਾਂ ਹੋਰ ਕਿਸ ਨੇ ਦੱਸੀ ਐ?” ਟੋਪੀ ਨੇ ਸਕੀਨਾ ਨੂੰ ਕਿਹਾ, “ਇਸ ਗੱਲ ਦਾ ਹੋਰ ਕਿਸ ਨੂੰ ਪਤਾ ਸੀ...?”
“ਦੇਖ ਮੇਰੇ ਨਾਲ ਇਹ ਜੇ-ਪੇ ਨਾ ਕਰਿਆ ਕਰ। ਸਮਝਿਆ? ਗੰਵਾਰ...।”
“ਕੁਮਾਲ ਐ, ਭਾਸ਼ਾ ਪ੍ਰਤੀ ਤੁਹਾਡੀਆਂ ਸ਼ੁਭਕਾਮਨਾਵਾਂ ਖਤਮ ਹੀ ਨਹੀਂ ਹੁੰਦੀਆਂ।” ਫੇਰ ਉਹ ਧੀਮੀ ਆਵਾਜ਼ ਵਿਚ ਕਹਿਣ ਲੱਗਿਆ, “ਦੇਖੋ ਭਾਬੀ, ਇਹ ਬੜੀ ਸੀਰੀਅਸ ਗੱਲ ਐ। ਭਾਈ ਸ਼੍ਰੀ ਤੋਂ ਪੁੱਛ ਲਓ।” ਉਹ ਇੱਫ਼ਨ ਵੱਲ ਪਰਤਿਆ, “ਤੁਸੀਂ ਹੀ ਦੱਸੋ ਭਾਈ ਸ਼੍ਰੀ, ਇਸ ਯੂਨੀਵਰਸਟੀ ਵਿਚ ਪੜ੍ਹ ਕੇ ਮੈਂ ਕਿਸੇ ਹੋਰ ਯੂਨੀਵਰਸਟੀ ਦੇ ਯੋਗ ਤਾਂ ਰਿਹਾ ਨਹੀਂ। ਜੇ ਇਹ ਸਕੈਂਲ ਜਾਰੀ ਰਿਹਾ ਤਾਂ ਕੀ ਮੈਨੂੰ ਇੱਥੇ ਨੌਕਰੀ ਮਿਲੇਗੀ ਭਲਾ?”
“ਮੇਰਾ ਖ਼ਿਆਲ ਸੀ ਤੂੰ ਮੇਰੀ ਬਦਨਾਮੀ ਦੇ ਡਰੋਂ ਪ੍ਰੇਸ਼ਾਨ ਹੋ ਰਿਹੈਂ।” ਸਕੀਨਾ ਬੋਲੀ।
“ਅੱਜ ਕੱਲ੍ਹ ਨੌਕਰੀ ਦਾ ਮਹੱਤਵ ਕਿਸੇ ਦੀ ਆਬਰੂ ਨਾਲੋਂ ਘੱਟ ਨਹੀਂ।”
“ਤਾਂ ਨੌਕਰੀ ਹਾਸਿਲ ਕਰਨ ਲਈ ਤੂੰ ਮੈਨੂੰ ਬਦਨਾਮ ਵੀ ਕਰ ਸਕਦੈਂ?”
“ਜਦ ਤਾਈਂ ਤੁਹਾਡਾ ਮੀਆਂ ਤੁਹਾਡੇ 'ਤੇ ਸ਼ੱਕ ਨਹੀਂ ਕਰਦਾ, ਤਦ ਤਾਈਂ ਤੁਹਾਨੂੰ ਕੀ ਪ੍ਰੇਸ਼ਾਨੀ ਏਂ?” ਟੋਪੀ ਬੋਲਿਆ, “ਸਵਾਲ ਇਹ ਐ ਕਿ ਰੱਖੜੀ ਵਾਲੀ ਗੱਲ ਘਰੋਂ ਬਾਹਰ ਕਿੰਜ ਨਿਕਲੀ?”
ਦੂਜੇ ਦਿਨ ਇਹ ਗੱਲ ਵੀ ਘਰੋਂ ਬਾਹਰ ਨਿਕਲ ਗਈ...ਤੇ ਜਦੋਂ ਰਹਿਮਤ ਦੀ ਚਾਹ ਦੀ ਦੁਕਾਨ ਵਿਚ ਕੁਝ ਮੁੰਡਿਆਂ ਨੇ ਟੋਪੀ ਉਪਰ 'ਵਾਕਬਾਰੀ' ਸ਼ੁਰੂ ਕਰ ਦਿੱਤੀ ਤਾਂ ਟੋਪੀ ਦਾ ਦਿਮਾਗ ਭੌਂ ਗਿਆ।
“ਤੈਨੂੰ ਕਿਉਂ ਤਕਲੀਫ ਹੋ ਰਹੀ ਐ?” ਟੋਪੀ ਨੇ ਕੁਸੈਲ ਜਿਹੀ ਨਾਲ ਕਿਹਾ।
ਪੁਆੜਾ ਪੈ ਗਿਆ। ਜਿਸ ਮੁੰਡੇ ਨੂੰ ਟੋਪੀ ਨੇ ਇਹ ਗੱਲ ਆਖੀ ਸੀ, ਉਹ ਇਕ ਛੋਟਾ-ਮੋਟਾ, ਘਟੀਆ-ਜਿਹਾ, ਦਾਦਾ ਸੀ...ਉਸਨੇ ਬਾਹਾਂ ਚੜ੍ਹਾ ਲਈਆਂ।
ਟੋਪੀ ਨੂੰ ਲੜਨਾ-ਭਿੜਨਾ ਨਹੀਂ ਸੀ ਆਉਂਦਾ। ਮਾਰ ਖਾਂਦਾ ਰਿਹਾ।
ਸ਼ਹਿਰ ਦੇ ਸਮਾਚਾਰ ਪੱਤਰ ਇਸ ਖ਼ਬਰ ਨੂੰ ਲੈ ਉੱਡੇ।...ਤੇ ਯੂਨੀਵਰਸਟੀ ਵਿਚ ਇੱਫ਼ਨ ਦੀ ਕਦਰ ਘਟ ਗਈ। ਇਹ ਗੱਲ ਸਾਰੇ ਮੰਨਦੇ ਸਨ ਕਿ ਉਹ ਬੜਾ ਪੜ੍ਹਿਆ-ਲਿਖਿਆ ਤੇ ਸੁਲਝਿਆ ਹੋਇਆ ਆਦਮੀ ਹੈ। ਇਹ ਵੀ ਸਾਰੇ ਮੰਨਦੇ ਸਨ ਕਿ ਉਹ ਬੜੀ ਲਗਨ ਨਾਲ ਪੜਾਉਂਦਾ ਹੈ...ਪਰ ਜੇ ਕਿਸੇ ਟੀਚਰ ਦੀ ਬੀਵੀ ਕਿਸੇ ਸਟੂਡੈਂਟ ਨਾਲ ਫਸੀ ਹੋਈ ਹੋਏ ਤਾਂ ਉਸਦਾ ਪੜ੍ਹਿਆ-ਗੁਣਿਆਂ, ਸਭ ਬੇਕਾਰ ਹੁੰਦਾ ਹੈ। ਇਸ ਲਈ ਯੂਨੀਵਰਸਟੀ ਵਿਚ ਇਹ ਗੱਲ ਹਰ ਆਮ-ਖ਼ਾਸ ਕਹਿਣ ਲੱਗਾ ਕਿ ਉਹ ਰੀਡਰ ਨਹੀਂ ਬਣ ਸਕਦਾ। ਨਤੀਜਾ ਇਹ ਹੋਇਆ ਕਿ ਡਾਕਟਰ ਸੁਹੇਲ ਕਾਦਰੀ ਦਾ ਭਾਅ ਵਧ ਗਿਆ।
“ਇਹ ਤਾਂ ਡਾਕਟਰ ਜ਼ਰਗ਼ਾਮ ਨਾਲ, ਨਾ ਇਨਸਾਫ਼ੀ ਹੋ ਰਹੀ ਏ।” ਇਕ ਸ਼ਾਮ ਡਾਕਟਰ ਕਾਦਰੀ ਨੇ ਸਟਾਫ਼ ਕੱਲਬ ਵਿਚ ਇਕ ਬਰਿਜ ਟੇਬਲ ਉੱਤੇ ਕਿਹਾ, “ਉਹਨਾਂ ਦੀ ਜਾਤੀ ਜ਼ਿੰਦਗੀ ਨਾਲ ਯੂਨੀਵਰਸਟੀ ਨੂੰ ਕੀ ਮਤਲਬ? ਫ਼ਰਜ਼ ਕਰੋ ਕਿ ਜੋ ਕੁਝ ਕਿਹਾ ਜਾ ਰਿਹਾ ਏ ਠੀਕ ਵੀ ਹੈ ਤਾਂ ਕਿੱਥੇ ਲਿਖਿਆ ਏ ਕਿ ਕਿਸੇ ਟੀਚਰ ਦੀ ਬੀਵੀ...”
“ਫ਼ੋਰ ਨੋ ਟਰੰਪ।”
“ਨੋ।”
“ਫ਼ਾਈਵ ਕਲਬਸ।” ਡਾਕਟਰ ਕਾਦਰੀ ਖੇਡ ਵਿਚ ਰੁੱਝ ਗਏ।
ਹੁਣ ਜਦ ਕਿ ਇੱਫ਼ਨ ਦੀ ਰੀਡਰੀ ਖ਼ਤਰੇ ਵਿਚ ਪੈ ਗਈ ਸੀ, ਟੋਪੀ ਦੇ ਲੈਕਚਰਰ ਲੱਗਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸੋ ਹਿੰਦੀ ਵਿਭਾਗ ਦੇ ਅਨਵਰ ਮੁਜਤਬਾ ਜ਼ੈਦੀ ਤੇ ਰਾਮਵਿਲਾਸ 'ਬੇਖਟਕ' ਦਾ ਭਾਅ ਵਧ ਗਿਆ।
ਅਨਵਰ ਮੁਜਤਬਾ ਜ਼ੈਦੀ ਸਾਹਬ 'ਬੇਖਟਕ' ਜੀ ਦੇ ਜੁਨੀਅਰ ਸਨ...ਤੇ ਜ਼ੈਦੀ ਸਾਹਬ ਦਾ ਥੀਸਿਸ ਚੋਰੀ ਹੋ ਗਿਆ ਸੀ! ਪਰ ਉਹਨਾਂ ਦਾ ਕਹਿਣਾ ਸੀ ਕਿ ਅਲੀਗੜ੍ਹ ਯੂਨੀਵਰਸਟੀ ਕਿਉਂਕਿ ਇਕਲੌਤੀ ਮੁਸਲਿਮ ਯੂਨੀਵਰਸਟੀ ਹੈ ਇਸ ਲਈ ਜ਼ੈਦੀ ਸਾਹਬ ਦਾ ਹੱਕ ਪਹਿਲਾਂ ਬਣਦਾ ਹੈ। ਸਾਰੇ ਹਿੰਦੁਸਤਾਨ ਦੀਆਂ ਨੌਕਰੀਆਂ ਹਿੰਦੂਆਂ ਲਈ ਨੇ...ਕੀ ਇਕ ਮੁਸਲਿਮ ਯੂਨੀਵਰਸਟੀ ਵੀ ਮੁਸਲਮਾਨਾ ਦੀ ਨਹੀਂ ਹੋ ਸਕਦੀ?
ਸੁਣਿਆ ਜਾਂਦਾ ਹੈ ਕਿ ਪਹਿਲੇ ਜ਼ਮਾਨੇ ਵਿਚ ਨੌਜਵਾਨ ਮੁਲਕ ਜਿੱਤਣ, ਲੰਮੀਆਂ ਤੇ ਔਖੀਆਂ ਯਾਤਰਾਵਾਂ ਕਰਨ ਤੇ ਖ਼ਾਨਦਾਨ ਦਾ ਨਾਂ ਉੱਚਾ ਕਰਨ ਦੇ ਸੁਪਨੇ ਦੇਖਦੇ ਹੁੰਦੇ ਸਨ।...ਹੁਣ ਉਹ ਸਿਰਫ ਨੌਕਰੀ ਦਾ ਸੁਪਨਾ ਦੇਖਦੇ ਹਨ। ਨੌਕਰੀ ਹੀ ਸਾਡੇ ਯੁੱਗ ਦਾ ਸਭ ਤੋਂ ਵੱਡਾ ਐਡਵੈਂਚਰ ਹੈ! ਅੱਜ ਦੇ ਫ਼ਾਹਿਯਾਨ ਤੇ ਇਬਨੇ ਬਤੂਤਾ, ਵਾਸਕੋਡਿਗਾਮਾਂ ਤੇ ਸਕਾਟ, ਨੌਕਰੀ ਦੀ ਖੋਜ ਵਿਚ ਲੱਗੇ ਰਹਿੰਦੇ ਨੇ। ਅੱਜ ਦੇ ਈਸਾ, ਮੁਹੰਮਦ ਤੇ ਰਾਮ ਦੀ ਮੰਜ਼ਿਲ ਨੌਕਰੀ ਹੈ।
ਨੌਕਰੀ ! ਤਿੰਨ ਅਖ਼ਰਾਂ ਤੇ ਦੋ ਮਾਤਰਾ ਵਾਲਾ ਇਹ ਸ਼ਬਦ ਅੱਜ ਦੇ ਸੁਪਨਿਆਂ ਦੀ ਕਸਵੱਟੀ ਹੈ। ਜਿਹੜਾ ਇਸ ਕਸਵੱਟੀ ਉੱਤੇ ਖਰਾ ਉਤਰੇ, ਉਹੀ ਖਰਾ ਹੈ। ਨੌਕਰੀ ਨਾਲ ਹੀ ਘਰ ਤੇ ਪਰਿਵਾਰ ਰੂਪੀ ਰੁੱਖ ਦੀਆਂ ਕਰੂੰਬਲਾਂ ਫੁੱਟਦੀਆਂ ਨੇ। ਅਨਵਰ ਮੁਜਤਬਾ ਜ਼ੈਦੀ ਦੀ ਸ਼ਾਦੀ ਨੌਕਰੀ 'ਤੇ ਹੀ ਟਿਕੀ ਹੋਈ ਸੀ।
ਜ਼ੈਦੀ ਆਪਣੀ ਚਚਾਜਾਦ ਭੈਣ ਬਿਲਕੀਸ ਫ਼ਾਤਮਾ ਉੱਤੇ ਆਸ਼ਕ ਸੀ। ਬਿਲਕੀਸ ਫਾਤਮਾ ਵੀ ਉਸਦਾ ਦਮ ਭਰਦੀ ਸੀ। ਚਚਾ ਵੀ ਆਪਣੀ ਬੇਟੀ ਨੂੰ ਪਾਕਿਸਤਾਨ ਨਹੀਂ ਸੀ ਭੇਜਣਾ ਚਾਹੁੰਦੇ...ਹਾਲਾਂਕਿ ਉੱਥੋਂ ਬੜੇ ਚੰਗੇ-ਚੰਗੇ ਰਿਸ਼ਤੇ ਆ ਰਹੇ ਸਨ, ਪਰ ਮੁੱਜਨ ਮੀਆਂ (ਅਨਵਰ ਮੁਜਤਬਾ ਜ਼ੈਦੀ) ਨੂੰ ਜੇ ਨੌਕਰੀ ਨਾ ਮਿਲੀ ਤਾਂ ਫੇਰ ਮਜ਼ਬੂਰਨ ਉਹਨਾਂ ਨੂੰ ਬਿਲਕੀਸ ਦੀ ਸ਼ਾਦੀ ਪਾਕਿਸਤਾਨ ਵਿਚ ਕਰਨੀ ਪਏਗੀ।
ਪਹਿਲਾਂ ਦਿਲਾਂ ਦੇ ਵਿਚਕਾਰ ਬਾਦਸ਼ਾਹ ਖੜ੍ਹੇ ਹੁੰਦੇ ਸਨ; ਹੁਣ ਨੌਕਰੀ ਖੜ੍ਹੀ ਹੁੰਦੀ ਹੈ। ਹਰ ਚੀਜ਼ ਵਾਂਗ ਮੁਹੱਬਤ ਵੀ ਘਟੀਆ ਹੋ ਗਈ ਹੈ।
'...ਕੀ ਦੱਸਾਂ? ਹਿੰਦੂਗਰਦੀ ਕਾਰਨ ਨੱਕ ਵਿਚ ਦਮ ਆ ਗਿਆ ਹੈ। ਜੇ ਸਾਡੇ ਡਿਪਾਰਟਮੈਂਟ ਦਾ ਹੈਡ ਕੋਈ ਮੁਸਲਮਾਨ ਹੁੰਦਾ ਤਾਂ ਮੈਨੂੰ ਇਹ ਨੌਕਰੀ ਜ਼ਰੂਰ ਮਿਲ ਜਾਂਦੀ। ਪਰ ਬਿੱਲੋ ਤੂੰ ਦਿਲ ਥੋੜ੍ਹਾ ਨਾ ਕਰੀਂ, ਕਿਤੇ ਨਾ ਕਿਤੇ ਨੌਕਰੀ ਮਿਲ ਹੀ ਜਾਏਗੀ। ਹਿੰਦੁਸਤਾਨ ਦੀ ਆਜ਼ਾਦੀ ਨੇ ਬੜੀ ਗੜਬੜ ਕਰ ਦਿੱਤੀ ਹੈ...'
ਬਿਲਕੀਸ ਨੂੰ ਇਹ ਖ਼ਤ ਮਿਲਿਆ ਤਾਂ ਉਹ ਉਦਾਸ ਹੋ ਗਈ...ਕਿਉਂਕਿ ਉਸਨੇ ਕਿਤਾਬਾਂ ਵਿਚ ਇਹੀ ਪੜ੍ਹਿਆ ਸੀ ਕਿ ਲੈਲਾ ਨੂੰ ਮਜਨੂੰ ਤੇ ਸ਼ੀਰੀ ਨੂੰ ਫ਼ਰਿਹਾਦ ਨਹੀਂ ਸੀ ਮਿਲਿਆ। ਉਹ ਹਰ ਨਮਾਜ਼ ਪਿੱਛੋਂ ਦੁਆ ਮੰਗਣ ਲੱਗੀ...'ਪਾਕ ਪਰਵਰਦਿਗਾਰ ਤੂੰ ਉਸ ਹੈਡ ਮੋਏ ਦਾ ਦਿਲ ਫੇਰ ਦੇ...ਤੇਰੇ ਅਖ਼ਤਿਆਰ ਵਿਚ ਕੀ ਨਹੀਂ...'
ਪਰ ਉਸਦੀ ਆਵਾਜ਼ ਸ਼ਾਇਦ ਪਾਕ ਪਰਵਰਦਿਗਾਰ ਤੀਕ ਨਹੀਂ ਪਹੁੰਚ ਸਕੀ, ਜਾਂ ਸ਼ਾਇਦ ਪਾਕ ਪਰਵਰਦਿਗਾਰ ਨੇ ਉਸਦੀ ਦੁਆ ਦਾ ਕੋਈ ਨੋਟਿਸ ਨਹੀਂ ਸੀ ਲਿਆ...ਕਿਉਂਕਿ ਟੋਪੀ ਦੇ ਨਾਲ ਹੀ ਅਨਵਰ ਮੁਜਤਬਾ ਜ਼ੈਦੀ ਦਾ ਪੱਤਾ ਵੀ ਕੱਟ ਦਿੱਤਾ ਗਿਆ ਸੀ...ਤੇ ਬੇਖਟਕ ਜੀ ਨੂੰ ਰੱਖ ਲਿਆ ਗਿਆ ਸੀ।
ਦੂਜੇ ਪਾਸੇ ਡਾਕਟਰ ਕਾਦਰੀ ਰੀਡਰ ਬਣ ਗਏ।
ਤੀਜੇ ਪਾਸੇ ਬਿਲਕੀਸ ਲਈ ਪਾਕਿਸਤਾਨ ਦਾ ਇਕ ਰਿਸ਼ਤਾ ਮੰਜ਼ੂਰ ਕਰ ਲਿਆ ਗਿਆ।
ਜਿਹੜਾ ਮਿਲਿਆ, ਉਸਨੇ ਬੇਖਟਕ ਨੂੰ ਮੁਬਾਰਕਬਾਦ ਦਿੱਤੀ: ਕਿਸੇ ਨੇ ਉਸਨੂੰ ਇਹ ਨਹੀਂ ਪੁੱਛਿਆ ਕਿ 'ਇਹ ਕੀ ਚਮਤਕਾਰ ਹੋ ਗਿਆ ਏ ਬਈ! ਟੋਪੀ ਤਾਂ ਤੇਰੇ ਨਾਲੋਂ ਕਾਫੀ ਸੀਨੀਅਰ ਸੀ?' ਸਾਡੇ ਦੇਸ਼ ਵਿਚ ਪੜ੍ਹੇ-ਲਿਖੇ ਹੋਣ ਦਾ ਸਬੂਤ ਨੌਕਰੀ ਹੈ। ਇਸ ਲਈ ਕਿਸੇ ਨੇ ਜ਼ੈਦੀ ਸਾਹਬ ਨੂੰ ਵੀ ਇਹ ਨਹੀਂ ਸੀ ਕਿਹਾ ਕਿ 'ਮੀਆਂ ਤੂੰ ਕਿੱਥੇ ਲੱਤ ਫਸਾਅ ਰਿਹਾ ਸੈਂ! ਬੇਖਟਕ ਤੇਰੇ ਨਾਲੋਂ ਜ਼ਿਆਦਾ ਪੜ੍ਹਿਆ-ਲਿਖਿਆ ਏ।' ਹੁਣ ਯੂਨੀਵਰਸਟੀਆਂ ਵਿਚ ਪੜ੍ਹੇ-ਲਿਖੇ ਹੋਣ ਉੱਤੇ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ।
ਨੌਕਰੀ ਬੜੀ ਕਾਤਿਲ ਚੀਜ਼ ਹੁੰਦੀ ਹੈ। ਬਾਹਰੋਂ ਜਿਹੜੇ ਐਕਸਪਰਟ ਆਉਂਦੇ ਨੇ, ਉਹਨਾਂ ਨੂੰ ਆਪਣੇ ਭੱਤੇ ਦੀ ਤੇ ਵਾਪਸੀ ਲਈ ਗੱਡੀ ਫੜ੍ਹਨ ਦੀ ਚਿੰਤਾ ਹੁੰਦੀ ਹੈ। ਚੋਣ ਹੈਡ ਆਫ ਦੀ ਡਿਪਾਟਮੈਂਟ ਹੀ ਕਰਦਾ ਹੈ...ਤੇ ਉਸਦੀ ਆਪਣੀ ਪਸੰਦ ਤੇ ਨਾ-ਪਸੰਦ ਹੁੰਦੀ ਹੈ। ਉਹ ਉਸਨੂੰ ਰੱਖਦਾ ਹੈ ਜਿਸਨੂੰ ਉਹ ਪਸੰਦ ਕਰਦਾ ਹੈ ਤੇ ਕਦੀ-ਕਦੀ ਤਾਂ ਉਹ ਇੰਜ ਵੀ ਨਹੀਂ ਕਰ ਸਕਦਾ ਕਿਉਂਕਿ ਉਸ ਉੱਤੇ ਹਜ਼ਾਰ ਕਿਸਮ ਦੇ ਦਬਾਅ ਪੈ ਜਾਂਦੇ ਹਨ।
“ਹੁਣ ਮੈਂ ਇਹ ਵੀ ਨਹੀਂ ਆਖ ਸਕਦਾ ਕਿ ਹਿੰਦੂ ਹੋਣ ਕਰਕੇ ਨਹੀਂ ਰੱਖਿਆ ਗਿਆ।” ਟੋਪੀ ਨੇ ਕਿਹਾ, “ਭਾਈ ਸ਼੍ਰੀ ਮੈਨੂੰ ਤੁਹਾਡੀ ਪਤਨੀ ਦੇ ਪ੍ਰੇਮ ਨੇ ਕਿਤੋਂ ਦਾ ਨਹੀਂ ਛੱਡਿਆ।”
“ਤੇ ਮੈਨੂੰ ਤੇਰੇ ਪ੍ਰੇਮ ਨੇ ਕਿਤੋਂ ਦਾ ਨਹੀਂ ਛੱਡਿਆ।”
“ਤਾਂ ਆਓ ਇਕ ਯੂਨੀਅਨ ਆਫ 'ਡੀਫੀਟੈਡ-ਲਵਰਜ'  ਬਣਾਈਏ।”
“ਯੂਨੀਅਨ ਆਫ਼ ਡਿਫੀਟੈਡ-ਲਵਰਜ਼!” ਇੱਫ਼ਨ ਨੇ ਫੇਰ ਦੰਦ ਪੀਸੇ।
“ਓ-ਜੀ, ਛੱਡੋ ਵੀ...ਤੁਹਾਨੂੰ ਇਸ ਵੇਲੇ ਵੀ ਭਾਸ਼ਾ ਸੁਧਾਰਣ ਦੀ ਲੱਗੀ ਹੋਈ ਐ!”
ਇੱਫ਼ਨ ਹੱਸ ਪਿਆ।
“ਅਜੇ ਮੈਂ ਇਸ ਸੇਂਚੁਰੀ ਦੀ ਸਭ ਤੋਂ ਵੱਡੀ ਖ਼ਬਰ ਤਾਂ ਸੁਣਾਈ ਹੀ ਨਹੀਂ।” ਟੋਪੀ ਨੇ ਕਿਹਾ।
“ਕਿਤੇ ਕੋਈ ਹੋਰ ਨੌਕਰੀ ਮਿਲ ਰਹੀ ਏ?” ਸਕੀਨਾ ਬੋਲ ਪਈ।
“ਨੌਕਰੀ ਕਿੱਥੇ ਮਿਲਨੀ ਏਂ!” ਟੋਪੀ ਬੋਲਿਆ, “ਮੇਰਾ ਸਕਾਲਸ਼ਿਪ ਵੀ ਬੰਦ ਹੋ ਗਿਐ।”
“ਜੇਲ੍ਹ ਵਿਚ?” ਸ਼ਬਨਮ ਨੇ ਸਵਾਲ ਕੀਤਾ।
“ਹਾਂ।”
“ਤਾਂ ਉਸਨੇ ਚੋਰੀ ਕੀਤੀ ਹੋਏਗੀ!”
“ਇਹ ਤਾਂ ਬੜੀ ਬੇਹੂਦਾ ਗੱਲ ਏ।” ਇੱਫ਼ਨ ਨੇ ਕਿਹਾ।
“ਇਸ ਵਿਚ ਬੇਹੂਦਗੀ ਵਾਲੀ ਕੀ ਗੱਲ ਏ?” ਟੋਪੀ ਨੇ ਕਿਹਾ, “ਯੂਨੀਵਰਸਟੀ ਦਾ ਸਕਾਲਸ਼ਿਪ ਸੀ, ਉਸਨੇ ਬੰਦ ਕਰ ਦਿੱਤਾ।”
“ਮਗਰ ਕਿਉਂ?” ਸਕੀਨਾ ਨੇ ਪੁੱਛਿਆ।
“ਕਿਉਂਕਿ ਮੈਂ ਤੁਹਾਡਾ ਆਸ਼ਿਕ ਜੋ ਆਂ।” ਟੋਪੀ ਨੇ ਪੂਰੇ ਠਾਠ ਨਾਲ ਆਸ਼ਿਕ ਕਿਹਾ ਸੀ।
“ਅੰਕਲ, ਇਹ ਆਸ਼ਿਕ ਕੀ ਹੁੰਦਾ ਏ?”
“ਮੈਂ ਤੇਰੀ ਅੰਮੀ ਉੱਤੇ ਜਾਨ ਦੇਂਦਾ ਆਂ।” ਟੋਪੀ ਨੇ ਕਿਹਾ।
“ਸਿਸਟਰ ਆਲੇਮਾ ਵੀ ਇਹੋ ਕਹਿ ਰਹੀ ਸੀ।”
“ਅੱਛਾ !”
“ਹਾਂ-ਜੀ।”
“ਆਪਣੀ ਇਸ ਸਿਸਟਰ ਆਲੇਮਾ ਨੂੰ ਕਹਿ ਦੇਵੀਂ ਬਈ ਮੈਂ ਉਸ ਉੱਤੇ ਵੀ ਜਾਨ ਦਿੰਦਾ ਆਂ।”
“ਉਹ ਤਾਂ ਏਨੀ ਭੱਦੀ ਏ।”
ਫੇਰ ਕੀ ਸੀ, ਸ਼ਬਨਮ ਨੇ ਸਿਸਟਰ ਆਲੇਮਾ ਤੀਕ ਟੋਪੀ ਦਾ ਸੁਨੇਹਾ ਪਹੁੰਚਾ ਦਿੱਤਾ...ਤੇ ਫੇਰ ਗ਼ਜ਼ਬ ਹੀ ਹੋ ਗਿਆ। ਸਿਸਟਰ ਅੰਗਰੇਜ਼ੀ ਬੋਲਣਾ ਭੁੱਲ ਗਈ। ਉੱਥੇ ਕਲਾਸ ਰੂਮ ਵਿਚ ਹੀ ਰੋਣ ਬਹਿ ਗਈ। ਕੁੜੀਆਂ ਹੱਕੀਆਂ-ਬੱਕੀਆਂ ਰਹਿ ਗਈਆਂ ਕਿ ਸਿਸਟਰ ਨੂੰ ਕੀ ਹੋ ਗਿਆ ਹੈ! ਉਹਨਾਂ ਨੂੰ ਸਿਸਟਰ ਦੇ ਰੋਣ ਨਾਲੋਂ ਵੱਧ ਉਸਦੇ ਉਰਦੂ ਬੋਲਣ ਉੱਤੇ ਹੈਰਾਨੀ ਹੋ ਰਹੀ ਸੀ।
ਸਿਸਟਰ ਨੇ ਮਦਰ ਸੁਪੀਰੀਅਰ ਨੂੰ ਸ਼ਿਕਾਇਤ ਜੜ ਦਿੱਤੀ।
“ਆ' ਇਲ ਕਮਿੱਟ ਸੁਇਸਾਈਡ...” ਨੱਕ ਦਾ ਸੜੂਕਾ ਮਾਰਦਿਆਂ ਹੋਇਆਂ ਕਿਹਾ।
ਮਦਰ ਸੁਪੀਰੀਅਰ ਨੇ ਵਾਈਸਚਾਂਸਲਰ ਨੂੰ ਫ਼ੋਨ ਕੀਤਾ; ਵਾਈਸਚਾਂਸਲਰ ਨੇ ਪ੍ਰਾਕਟਰ ਨੂੰ; ਪ੍ਰਾਕਟਰ ਨੇ ਟੋਪੀ ਨੂੰ ਨੋਟਸ ਕੱਢ ਦਿੱਤਾ ਤੇ ਇਹ ਗੱਲ ਸਾਰੀ ਯੂਨੀਵਰਸਟੀ ਵਿਚ ਫੈਲ ਗਈ ਕਿ ਟੋਪੀ ਅਸਲ ਵਿਚ ਸਿਸਟਰ ਆਲੇਮਾ ਸਿਦੀਕੀ ਨਾਲ ਇਸ਼ਕ ਕਰਦਾ ਹੈ।
ਉਧਰ ਸਿਸਟਰ ਆਲੇਮਾ ਨੇ ਆਪਣੇ ਕਮਰੇ ਵਿਚ ਜਾ ਕੇ ਹੰਝੂ ਪੂੰਝੇ। ਅੱਖਾਂ ਸਾਫ ਕਰਨ ਪਿੱਛੋਂ ਸ਼ੀਸ਼ੇ ਸਾਹਮਣੇ ਜਾ ਖੜ੍ਹੀ ਹੋਈ। ਉਸਨੂੰ ਜੋ ਦਿਖਾਈ ਦਿੱਤਾ ਸੀ, ਉਸਨੂੰ ਦੇਖ-ਦੇਖ ਕੇ ਉਹ ਪੂਰੀ ਤਰ੍ਹਾਂ ਬੋਰ ਹੋ ਚੁੱਕੀ ਸੀ¸ ਚੇਚਕ ਦੇ ਦਾਗ, ਪੱਕਾ ਕਾਲਾ ਰੰਗ, ਛੋਟੀਆਂ-ਛੋਟੀਆਂ ਧੁੰਦਲੀਆਂ ਅੱਖਾਂ, ਸੁਰਾਹੀਦਾਰ ਗਰਦਨ, ਕਸੀਆਂ ਹੋਈਆਂ ਨੁਕੀਲੀਆਂ ਛਾਤੀਆਂ...ਆਪਣੀਆਂ ਛਾਤੀਆਂ ਨੂੰ ਦੇਖ ਕੇ ਉਹ ਹਮੇਸ਼ਾ ਸ਼ਰਮਾਅ ਜਾਂਦੀ ਹੁੰਦੀ ਸੀ ਤੇ ਕਾਹਲ ਨਾਲ ਕੱਪੜੇ ਪਾਉਣ ਲੱਗ ਪੈਂਦੀ ਸੀ।
ਬਦਨਾਮੀ ਦਾ ਇਹ ਪਹਿਲਾ ਪੱਥਰ ਸੀ, ਜਿਹੜਾ ਉਸਦੇ ਮੱਥੇ ਵਿਚ ਵੱਜਿਆ ਸੀ। ਉਹ ਪਤਾ ਨਹੀਂ ਕਦੋਂ ਦੀ ਇਸ ਪੱਥਰ ਨੂੰ ਉਡੀਕ ਰਹੀ ਸੀ...ਤੇ ਜਦੋਂ ਇਹ ਪੱਥਰ ਵੱਜਿਆ, ਸੁੱਤਾ ਹੋਇਆ ਤਨ-ਬਦਨ ਜਾਗ ਪਿਆ।
ਉਹ ਉਸੇ ਸਮੇਂ ਮਿਸ ਜ਼ੈਦੀ ਨੂੰ ਮਿਲਣ ਡਿਪਾਰਟਮੈਂਟ ਆਫ ਇੰਗਲਿਸ਼ ਵੱਲ ਤੁਰ ਪਈ। ਰਾਹ ਵਿਚ ਦਿਖਾਈ ਦੇਣ ਵਾਲੀਆਂ ਸੁੱਕੜ, ਭੱਦੀਆਂ ਤੇ ਬਦਸੂਰਤ ਕੁੜੀਆਂ ਵੱਲ ਉਸਨੇ ਪਹਿਲੀ ਵਾਰੀ ਪਿਆਰ ਨਾਲ ਦੇਖਿਆ। ਉਹਨਾਂ ਸਾਰੀਆਂ ਕੁੜੀਆਂ ਦਾ ਦੁੱਖ ਉਸਦੀ ਸਮਝ ਵਿਚ ਆ ਗਿਆ ਜਿਹੜੀਆ ਇਸ਼ਕ ਨਹੀਂ ਕਰ ਸਕਦੀਆਂ ਤਾਂ 'ਹਾਏ ਅੱਲਾ, ਮਾਜਿਦ ਭਾਈ', 'ਹਟੋ ਵੀ ਹਕੀਮ ਭਾਈ ਸਾਹਬ, ਤੁਸੀਂ ਤਾਂ ਮੈਨੂੰ ਡਰਾ ਈ ਦਿੱਤਾ...' ਕਰਨ ਲੱਗ ਪੈਂਦੀਆਂ ਨੇ। ਉਹਨਾਂ ਦੇ ਹੋਸਟਲ ਵਿਚ ਇਕ ਕੁੜੀ ਸੀ, ਕਮਰ! ਉਹ ਸਾਰੀਆਂ ਕੁੜੀਆਂ ਨੂੰ ਇਕ ਸ਼ਾਇਰ ਦੇ ਖ਼ਤ ਸੁਨਾਉਂਦੀ ਹੁੰਦੀ ਸੀ¸ 'ਉਹਨਾਂ ਇਹ ਲਿਖਿਆ ਏ ਤੇ ਉਹਨਾਂ ਉਹ ਲਿਖਿਆ ਏ; ਮੇਰੇ ਜਨਮ ਦਿਨ ਉੱਤੇ ਉਹਨਾਂ ਇਕ ਸਾੜ੍ਹੀ ਭੇਜੀ ਏ'...।' ਸਾਰੀਆਂ ਕੁੜੀਆਂ ਨੂੰ ਉਸ ਨਾਲ ਈਰਖਾ ਹੁੰਦੀ ਕਿ ਆਖ਼ਰ ਉਹ ਸ਼ਾਇਰ ਉਹਨਾਂ ਨੂੰ ਖ਼ਤ ਕਿਉਂ ਨਹੀਂ ਲਿਖਦਾ? ਫੇਰ ਇਕ ਦਿਨ ਕਮਰ ਦੀ ਚੋਰੀ ਫੜ੍ਹੀ ਗਈ। ਉਹ ਸ਼ਾਇਰ ਵੱਲੋਂ ਆਪ ਹੀ ਆਪਣੇ ਆਪ ਨੂੰ ਖ਼ਤ ਲਿਖਦੀ ਹੁੰਦੀ ਸੀ। ਜਦੋਂ ਇਹ ਭਾਂਡਾ ਫੁੱਟਿਆ, ਕੁੜੀਆਂ ਨੇ ਉਸਦੇ ਸਾਹਮਣੇ ਆਪਣੀਆਂ ਤੇ ਉਸ ਸ਼ਾਇਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਵਿਚਾਰੀ ਘਰ ਭੱਜ ਗਈ ਤਾਂ ਇੱਥੇ ਇਹ ਗੱਲ ਉਡ ਗਈ ਕਿ ਓਬਾਰਸ਼ਨ (ਗਰਭਪਾਤ) ਕਰਵਾਉਣ ਗਈ ਹੈ। ਫੇਰ ਉਹ ਵਾਪਸ ਨਹੀਂ ਸੀ ਆਈ। ਆਲੇਮਾ ਨੇ ਤੈਅ ਕਰ ਲਿਆ ਕਿ ਅੱਜ ਉਹ ਕਮਰ ਨੂੰ ਖ਼ਤ ਲਿਖੇਗੀ। ਉਂਜ ਉਸਨੇ ਉਡਦੀ-ਉਡਦੀ ਇਹ ਖ਼ਬਰ ਸੁਣੀ ਸੀ ਕਿ ਪਾਕਿਸਤਾਨ ਦੇ ਕਿਸੇ ਵੱਡੇ ਅਫ਼ਸਰ ਨਾਲ ਉਸਦੀ ਸ਼ਾਦੀ ਹੋ ਚੁੱਕੀ ਹੈ। ਏਨੇ ਛੋਟੇ ਜਿਹੇ ਮੁਲਕ ਵਿਚ ਏਨੇ ਸਾਰੇ ਵੱਡੇ ਅਫ਼ਸਰ ਕਿੱਧਰੋਂ ਆ ਗਏ! ਆਖ਼ਰ ਹਿੰਦੁਸਤਾਨ ਏਨਾ ਵੱਡਾ ਮੁਲਕ ਹੈ, ਇੱਥੇ ਤਾਂ ਕੁੜੀਆਂ ਨੂੰ ਕਲਰਕ ਵੀ ਨਹੀਂ ਜੁੜਦੇ!  
“ਹੈਲੋ!” ਮਿਸ ਜ਼ੈਦੀ ਨੇ ਕਿਹਾ, “ਬਈ ਇਹ ਸੁਣ ਕੇ ਬੜਾ ਅਫ਼ਸੋਸ ਹੋਇਆ। ਇਟ ਇਜ਼ ਦ ਲਿਮਿਟ...”
ਸਿਸਟਰ ਆਲੇਮਾ ਸਾਰਾ ਦਿਨ ਹਮਦਰਦੀਆਂ ਸਮੇਟਦੀ ਰਹੀ।
ਗੱਲ ਇਹ ਹੈ ਕਿ ਮੁਸਲਿਮ ਯੂਨੀਵਰਸਟੀ ਦੇ ਵਾਤਾਵਰਣ ਵਿਚ ਸਿਰਫ ਬਨਾਊਟੀ ਤੇ ਘਟੀਆ ਕਿਸਮ ਦਾ ਪਿਆਰ ਹੋ ਸਕਦਾ ਹੈ। ਇੱਥੇ ਕੁੜੀਆਂ ਇਸ ਲਈ ਭੇਜੀਆਂ ਜਾਂਦੀਆਂ ਹਨ ਕਿ ਦੂਜੀਆਂ ਕੁੜੀਆਂ ਜਦੋਂ ਆਪਣੇ ਘਰੀਂ ਜਾਣ ਤਾਂ ਉਹਨਾਂ ਦੀਆਂ ਗੱਲਾਂ ਬਣਾਅ ਸਕਣ। ਇਸ ਲਈ ਕੁੜੀਆਂ ਹਰ ਸਮੇਂ ਚੁਕੰਨੀਆਂ ਰਹਿੰਦੀਆਂ ਹਨ। ਪਰ ਲੋਕਾਂ ਦੀ ਅੱਖ ਬਚਾਅ ਕੇ ਇਧਰ ਉਧਰ ਦੇਖਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਇੱਥੇ ਪ੍ਰੋਫ਼ੈਸ਼ਨਲ ਭਰਾ ਬੜੇ ਆਉਂਦੇ ਹਨ...ਇਹ ਆਪਣੀਆਂ ਭੈਣਾ ਬਦਲਦੇ ਰਹਿੰਦੇ ਹਨ। ਪਰ ਇਹ ਗੱਲ ਇਕ ਹੱਦ ਤੋਂ ਅੱਗੇ ਨਹੀਂ ਵਧਦੀ। ਵੱਧ ਤੋਂ ਵੱਧ ਇਕ ਦੋ ਫ਼ਿਲਮਾਂ ਦੇਖ ਲਈਆਂ। ਕਿਲ਼ੇ ਵਿਚ ਪਿਕਨਿਕ ਹੋ ਗਈ। ਛੋਟੇ-ਮੋਟੇ ਤੋਹਫ਼ੇ ਲਏ-ਦਿੱਤੇ ਗਏ। ਹੱਥਾਂ ਨਾਲ ਹੱਥ ਛੂਹ ਗਏ। ਅੱਖ ਵਿਚੋਂ ਤਿਨਕਾ ਕਢਵਾ ਲਿਆ ਤੇ ਇਕ ਅੱਧਾ ਖ਼ਤ ਲਿਖ-ਲਿਖਾ ਲਿਆ। ਗੱਲ ਬਹੁਤੀ ਹੀ ਵਧੀ ਤਾਂ ਕੁਝ ਸਖੀਆਂ-ਸਹੇਲੀਆਂ ਉਧਰ ਰਾਜਦਾਰ ਬਣ ਗਈਆਂ ਤੇ ਕੁਝ ਦੋਸਤ-ਮਿੱਤਰ ਇਧਰ।...ਤੇ ਜੇ ਗੱਲ ਇਸ ਨਾਲੋਂ ਵੀ ਅੱਗੇ ਵਧ ਗਈ ਤਾਂ ਉਧਰ ਕਿਸੇ 'ਆਪਾ' ਨੇ ਆਪਣੇ ਕਮਰੇ ਵਿਚ ਕੋਈ ਸੁਪਨਾ ਦੇਖ ਲਿਆ ਤੇ ਇਧਰ ਕਿਸੇ 'ਭਾਈ ਜਾਨ' ਨੇ ਆਪਣੇ ਕਮਰੇ ਵਿਚ। ਸੁਪਨਿਆਂ ਦੀ ਮੰਜ਼ਿਲ ਆਉਣ ਤੋਂ ਪਹਿਲਾਂ ਇਮਤਿਹਾਨ ਆ ਜਾਂਦੇ ਹਨ...ਤੇ ਭਲਾ ਇਮਤਿਹਾਨਾ ਦੇ ਦਿਨਾਂ ਵਿਚ ਇਸ਼ਕ ਹਿੰਦੁਸਤਾਨੀ ਫ਼ਿਲਮਾਂ ਦੇ ਸਿਵਾਏ ਹੋਰ ਕਿੱਥੇ ਹੋ ਸਕਦਾ ਹੈ?
ਇਸਮਤ ਚੁਗ਼ਤਾਈ ਦੀਆਂ ਟੇਢੀਆਂ ਲਕੀਰਾਂ ਹੁਣ ਤੀਕ ਜ਼ਰਾ ਵੀ ਸਿੱਧੀਆਂ ਨਹੀਂ ਹੋਈਆਂ।
ਸਿਸਟਰ ਆਲੇਮਾ ਵੀ ਇਸੇ ਮੰਤਕ ਅਧੀਨ ਅਲੀਗੜ੍ਹ ਭੇਜੀ ਗਈ ਸੀ ਕਿ ਕਿਸੇ ਭਰਾ ਦੀ ਭੈਣ ਉਸਨੂੰ ਪਸੰਦ ਕਰ ਲਵੇ। ਪਰ ਇੰਜ ਨਹੀਂ ਸੀ ਹੋ ਸਕਿਆ। ਹੁਣ ਇਸ ਕਾਲੀ-ਡੰਙ, ਕੋਚਰੀ-ਅੱਖੀ, ਚੇਚਕ-ਭਰੀ ਸਿਸਟਰ ਆਲੇਮਾ ਨੂੰ ਕਿਹੜੀ ਕੁੜੀ ਆਪਣੇ ਭਰਾ ਖਾਤਰ ਪਸੰਦ ਕਰਦੀ? ਉਸ ਨਾਲੋਂ ਜੂਨੀਅਰ ਕੁੜੀਆਂ ਪਸੰਦ ਕਰ ਲਈਆਂ ਗਈਆਂ ਤੇ ਉਹਨਾਂ ਦੇ ਵਿਆਹ ਵੀ ਹੋ ਗਏ। ਪਰ ਸਿਸਟਰ ਕੋਰੇ ਭਾਂਡੇ ਵਾਂਗ ਧਰੀ ਦੀ ਧਰੀ ਰਹਿ ਗਈ।
ਆਲੇਮਾ ਨੂੰ ਅੰਗਰੇਜ਼ੀ ਬੋਲਣ ਦਾ ਬੜਾ ਸ਼ੌਕ ਸੀ। ਇਸ ਲਈ ਜਦੋਂ ਉਹ ਹਾਈ ਸਕੂਲ ਵਿਚ ਸੀ, ਉਦੋਂ ਹੀ ਸਿਸਟਰ ਆਲੇਮਾ ਕਹੀ ਜਾਣ ਲੱਗ ਪਈ ਸੀ। ਹੱਦ ਤਾਂ ਇਹ ਕਿ ਮੁਮਤਾਜ਼ ਆਪਾ (ਪ੍ਰਿੰਸੀਪਲ ਗਰਲਜ਼ ਕਾਲੇਜ) ਵੀ ਉਸਨੂੰ ਸਿਸਟਰ ਆਲੇਮਾ ਹੀ ਕਹਿੰਦੀ ਹੁੰਦੀ ਸੀ। ਫੇਰ ਜਦੋਂ ਉਹ ਕਾਨਵੈਂਟ ਵਿਚ ਪਾਰਟ ਟਾਈਮ ਟੀਚਰ ਲੱਗ ਗਈ ਤੇ ਮਦਰ ਸੁਪੀਰੀਅਰ ਦੇ ਹੇਠ ਕੰਮ ਕਰਨ ਲੱਗ ਪਈ ਤਾਂ ਉਸਨੂੰ ਸਿਸਟਰ ਹੋਣ ਤੋਂ ਕੌਣ ਰੋਕ ਸਕਦਾ ਸੀ!
ਸਿਸਟਰ ਆਲੇਮਾ ਵਿਚ ਇਕ ਵਿਸ਼ੇਸ਼ਤਾ ਇਹ ਸੀ ਕਿ ਉਹ ਕਦੀ ਹਿੰਮਤ ਨਹੀਂ ਸੀ ਹਾਰਦੀ। ਇਸ ਕਰਕੇ ਟੋਪੀ ਦਾ ਸੁਨੇਹਾ ਮਿਲਦਿਆਂ ਹੀ ਉਸਦੇ ਦਿਲ ਦੀ ਕਲੀ ਖਿੜ ਗਈ; ਜਿਵੇਂ ਉਸਨੇ ਬਹਾਰ ਦਾ ਪਹਿਲਾ ਮੌਸਮ ਦੇਖਿਆ ਹੋਵੇ।
ਉਸ ਰਾਤ ਉਹ ਸੌਂ ਨਹੀਂ ਸਕੀ। ਟੋਪੀ ਲਈ ਉਸਦਾ ਦਿਲ ਦੁਖਦਾ ਰਿਹਾ। ਹਾਏ ਕਿਤੇ ਵਿਚਾਰੇ ਨੂੰ ਰਸਟੀਕੇਟ (ਕੁਝ ਸਮੇਂ ਲਈ ਮੁਅੱਤਲ) ਹੀ ਨਾ ਕਰ ਦਿੱਤਾ ਜਾਏ। ਮੈਨੂੰ ਮੋਈ ਨੂੰ ਵੀ ਕੀ ਸੁੱਝੀ ਸੀ ਆਖ਼ਰ, ਕਿ ਝੱਟ ਸ਼ਕਾਇਤ ਕਰ ਬੈਠੀ! (ਸਿਸਟਰ ਆਲੇਮਾ ਅੰਗਰੇਜ਼ੀ ਵਿਚ ਬੋਲਦੀ ਜ਼ਰੂਰ ਸੀ, ਪਰ ਸੋਚਦੀ ਹਮੇਸ਼ਾ ਆਪਣੀ ਮਾਤ-ਭਾਸ਼ਾ ਵਿਚ ਹੀ ਹੁੰਦੀ ਸੀ।)
ਸਵੇਰੇ ਉਹ ਬੜੀ ਉਦਾਸ ਉਠੀ।
“ਕਿਉਂ ਰਾਤੀਂ ਸੁੱਤੇ ਨਹੀਂ?” ਨਾਲ ਦੇ ਕਮਰੇ ਵਾਲੀ ਨੇ ਪੁੱਛਿਆ।
“ਸੁੱਤੀ ਤਾਂ ਸਾਂ, ਪਰ ਬੜੇ ਭੈੜੇ-ਭੈੜੇ ਸੁਪਨੇ ਆਉਂਦੇ ਰਹੇ...।”
“ਸੁਪਨੇ!” ਉਹ ਕੁੜੀ ਹੱਸ ਪਈ, “ਸੁਪਨੇ ਨਾ ਦੇਖਿਆ ਕਰੋ ਸਿਸਟਰ ਆਲੇਮਾ! ਜਿਹੜੇ ਸੁਪਨੇ ਦੇਖਣ ਵੇਲੇ ਚੰਗੇ ਲੱਗਦੇ ਨੇ ਉਹ ਕੁਝ ਵਧੇਰੇ ਈ ਖ਼ਤਰਨਾਕ ਹੁੰਦੇ ਨੇ!”
ਜਿਸ ਕੁੜੀ ਨੇ ਇਹ ਗੱਲ ਕਹੀ ਸੀ ਉਸਦਾ ਨਾਂ ਮਹਿਨਾਜ਼ ਸੀ। ਸਾਧਾਰਣ ਜਿਹੀ ਸ਼ਕਲ-ਸੂਰਤ ਦੀ ਕੁੜੀ ਸੀ ਉਹ। ਪੰਜ ਛੇ ਸਾਲ ਪਹਿਲਾਂ ਜਵਾਨ ਹੋਈ ਸੀ। ਲੈਕਚਰਰ ਸੀ...ਪਰ ਜਿਸਨੂੰ ਵੀ ਪਸੰਦ ਕਰਦੀ, ਉਸਨੂੰ ਕੋਈ ਹੋਰ ਕੁੜੀ ਲੈ ਉਡਦੀ ਤੇ ਉਹ ਫੇਰ ਇਕੱਲੀ ਦੀ ਇਕੱਲੀ ਰਹਿ ਜਾਂਦੀ। ਉਸਦੇ ਲੇਟੈਸਟ ਆਸ਼ਿਕ ਡਾਕਟਰ ਵਹੀਦ ਨੇ ਅਜੇ ਕੁਝ ਦਿਨ ਪਹਿਲਾਂ ਹੀ ਡਾਕਟਰ ਸ਼ੌਕਤ ਫ਼ਾਰੂਕੀ ਨਾਲ ਸ਼ਾਦੀ ਕਰ ਲਈ ਸੀ।...ਡਾਕਟਰ ਮਿਸ ਫ਼ਾਰੂਕੀ ਨਾਲ! (ਇਹ ਦੱਸਣਾ ਜ਼ਰੂਰੀ ਹੈ ਕਿ ਮਿਸ ਫ਼ਾਰੂਕੀ ਔਰਤ ਸੀ।)
ਡਾਕਟਰ ਵਹੀਦ ਨਾਲ ਜਦੋਂ ਉਸਦਾ ਇਸ਼ਕ ਚੱਲ ਰਿਹਾ ਸੀ, ਉਸਦੇ ਸਿਵਾਏ ਸਾਰੇ ਲੋਕਾਂ ਨੂੰ ਯਕੀਨ ਸੀ ਕਿ ਇਸ ਵਾਰੀ ਉਸਦੀ ਸ਼ਾਦੀ ਜ਼ਰੂਰ ਹੋ ਜਾਵੇਗੀ...ਪਰ ਉਸਨੂੰ ਖ਼ੁਦ ਨੂੰ ਯਕੀਨ ਨਹੀਂ ਸੀ ਆ ਰਿਹਾ।
ਡਾਕਟਰ ਵਹੀਦ ਇਸ਼ਕ ਦੇ ਮਾਮਲੇ ਵਿਚ ਕਾਫੀ ਬਦਨਾਮ ਆਦਮੀ ਸੀ। ਬਸ ਕੁੜੀ ਹੋਣੀ ਚਾਹੀਦੀ ਸੀ। ਉਸਦੀ ਲਾਈਨ ਆਫ ਐਕਸ਼ਨ ਵੀ ਨਿਰਾਲੀ ਸੀ। ਉਹ ਆਪਣੀ ਪਤਨੀ ਤੋਂ ਦੁਖੀ ਸੀ; ਆਪਣੀ ਘਰੇਲੂ ਜ਼ਿੰਦਗੀ ਦੀਆਂ ਗੱਲਾਂ, ਬੜਾ ਉਦਾਸ ਹੋ ਕੇ ਕਰਦਾ ਤੇ ਚਾਰਮੀਨਾਰ ਫੂਕਦਾ ਰਹਿੰਦਾ।
ਮਹਿਨਾਜ਼ ਉੱਤੇ ਵੀ ਉਸਨੇ ਇਹੀ ਨੁਸਖ਼ਾ ਆਜ਼ਮਾਇਆ। ਮਹਿਨਾਜ਼ ਵਾਜਿਦਾ ਦੀ ਸਹੇਲੀ ਸੀ। ਉਸਨੂੰ ਉਹਦੇ ਡਾਇਲਾਗ ਜ਼ਬਾਨੀ ਯਾਦ ਸਨ ਤੇ ਉਹ ਡਾਕਟਰ ਨੂੰ ਨਫ਼ਰਤ ਕਰਦੀ ਸੀ ਕਿ ਉਸਨੇ ਵਾਜਿਦਾ ਵਰਗੀ ਕੁੜੀ ਦਾ ਦਿਲ ਤੋੜਿਆ ਹੈ। ਫੇਰ ਵੀ ਡਾਕਟਰ ਦੇ ਉਦਾਸ ਲਹਿਜ਼ੇ ਦੀ ਲਹਿਰ ਉਸਨੂੰ ਵਹਾਅ ਕੇ ਲੈ ਗਈ¸ ਤੇ ਜਦੋਂ ਉਹ ਸੰਭਲੀ ਤਾਂ ਉਸਨੇ ਦੇਖਿਆ ਕਿ ਉਹ ਦੋਵਾਂ ਕਿਨਾਰਿਆਂ ਤੋਂ ਦੂਰ ਨਿਕਲ ਗਈ ਹੈ।
ਇਸ ਲਈ ਉਹ ਸੁਪਨਿਆਂ ਤੋਂ ਡਰਨ ਲੱਗ ਪਈ ਸੀ।
“ਮੈਂ ਉਹਨਾਂ ਸੁਪਨਿਆਂ ਦੀ ਗੱਲ ਨਹੀਂ ਕਰ ਰਹੀ।” ਸਿਸਟਰ ਆਲੇਮਾ ਨੇ ਕਿਹਾ। ਉਸਦੀ ਆਵਾਜ਼ ਵਿਚ ਏਨੀ ਹਸਰਤ ਸੀ ਕਿ ਮਹਿਨਾਜ਼ ਠਠੰਬਰ ਗਈ। ਉਹ ਹੋਰ ਉਦਾਸ ਹੋ ਗਈ।
“ਇਹ ਟੋਪੀ ਹੈ ਕੌਣ?” ਸਿਸਟਰ ਨੇ ਸਵਾਲ ਕੀਤਾ।
“ਹਿੰਦੀ ਵਿਚ ਰਿਸਰਚ ਕਰ ਰਿਹਾ ਏ।” ਮਹਿਨਾਜ਼ ਨੇ ਕਿਹਾ, “ਤੇ ਹਿਸਟਰੀ ਵਾਲੇ ਜ਼ੈਦੀ ਸਾਹਬ ਦੀ ਵਾਈਫ਼ ਸਕੀਨਾ ਜ਼ੈਦੀ ਨਾਲ ਫਸਿਆ ਹੋਇਆ ਏ।”
“ਤਾਂ ਫੇਰ...?” ਸਿਸਟਰ ਰੁਕ ਗਈ।
ਮਹਿਨਾਜ਼ ਅੱਗੇ ਲੰਘ ਗਈ। ਸਿਸਟਰ ਆਲੇਮਾ ਕਾਰੀਡੋਰ ਵਿਚ ਇਕੱਲੀ ਖੜ੍ਹੀ ਰਹਿ ਗਈ। ਸੁਲਤਾਨੀਆਂ ਹੋਸਟਲ ਦੀਆਂ ਕੰਧਾਂ ਯਕਦਮ ਬੜੀਆਂ ਉਚੀਆਂ ਹੋ ਗਈਆਂ...'ਜ਼ੂੰ-ਉਂ-ਅਂ'...ਬਿਲਕੁਲ ਕਿਸੇ ਜਾਦੂਈ ਫ਼ਿਲਮ ਦੇ ਜਾਦੂਈ ਮਹਿਲ ਵਾਂਗ। ਸਿਸਟਰ ਆਲੇਮਾ ਇਹੋ ਜਿਹੀਆਂ ਫ਼ਿਲਮਾਂ ਨੂੰ ਨਫ਼ਰਤ ਕਰਦੀ ਸੀ। ਫੇਰ ਉਹ ਥੋੜ੍ਹੀ ਦੇਰ ਲਈ ਇਕ ਸ਼ਹਿਜ਼ਾਦੀ ਬਣ ਗਈ ਜਿਸਨੂੰ ਕਿਸੇ ਜਾਦੂਗਰ ਨੇ ਆਪਣੇ ਜਾਦੂਈ ਮਹਿਲ ਵਿਚ ਕੈਦ ਕਰਕੇ ਰੱਖਿਆ ਹੋਇਆ ਹੈ ਤੇ ਉਹ ਆਪਣੇ ਸ਼ਹਿਜ਼ਾਦੇ ਦੀ ਉਡੀਕ ਕਰ ਰਹੀ ਹੈ।
ਪਰ ਸ਼ਹਿਜ਼ਾਦਾ ਆਪ ਵੱਡੀ ਮੁਸੀਬਤ ਵਿਚ ਸੀ। ਮੁਖ਼ਤਾਰ ਸਾਹਬ ਡਿਪਟੀ ਪ੍ਰਾਕਟਰ ਉਸਨੂੰ ਰਗੜ ਰਹੇ ਸਨ।
“ਤਾਂ ਤੁਸੀਂ ਸਿਸਟਰ ਆਲੇਮਾ ਉੱਤੇ ਜਾਨ ਦਿੰਦੇ ਓ?”
“ਮੁਖ਼ਤਾਰ ਸਾਹਬ ਉਹ ਗੱਲ...”
“ਤੁਸੀਂ ਇਸ ਉੱਤੇ ਵੀ ਗੌਰ ਨਹੀਂ ਕੀਤਾ ਕਿ ਉਹ ਉਮਰ ਵਿਚ ਤੁਹਾਡੇ ਨਾਲੋਂ ਕਿੱਡੀ ਵੱਡੀ ਏ?”
“ਮੈਨੂੰ ਇਸ ਉੱਤੇ ਗੌਰ ਕਰਨ ਦੀ ਲੋੜ ਵੀ ਨਹੀਂ ਸੀ ਜੀ ਕਿਉਂਕਿ...”
“ਤੁਸੀਂ ਉਸ ਉੱਤੇ ਆਸ਼ਿਕ ਓ?” ਮੁਖ਼ਤਾਰ ਸਾਹਬ ਨੇ ਟੋਪੀ ਦੀ ਗੱਲ ਟੁੱਕੀ।
“ਤੁਸੀਂ ਮੇਰੀ ਤਾਂ ਸੁਣਦੇ ਨਹੀਂ।” ਟੋਪੀ ਖਿਝ ਗਿਆ।
“ਬਕੋ...”
“ਕਹੋ ਤਾਂ ਗੰਗਾਜਲ ਹੱਥ ਵਿਚ ਲੈ ਕੇ ਕਹਿ ਦਿਆਂ ਕਿ ਮੈਂ ਸਿਸਟਰ ਆਲੇਮਾ ਨਾਲ ਭੋਰਾ ਵੀ ਇਸ਼ਕ ਨਹੀਂ ਕਰਦਾ...ਬਲਿਕੇ ਮੈਂ ਤਾਂ ਉਸਨੂੰ ਜਾਣਦਾ ਵੀ ਨਹੀਂ।”
“ਗੰਗਾਜਲ ਮੰਗਵਾਉਣ ਲਈ ਖਾਸੀ ਖੇਚਲ ਕਰਨੀ ਪਏਗੀ।” ਮੁਖ਼ਤਾਰ ਸਾਹਬ ਬੋਲੇ, “ਕਿਉਂਕਿ ਗੰਗਾ ਇੱਥੋਂ ਤੀਹ ਮੀਲ ਦੂਰ ਏ। ਇਸ ਲਈ ਇਹ ਦੱਸੋ ਕਿ ਤੁਸੀਂ ਜ਼ੈਦੀ ਸਾਹਬ ਦੀ ਬੱਚੀ ਦੇ ਜ਼ਰੀਏ ਕੋਈ ਪੈਗ਼ਾਮ ਭੇਜਿਆ ਸੀ ਜਾਂ ਨਹੀਂ?”
“'ਬਿਲਕੁਲ ਭੇਜਿਆ ਸੀ। ਜੇ ਸਿਸਟਰ ਆਲੇਮਾ ਨੂੰ ਇਹ ਕਹਿਣ ਦਾ ਅਧਿਕਾਰ ਏ ਕਿ ਮੈਂ ਭਾਈ...ਮੇਰਾ ਮਤਲਬ ਏ, ਜੈਦੀ ਸਾਹਬ ਦੀ ਪਤਨੀ ਨਾਲ ਲਵ ਕਰਦਾ ਹਾਂ ਤਾਂ ਮੈਨੂੰ ਇਹ ਕਹਿਣ ਦਾ ਅਧਿਕਾਰ ਹੈ ਕਿ ਮੈਂ ਉਸ ਨਾਲ ਵੀ ਲਵ ਕਰਦਾ ਹਾਂ।”
“ਤੂੰ ਇੱਥੇ ਲਵ ਕਰਨ ਆਇਆ ਏਂ ਜਾਂ ਪੜ੍ਹਨ?” ਮੁਖ਼ਤਾਰ ਸਾਹਬ ਨੂੰ ਵੀ ਗੁੱਸਾ ਆ ਗਿਆ। “ਤੂੰ ਇਕ ਸੀਨੀਅਰ ਸਟੂਡੈਂਟ ਏਂ ਇਸ ਲਈ ਪਹਿਲੀ ਗ਼ਲਤੀ ਉੱਤੇ ਤੈਨੂੰ ਮੁਆਫ਼ ਕਰ ਰਿਹਾਂ। ਸਿਸਟਰ ਆਲੇਮਾ ਤੋਂ ਮੁਆਫ਼ੀ ਮੰਗ ਲਵੀਂ। ਮੀਆਂ ਪੀ.ਐਚੀ.ਡੀ. ਕਰਕੇ ਘਰ ਜਾਓ। ਕਮਿਊਨਿਸਟਾਂ ਦੀ ਦੋਸਤੀ ਤੁਹਾਨੂੰ ਵਿਗਾੜ ਰਹੀ ਏ।”
ਪ੍ਰਾਕਟਰ ਦੇ ਆਫ਼ਿਸ ਵਿਚੋਂ ਟੋਪੀ ਬੜਾ ਹਿਰਖਿਆ ਹੋਇਆ ਨਿਕਲਿਆ ਸੀ। ਇਹ ਤਾਂ ਕੋਈ ਗੱਲ ਨਹੀਂ ਹੋਈ, ਸਿਸਟਰ ਆਲੇਮਾ ਦੀ ਐਸੀ ਦੀ ਤੈਸੀ।
ਸਬੱਬ ਨਾਲ ਉਸੇ ਦਿਨ ਮਿਸ ਜ਼ੈਦੀ ਦੇ ਘਰ ਸਿਸਟਰ ਆਲੇਮਾ ਨਾਲ ਉਸਦੀ ਪਹਿਲੀ ਮੁਲਾਕਾਤ ਹੋ ਗਈ।
“ਸਿਸਟਰ ਕੱਲ੍ਹ ਰੱਖੜੀ ਦਾ ਤਿਊਹਾਰ ਏ, ਆ ਜਾਵਾਂਗਾ, ਰੱਖੜੀ ਬੰਨ੍ਹ ਦੇਣਾ।”
ਸਿਸਟਰ ਹੱਕੀ-ਬੱਕੀ ਰਹਿ ਗਈ।
ਦੂਜੇ ਦਿਨ ਛੁੱਟੀ ਲੈ ਕੇ ਉਹ ਘਰ ਚਲੀ ਗਈ ਤੇ ਫੇਰ ਵਾਪਸ ਨਹੀਂ ਆਈ। ਉਸਨੇ ਅਸਤੀਫ਼ਾ ਭੇਜ ਦਿੱਤਾ ਸੀ। ਯੂਨੀਵਰਸਟੀ ਵਿਚ ਟੋਪੀ ਨੂੰ ਕੁਝ ਦਿਨਾਂ ਤੱਕਰ ਖਿੱਚਿਆ-ਘਸੀਟਿਆ ਗਿਆ...ਫੇਰ ਲੋਕ ਸਿਸਟਰ ਆਲੇਮਾ ਨੂੰ ਭੁੱਲ-ਭੁਲਾਅ ਗਏ।
ਸਕੀਨਾ ਨਾਲ ਉਸਦੀ ਮੁਲਾਕਾਤ ਸ਼ਿਮਲੇ ਵਿਚ ਹੋਈ। ਉੱਥੇ ਵੀ ਕੁੜੀਆਂ ਪੜ੍ਹਾਉਣ ਦਾ ਕਿਤਾ ਕਰਦੀ ਸੀ ਉਹ।
“ਹਾਉ ਇਜ਼ ਟੋਪੀ?” ਅਲੀਗੜ੍ਹ ਦੀਆਂ ਸਾਰੀਆਂ ਗੱਲਾਂ ਕਰ ਲੈਣ ਪਿੱਛੋਂ ਉਸਨੇ ਅਛੋਪਲੇ ਹੀ ਸਵਾਲ ਕਰ ਦਿੱਤਾ।
“ਥੀਸਿਸ ਲਿਖ ਰਿਹਾ ਏ।”
“ਹੁਣ ਤੱਕਰ?”
“ਓ-ਅ ਬਈ, ਨੌਕਰੀ ਨਾ ਮਿਲੇ ਤਾਂ ਕੀ ਕਰੇ? ਘਰੇ ਪਏ ਰਹਿਣ ਨਾਲੋਂ ਤਾਂ ਚੰਗਾ ਏ ਕਿ ਆਦਮੀ ਪੀ.ਐਚ.ਡੀ. ਹੀ ਕਰਦਾ ਰਹੇ।”
    --- --- ---

No comments:

Post a Comment