Tuesday 15 June 2010

ਟੋਪੀ ਸ਼ੁਕਲਾ…: ਪਹਿਲੀ ਕਿਸ਼ਤ

ਟੋਪੀ ਸ਼ੁਕਲਾ…: ਪਹਿਲੀ ਕਿਸ਼ਤ  :

“...ਤੋ ਭਾਈ, ਦੇਖੀ ਤੁਸੀਂ ਧਰਮ 'ਚ ਸਿਆਸਤ?”
“ਨਾ।” ਇੱਫ਼ਨ ਨੇ ਕਿਹਾ। ਜਦੋਂ ਟੋਪੀ ਆਪਣਾ ਥੀਸਿਸ ਸੁਣਾਅ ਰਿਹਾ ਸੀ, ਇੱਫ਼ਨ ਕਿਤੇ ਹੋਰ ਹੀ ਸੀ। ਗੱਲ ਇਹ ਹੁੰਦੀ ਹੈ ਕਿ ਧਰਮ ਤੇ ਰਾਜਨੀਤੀ ਤੋਂ ਬਿਨਾਂ ਵੀ ਕੁਝ ਨਿਰੋਲ ਘਰੇਲੂ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਇਹਨਾਂ ਬਾਰੇ ਸੋਚਣ ਦਾ ਅਸਲੀ ਮੌਕਾ ਉਹੀ ਹੁੰਦਾ ਹੈ ਜਦੋਂ ਕੋਈ ਯਾਰ-ਦੋਸਤ ਭਾਸ਼ਣ ਦੇ ਰਿਹਾ ਹੋਵੇ ਤੇ ਤੁਸੀਂ ਇਕੱਲੇ ਉਸਦੀ ਠਾਠਾਂ ਮਾਰਦੇ ਹੋਏ ਸਮੁੰਦਰ ਵਰਗੀ ਭੀੜ ਹੋਵੋਂ।
ਇੱਫ਼ਨ ਦੇ ਜਵਾਬ ਨਾਲ ਟੋਪੀ ਦਾ ਮੂੰਹ ਲੱਥ ਗਿਆ।
“ਚੱਲ, ਇਕ ਵਾਰੀ ਫੇਰ ਦਿਖਾਲ ਦੇ।” ਇੱਫ਼ਨ ਨੇ ਉਸਨੂੰ ਪੁਚਕਾਰਿਆ।
“ਇਹ ਜਿਹੜਾ ਧਰਮ ਸਮਾਜ ਕਾਲੇਜ ਐ ਨਾ?”
“ਹਾਂ ਹੈ-ਗਾ ਐ, ਫੇਰ?”
“ਇਹ ਅਗਰਵਾਲ ਬਾਣੀਆਂ ਦਾ ਐ।”
“ਹੂੰ।” ਇੱਫ਼ਨ ਨੇ ਹੁੰਗਾਰਾ ਭਰਿਆ।
“ਤੇ ਬਾਰਾਸੇਨੀ, ਬਾਰਾਸੇਨੀਆਂ ਦਾ।”
“ਹੂੰ...ਫੇਰ?”
“ਇਹਨਾਂ ਬਾਰਾਸੇਨੀਆਂ ਦੀ ਇਕ ਵੱਖਰੀ ਕਹਾਣੀ ਐ।”
“ਉਹ ਵੀ ਸੁਣਾ ਦੇ...”
“ਇਹਨਾਂ ਦਾ ਮੁੱਢਲਾ ਨਾਂਅ ਦੁਵਾਦਸ ਸ਼੍ਰੇਣੀ ਐਂ। ਭਾਈ ਮੇਰਿਆਂ ਨੇ ਦੇਖਿਆ ਬਈ ਇਹ ਸੰਸਕ੍ਰਿਤ ਤਾਂ ਹੁਣ ਚੱਲਦੀ ਨਹੀਂ ਦਿਸਦੀ, ਝੱਟ ਇਸਦਾ ਹਿੰਦੀ ਅਨੁਵਾਦ ਕਰ ਲਿਆ...ਤੇ ਦੁਵਾਦਸ ਸ਼੍ਰੇਣੀ ਦੇ ਬਾਣੀਏਂ, ਬਾਰਾਸੇਨੀ ਬਾਣੀਏਂ ਬਣ ਬੈਠੇ।...ਤੇ ਹੁਣ ਇਹਨਾਂ ਨੂੰ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਮੁਗਲ ਕਾਲ ਵਿਚ ਇਹਨਾਂ ਆਪਣਾ ਨਾਂਅ ਕਿੰਜ ਜਾਂ ਕਿਉਂ ਬਦਲਿਆ ਸੀ।”
“ਪਰ ਇਹਨਾਂ ਲੋਕਾਂ ਸ਼੍ਰੇਣੀ ਦਾ ਸੇਨੀ ਬਣਾ ਕੇ ਤਾਂ ਕੋਈ ਖ਼ਾਸ ਤੀਰ ਨਹੀਂ ਮਾਰਿਆ,” ਇੱਫ਼ਨ ਨੇ ਕਿਹਾ, “ਨਾਲੇ ਇਹ ਅਨੁਵਾਦ ਤਾਂ ਉੱਕਾ ਈ ਗ਼ਲਤ ਏ।”
“ਇਹ ਅਨੁਵਾਦ ਕਿਸੇ ਪ੍ਰੋਫ਼ੈਸਰ ਜਾਂ ਕਿਸੇ ਮਹਾਂ ਉਪਾਧਿਆ ਜਾਂ ਕਿਸੇ ਸਮਸੂਲਉਲਮਾ ਨੇ ਨਹੀਂ ਸੀ ਕੀਤਾ...” ਟੋਪੀ ਚਿੜ ਗਿਆ, “ਬਸ ਆਮ ਲੋਕਾਂ ਨੇ ਕੀਤਾ ਸੀ...ਤੇ ਆਮ ਲੋਕ ਗਰਾਮਰ ਦੀਆਂ ਗੁੰਝਲਾਂ ਉੱਤੇ ਵਿਚਾਰ ਨਹੀਂ ਕਰਦੇ¸ ਬਸ, ਆਪਣੀ ਭਾਸ਼ਾ ਦੇ ਮਾਪ ਅਨੁਸਾਰ ਸ਼ਬਦਾਂ ਦਾ ਬੰਨ੍ਹ-ਸੁੱਬ ਕਰ ਲੈਂਦੇ ਐ।”
“ਪਰ ਸੇਨੀ 'ਚ ਤਾਂ ਖਾਣਾ ਪਰੋਸਿਆ ਜਾਂਦਾ ਏ।” ਇੱਫ਼ਨ ਨੇ ਕਿਹਾ।
“ਪਰੋਸਿਆ ਜਾਂਦਾ ਹੋਏਗਾ।” ਟੋਪੀ ਹੋਰ ਚਿੜ ਗਿਆ, “ਪ੍ਰੰਤੂ ਇਹ ਸ਼ਬਦ ਸੇਨੀ, ਸ਼੍ਰੇਣੀ ਤੋਂ ਈ ਬਣਾਇਆ ਗਿਆ ਐ...।” ਉਸਨੇ ਦੰਦ ਪੀਹ ਕੇ ਕਿਹਾ। ਹਾਲਾਂਕਿ ਇੱਥੇ ਦੰਦ ਪੀਹਣ ਵਾਲੀ ਕੋਈ ਗੱਲ ਨਹੀਂ ਸੀ ਹੋਈ, ਪਰ ਟੋਪੀ ਨੂੰ ਆਪਣੇ ਚਿੱਟੇ ਦੰਦ ਬੜੇ ਭਲੇ ਲੱਗਦੇ ਸਨ, ਇਸ ਲਈ ਉਹ ਮੌਕੇ, ਬੇ-ਮੌਕੇ ਦੰਦਾਂ ਵੱਲ ਧਿਆਨ ਦਿਵਾਉਂਦਾ ਰਹਿੰਦਾ ਸੀ। ਗੂੜ੍ਹਾ ਕਾਲਾ ਰੰਗ ਤੇ ਦੁੱਧ-ਚਿੱਟੇ ਦੰਦ¸ ਉਹ ਆਪਣਾ ਨੈਗੇਟਿਵ ਆਪ ਸੀ, ਤੇ ਸ਼ਾਇਦ ਆਪਣੇ ਪ੍ਰਿੰਟ ਦੀ ਉਡੀਕ ਕਰ ਰਿਹਾ ਸੀ।
ਟੋਪੀ ਦਾ ਪੂਰਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਸੀ। ਉਸਦੇ ਪਿਤਾ ਦਾ ਨਾਂ ਹੋਰ ਵੀ ਔਖਾ ਸੀ। ਦਾਦੇ ਦਾ ਨਾਂ ਤਾਂ ਖ਼ੁਦ ਟੋਪੀ ਨੂੰ ਵੀ ਪੂਰੀ ਤਰ੍ਹਾਂ ਯਾਦ ਨਹੀਂ ਸੀ ਹੋ ਸਕਿਆ...ਪਰ ਜਦੋਂ ਵੀ ਇੱਫ਼ਨ ਉਸਨੂੰ ਕਹਿੰਦਾ,
“ਯਾਰ ਟੋਪੀ! ਤੇਰਾ ਨਾਮ ਸ਼ੋਰਫ਼ਾ ਤੋਂ ਤਾਂ ਲਿਆ ਨਹੀਂ ਜਾਣਾ ਯਾਰਾ।” ਤਾਂ ਟੋਪੀ ਜਵਾਬ ਦੇਂਦਾ ਸੀ, “ਭਾਈ! ਕਿਸੇ ਉਰਦੂ ਸ਼ੋਰਫ਼ਾ ਤੋਂ ਨਾਮ ਭਾਵੇਂ ਨਾ ਲਿਆ ਜਾ ਸਕੇ...ਪ੍ਰੰਤੂ, ਹਿੰਦੀ ਸ਼ੋਰਫ਼ਾ ਜ਼ਰੂਰ ਲੈ ਲਿਆ ਕਰੇਗੀ। ਉਂਜ ਤੁਹਾਡੇ ਨਾਂਅ ਨੂੰ ਈ ਕੌਣ ਕਹੇਗਾ ਬਈ ਬੜਾ ਸਰਲ ਐ¸ ਸਯੱਦ ਜਰਗਾਮ ਮੁਰਤੁਜਾ ਅਬਦੀ–ਵਾਹ! ਮੈਂ ਜਾਣਦਾਂ, ਇਹ ਉਚਾਰਣ ਸ਼ੁੱਧ ਨਹੀਂ...ਪ੍ਰੰਤੂ, ਮੈਂ ਉਰਦੂ ਭਾਸ਼ੀ ਤਾਂ ਹਾਂ ਨਹੀਂ।”
ਇਹ ਗੱਲ ਹਮੇਸ਼ਾ ਇੱਫ਼ਨ ਨੂੰ ਚੁੱਪ ਕਰਾਅ ਦੇਂਦੀ...ਪਰ ਇਕ ਗੱਲ ਜ਼ਰੂਰ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਕਿ ਹੁਣ ਕੋਈ ਵੀ ਨਿਰੋਲ ਸ਼ਰੀਫ਼ ਨਹੀਂ ਸੀ ਰਿਹਾ। ਹਰੇਕ ਸ਼ਰੀਫ਼ ਦੇ ਨਾਲ ਪੂੰਝਾ ਲੱਗਿਆ ਹੋਇਆ ਸੀ : ਹਿੰਦੂ ਸ਼ਰੀਫ਼, ਮੁਸਲਮਾਨ ਸ਼ਰੀਫ਼, ਉਰਦੂ ਸ਼ਰੀਫ਼, ਹਿੰਦੀ ਸ਼ਰੀਫ਼...ਤੇ ਬਿਹਾਰ ਸ਼ਰੀਫ਼! ਦੂਰ-ਦੂਰ ਤੀਕ ਸ਼ਰੀਫ਼ਾਂ ਦਾ ਇਕ ਜੰਗਲ ਵਿਛਿਆ ਹੋਇਆ ਹੈ। ਇਹ ਸੋਚ ਕੇ ਇੱਫ਼ਨ ਸਦਾ ਉਦਾਸ ਹੋ ਜਾਂਦਾ। ਪਰ ਮੈਂ ਤੁਹਾਨੂੰ ਇੱਫ਼ਨ ਦੀ ਉਦਾਸੀ ਦੀ ਕਹਾਣੀ ਨਹੀਂ ਸੁਣਾ ਰਿਹਾ...ਗੱਲ ਹੋ ਰਹੀ ਸੀ ਟੋਪੀ ਦੀ। ਇਹ ਮੈਂ ਦੱਸ ਚੁੱਕਿਆ ਹਾਂ ਕਿ ਉਸਦਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਸੀ। ਪਰ ਲੋਕ ਉਸ ਨੂੰ ਟੋਪੀ ਸ਼ੁਕਲਾ ਕਹਿੰਦੇ ਸਨ।
ਗੱਲ ਇਹ ਹੈ ਕਿ ਅਲੀਗੜ੍ਹ ਯੂਨੀਵਰਸਟੀ ਜਿੱਥੇ ਮਿੱਟੀ, ਮੱਖੀ, ਮਟਰੀ ਦੇ ਬਿਸਕੁਟਾਂ; ਮੱਖਣ ਤੇ ਮੌਲਵੀਆਂ ਸਦਕਾ ਮਸ਼ਹੂਰ ਹੈ ਉੱਥੇ ਹੀ ਭਾਂਤ-ਭਾਂਤ ਦੇ ਨਾਂ ਰੱਖਣ ਵਿਚ ਵੀ ਖਾਸੀ ਪ੍ਰਸਿੱਧ ਹੈ। ਇਕ ਸਾਹਬ ਸਨ, ਮਿ. ਕਾ; ਇਕ ਸਨ, ਉਸਤਾਦ ਛੁਆਰਾ (ਜਿਹੜੇ ਕਦੀ ਕਿਸੇ ਨਿਕਾਹ ਵਿਚ ਨਹੀਂ ਲੁਟਾਏ ਜਾ ਸਕੇ ਸ਼ਾਇਦ!); ਇਕ ਇਕਬਾਲ ਹੈੱਡਏਕ ਸਨ; ਇਕ ਸਨ, ਇਕਬਾਲ ਹਰਾਮੀ; ਇਕ ਇਕਬਾਲ ਏਟੀ ਤੇ ਇਕ ਸਨ, ਇਕਬਾਲ ਖ਼ਾਲੀ।...ਖ਼ਾਲੀ, ਇਸ ਲਈ ਸਨ ਕਿ ਬਾਕੀ ਸਾਰੇ ਇਕਬਾਲਾਂ ਦੇ ਨਾਲ ਕੁਝ ਨਾ ਕੁਝ ਜੁੜਿਆ ਹੋਇਆ ਸੀ। ਜੇ ਇਹਨਾਂ ਦੇ ਨਾਂ ਨਾਲ ਕੁਝ ਨਾ ਜੋੜਿਆ ਜਾਂਦਾ ਤਾਂ ਇਹ ਬੁਰਾ ਮੰਨ ਜਾਂਦੇ। ਇਹ ਲਈ ਇਹਨਾਂ ਨੂੰ ਇਕਬਾਲ ਖ਼ਾਲੀ ਕਿਹਾ ਜਾਣ ਲੱਗ ਪਿਆ। ਭੂਗੋਲ ਦੇ ਇਕ ਟੀਚਰ ਦਾ ਨਾਂ ਬਹਿਰੁਲ-ਕਾਹਿਲ ਰੱਖ ਦਿੱਤਾ ਗਿਆ। ਇਹ ਸੱਜਣ ਕੋਈ ਵੀ ਕੰਮ ਤੇਜ਼ੀ ਨਾਲ ਨਹੀਂ ਸੀ ਕਰ ਸਕਦੇ, ਇਸ ਲਈ ਇਹਨਾਂ ਨੂੰ ਕਾਹਿਲੀ (ਸੁਸਤੀ) ਦਾ ਸਮੁੰਦਰ ਕਿਹਾ ਜਾਣ ਲੱਗ ਪਿਆ (ਵੈਸੇ, ਅਰਬੀ ਭਾਸ਼ਾ ਵਿਚ ਪੈਸਿਫ਼ਿਕ ਸਾਗਰ ਦਾ ਨਾਂ ਬਹਿਰੁਲ-ਕਾਹਿਲ ਹੈ)। ਭੂਗੋਲ ਦੇ ਹੀ ਇਕ ਹੋਰ ਟੀਚਰ ਸਿਗਾਰ ਹੁਸੈਨ ਜ਼ੈਦੀ ਕਹੇ ਜਾਂਦੇ ਸਨ, ਕਿਉਂਕਿ ਕਿਸੇ ਜ਼ਮਾਨੇ ਵਿਚ ਉਹਨਾਂ ਉੱਪਰ ਹਰ ਸਮੇਂ ਸਿਗਾਰ ਪੀਂਦੇ ਰਹਿਣ ਦਾ ਭੂਤ ਸਵਾਰ ਹੋਇਆ ਰਹਿੰਦਾ ਸੀ। ਬਲਭਦਰ ਨਾਰਾਇਣ ਸ਼ੁਕਲਾ ਵੀ ਇਸੇ ਸਿਲਸਿਲੇ ਦੀ ਇਕ ਕੜੀ ਸੀ, ਸੋ ਇਹਨਾਂ ਨੂੰ ਟੋਪੀ ਕਿਹਾ ਜਾਣ ਲੱਗ ਪਿਆ।
ਗੱਲ ਇਹ ਹੈ ਕਿ ਯੂਨੀਵਰਸਟੀ ਯੂਨੀਅਨ ਹਾਲ ਵਿਚ ਨੰਗੇ ਸਿਰ ਬੋਲਣ ਦੀ ਪ੍ਰੰਪਰਾ ਨਹੀਂ, ਪਰ ਟੋਪੀ ਦੀ ਜ਼ਿੱਦ ਸੀ ਕਿ ਮੈਂ ਟੋਪੀ ਨਹੀਓਂ ਲੈਣੀ। ਇਸ ਲਈ ਹੁੰਦਾ ਇਹ ਕਿ ਜਿਵੇਂ ਹੀ ਇਹ ਬੋਲਣ ਲਈ ਖੜ੍ਹੇ ਹੁੰਦੇ, ਪੂਰਾ ਯੂਨੀਅਨ ਹਾਲ, 'ਟੋਪੀ! ਟੋਪੀ!!' ਕਰਨ ਲੱਗ ਪੈਂਦਾ। ਇੰਜ ਅਛੋਪਲੇ ਹੀ ਟੋਪੀ ਤੇ ਬਲਭਦਰ ਨਾਰਾਇਣ ਦਾ ਰਿਸ਼ਤਾ ਪੀਢਾ ਹੋ ਗਿਆ। ਨਤੀਜਾ ਇਹ ਹੋਇਆ ਕਿ ਬਲਭਦਰ ਨੂੰ ਛੱਡ ਦਿੱਤਾ ਗਿਆ ਤੇ ਇਹਨਾਂ ਨੂੰ ਟੋਪੀ ਸ਼ੁਕਲਾ ਕਿਹਾ ਜਾਣ ਲੱਗ ਪਿਆ। ਫੇਰ ਨਜ਼ਦੀਕੀ ਯਾਰਾਂ-ਮਿੱਤਰਾਂ ਨੇ ਸ਼ੁਕਲਾ ਰੂਪੀ ਪੂੰਝਾ ਵੀ ਪੁੱਟ ਸੁੱਟਿਆ ਤੇ ਇਹ ਸਿਰਫ ਟੋਪੀ ਹੀ ਰਹਿ ਗਏ।
ਪਰ ਇਕ ਦਿਨ ਇਸ ਟੋਪੀ ਨੇ ਬੜਾ ਵੱਡਾ ਕਮਾਲ ਕਰ ਵਿਖਾਇਆ¸ ਯੂਨੀਅਨ ਦਾ ਬਜਟ ਸੈਸ਼ਨ ਚੱਲ ਰਿਹਾ ਸੀ। ਇਹਨਾਂ ਨੇ ਕੋਈ ਇਤਰਾਜ਼ ਪੇਸ਼ ਕਰਨਾ ਸੀ। ਇਹ ਨਾਲ ਵਾਲੇ ਮੁੰਡੇ ਦੀ ਟੋਪੀ ਲੈ ਕੇ ਖੜ੍ਹੇ ਹੋ ਗਏ। ਟੋਪੀ ਖਾਸੀ ਵੱਡੀ ਸੀ। ਮੁੰਡਿਆਂ ਨੇ ਇਹਨਾਂ ਨੂੰ ਜਦੋਂ ਉਸ ਟੋਪੀ ਵਿਚ ਦੇਖਿਆ ਤਾਂ ਬੜਾ ਬੁਰਾ ਮਨਾਇਆ।
“ਇਹ ਬੇਈਮਾਨੀ ਏ।” ਪਿੱਛੋਂ ਇਕ ਆਵਾਜ਼ ਆਈ।
ਇਹਨਾਂ ਬੋਲਣਾ ਸ਼ੁਰੂ ਕੀਤਾ ਤਾਂ ਮੁੰਡਿਆਂ ਨੇ ਟੋਪੀ ਲਾਹੁਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਖ਼ੀਰ ਇਹਨਾਂ ਨੂੰ ਟੋਪੀ ਲਾਹੁਣੀ ਪਈ।...ਤੇ ਜਦੋਂ ਇਹ ਨੰਗੇ ਸਿਰ ਹੋ ਗਏ ਤਾਂ ਮੁੰਡਿਆਂ ਨੇ ਫੇਰ ਆਪਣੀ 'ਖਾਜ' ਅਨੁਸਾਰ 'ਟੋਪੀ! ਟੋਪੀ!!' ਦੇ ਨਾਅਰੇ ਉਛਾਲਨੇ ਸ਼ੁਰੂ ਕਰ ਦਿੱਤੇ। ਇਹਨਾਂ ਦੁਬਾਰਾ ਟੋਪੀ ਲਈ, ਤਦ ਕਿਤੇ ਜਾ ਕੇ ਮੁੰਡੇ ਚੁੱਪ ਹੋਏ। ਪਰ ਇਹਨਾਂ ਦੀ ਇਹ ਹਰਕਤ ਮੁੰਡਿਆਂ ਨੂੰ ਏਨੀ ਚੰਗੀ ਲੱਗੀ ਕਿ ਇਹਨਾਂ ਬਜਟ ਵਿਚ ਜਿਹੜੀ ਸੋਧ ਕਰਨ ਲਈ ਕਿਹਾ ਸੀ, ਕਰ ਦਿੱਤੀ ਗਈ।
ਟੋਪੀ ਸ਼ੁਕਲਾ, ਯਾਰਾਂ ਦੇ ਯਾਰ ਟਾਈਪ ਆਦਮੀ ਸਨ। ਆਪਣੇ ਅਸੂਲਾਂ ਦੇ ਵੀ ਬੜੇ ਪੱਕੇ ਸਨ...ਤੇ ਉਹਨਾਂ ਦਾ ਸਭ ਤੋਂ ਵੱਡਾ ਅਸੂਲ ਇਹੋ ਸੀ ਕਿ ਯਾਰੀ-ਦੋਸਤੀ ਵਿਚ ਕੋਈ ਅਸੂਲ ਨਹੀਂ ਦੇਖਿਆ ਜਾਂਦਾ।
ਜਦੋਂ ਇਹ ਯੂਨੀਵਰਸਟੀ ਵਿਚ ਆਏ ਸੀ, ਜਨਸੰਘੀ ਹੁੰਦੇ ਸਨ¸ਹੌਲੀ-ਹੌਲੀ ਮੁਸਲਿਮ ਲੀਗੀ ਬਣ ਗਏ, ਇਸਦਾ ਨਤੀਜਾ ਇਹ ਹੋਇਆ ਕਿ ਹਿੰਦੂ ਮੁੰਡੇ ਇਹਨਾਂ ਨੂੰ ਮੌਲਾਨਾ-ਟੋਪੀ ਕਹਿਣ ਲੱਗ ਪਏ।
ਅਲੀਗੜ੍ਹ ਵਿਚ ਦੰਗਾ ਹੋ ਗਿਆ...ਤੇ ਇਹਨਾਂ ਇਸ ਡਰ ਨਾਲ ਕਠਪੂਲੇ ਦੇ ਪਾਰ ਜਾਣਾ ਛੱਡ ਦਿੱਤਾ ਕਿ ਕਿਤੇ ਮੁਸਲਮਾਨ ਹੋਣ ਦੇ ਧੋਖੇ ਵਿਚ ਮਾਰੇ ਹੀ ਨਾ ਜਾਣ।
ਹਿੰਦੀ ਦੀ ਐਮ. ਏ. ਕਰ ਚੁੱਕੇ ਸਨ। ਬੇਰੁਜ਼ਗਾਰ ਸਨ।
ਕਿਸੇ ਡੀ.ਏ.ਵੀ. ਕਾਲਜ ਵਿਚ ਹਿੰਦੀ ਦੀ ਇਕ 'ਜਗ੍ਹਾ' ਨਿਕਲੀ। ਇੱਫ਼ਨ ਨੇ ਅਖ਼ਬਾਰ ਦੀ ਕਟਿੰਗ ਟੋਪੀ ਨੂੰ ਭੇਂਟ ਕਰਦਿਆਂ ਹੋਇਆਂ ਕਿਹਾ¸
“ਅਪਲਾਈ ਕਰ ਦੇਅ।”
ਇਹ ਬੋਲਿਆ, “ਭਾਈ, ਕੀ ਲਾਭ?”
ਇੱਫ਼ਨ ਨੇ ਕਿਹਾ, “ਬਈ ਨੌਕਰੀ ਮਿਲੇਗੀ ਹੋਰ ਕੀ ਲਾਭ?”
ਬੋਲੇ, “ਕਾਲਜ ਹਿੰਦੂਆਂ ਦਾ ਐ, ਮੈਨੂੰ ਨੌਕਰੀ ਕੌਣ ਦਏਗਾ?”
“ਫੇਰ ਕਿਸੇ ਇਸਲਾਮੀਆ ਕਾਲਜ ਵਿਚ ਅਪਲਾਈ ਕਰ ਵੇਖ।” ਇੱਫ਼ਨ ਨੇ ਚਿੜ ਕੇ ਕਿਹਾ।
ਟੋਪੀ ਇੰਜ ਕਰਨ ਲਈ ਵੀ ਤਿਆਰ ਨਹੀਂ ਸੀ ਹੋਇਆ। ਬੋਲਿਆ, “ਮੇਰਾ ਨਾਂ ਬਲਭਦਰ ਨਾਰਾਇਣ ਸ਼ੁਕਲਾ ਐ।”
ਇਹ ਸਵਾਲ ਸੱਚਮੁੱਚ ਬੜਾ ਮਹੱਤਵਪੂਰਨ ਹੈ ਕਿ 'ਬਲਭਦਰ ਨਾਰਾਇਣ ਸ਼ੁਕਲਾ ਜਾਂ ਇਸ ਵਰਗੇ ਹੀ ਕਿਸੇ ਅਨਵਰ ਹੁਸੈਨ ਲਈ, ਇਸ ਦੇਸ਼ ਵਿਚ ਕੋਈ 'ਜਗ੍ਹਾ' ਹੈ ਜਾਂ ਨਹੀਂ?' ਇੱਥੇ ਕੁੰਜੜਾਂ, ਕਸਾਈਆਂ, ਸਯੱਦਾਂ, ਰਾਜਪੂਤਾਂ, ਮੁਸਲਿਮ-ਰਾਜਪੂਤਾਂ, ਬਾਰਾਸੇਨੀਆਂ, ਅਗਰਵਾਲਾਂ, ਕਾਯਸਥਾਂ, ਈਸਾਈਆਂ, ਸਿੱਖਾਂ...ਭਾਵ ਇਹ ਕਿ ਸਾਰਿਆਂ ਲਈ ਥੋੜ੍ਹੀ ਜਾਂ ਬਹੁਤੀ ਗੂੰਜਾਇਸ਼ ਹੈ, ਪਰ ਹਿੰਦੁਸਤਾਨੀ ਕਿੱਥੇ ਜਾਣ? ਇੰਜ ਲੱਗਦਾ ਹੈ, ਇਮਾਨਦਾਰ ਲੋਕਾਂ ਨੂੰ ਹਿੰਦੂ, ਮੁਸਲਮਾਨ ਬਣਾਉਣ ਵਿਚ ਬੇਰੋਜ਼ਗਾਰੀ ਦਾ ਵੀ ਬੜਾ ਵੱਡਾ ਹੱਥ ਹੈ।

“ਧਰਮ ਵਿਚ ਵੀ ਸਿਆਸਤ ਘੁਸੜ ਆਈ ਐ ਭਾਈ ਹੁਣ!” ਟੋਪੀ ਨੇ ਖਿਝ ਕੇ ਕਿਹਾ।
“ਧਰਮ ਹਮੇਸ਼ਾ ਤੋਂ ਹੀ ਸਿਆਸਤ ਦਾ ਇਕ ਰੂਪ ਰਿਹੈ¸ਨਾ ਸੋਮਨਾਥ ਦਾ ਮੰਦਰ ਤੂੰ ਬਣਵਾ ਸਕਦਾ ਏਂ ਤੇ ਨਾ ਹੀ ਦਿੱਲੀ ਦੀ ਜਾਮਾ ਮਸਜਿਦ ਮੈਂ। ਫੇਰ ਧਰਮ ਤੇਰਾ ਜਾਂ ਮੇਰਾ ਸਾਥ ਕਿਉਂ ਦਏਗਾ ਬਈ, ਮੂਰਖ਼-ਮਿੱਤਰਾ!”

“ਮੈਂ ਸੋਚ ਰਿਹਾਂ, ਸ਼ਾਦੀ ਕਰ ਲਵਾਂ।” ਟੋਪੀ ਨੇ ਕਿਹਾ।
ਇੱਫ਼ਨ, ਟੋਪੀ ਦੇ ਸ਼ੁਭ ਜਾਂ ਅਸ਼ੁਭ ਵਿਆਹ ਦੇ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਤਾਂ ਬੈਠਾ ਨਹੀਂ ਸੀ ਹੋਇਆ, ਇਸ ਲਈ ਹੈਰਾਨੀ ਨਾਲ ਤ੍ਰਬਕਿਆ¸
“ਕੀ ਸੋਚ ਰਿਹੈਂ ਤੂੰ...?”
“ਮੈਂ ਮਜ਼ਾਕ ਨਹੀਂ ਕਰ ਰਿਹਾ।” ਟੋਪੀ ਨੇ ਕਿਹਾ, “ਮੇਰੀਆਂ ਮੁਸੀਬਤਾਂ ਦਾ ਇਕੋਇਕ ਹੱਲ ਇਹੀ ਐ। ਇਕ ਵਾਰੀ ਸ਼ਾਦੀ ਕਰ ਲਵਾਂ ਫ਼ੇਰ ਵੇਖਾਂਗਾ ਇਸ ਸਾਲੀ ਦੁਨੀਆਂ ਨੂੰ।”
“ਫ਼ੇਰ ਨਹੀਂ, ਫੇਰ।”
“ਕੋਈ ਫਰਕ ਨਹੀਂ ਪੈਂਦਾ।”
“ਫਰਕ ਨਹੀਂ, ਫ਼ਰਕ।”
“ਬਸ ਤੁਸੀਂ ਲੋਕ ਸ਼ਬਦਾਂ ਦੀਆਂ ਤਲੀਆਂ ਚੱਟਦੇ ਰਹੀਓ।” ਉਹ ਹਿਰਖ ਗਿਆ, “ਮੈਂ ਤਾਂ ਆਪਣੇ ਵਿਆਹ ਦੀ ਗੱਲ ਕਰ ਰਿਹਾਂ ਤੇ ਤੁਸੀਂ ਭਾਸ਼ਾ-ਸੁਧਾਰ-ਯੋਜਨਾ ਚਲਾਉਣ 'ਤੇ ਅੜੇ ਬੈਠੇ ਓ।”
“ਪਰ ਸ਼ਾਦੀ ਕਿਸ ਨਾਲ ਕਰ ਰਿਹੈਂ ਤੂੰ?”
“ਇਹੀ ਪਤਾ ਹੁੰਦਾ ਤਾਂ ਤੁਹਾਨੂੰ ਕਿਉਂ ਕਹਿੰਦਾ।” ਟੋਪੀ ਖਾਸਾ ਨਰਾਜ਼ ਹੋ ਗਿਆ ਸੀ, “ਭਾਈ ਸ਼੍ਰੀ ਤੁਸੀਂ ਵੀ ਕਦੀ-ਕਦੀ ਬੜੇ ਸਟੂਪਿਡ ਹੋ ਜਾਂਦੇ ਓ।”
“ਓ ਬਈ, ਤਾਂ ਕੁੜੀ ਵੀ ਮੈਂ ਈ ਪੈਦਾ ਕਰਾਂ ਹੁਣ?”
“ਇਸਦਾ ਕੀ ਲਾਭ ਹੋਏਗਾ?” ਟੋਪੀ ਨੇ ਕਿਹਾ, “ਤੁਹਾਡੀ ਹੁਣ ਪੈਦਾ ਕੀਤੀ ਹੋਈ ਕੁੜੀ ਨਾਲ ਮੈਂ ਵਿਆਹ ਤਾਂ ਕਰਵਾ ਨਹੀਂ ਸਕਣਾ।”
“ਹੋਰ ਫੇਰ?” ਇੱਫ਼ਨ ਨੇ ਸਵਾਲ ਕੀਤਾ।
“ਕਿਸੇ ਨਾਲ ਮੇਰਾ ਇਸ਼ਕ ਈ ਕਰਵਾ ਦਿਓ।”
“ਤੇਰਾ ਇਸ਼ਕ ਕਰਵਾ ਦਿਆਂ...?”
“ਹਾਂ, ਹੋਰ ਕੀ।”
“ਤੇ ਮੈਂ ਆਪ ਹੀ ਕਿਉਂ ਨਾ ਕਰ ਲਵਾਂ?”
“ਏ ਭਾਈ ਸ਼੍ਰੀ, ਖਬਰਦਾਰ ਜੇ ਕੋਈ ਪੁੱਠੀ-ਸਿੱਧੀ ਗੱਲ ਕੀਤੀ...” ਟੋਪੀ ਭੜਕ ਗਿਆ, “ਭਾਬੀ ਦੇ ਹੁੰਦਿਆਂ, ਤੁਸੀਂ ਇਸ਼ਕ ਕਰੋਗੇ...?”

“ਦੇਖ, ਪੰਡਿਤ ਬਲਭਦਰ ਨਾਰਾਇਣ ਟੋਪੀ ਸ਼ੁਕਲਾ,” ਇੱਫ਼ਨ ਨੇ ਕਿਹਾ, “ਇਸ਼ਕ ਲੜਾਉਣ ਲਈ ਜਾਂ ਇਸ਼ਕ ਕਰਨ ਲਈ ਕੁੜੀਆਂ ਦੀ ਕੋਈ ਕਮੀ ਨਹੀਂ...ਪਰ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਹੜੀ ਕੁੜੀ ਤੇਰੇ ਨਾਲ ਇਸ਼ਕ ਕਰੇ, ਉਹ ਤੇਰੇ ਨਾਲ ਸ਼ਾਦੀ ਵੀ ਕਰ ਲਏ। ਇਸ਼ਕ ਦਾ ਸਬੰਧ ਦਿਲ ਨਾਲ ਹੁੰਦਾ ਏ ਤੇ ਸ਼ਾਦੀ ਦਾ ਤਨਖ਼ਾਹ ਨਾਲ। ਜਿਹੋ-ਜਿਹੀ ਤਨਖ਼ਾਹ ਹੋਏਗੀ, ਉਹੋ-ਜਿਹੀ ਪਤਨੀ ਮਿਲੇਗੀ।”
“ਊਂਹ...ਤਾਂ ਇਹ ਲੈਲਾ-ਮਜਨੂੰ ਤੇ ਹੀਰ-ਰਾਂਝੇ ਦੀਆਂ ਕਹਾਣੀਆਂ ਸਿਰਫ ਪ੍ਰਾਪੋਗੰਡਾ ਈ ਐ ਜੀ?”
“ਇਹ ਕਹਾਣੀਆਂ ਮਿਡਲ ਕਲਾਸ ਦੇ ਪੈਦਾ ਹੋਣ ਤੋਂ ਪਹਿਲਾਂ ਦੀਆਂ ਕਹਾਣੀਆਂ ਐਂ ਜੀ।” ਇੱਫ਼ਨ ਨੇ ਕਿਹਾ।
“ਯਾਨੀ ਸਿਆਸਤ ਸਾਲੀ ਇਸ਼ਕ ਵਿਚ ਵੀ ਘੁਸੜੀ ਹੋਈ ਐ?...ਵੈਸੇ ਇਸ਼ਕ ਤਾਂ ਠੀਕ ਕਹਿ ਰਿਹਾਂ ਨਾ ਮੈਂ?”

“ਐਨ ਉੱਤੇ ਜ਼ੋਰ ਜ਼ਰਾ ਵਧੇਰੇ ਹੀ ਪਾ ਰਿਹੈਂ, ਤੂੰ ਅਲਫ਼ ਨਾਲ ਹੀ ਕਹਿ ਲਿਆ ਕਰ।”
“ਫੇਰ ਤੁਸੀਂ ਏਤਰਾਜ ਕਰੋਗੇ ਕਿ ਮੈਂ ਭਾਸ਼ਾ ਨੂੰ ਵਿਗਾੜ ਰਿਹਾਂ...।”
“ਨਹੀਂ,” ਇੱਫ਼ਨ ਨੇ ਕਿਹਾ, “ਮੈਂ ਬਿਲਕੁਲ 'ਏਤਰਾਜ' ਨਹੀਂ ਕਰਾਂਗਾ।”
“ਤਾਂ ਫੇਰ ਇਸ਼ਕ ਕਰਵਾ ਦਿਓ ਨਾ ਮੇਰਾ।” ਟੋਪੀ ਨੇ ਕਿਹਾ, “ਤੇ ਜੇ ਕਿਸੇ ਮੁਸਲਮਾਨ ਕੁੜੀ ਨਾਲ ਕਰਵਾ ਦਿਓ ਤੋ ਕਿਆ ਕਹਿਣੇ!”
“ਉਹ ਕਿਉਂ ਬਈ?”
“ਉਸਨੂੰ ਲੈ ਕੇ ਪਾਕਿਸਤਾਨ ਚਲਾ ਜਾਵਾਂਗਾ। ਵੈਸੇ ਤਿੰਨ ਰੁਪਈਏ ਹੋਣਗੇ?”
“ਤਿੰਨ ਰੁਪਈਏ!” ਇੱਫ਼ਨ ਹੈਰਾਨੀ ਵੱਸ ਤ੍ਰਬਕਿਆ।
“ਹਾਂ-ਹਾਂ।”
“ਕੀ ਕਰਨੇ ਨੇ?”
“ਯਾਰ ਭਾਈ ਸ਼੍ਰੀ, ਤੁਸੀਂ ਵੀ ਬੜੇ 'ਡੱਲ' ਹੁੰਦੇ ਜਾ ਰਹੇ ਓ।” ਟੋਪੀ ਨੇ ਅਫ਼ਸੋਸ ਭਰੀ ਆਵਾਜ਼ ਵਿਚ ਕਿਹਾ, “ਖਰਚਾਂਗਾ, ਹੋਰ ਕੀ ਕਰਾਂਗਾ...?”
“ਵੇ ਟੋਪੀ!” ਇੱਫ਼ਨ ਦੀ ਬੀਵੀ ਸਕੀਨਾ ਆ ਗਈ, “ਰੋਟੀ ਖਾ ਕੇ ਜਾਵੀਂ।”
“ਰਾਮ-ਰਾਮ-ਰਾਮ,” ਟੋਪੀ ਖੜ੍ਹਾ ਹੋ ਗਿਆ, “ਭਾਬੀ ਜੀ, ਤੁਸੀਂ ਇਕ ਦਿਨ ਲਾਜ਼ਮੀਂ ਮੇਰਾ ਧਰਮ ਭਰਿਸ਼ਟ ਕਰਕੇ ਸਾਹ ਲਓਗੇ। ਕਿੰਨੀ ਵਾਰੀ ਕਹਾਂ, ਬਈ ਮੈਂ ਮੁਸਲਮਾਨਾਂ ਦੇ ਘਰ ਦਾ ਕੁਝ ਨਹੀਂ ਖਾਂਦਾ।”
“ਕਿਉਂ ਨਹੀਂ ਖਾਂਦਾ?” ਇੱਫ਼ਨ ਨੇ ਹਿਰਖ ਕੇ ਪੁੱਛਿਆ, “ਉਂਜ ਤਾਂ ਪ੍ਰਗਤੀਸ਼ੀਲ ਬਣਿਆ ਫਿਰਦਾ ਏਂ।”
“ਹਾਂ, ਸੋ ਤੋ ਹਾਂ ਹੀ; ਪ੍ਰੰਤੂ ਆਦਤ ਜੋ ਪਈ ਹੋਈ ਐ।” ਟੋਪੀ ਨੇ ਕਿਹਾ, “ਫੇਰ ਵੀ ਜਦੋਂ ਘਰ ਜਾਂਨਾਂ ਤਾਂ ਰਸੋਈ ਵਿਚ ਵੜਨ ਦੀ ਆਗਿਆ ਨਹੀਂ ਹੁੰਦੀ। ਮਾਤਾ ਸ਼੍ਰੀ ਮੇਰੀ ਥਾਲੀ ਵੱਖਰੀ ਰੱਖਦੀ ਐ। ਕਹਿੰਦੀ ਐ, ਮੈਂ ਮਲੈਛ ਹੋ ਗਿਆਂ। ਪ੍ਰੰਤੂ ਮਾਂ ਐਂ, ਕਦੀ-ਕਦਾਈਂ ਪਿਆਰ ਵੀ ਕਰ ਬਹਿੰਦੀ ਐ...ਤੇ ਪਿਆਰ ਕਰਨ ਪਿੱਛੋਂ ਸਿੱਧੀ ਗੰਗਾ ਨਹਾਉਣ ਤੁਰ ਜਾਂਦੀ ਐ। ਇਕ ਵਾਰੀ ਮੈਂ ਕਹਿ ਬੈਠਾ, 'ਮਾਤਾ ਸ਼੍ਰੀ, ਹੁਣ ਤਾਈਂ ਤਾਂ ਮੁਸਲਮਾਨਾ ਨੇ ਨਹਾਅ-ਨਹਾਅ ਕੇ ਗੰਗਾ ਮਈਆ ਨੂੰ ਵੀ ਅਪਵਿੱਤਰ ਕਰ ਦਿੱਤਾ ਹੋਊਗਾ।' ਜਵਾਬ ਵਿਚ ਗੁੱਸੇ ਹੋ ਗਈ ਤੇ ਛੇ ਮਹੀਨੇ ਤਾਈਂ ਮੇਰੇ ਨਾਲ ਬੋਲੀ ਨਹੀਂ।”
“ਤੇ ਤੇਰਾ ਪਿਤਾ ਸ਼੍ਰੀ?” ਸਕੀਨਾ ਬਾਹਾਂ ਚੜ੍ਹਾਉਂਦੀ ਹੋਈ ਇੱਫ਼ਨ ਦੀ ਕੁਰਸੀ ਦੇ ਹੱਥੇ ਉੱਤੇ ਬੈਠ ਗਈ ਤੇ ਦੁੱਪਟੇ ਨਾਲ ਮੱਥੇ ਤੋਂ ਪਸੀਨਾ ਪੂੰਝਣ ਲੱਗੀ।
ਇੱਫ਼ਨ ਨੇ ਪੈੱਨ ਬੰਦ ਕਰ ਦਿੱਤਾ। ਹੁਣ ਘੰਟਿਆਂ ਬੱਧੀ ਕੋਈ ਕੰਮ ਕਰਨ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।
ਸਕੀਨਾ ਤੇ ਟੋਪੀ ਵਿਚਕਾਰ ਗੂੜ੍ਹੀ ਦੋਸਤੀ ਸੀ, ਪਰ ਦੋਵਾਂ ਦੀ ਇਕ ਪਲ ਨਹੀਂ ਸੀ ਬਣਦੀ। ਸਕੀਨਾ ਹਿੰਦੂਆਂ ਉੱਪਰ ਹਿਰਖੀ ਰਹਿੰਦੀ, ਕਿਉਂਕਿ ਉਸਦੇ ਘਰ ਵਾਲੇ ਆਜ਼ਾਦੀ ਦੇ ਦੰਗਿਆਂ ਵਿਚ ਮਾਰੇ ਗਏ ਸਨ।
“ਟੋਪੀ!”' ਉਹ ਬੋਲੀ, “ਮੈਂ ਤੁਹਾਨੂੰ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਹਾਂ...ਇੱਥੇ ਬੈਠ ਕੇ ਪਤਾ ਨਹੀਂ ਕਿਹੜੇ ਸ਼ੀਲ ਬਣ ਜਾਂਦੇ ਓ?”
“ਪ੍ਰਗਤੀਸ਼ੀਲ।” ਟੋਪੀ ਨੇ ਠੁੰਮਣਾ ਦਿੱਤਾ।
“ਹਾਂ ਹਾਂ...ਅਰਗਤੀ-ਪਰਗਤੀ-ਸ਼ੀਲ ਹੋਏਗਾ ਕੁਛ। ਇਹ ਮੋਈ ਵੀ ਕੋਈ ਜ਼ੁਬਾਨ ਏਂ...ਕਿ ਬੋਲੋ ਤਾਂ ਜ਼ੁਬਾਨ ਨਚਾਰ ਔਰਤ ਵਾਂਗ ਸੌ-ਸੌ ਵਲ ਖਾਂਦੀ ਏ।”
“ਪਹਿਲਾਂ ਉਹ ਗੱਲ ਪੂਰੀ ਕਰੋ, ਇਹ ਉਪਮਾਵਾਂ ਕਿਉਂ ਲੁਟਾਉਣ ਬਹਿ ਗਏ ਓ?” ਟੋਪੀ ਨੇ ਕਿਹਾ, “ਕੀ ਕਹਿ ਰਹੇ ਸੀ ਤੁਸੀਂ?”
“ਓਇ...ਮੈਂ ਕਿਸੇ ਤੋਂ ਡਰਦੀ ਆਂ, ਜੋ ਨਹੀਂ ਕਹਾਂਗੀ।” ਸਕੀਨਾ ਹੱਥਿਓਂ ਉੱਖੜ ਗਈ, “ਕਹਿ ਰਹੀ ਸਾਂ, ਇੱਥੇ ਬੈਠ ਕੇ ਤਾਂ ਪਰਗਤੀ-ਸ਼ੀਲ ਬਣ ਜਾਂਦੇ ਓ...ਪਰ ਖੱਲ ਵਿਚ ਹੋ ਤਾਂ ਹਿੰਦੂ ਹੀ।”
“ਓ-ਜੀ, ਮੈਂ ਕਦੋਂ ਕਿਹੈ ਬਈ ਮੈਂ ਮੁਸਲਮਾਨ ਬਣ ਗਿਆਂ?” ਟੋਪੀ ਬੋਲਿਆ, “ਮੈਂ ਕੋਈ ਪਾਗਲ ਆਂ ਜੋ ਵੱਧ ਗਿਣਤੀ ਵਾਲਿਆਂ ਨੂੰ ਛੱਡ ਕੇ, ਘੱਟ ਗਿਣਤੀ ਵਾਲਿਆਂ ਨਾਲ ਰਲਾਂਗਾ?”
“ਤੂੰ ਜਨਸੰਘੀਆਂ ਦਾ ਜਾਸੂਸ ਏਂ।”
“ਵੈਸੇ ਇਸ ਸਮੇਂ ਮੈਨੂੰ ਤਿੰਨ ਰੁਪਈਏ ਚਾਹੀਦੇ ਐ।”
“ਤਿੰਨ ਰੁਪਈਏ?...ਹੈ ਨਹੀਂ ਮੇਰੇ ਕੋਲ।”
“ਪੰਜਾਂ ਨਾਲ ਵੀ ਕੰਮ ਚੱਲ ਜਾਊਗਾ।”
“ਹਾਂ, ਤੇਰੇ ਪਿਤਾ, ਪਤਾ ਨਹੀਂ ਕਿਹੜੇ ਨਾਰਾਇਣ ਸ਼ੁਕਲਾ, ਨੇ ਇਸ ਵਿਹੜੇ 'ਚ ਨੋਟਾਂ ਦਾ ਦਰਖ਼ਤ ਲਾਇਆ ਈ ਨਾ...ਉਸ ਦਾ ਇਸ ਸਾਲ ਝਾੜ ਵਾਹਵਾ ਹੋਇਆ ਏ।”
“ਕੁਮਾਲ ਐ! ਪਿਤਾ ਜੀ ਨੇ ਇਹ ਗੱਲ ਮੈਨੂੰ ਕਦੀ ਨਹੀਂ ਦੱਸੀ।”
“ਇਹ ਏਡਾ ਵੱਡਾ ਕਮਾਲ ਵੀ ਨਹੀਂ ਕਿ ਤੂੰ ਕੁਮਾਲ ਕਹਿਣ ਲੱਗ ਪਏਂ।” ਇੱਫ਼ਨ ਨੇ ਕਿਹਾ।
ਸਕੀਨਾ ਨੂੰ ਹਾਸਾ ਆ ਗਿਆ। ਉਸਨੇ ਲੜ ਨਾਲ ਬੱਧਾ ਪੰਜ ਦਾ ਨੋਟ ਖੋਹਲ ਕੇ ਟੋਪੀ ਵੱਲ ਵਧਾ ਦਿੱਤਾ।
“ਲੈ...ਪਰ ਨੌਕਰ ਹੁੰਦਿਆਂ ਈ ਵਾਪਸ ਕਰ ਦੇਈਂ।”
“ਲਿਖ ਲਿਓ ਭਾਬੀ ਜੀ।” ਟੋਪੀ ਨੇ ਉਠਦਿਆਂ ਹੋਇਆਂ ਕਿਹਾ, “ਵਿਆਜ ਸਮੇਤ ਇਕ ਇਕ ਪਾਈ ਵਾਪਸ ਕਰ ਦਿਆਂਗਾ...ਤੇ ਦੇਖੋ, ਜੇ ਪੈਸਿਆਂ ਦੀ ਬਹੁਤੀ ਹੀ ਲੋੜ ਆ ਪਵੇ ਤਾਂ ਮੈਨੂੰ ਇਕ ਨੌਕਰੀ ਦੁਆ ਦੇਣਾ।”
ਤੇ ਇਸ ਤੋਂ ਪਹਿਲਾਂ ਕਿ ਸਕੀਨਾ ਇਸ ਗੱਲ ਦਾ ਕੋਈ ਢੁੱਕਵਾਂ ਜਵਾਬ ਦੇਂਦੀ ਟੋਪੀ ਤੁਰ ਗਿਆ।
ਇਹ ਹੈ ਬਲਭਦਰ ਨਾਰਾਇਣ ਸ਼ੁਕਲਾ ਜਿਹੜਾ ਇਸ ਕਹਾਣੀ ਦਾ ਹੀਰੋ ਹੈ।
ਜੀਵਨੀ ਜਾਂ ਕਹਾਣੀ ਸੁਣਾਉਣ ਦਾ ਇਕ ਖਾਸ ਤਰੀਕਾ ਇਹ ਵੀ ਹੈ ਕਿ ਕਹਾਣੀਕਾਰ ਜਾਂ ਜੀਵਨੀਵਾਰ ਕਹਾਣੀ ਜਾਂ ਜੀਵਨੀ ਨੂੰ ਕਿਤੋਂ ਵੀ ਸ਼ੁਰੂ ਕਰ ਦਏ। ਜੀਵਨ ਵਾਂਗ ਹੀ ਕਹਾਣੀ ਦੇ ਆਰੰਭ ਦਾ ਕੋਈ ਮਹੱਤਵ ਨਹੀਂ ਹੁੰਦਾ। ਮਹੱਤਵ ਸਿਰਫ ਅੰਤ ਦਾ ਹੁੰਦਾ ਹੈ। ਜੀਵਨ ਦੇ ਅੰਤ ਦਾ ਵੀ, ਤੇ ਕਹਾਣੀ ਦੇ ਅੰਤ ਦਾ ਵੀ। ਜੇ ਮੈਂ ਤੁਹਾਨੂੰ ਇਹ ਦਿਖਾਉਂਦਾ ਕਿ ਕਾਲੇ ਮਾਸ ਦੇ ਲੋਥੜੇ ਵਰਗਾ ਬਲਭਦਰ ਨਾਰਾਇਣ ਸ਼ੁਕਲਾ ਇਕ ਪੰਘੂੜੇ ਵਿਚ ਪਿਆ 'ਟਿਆਂ-ਟਿਆਂ' ਕਰ ਰਿਹਾ ਹੈ ਤੇ ਉਸਦੇ ਲੱਕ ਦੁਆਲੇ ਕਾਲੀ ਤੜਾਗੀ ਵੱਝੀ ਹੋਈ ਹੈ ਤੇ ਕਾਲੇ ਮੱਥੇ ਉੱਤੇ ਕਾਲਸ ਦਾ ਇਕ ਟਿੱਕਾ ਲੱਗਿਆ ਹੋਇਆ ਹੈ ਤਾਂ ਸੰਭਵ ਹੈ ਤੁਸੀਂ ਨੱਕ-ਬੁੱਲ੍ਹ ਵੱਟਣ ਲੱਗ ਪੈਂਦੇ ਕਿ ਇਸ ਬੱਚੇ ਵਿਚ ਕੀ ਖਾਸ ਗੱਲ ਹੈ !...ਜਦਕਿ ਸੱਚ ਪੁੱਛੀਏ ਤਾਂ ਹਰ ਕਹਾਣੀ ਤੇ ਹਰੇਕ ਜੀਵਨ ਸ਼ੁਰੂ ਉੱਥੋਂ ਹੀ ਹੁੰਦਾ ਹੈ।
    --- --- ---

No comments:

Post a Comment