Tuesday 15 June 2010

ਟੋਪੀ ਸ਼ੁਕਲਾ…: ਸਤਾਰ੍ਹਵੀਂ ਕਿਸ਼ਤ

ਟੋਪੀ ਸ਼ੁਕਲਾ…: ਸਤਾਰ੍ਹਵੀਂ ਕਿਸ਼ਤ :

ਇਸ ਕਹਾਣੀ ਦੇ ਆਖ਼ਰੀ ਹਿੱਸੇ ਵਿਚ ਇਕ ਨਵੇਂ ਆਦਮੀ ਨਾਲ ਮਿਲਵਾਉਣ ਦੀ ਆਗਿਆ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਇਹ ਕਹਾਣੀ ਦੇ ਨਿਯਮਾਂ ਦੇ ਖ਼ਿਲਾਫ਼ ਹੈ...ਪਰ ਇਹ ਨਿਯਮ ਬੜਾ ਚਿਰ ਪਹਿਲਾਂ ਬਣਾਏ ਗਏ ਸਨ। ਵਾਜਿਦ ਖ਼ਾਂ ਨਾਲ ਮਿਲਵਾਉਣ ਲਈ ਇਹੀ ਜਗ੍ਹਾ ਠੀਕ ਹੈ। ਗੱਲ ਇਹ ਹੈ ਕਿ ਵਾਜਿਦ ਖ਼ਾਂ ਖ਼ੁਦ ਆਪਣੀ ਕਹਾਣੀ ਦਾ ਆਰੰਭ ਨਹੀਂ ਬਲਿਕ ਅੰਤ ਹੈ। ਫੇਰ ਮੈਂ ਟੋਪੀ ਦੀ ਕਹਾਣੀ ਦੇ ਆਰੰਭ ਵਿਚ ਤੁਹਾਨੂੰ ਇਸ ਨਾਲ ਕਿੰਜ ਮਿਲਵਾਉਂਦਾ?
ਵਾਜਿਦ ਨੂੰ ਦੇਖ ਕੇ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਉਹ ਕਵੀ ਵੀ ਹੋਵੇਗਾ। ਪਰ ਉਹ ਬੜਾ ਬਾਂਕਾ ਕਵੀ ਹੈ। ਸਾਹਿਤ ਜਗਤ ਵਿਚ ਉਸਨੂੰ ਜਾਵੇਦ ਕਮਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਾਜਿਦ ਖ਼ਾਂ ਦੇ ਨਾਂ ਨਾਲ ਤਾਂ ਉਹ ਯੂਨੀਵਰਸਟੀ ਦੀ ਕੈਂਟੀਨ ਦਾ ਚਾਹ ਵਾਲਾ ਹੈ। ਕਹਾਣੀਕਾਰ ਅਕਸਰ ਇਹ ਸੋਚਦਾ ਹੈ ਕਿ ਉਹ ਵਾਜਿਦ ਖਾਂ ਹੈ ਜਾਂ ਜਾਵੇਦ ਕਮਾਲ? ਉਹ ਪਾਨ ਚਬਾਉਂਦੇ ਰਹਿਣ, ਗੱਲਾਂ ਕਰਨ ਤੇ ਹੁਸਨ ਦਾ ਪੂਜਾਰੀ ਹੈ। ਉਸਨੂੰ ਖ਼ੁਦ ਆਪਣੀ ਆਵਾਜ਼ ਸੁਣਨੀ ਪੈਂਦੀ ਹੈ...ਕਿਉਂਕਿ ਜਿਸਦਾ ਕੋਈ ਦਲਾਲ ਨਹੀਂ ਹੁੰਦਾ, ਉਸਦੇ ਵਿਚਾਰ ਵੀ ਕੋਈ ਨਹੀਂ ਸੁਣਦਾ। ਉਹ ਇਸ ਡਰ ਕਰਕੇ ਬੋਲਦਾ ਰਹਿੰਦਾ ਹੈ ਕਿ ਜੇ ਚੁੱਪ ਹੋਇਆ ਤਾਂ ਸ਼ਾਇਦ ਫੇਰ ਉਸਨੂੰ ਇਹ ਵੀ ਯਾਦ ਨਹੀਂ ਰਹਿਣਾ ਕਿ ਕਦੀ ਉਸ ਕੋਲ ਵੀ ਇਕ ਆਵਾਜ਼ ਤੇ ਕੁਝ ਵਿਚਾਰ ਹੁੰਦੇ ਸੀ। ਉਸਦੇ ਘਰ ਵਾਲਿਆਂ ਦੀ ਇਹ ਜ਼ਿੱਦ ਹੈ ਕਿ ਉਹ ਵਾਜਿਦ ਖ਼ਾਂ ਹੈ ਤੇ ਉਹ ਇਸ ਗੱਲ ਉੱਤੇ ਅੜਿੰਗ ਹੈ ਕਿ ਉਹ ਜਾਵੇਦ ਕਮਾਲ ਹੈ...ਪਰ ਵਾਜਿਦ ਖ਼ਾਂ, ਭੂਤ ਬਣ ਕੇ, ਉਸਨੂੰ ਚੰਬੜਿਆ ਹੋਇਆ ਹੈ। ਇਸ ਭੂਤ ਤੋਂ ਜਾਨ ਛੁਡਾਉਣ ਖਾਤਰ ਉਹ, ਜਜ਼ਬੀ ਵਰਗੇ ਮਾਮੂਲੀ ਆਦਮੀ, ਨਾਸਮਝ ਤੇ ਘਟੀਆ ਸ਼ਾਇਰ ਨਾਲ ਵੀ, ਸਾਹਿਤ ਦੀਆਂ ਸਮੱਸਿਆਵਾਂ ਉੱਤੇ ਘੰਟਿਆਂ ਬੱਧੀ, ਗੱਲਾਂ ਮਾਰਦਾ ਰਹਿੰਦਾ ਹੈ। ਆਪਣੇ ਦੋਸਤਾਂ-ਮਿੱਤਰਾਂ ਨੂੰ ਮੁਫ਼ਤ ਚਾਹ ਪਿਆਉਂਦਾ ਹੈ। ਉਹ ਇਕ ਨਾਰਮਲ ਆਦਮੀ ਹੈ, ਪਰ ਗੰਜੇ ਫ਼ਰਿਸ਼ਤਿਆਂ ਵਿਚਕਾਰ ਘਿਰਿਆ ਹੋਇਆ ਹੈ ਤੇ ਇਸੇ ਲਈ 'ਅਬ-ਨਾਰਮਲ' ਦਿਖਾਈ ਦਿੰਦਾ ਹੈ।
ਤੁਸੀਂ ਸੋਚਦੇ ਹੋਵੋਗੇ ਕਿ ਟੋਪੀ ਦੀ ਕਹਾਣੀ ਰੋਕ ਕੇ, ਮੈਂ ਵਾਜਿਦ ਦੀਆਂ ਗੱਲਾਂ ਕਿਉਂ ਛੇੜ ਬੈਠਾ ਹਾਂ?...ਸੋ ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਹਾਂ ਕਿ ਵਾਜਿਦ ਵੀ ਟੋਪੀ ਦੀ ਕਹਾਣੀ ਦਾ ਇਕ ਅੰਗ ਹੈ। ਇਸ ਡਰਾਮੇਂ ਦਾ ਇਕ ਐਕਟ ਵਾਜਿਦ ਦੀ ਸਟੇਜ ਉੱਤੇ ਵੀ ਖੇਡਿਆ ਗਿਆ ਸੀ। ...ਤੇ ਕਿਉਂਕਿ ਉਹ ਜਗ੍ਹਾ ਨੇੜੇ ਆ ਚੁੱਕੀ ਹੈ ਜਿੱਥੇ ਹਵਾ ਟੋਪੀ ਦੀ ਕਹਾਣੀ ਦਾ ਇਕ ਹੋਰ ਪੰਨਾ ਉਲਟ ਕੇ ਸਾਡੇ ਸਾਹਮਣੇ ਲਿਆਉਣ ਵਾਲੀ ਹੈ। ਇਸ ਲਈ ਮੈਂ ਜ਼ਰੂਰੀ ਸਮਝਦਾ ਹਾਂ ਕਿ ਤੁਹਾਨੂੰ ਉਹ ਸਟੇਜ ਦਿਖਾਅ ਦਿਆਂ ਜਿਸ ਉੱਤੇ ਉਹ ਐਕਟ ਖੇਡਿਆ ਗਿਆ ਸੀ। ਟੋਪੀ ਤੇ ਸਲੀਮਾ ਦੀ ਦੋਸਤੀ ਕਰਵਾਉਣ ਵਿਚ ਵਾਜਿਦ ਦਾ ਬੜਾ ਵੱਡਾ ਹੱਥ ਸੀ।
ਟੋਪੀ ਜਦੋਂ ਅਲੀਗੜ੍ਹ ਵਿਚ ਇਕੱਲਾ ਰਹਿ ਗਿਆ ਤਾਂ ਵਾਜਿਦ ਵੱਲ ਹੀ ਨੱਸਿਆ...ਇਸ ਤੋਂ ਤੁਹਾਨੂੰ ਵਾਜਿਦ ਦੇ ਮਹੱਤਵ ਦਾ ਪਤਾ ਲੱਗ ਜਾਣਾ ਚਾਹੀਦਾ ਹੈ। ਇਸੇ ਕਰਕੇ ਮੈਂ ਤੁਹਾਨੂੰ ਵਾਜਿਦ ਨਾਲ ਮਿਲਵਾ ਰਿਹਾ ਹਾਂ।
ਵਾਜਿਦ ਬੜਾ ਚੰਗਾ ਪਹਿਲਵਾਨ ਬਣ ਸਕਦਾ ਸੀ; ਪਰ ਕਵੀ ਬਣ ਕੇ ਉਸਨੇ ਆਪਣੀ ਮਿੱਟੀ ਪਲੀਤ ਕਰ ਲਈ...ਨਹੀਂ ਤਾਂ ਉਹ ਵੀ ਅੱਜ ਦਾਰਾ ਸਿੰਘ ਵਾਂਗ ਫ਼ਿਲਮ ਸਟਾਰ ਤਾਂ ਬਣ ਹੀ ਗਿਆ ਹੁੰਦਾ। ਕੁੜੀਆਂ ਉਸਦੀਆਂ ਬਦਾਮੀ ਅੱਖਾਂ ਦੀ ਚਮਕ ਵੇਖ ਕੇ ਡਰ ਜਾਂਦੀਆਂ ਸਨ ਤੇ ਉਹ ਅੱਖਾਂ ਬੰਦ ਕਰਕੇ ਧੱਕਾ ਕਰਨ ਦਾ ਆਦੀ ਨਹੀਂ ਸੀ। ਇਸ ਲਈ ਇਹ ਸੱਚ ਹੈ ਕਿ ਉਸਦੀ ਜ਼ਿੰਦਗੀ ਵੀ ਬੀਤੀ...ਕਿ ਜ਼ਿੰਦਗੀ ਤਾਂ ਬੀਤਦੀ ਹੀ ਰਹਿੰਦੀ ਹੈ...ਤੇ ਦੋਸਤਾਂ ਦੀ ਮਦਦ ਕਰਨ ਵਿਚ ਹੀ ਬੀਤੀ। ਬਸ, ਕੋਈ ਆਸ਼ਕ ਹੋ ਜਾਵੇ ਕਿਸੇ ਉੱਤੇ...ਬਾਕੀ ਕੰਮ ਵਾਜਿਦ ਖ਼ਾਂ ਦਾ ਰਿਹਾ; ਉਹ ਐਨੀਆਂ ਸਲਾਹਾਂ ਦਵੇਗਾ ਕਿ ਇਸ਼ਕ ਕਰਨ ਵਾਲਾ ਘਬਰਾ ਕੇ ਇਸ਼ਕ ਤੋਂ ਤੌਬਾ ਕਰ ਲਵੇਗਾ ਜਾਂ ਫੇਰ ਡਿਪਰੈਸ਼ਨ ਵਿਚ ਆ ਕੇ ਕਿਸੇ ਹੋਰ ਕੁੜੀ ਉੱਤੇ ਆਸ਼ਕ ਹੋ ਜਾਵੇਗਾ।
ਵਾਜਿਦ ਬਾਰੇ ਸਭ ਤੋਂ ਜ਼ਰੂਰੀ ਗੱਲ ਦੱਸਣੀ ਤਾਂ ਮੈਂ ਭੁੱਲ ਹੀ ਗਿਆ; ਉਹ ਇੱਫ਼ਨ ਦਾ ਦੋਸਤ ਸੀ। ਬੀ.ਏ. ਤੀਕ ਦੋਵੇਂ ਇਕੱਠੇ ਪੜ੍ਹੇ ਸਨ। ਫੇਰ ਇੱਫ਼ਨ ਇਤਿਹਾਸ ਵੱਲ ਚਲਾ ਗਿਆ ਤੇ ਇਹ ਉਰਦੂ ਸਾਹਿਤ ਵੱਲ। ਫਸਟ ਡਵੀਜ਼ਨ ਵਿਚ ਐਮ.ਏ. ਪਾਸ ਕਰਕੇ ਇੱਫ਼ਨ ਲੈਕਚਰਰ ਲੱਗ ਗਿਆ ਤੇ ਇਹ ਚਾਹ ਵੇਚਣ ਲੱਗ ਪਿਆ।...ਨਹੀਂ, ਕੁਝ ਦਿਨ ਵਾਜਿਦ ਨੇ ਬੂਟ ਵੀ ਵੇਚੇ; ਪਰ ਦੋਸਤਾਂ, ਸ਼ਾਇਰਾਂ ਤੇ ਕਹਾਣੀਕਾਰਾਂ ਨੇ ਐਨੇ ਬੂਟ ਉਧਾਰ ਲਏ ਕਿ ਦੁਕਾਨ ਬੰਦ ਹੋ ਗਈ। ਖ਼ੁਦਾ ਨੇ ਚਾਹਿਆ ਤਾਂ ਕੈਂਟੀਨ ਦਾ ਵੀ ਇਹੋ ਹਸ਼ਰ ਹੋਵੇਗਾ।
ਇਫ਼ੱਨ ਨੇ ਹੀ ਇਕ ਦਿਨ ਟੋਪੀ ਨਾਲ ਉਸਨੂੰ ਮਿਲਵਾਇਆ ਸੀ ਤੇ ਜਦੋਂ ਵਾਜਿਦ ਨੂੰ ਇਹ ਪਤਾ ਲੱਗਿਆ ਸੀ ਕਿ ਟੋਪੀ ਇਫ਼ੱਨ ਦਾ ਬਚਪਨ ਦਾ ਦੋਸਤ ਹੈ ਤਾਂ ਉਸਨੇ ਵੀ ਟੋਪੀ ਨੂੰ ਆਪਣੇ ਬਚਪਨ ਦਾ ਦੋਸਤ ਮੰਨ ਲਿਆ ਸੀ। ਜੀ ਹਾਂ! ਵਾਜਿਦ ਇਹੋ ਜਿਹਾ ਆਦਮੀ ਹੀ ਸੀ।
ਟੋਪੀ ਦੀ ਤੇ ਉਸਦੀ ਕੋਈ ਗੱਲ ਸਾਂਝੀ ਨਹੀਂ ਸੀ। ਉਹ ਹੁਸਨ ਦਾ ਪੂਜਾਰੀ ਸੀ ਤੇ ਟੋਪੀ ਬਦਸੂਰਤੀ ਦਾ ਕਲਾਸੀਕਲ ਨਮੂਨਾ। ਉਸਨੂੰ ਹਿੰਦੀ ਨਾਲ ਨਫ਼ਰਤ ਸੀ ਤੇ ਟੋਪੀ ਹਿੰਦੀ ਦਾ ਚੋਣ ਨਿਸ਼ਾਨ। ਉਸਨੂੰ ਪਾਨ ਖਾਣ ਦਾ ਸ਼ੌਕ ਸੀ ਤੇ ਟੋਪੀ ਬਿਨਾਕਾ ਟੁੱਥਪੇਸਟ ਦਾ ਇਸ਼ਤਿਹਾਰ। ...ਸਿਰਫ ਇਕੋ ਥਾਂ ਦੋਵਾਂ ਦਾ ਸੰਗਮ ਹੁੰਦਾ ਸੀ¸ ਉਸਨੂੰ ਬੋਲਨ ਦਾ ਸ਼ੌਕ ਸੀ ਤੇ ਟੋਪੀ ਨੂੰ ਸੁਣਦੇ ਰਹਿਣ ਦੀ ਆਦਤ। ਉਹ ਘੰਟਿਆਂ ਬੱਧੀ ਭਾਸ਼ਣ ਕਰਦਾ ਰਹਿੰਦਾ ਸੀ ਤੇ ਉਹ ਘੰਟਿਆਂ ਬੱਧੀ ਬੈਠਾ ਸੁਣਦਾ ਰਹਿੰਦਾ ਸੀ।
ਇਕ ਦਿਨ ਵਾਜਿਦ, ਜਜ਼ਬੀ ਨੂੰ ਭੁਗਤ ਰਿਹਾ ਸੀ। ਇਹ ਗੰਜਾ ਫ਼ਰਿਸ਼ਤਾ ਉਸਨੂੰ ਆਪਣੇ ਕਿਸੇ ਦੋਸਤ ਦੀ ਵੱਡੀ ਉਮਰ ਦੀ ਨੌਕਰਾਣੀ ਦੀ ਗੱਲ ਸੁਣਾ ਰਿਹਾ ਸੀ ਜਿਹੜੀ ਉਸ ਉੱਤੇ ਆਸ਼ਕ ਹੋ ਗਈ ਸੀ ਤੇ ਆਪਣੇ ਇਸ਼ਕ ਦੀ ਘਬਰਾਹਟ ਵਿਚ 'ਬਰੇਲ-ਕਰੀਮ' ਦੀ ਸ਼ੀਸ਼ੀ ਚੁੱਕ ਲਿਆਈ ਸੀ। ਇਹ ਕਹਾਣੀ ਸੁਣਾਉਂਦਿਆਂ ਹੋਇਆਂ ਜਜ਼ਬੀ ਦੀਆਂ ਅੱਖਾਂ ਵਿਚ ਇਕ ਗੰਦੀ ਚਮਕ ਆਈ; ਗੰਦੇ-ਗੰਦੇ ਦੰਦ ਚਮਕੇ ਤੇ ਉਹ 'ਖੀਂ-ਖੀਂ' ਕਰਕੇ ਇੰਜ ਹੱਸਣ ਲੱਗ ਪਿਆ ਜਿਵੇਂ ਪੁਰਾਣੀ ਖ਼ੁਰਕ ਦਾ ਮਰੀਜ਼ ਆਪਣੇ ਜਖ਼ਮ ਖੁਰਕ ਰਿਹਾ ਹੋਵੇ ਤੇ ਆਨੰਦ ਮਾਣ ਰਿਹਾ ਹੋਵੇ। ਦਰਅਸਲ ਜਜ਼ਬੀ ਦੀ ਆਤਮਾਂ ਖੁਰਕ ਕੀ ਪੁਰਾਣੀ ਮਰੀਜ਼ ਸੀ...²ਵਾਜਿਦ ਸੁਣ ਰਿਹਾ ਸੀ ਤੇ ਆਪਣੀ ਘਿਣ ਨੂੰ ਮੁਸਕਰਾਹਟ ਵਿਚ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
“ਤੁਹਾਡੀ ਸਾਇਰੀ ਇਹਨਾਂ ਗੱਲਾਂ ਨਾਲੋਂ ਚੰਗੀ ਹੁੰਦੀ ਏ।” ਟੋਪੀ ਨੇ ਕਿਹਾ, “ਤੁਸੀਂ ਸਾਇਰੀ ਕਿਉਂ ਛੱਡ ਦਿੱਤੀ ਸਾਹਬ ਜੀ?”
ਜਜ਼ਬੀ ਦੀ ਮੁਸਕਰਾਹਟ ਸੂੰਗੜ ਗਈ।
“ਸਟੂਡੈਂਟ ਹੋ ਕੇ ਅਜਿਹੀਆਂ ਟੋਕਾਂ ਕਰਦਾ ਏਂ, ਸੰਗ ਨਹੀਂ ਆਉਂਦੀ ?” ਜਜ਼ਬੀ ਨੇ ਚਿੜ ਕੇ ਕਿਹਾ।
“ਓ ਸਾਹਬ ਜੀ, ਤੁਸੀਂ ਟੀਚਰ ਹੋ ਕੇ ਨਹੀਂ ਸੰਗ ਨਹੀਂ ਮੰਨਦੇ ਪਏ, ਮੈਂ ਟੋਕ ਕੇ ਕੀ ਸੰਗਾਂ?” ਟੋਪੀ ਨੇ ਕਿਹਾ।
“ਚੁੱਪ ਕਰ ਓਇ ਗੰਵਾਰਾ।” ਵਾਜਿਦ ਨੇ ਅੱਖਾਂ ਦਿਖਾਈਆਂ।
“ਭਾਈ ਸਾਹਬ, ਬੋਰ ਤਾਂ ਤੁਸੀਂ ਵੀ ਹੁੰਦੇ ਓ ਪ੍ਰੰਤੂ ਕਹਿ ਨਹੀਂ ਸਕਦੇ। ਮਨ ਵਿਚ ਤਾਂ ਖ਼ੁਸ਼ ਹੋ ਰਹੇ ਹੋਵੋਗੇ ਕਿ ਮੈਂ ਤੁਹਡੇ ਮਨ ਦੀ ਗੱਲ ਕਹਿ ਦਿੱਤੀ ਐ। ਉਸ ਸਾਲੀ ਵੱਡੀ ਉਮਰ ਦੀ ਨੌਕਰਾਣੀ ਦੀਆਂ ਗੱਲਾਂ ਸੁਣਕੇ ਮੈਂ ਕੀ ਕਰਾਂਗਾ?”
ਜਜ਼ਬੀ ਸਾਹਬ ਨਾਰਾਜ਼ ਹੋ ਗਏ ਤੇ ਉਠ ਕੇ ਚਲੇ ਗਏ। ਉਹਨਾਂ ਦੇ ਚਲੇ ਜਾਣ ਪਿੱਛੋਂ ਵਾਜਿਦ ਨੇ ਮੁਸਕਰਾ ਕੇ ਟੋਪੀ ਵੱਲ ਦੇਖਿਆ¸
“ਸਾਲਿਆ, ਹੈਂ-ਤੈਂ ਬੜਾ ਹਰਾਮੀ।”
“ਮੈਂ ਤਾਂ ਡਰਦਾ ਆਂ ਕਿ ਕਿਸੇ ਦਿਨ ਗ਼ਾਲਿਬ-ਸ਼ਾਲਿਬ ਪੜ੍ਹਾਉਂਦੇ ਹੋਏ ਕਿਸੇ ਨੌਕਰਾਣੀ ਦੀ ਕਹਾਣੀ ਨਾ ਸ਼ੁਰੂ ਕਰ ਦੇਣ।”
“ਸ਼ਾਬਾਸ਼ੇ...ਸ਼ੁਰੂ ਬਿਲਕੁਲ ਠੀਕ ਕਿਹਾ ਏ।” ਵਾਜਿਦ ਨੇ ਉਸਨੂੰ ਥਾਪੀ ਦਿੱਤੀ।
ਇਕ ਠਹਾਕਾ ਗੂੰਜਿਆ ਤੇ ਐਨ ਉਸੇ ਵੇਲੇ ਸਲੀਮਾ ਨੇ ਇਕ ਲੈਕਚਰਰ ਨਾਲ ਕੈਂਟੀਨ ਵਿਚ ਪ੍ਰਵੇਸ਼ ਕੀਤਾ। ਸਭ ਤੋਂ ਪਹਿਲਾਂ ਉਸਨੂੰ ਟੋਪੀ ਨੇ ਦੇਖਿਆ।
“ਭਾਈ ਸਾਹਬ, ਇਸ ਕੁੜੀ ਦਾ ਕੋਈ ਇਲਾਜ ਕਰੋ।” ਟੋਪੀ ਨੇ ਕਿਹਾ, “ਸਾਲੀ ਨੇ ਜਿੰਦਗੀ ਹਰਾਮ ਕਰ ਦਿੱਤੀ ਐ।”
“ਚੁੱਪ ਕਰ ਓਇ ਹਿੰਦੂਆ!” ਕੇ.ਪੀ. ਬੋਲਿਆ, “ਤੈਨੂੰ ਹਰਾਮ-ਹਲਾਲ ਦਾ ਕੀ ਫਰਕ ਪੈਂਦੈ?”
ਟੋਪੀ ਹੈਰਾਨ ਰਹਿ ਗਿਆ ਕਿਉਂਕਿ ਕੇ.ਪੀ. ਖ਼ੁਦ ਹਿੰਦੂ ਸੀ। “ਇਕ ਕੁੜੀ ਨੇ ਜ਼ਿੰਦਗੀ ਹਰਾਮ ਕਰ ਦਿੱਤੀ ਤੇ ਵਿਲਕਦੇ ਫਿਰਦੇ ਨੇ। ਲਾਹਨਤ ਹੈ, ਤੁਹਾਡੇ ਵਰਗੇ ਲੋਕਾਂ ਉੱਤੇ।”
“ਰਤਾ ਸੰਭਲ ਕੇ ਪੈਰ ਧਰੀਂ ਬੱਲਿਆ!” ਵਾਜਿਦ ਨੇ ਕਿਹਾ, “ਸ਼ਾਹਜਹਾਂ ਪੁਰ ਦੀ ਪਠਾਨ-ਬੱਚੀ ਏ¸ ਮੁੰਜ ਵਾਂਗੂੰ ਕੁੱਟ ਕੇ ਸੁਕਣੇ ਪਾ ਦਏਗੀ, ਵਿਹੜੇ 'ਚ।”
“ਟੋਪੀ, ਫੇਰ ਤਾਂ ਇਸੇ ਖ਼ੁਸ਼ੀ 'ਚ ਆਸ਼ਕ ਹੋ ਜਾ ਯਾਰ ਇਸ ਉੱਤੇ।” ਕੇ.ਪੀ. ਨੇ ਕਿਹਾ।
“ਸਾਲਿਆ, ਕਿਸੇ ਮੁਸਲਮਾਨ ਕੁੜੀ ਵੱਲ ਟੇਢੀ ਨਜ਼ਰ ਨਾਲ ਝਾਕ ਕੇ ਤਾਂ ਦੇਖ...ਲੱਤਾਂ ਤੋੜ ਦਿਆਂਗਾ।” ਵਾਜਿਦ ਬੋਲਿਆ।
“ਨਾ ਭਾਈ ਸਾਹਬ ਜੀ।” ਟੋਪੀ ਨੇ ਬੜੀ ਇਮਾਨਦਾਰੀ ਨਾਲ ਕਿਹਾ, “ਟੇਢੀ ਨਜ਼ਰ ਨਾਲ ਨਹੀਂ ਸਿੱਧੀ ਨਜ਼ਰ ਨਾਲ ਤਾਂ ਝਾਕ ਸਕਦਾਂ ਨਾ...?”
“ਤੂੰ ਲੱਖ ਸਿੱਧੀ ਨਜ਼ਰ ਰੱਖ,” ਵਾਜਿਦ ਖਿਝ ਗਿਆ, “ਕੁੱਤੇ ਦੀ ਪੂਛ ਟੇਢੀ ਜ਼ਰੂਰ ਹੋ ਜਾਂਦੀ ਏ।”
“ਭਾਈ ਯਾਰਾ, ਤੁਸੀਂ ਤਾਂ ਵੱਡੇ ਕਮਿਊਨਲ ਓ।” ਟੋਪੀ ਹੱਸਿਆ।
ਵਾਜਿਦ ਨੇ ਕਮਿਊਨਲਇਜ਼ਮ ਦੀ ਮਾਂ-ਭੈਣ ਨਾਲ ਰਿਸ਼ਤੇਦਾਰੀਆਂ ਗੰਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਗਾਲ੍ਹਾਂ ਦਾ ਸਟਾਕ ਖ਼ਤਮ ਹੋਇਆ ਤਾਂ ਮਤਲਬ ਦੀ ਗੱਲ ਉੱਤੇ ਆਇਆ। “ਮੈਂ ਤੇਰੇ ਵਰਗੇ ਕਾਲੀਚਰਨ ਨੂੰ ਏਡੀ ਸੁਹਣੀ ਕੁੜੀ 'ਤੇ  ਆਸ਼ਕ ਹੋਣ ਦੀ ਇਜਾਜ਼ਤ ਨਹੀਂ ਦੇ ਸਕਦਾ। ਸ਼ਕਲ ਦੇਖੀ ਏ ਕਦੀ ਆਪਣੀ; ਟੀ ਬੀ ਦਾ ਇਸ਼ਤਿਹਾਰ ਜਾਪਦਾ ਏਂ ਨਿਰਾ...” ਤੇ ਉਹ ਕਿਸੇ ਮੁਹਾਵਰਾਮਈ ਦਲੀਲ ਬਾਰੇ ਸੋਚਣ ਲੱਗਾ ਸੀ।
“ਭਾਈ ਇਹ ਮੂੰਹ ਤੇ ਮਸਰਾਂ ਦੀ ਦਾਲ ਨਾਲ ਕੰਮ ਸਰ-ਜੂਗਾ ਨਾ ?” ਟੋਪੀ ਨੇ ਬੜੇ ਭੋਲੇਪਣ ਨਾਲ ਕਿਹਾ।
ਵਾਜਿਦ ਖ਼ਾਂ ਨੇ ਆਪਣਾ ਰਾਮਪੁਰੀ ਠਹਾਕਾ ਲਾਇਆ ਤਾਂ ਕੈਂਟੀਨ ਵਿਚ ਚੁੱਪ ਵਰਤ ਗਈ। ਸਲੀਮਾ ਨੇ ਭੌਂ ਕੇ ਦੇਖਿਆ।
“ਹੁਣ ਇਹ ਸ਼ਰੀਫ਼ਾਂ ਦੇ ਆਉਣ ਦੀ ਜਗ੍ਹਾ ਨਹੀਂ ਰਹੀ।” ਸਲੀਮਾ ਦਾ ਸਕੋਰਟ ਬੋਲਿਆ।
ਕੋਨੇ ਵਿਚ ਬੈਠੇ ਮੁੰਡਿਆਂ ਨੇ ਬਿੱਲ ਮੰਗਵਾਉਣ ਲਈ ਪਿਆਲੀ ਉੱਤੇ ਚਮਚਾ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਉਦੋਂ ਹੀ ਸਲੀਮਾ ਦੇ ਸਕੋਰਟ ਨੂੰ ਧਿਆਨ ਆਇਆ ਕਿ ਉਸਦੀ ਜੇਬ ਵਿਚ ਪੈਸੇ ਨਹੀਂ। ਸਬੱਬ ਨਾਲ ਸਲੀਮਾ ਦੇ ਬੈਗ ਵਿਚ ਵੀ ਪੈਸੇ ਨਹੀਂ ਸਨ। ਸਕੋਰਟ ਨੂੰ ਪਸੀਨੇ ਆਉਣ ਲੱਗ ਪਏ। ਸਲੀਮਾ ਕੋਈ ਫ਼ੈਸਲਾ ਕਰਕੇ ਉਠੀ ਤੇ ਵਾਜਿਦ ਕੋਲ ਚਲੀ ਗਈ।
“ਵਾਜਿਦ ਭਾਈ ਕੱਲ੍ਹ ਫ਼ਖ਼ਰੂ ਭਾਈ ਦਾ ਖ਼ਤ ਆਇਆ ਏ।” ਉਸਨੇ ਵਾਜਿਦ ਦੇ ਐਨ ਨੇੜੇ ਜਾ ਕੇ ਕਿਹਾ, “ਤੇ ਉਹਨਾਂ ਤੁਹਾਨੂੰ ਸਲਾਮ ਭੇਜਿਆ ਹੈ।”
ਆਪਣੇ ਚਚਾਜਾਦ ਭਰਾ ਦਾ ਸਲਾਮ ਉਸਨੂੰ ਕੋਈ ਸਾਢੇ ਚਾਰ ਸਾਲ ਬਾਅਦ ਦਿੱਤਾ ਜਾ ਰਿਹਾ ਸੀ। ਜਦੋਂ ਉਹ ਬੀ.ਏ. ਵਿਚ ਦਾਖ਼ਲਾ ਲੈਣ ਲਈ ਅਲੀਗੜ੍ਹ ਆ ਰਹੀ ਤਾਂ ਫ਼ਖ਼ਰੂ ਨੇ ਕਰਾਚੀ ਤੋਂ ਵਾਜਿਦ ਦੇ ਨਾਂ ਇਕ ਖ਼ਤ ਭੇਜਿਆ ਸੀ ਉਸਦੇ ਹੱਥ...ਤੇ ਸਲੀਮਾ ਨੇ ਉਹ ਖ਼ਤ ਉਸ ਤੀਕ ਪਹੁੰਚਾਉਣ ਦਾ ਕਸ਼ਟ ਹੀ ਨਹੀਂ ਸੀ ਕੀਤਾ। ਫ਼ਖ਼ਰੂ ਹਰ ਖ਼ਤ ਵਿਚ ਵਾਜਿਦ ਬਾਰੇ ਪੁੱਛਦਾ; ਸਲੀਮਾ ਹਰ ਵਾਰੀ ਆਪਣੇ ਵੱਲੋਂ ਹੀ ਲਿਖ ਭੇਜਦੀ ਕਿ 'ਵਾਜਿਦ ਭਾਈ ਨੇ ਅਹਿ ਕਿਹਾ ਹੈ, ਵਾਜਿਦ ਭਾਈ ਨੇ ਔਹ ਕਿਹਾ ਹੈ।' ਪਰ ਜਦੋਂ ਬਿੱਲ ਦਾ ਮਾਮਲਾ ਆ ਫਸਿਆ ਤਾਂ ਉਸਨੂੰ ਵਾਜਿਦ ਭਾਈ ਕੋਲ ਆਉਣਾ ਹੀ ਪਿਆ।
“ਬੈਠੋ, ਬੈਠੋ...” ਵਾਜਿਦ ਨੇ ਕਿਹਾ। ਟੋਪੀ ਇਕ ਪਾਸੇ ਸਰਕ ਗਿਆ। ਸਲੀਮਾ ਉਸਦੇ ਕੋਲ ਬੈਠ ਗਈ ਤੇ ਸਾਹਮਣੇ ਉਹ ਲੈਕਚਰਰ ਬੈਠ ਗਏ। “ਚਾਹ-ਸ਼ਾਹ?”
“ਜੀ ਨਹੀਂ, ਹੁਣੇ ਪੀਤੀ ਏ।”
“ਪੈਸੇ ਦੇ ਦਿੱਤੇ?”
“ਅਜੇ ਨਹੀਂ ਦਿੱਤੇ। ਉਹ...”
“ਫ਼ਖ਼ਰੂ ਕੀ ਕਰ ਰਿਹਾ ਏ ਅੱਜਕੱਲ੍ਹ...” ਇਕ ਵੇਟਰ ਨੇ ਸਲੀਮਾ ਦਾ ਬਿੱਲ ਉਸਦੇ ਸਕੋਰਟ ਦੇ ਸਾਹਮਣੇ ਰੱਖ ਦਿੱਤਾ। ਵਾਜਿਦ ਨੇ ਕਾਹਲ ਨਾਲ ਉਹ ਬਿੱਲ ਚੁੱਕ ਲਿਆ। ਫੇਰ ਵੇਟਰ ਨੂੰ ਇਕ ਗੰਦੀ ਗਾਲ੍ਹ ਕੱਢੀ; ਗਾਲ੍ਹ ਕੱਢਦਿਆਂ ਹੋਇਆਂ ਉਸਨੂੰ ਇਹ ਖ਼ਿਆਲ ਹੀ ਨਹੀਂ ਸੀ ਰਿਹਾ ਕਿ ਸਾਹਮਣੇ ਇਕ ਕੁੜੀ ਬੈਠੀ ਹੋਈ ਹੈ।
“ਪਰ ਵਾਜਿਦ ਸਾਹਬ...”
“ਗੱਲ ਇਹ ਹੈ ਜਨਾਬ ਕਿ ਇਹ ਫ਼ਖ਼ਰੂ ਦਾ ਸੁਨੇਹਾ ਲੈ ਕੇ ਚਾਰ, ਸਾਢੇ-ਚਾਰ ਸਾਲ ਬਾਅਦ ਆਈ ਏ।” ਵਾਜਿਦ ਨੇ ਕਿਹਾ, “ਦੌੜ ਜਾਹ ਇੱਥੋਂ।” ਉਸਨੇ ਵੇਟਰ ਨੂੰ ਝਿੜਕ ਦਿੱਤਾ। ਉਹ ਮੁਸਕਰਾਉਂਦਾ ਹੋਇਆ ਤੁਰ ਗਿਆ। “ਇਹ ਫ਼ਖ਼ਰੂ ਵੀ ਅਜੀਬ ਸੀ ਟੋਪੀ¸ ਇੱਥੇ ਹੁੰਦਾ ਸੀ ਤਾਂ ਅਥਲੀਟ ਸੀ; ਉੱਥੇ ਜਾ ਕੇ ਅੱਲ੍ਹਾ ਮੀਆਂ ਨੂੰ 'ਪਰੂਵ' ਕਰਨ ਵਿਚ ਰੁੱਝ ਗਿਆ...ਕੋਈ ਕਹਿ ਰਿਹਾ ਸੀ ਕਿ ਤਿੰਨ ਚਾਰ ਹਜ਼ਾਰ ਤਨਖ਼ਾਹ ਲੈ ਰਿਹੈ।”
“ਅੱਲ੍ਹਾ ਮੀਆਂ ਨੂੰ ਮੰਨਣ ਵਿਚ ਫਾਇਦਾ ਈ ਫਾਇਦ ਹੈ ਭਾਈ ਸਾਹਬ।” ਟੋਪੀ ਨੇ ਕਿਹਾ।
“ਇਸ ਨਾਲ ਤੂੰ ਮਿਲ ਹੀ ਚੁੱਕੀ ਹੋਏਂਗੀ ?” ਵਾਜਿਦ ਨੇ ਟੋਪੀ ਵੱਲ ਇਸ਼ਾਰਾ ਕੀਤਾ, “ਇਹ ਇੱਥੋਂ ਦਾ ਮੁਸਲਿਮ ਲੀਗੀ ਹਿੰਦੂ ਏ।”
ਸਲੀਮਾ ਮੁਸਕਰਾ ਪਈ।
“ਅੱਛਾ ਭਾਈ ਲੋਕੋ, ਆਪਾਂ ਚੱਲੇ...” ਕੇ.ਪੀ. ਨੇ ਉਠਦਿਆਂ ਹੋਇਆਂ ਕਿਹਾ।
ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਉਹ ਚਲਾ ਗਿਆ। ਵਾਜਿਦ ਫ਼ਖ਼ਰੂ ਦੀਆਂ ਗੱਲਾਂ ਸੁਣਾਅ ਰਿਹਾ ਸੀ। ਸਲੀਮਾ ਮਜ਼ਬੂਰਨ ਸੁਣਨ ਲੱਗੀ। ਸਕੋਰਟ ਨੇ ਕਈ ਵਾਰੀ ਘੜੀ ਦੇਖੀ। ਉਹ ਇਹ ਸੋਚ ਰਿਹਾ ਸੀ ਕਿ ਵਾਜਿਦ ਖ਼ਾਂ ਦੀ ਤੋਰੀ ਹੋਈ ਗੱਲ ਖ਼ਤਮ ਹੋਵੇ ਤੇ ਉਹ ਇਜਾਜ਼ਤ ਲਵੇ। ਪਰ ਉਹ ਵਾਜਿਦ ਖ਼ਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਕਹਾਣੀਕਾਰ ਵੀ ਵਾਜਿਦ ਖ਼ਾਂ ਨੂੰ ਸਤਾਰਾਂ-ਅਠਾਰਾਂ ਸਾਲ ਤੋਂ ਜਾਣਦਾ ਹੈ¸ ਅੱਜ ਤੀਕ ਵਾਜਿਦ ਖ਼ਾਂ ਦਾ ਕੋਈ ਵੀ ਕਿੱਸਾ ਪੂਰਾ ਨਹੀਂ ਸੀ ਹੋ ਸਕਿਆ। ਮੈਨੂੰ ਵੀ ਉਹ ਸਤਾਰਾਂ-ਅਠਾਰਾਂ ਸਾਲ ਤੋਂ ਉਹੀ ਅਧੂਰੇ ਕਿੱਸੇ ਸੁਣਾ ਰਿਹਾ ਹੈ। ਉਹ ਸਾਰੀਆਂ ਗੱਲਾਂ ਜ਼ਬਾਨੀ ਯਾਦ ਹੋ ਚੁੱਕੀਆਂ ਨੇ ਮੈਨੂੰ। ਪਰ ਜਿਹੜੀ ਘਟਨਾ ਸਤਾਰਾਂ-ਅਠਾਰਾਂ ਸਾਲ ਪਹਿਲਾਂ ਅਧੂਰੀ ਰਹਿ ਗਈ ਸੀ, ਉਹ ਹੁਣ ਤੀਕ ਅਧੂਰੀ ਹੀ ਹੈ। ਵਾਜਿਦ ਦਾ ਸਟਾਈਲ ਇਹ ਹੈ ਕਿ ਉਹ ਕਿਸੇ ਗੱਲ ਦੇ ਕਲਾਈਮੈਕਸ ਤੋਂ ਦੂਜੀ ਗੱਲ ਤੋਰ ਲੈਂਦਾ ਹੇ। ਇਸੇ ਲਈ ਵਾਜਿਦ ਨਾਲ ਗੱਲਾਂ ਕਰਦੇ ਹੋਏ ਅਸੀਂ ਘੜੀਆਂ ਲਾਹ ਕੇ ਜੇਬਾਂ ਵਿਚ ਪਾ ਲੈਂਦੇ ਸਾਂ। ਪਰ ਇਹ ਗੱਲ ਉਹ ਗਰੀਬ ਲੈਕਚਰਰ ਨਹੀਂ ਸੀ ਜਾਣਦਾ। ਉਸਨੇ ਪੀਰੀਅਡ ਲੈਣਾ ਸੀ। ਸਲੀਮਾ ਉੱਤੇ 'ਵਰਕ' ਕਰਨ ਲਈ ਉਹ ਆਪਣੀ ਨੌਕਰੀ ਤਾਂ ਨਹੀਂ ਸੀ ਗੰਵਾਅ ਸਕਦਾ ਨਾ? ਇਸ ਲਈ ਗੱਲ ਦੇ ਵਿਚਕਾਰ ਹੀ ਉਠ ਕੇ ਖੜ੍ਹਾ ਹੋ ਗਿਆ¸
“ਮਾਅਫ਼ ਕਰਨਾ, ਮੇਰੀ ਕਲਾਸ ਏ...” ਉਸਨੇ ਕਿਹਾ।
“...ਤੇ ਫ਼ਖ਼ਰੂ ਉੱਚੀ ਉੱਚੀ ਹੱਸ ਪਿਆ।...ਤੇ ਹੁਣ ਸੁਣੋ ਇਕ ਹੋਰ ਕਿੱਸਾ...” ਵਾਜਿਦ ਨੇ ਅਣਸੁਣੀ ਕਰਕੇ ਸਲੀਮਾ ਨੂੰ ਕਿਹਾ। ਹੁਣ ਸਲੀਮਾ ਕੀ ਕਹਿੰਦੀ; ਮਜ਼ਬੂਰਨ ਉਸਨੂੰ ਮੁਸਕਰਾਉਣਾ ਪਿਆ। ਸਕੋਰਟ ਮਨ ਹੀ ਮਨ ਵਿਚ ਵਾਜਿਦ ਖ਼ਾਂ ਨੂੰ ਬੁਰਾ-ਭਲਾ ਕਹਿੰਦਾ ਹੋਇਆ ਤੁਰ ਗਿਆ। ਉਸਦੇ ਜਾਣ ਪਿੱਛੋਂ ਵਾਜਿਦ ਖਾਂ ਨੇ ਆਪਣਾ ਲੰਮਾ ਚੌੜਾ ਪਾਸਾ ਪਰਤਿਆ। ਸ਼ੇਰਵਾਨੀ ਦੀ ਜੇਬ ਵਿਚੋਂ ਇਕ ਪੁੜੀ ਕੱਢੀ। ਪਾਨ ਮੂੰਹ ਵਿਚ ਪਾਇਆ। “ਦੇਖ ਬੀਬੀ, ਤੂੰ ਫ਼ਖ਼ਰੂ ਦੀ ਭੈਣ ਏਂ; ਇਸ ਲਈ ਬੁਰਾ ਮੰਨ ਜਾਂ ਭਲਾ...ਜਿਸ ਆਦਮੀ ਨਾਲ ਤੂੰ ਸੀ, ਉਹ ਬੜਾ ਘਟੀਆ ਏ। ਤੇਰੇ ਬਾਰੇ ਅੰਟ-ਸ਼ੰਟ ਗੱਲਾਂ ਕਰਦਾ ਹੈ; ਬੜਾ ਲੁੱਟਰ ਏ, ਲੁੱਟਰ। ਇਕ ਚਾਂਸ ਨਹੀਂ ਲੈਂਦਾ। ਇਕੋ ਸਮੇਂ ਦੋ-ਤਿੰਨ ਇਸ਼ਕ ਲੜਾਉਂਦਾ ਏ।...”
“ਵਾਜਿਦ ਭਾਈ, ਤੁਸੀਂ ਕਿਹੋ ਜਿਹੀਆਂ ਗੱਲ ਕਰ ਰਹੇ ਓ?” ਸਲੀਮਾ ਬੋਲੀ।
ਫੇਰ ਕਾਫੀ ਦੇਰ ਤੀਕ ਇਧਰ ਉਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ।...ਤੇ ਸਲੀਮਾ ਨੂੰ ਪਤਾ ਵੀ ਨਹੀਂ ਲੱਗਿਆ ਕਿ ਟੋਪੀ ਨਾਲ ਗੱਪਾਂ ਲੜਾ ਰਹੀ ਹੈ। ਜਦੋਂ ਸਕੀਨਾ ਗਈ ਸੀ, ਵਾਜਿਦ ਨੇ ਤੀਜਾ ਪਾਨ ਮੂੰਹ ਵਿਚ ਪਾਇਆ ਸੀ।
“ਭਾਈ ਸਾਹਬ, ਜਦੋਂ ਉਹ ਜਾ ਰਿਹਾ ਸੀ, ਤੁਸੀਂ ਵਿਚਾਰੇ ਦਾ ਨੋਟਿਸ ਹੀ ਨਹੀਂ ਲਿਆ।”
“ਪਾਗਲ ਹੋਇਐਂ, ਮੂਰਖ਼ ਬੰਦਿਆ !” ਵਾਜਿਦ ਨੇ ਵੱਡੇ ਉਸਤਾਦਾਂ ਵਾਂਗ ਕਿਹਾ, “ਉਸਦਾ ਨੋਟਿਸ ਲੈਂਦਾ ਤਾਂ ਸਲੀਮਾ ਉਸਦੇ ਨਾਲ ਹੀ ਨਾ ਚਲੀ ਗਈ ਹੁੰਦੀ...”
“ਤਾਂ ਫੇਰ ਮੈਂ ਉਸ ਨਾਲ ਇਸ਼ਕ ਕਰ ਸਕਦਾਂ ਨਾ?” ਟੋਪੀ ਨੇ ਝੱਟ ਪੁੱਛ ਲਿਆ।
“ਟੋਪੀ ਇਕ ਗੱਲ ਸੁਣ ਲੈ,” ਵਾਜਿਦ ਸੀਰੀਅਸ ਹੋ ਗਿਆ ਸੀ। “ਫ਼ਖ਼ਰੂ ਨੇ ਮੈਨੂੰ ਇਸ ਬਾਰੇ ਇਕ ਖ਼ਤ ਲਿਖਿਆ ਸੀ¸ ਜਦੋਂ ਇਹ ਇੱਥੇ ਆਈ-ਆਈ ਹੀ ਸੀ। ਫ਼ਖ਼ਰੂ ਨਾਲ ਮੇਰੀ ਕੋਈ ਖ਼ਾਸ ਦੋਸਤੀ ਨਹੀਂ ਸੀ; ਬਸ ਸਾਹਬ ਸਲਾਮ ਹੁੰਦੀ ਸੀ। ਇਹ ਸ਼ਾਇਦ ਉਸਦੀ ਮੰਗੇਤਰ ਵੀ ਹੈ...ਇਸ ਲਈ ਇਸ਼ਕ ਕਰਨਾ ਹੋਏ ਤਾਂ ਜ਼ਰੂਰ ਕਰੀਂ; ਪਰ ਮੇਰੇ ਕੋਲ ਆਪਣੇ ਇਸ਼ਕ ਦੀਆਂ ਗੱਲਾਂ ਨਾ ਕਰੀਂ।”
ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਸਲੀਮਾ ਹੋਸਟਲ ਛੱਡ ਚੁੱਕੀ ਸੀ ਤੇ ਆਪਣੇ ਰਿਸ਼ਤੇ ਦੇ ਇਕ ਚਚਾ ਨਾਲ ਅਮੀਰ ਨਿਸ਼ਾਂ ਵਿਚ ਰਹਿ ਰਹੀ ਸੀ। ਉਸਦਾ ਚਚਾ, ਚਚਾ ਹੋਣ ਦੇ ਨਾਲ ਇਕ ਰਿਟਾਇਰਡ ਥਾਨੇਦਾਰ ਵੀ ਸੀ।
ਓਹਨੀਂ ਦਿਨੀਂ ਇਕ ਸਾਹਬ ਹੈਦਰਾਬਾਦ ਜਾਂ ਸਿਕੰਦਰਾਬਾਦ ਤੋਂ ਆ ਕੇ ਸਾਇਕਾਲੋਜੀ ਦੇ ਨਵੇਂ-ਨਵੇਂ ਲੈਕਚਰਰ ਲੱਗੇ ਸਨ¸ ਨਾਂ ਸੀ ਡਾਕਟਰ ਵਾਹਿਦ ਅੰਜੁਮ। 'ਡਾਕਟਰ' ਨੂੰ ਉਹ ਖ਼ੁਦ ਵੀ ਆਪਣੇ ਨਾਂ ਦਾ ਇਕ ਹਿੱਸਾ ਸਮਝਦੇ ਸਨ, ਇਸ ਲਈ ਮੈਂ ਵੀ ਉਹਨਾਂ ਦਾ ਪੂਰਾ ਨਾਂ ਦੱਸ ਦਿੱਤਾ। ਡਾਕਟਰ ਦੇ ਬਿਨਾਂ ਉਹ ਅਧੂਰੇ ਜਿਹੇ ਜਾਪਦੇ ਸਨ। ਉਰਦੂ ਦੇ ਪ੍ਰਸਿੱਧ ਸ਼ਾਇਰ ਸਨ। ਅਲੀਗੜ੍ਹ ਤਾਂ ਸ਼ਾਇਰਾਂ ਤੇ ਕਵੀਆਂ ਦਾ ਜੰਗਲ ਹੈ। ਹੱਥੋ ਹੱਥ ਲਏ ਗਏ। ਇਹ ਨਸ਼ੇ ਵਿਚ ਆ ਗਏ। ਨਤੀਜਾ ਇਹ ਹੋਇਆ ਕਿ ਮਜਨੂੰ ਗੋਰਖ਼ਪੁਰੀ ਵਰਗੇ ਬਜ਼ੁਰਗਾਂ ਦਾ ਮਜ਼ਾਕ ਉਡਾਉਣ ਲੱਗ ਪਏ। ਉਹਨਾਂ ਦਾ ਖ਼ਿਆਲ ਸੀ ਕਿ ਗ਼ਾਲਿਬ ਦੇ ਪਿੱਛੋਂ ਉਹੀ ਸ਼ਾਇਰ ਹੋਏ ਨੇ...ਤੇ ਗ਼ਾਲਿਬ ਵੀ ਕੀ ਸੀ ?
ਨਤੀਜੇ ਵਜੋਂ ਆਜ਼ਮਗੜ੍ਹ ਦੇ ਖ਼ਲੀਲੂ ਰਹਿਮਾਨ ਤੇ ਸੀਤਾਪੁਰੀ ਕਾਜ਼ੀ ਅਬਦੁਸੱਤਾਰ ਤੇ ਇਸੇ ਕਿਸਮ ਦੇ ਹੋਰ ਲੋਕਾਂ ਨਾਲ ਉਹਨਾਂ ਦੀ ਦੋਸਤੀ ਤੇ ਲੜਾਈ ਹੁੰਦੀ ਰਹੀ।
ਸਲੀਮਾ ਕਰਕੇ ਇਹ ਡਾਕਟਰ ਵਾਜਿਦ ਅੰਜੁਮ ਵੀ ਇਸ ਕਹਾਣੀ ਦਾ ਇਕ ਅੰਗ ਨੇ। ਇਕ ਦਿਨ ਇਹਨਾਂ ਅੱਗਾ ਵਿਚਾਰਿਆ, ਨਾ ਪਿੱਛਾ...ਠੂਹ ਸਲੀਮਾ ਉੱਤੇ ਆਸ਼ਕ ਹੋ ਗਏ। ਪਰ ਉਹ ਹਿੰਦੀ ਵਿਚ ਸੀ ਤੇ ਇਹ ਸਾਇਕਾਲੋਜੀ ਵਿਭਾਗ ਵਿਚ ਸਨ; ਮਿਲਨਾ ਹੋਵੇ ਤਾਂ ਕਿੰਜ ਹੋਵੇ? ਨਤੀਜਾ ਇਹ ਹੋਇਆ ਕਿ ਵਿਚਾਰਾ ਆਪਣੀ ਅੱਗ ਵਿਚ ਸੜਦਾ ਰਿਹਾ ਤੇ ਉਧਰ ਸਲੀਮਾ ਹੌਲੀ-ਹੌਲੀ ਟੋਪੀ ਦੇ ਨੇੜੇ ਹੁੰਦੀ ਗਈ।
ਸਲੀਮਾ ਤੇ ਟੋਪੀ ਦੀ ਦੋਸਤੀ ਵਿਚ ਟੋਪੀ ਨੇ ਕੋਈ ਤੀਰ ਨਹੀਂ ਸੀ ਮਾਰਿਆ। ਇਹ ਤਾਂ ਮੈਂ ਦੱਸ ਹੀ ਚੁੱਕਿਆ ਹਾਂ ਕਿ ਸਲੀਮਾ ਟੋਪੀ ਨੂੰ ਨਫ਼ਰਤ ਕਰਦੀ ਸੀ। ਸੋ ਇਕ ਦਿਨ ਉਸਨੇ ਵਾਜਿਦ ਨੂੰ ਕਿਹਾ¸
“ਵਾਜਿਦ ਭਾਈ ਇਕ ਗੱਲ ਪੁੱਛਾਂ?”
“ਪੁੱਛ...” ਵਾਜਿਦ ਨੇ ਬੜੀ ਮੁਸ਼ਕਿਲ ਨਾਲ ਪਾਨ ਦੀ ਪੀਕ ਨੂੰ ਮੂੰਹ ਵਿਚ ਸੰਭਾਲਦਿਆਂ ਹੋਇਆਂ ਕਿਹਾ।
“ਟੋਪੀ ਵਰਗੇ ਲੀਚੜ ਨੂੰ ਤੁਸੀਂ ਕਿੰਜ ਬਰਦਾਸ਼ਤ ਕਰ ਲੈਂਦੇ ਓ?”
ਵਾਜਿਦ ਨੇ ਉਠ ਕੇ ਤਾਕੀ ਦੇ ਸਰੀਆਂ ਨਾਲ ਮੂੰਹ ਜੋੜਿਆ ਤੇ ਪੀਕ ਬਾਹਰ ਥੁੱਕੀ। ਆਖ਼ਰੀ ਬੂੰਦ ਉਸਦੀ ਸ਼ੇਰਵਾਨੀ ਉੱਤੇ ਆ ਪਈ। ਰੁਮਾਲ ਨਾਲ ਉਸਨੂੰ ਪੂੰਝਦਾ ਹੋਇਆਂ ਉਹ ਫੇਰ ਸਲੀਮਾ ਕੋਲ ਆ ਬੈਠਾ।
“ਮੈਂ ਸਮਝਿਆ ਨਹੀਂ...”
“ਲੋਕ ਕਹਿੰਦੇ ਨੇ ਜ਼ਰਗ਼ਾਮ ਸਾਹਬ ਦੀ ਬੀਵੀ ਨਾਲ ਫਸਿਆ ਹੋਇਆ ਏ?”
“ਤੂੰ ਇਹ ਜਾਣਦੀ ਏਂ ਕਿ ਲੋਕਾਂ ਨੇ ਤੈਨੂੰ ਕਿਸ-ਕਿਸ ਨਾਲ ਫਸਾਇਆ ਹੋਇਆ ਏ?” ਸਲੀਮਾ ਦੀਆਂ ਅੱਖਾਂ ਹੈਰਾਨੀ ਨਾਲ ਚੌੜੀਆਂ ਹੋ ਗਈਆਂ। ਉਸਨੂੰ ਪਤਾ ਸੀ ਕਿ ਉਸਦੇ ਆਸ਼ਕਾਂ ਦੀ ਲਿਸਟ ਬੜੀ ਲੰਮੀ ਹੈ। ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਲੋਕਾਂ ਨੇ ਉਸਨੂੰ, ਲੋਕਾਂ ਨਾਲ ਫਸਾਇਆ ਹੋਇਆ ਹੈ। “ਮਿਸਾਲ ਦੇ ਤੌਰ 'ਤੇ ਤੂੰ ਡਿਪਾਰਟਮੈਂਟ ਆਫ ਹਿੰਦੀ ਦੇ ਕਾਲੇ ਭੌਰੇ ਨਾਲ ਫਸੀ ਹੋਈ ਏਂ।”
“ਉਸਦੀ ਤਾਂ ਮੈਂ ਸ਼ਰਮਾ ਜੀ ਕੋਲ ਸ਼ਿਕਾਇਤ ਕਰ ਦਿੱਤੀ ਸੀ।” ਸਲੀਮਾ ਦੀਆਂ ਅੱਖਾਂ ਵਿਚੋਂ ਅੰਗਿਆਰ ਡਿੱਗਣ ਲੱਗੇ, “ਮੈਨੂੰ ਘਰ ਬੁਲਾਉਂਦਾ ਸੀ। ਸ਼ਰਮਾਂ ਜੀ ਦੇ ਸਾਹਮਣੇ ਉਸਨੇ ਮੈਥੋਂ ਮੁਆਫ਼ੀ ਮੰਗੀ ਸੀ ਤੇ ਹੁਣ ਮੈਨੂੰ ਸਲੀਮਾ ਭੈਣ ਆਖ ਕੇ ਬੁਲਾਉਂਦਾ ਏ।”
“ਬੁਲਾਉਂਦਾ ਹੋਏਗਾ।” ਵਾਜਿਦ ਨੇ ਬੇਪ੍ਰਵਾਹੀ ਨਾਲ ਕਿਹਾ, “ਤੈਥੋਂ ਪਹਿਲਾਂ ਵੀ ਇਕ ਕੁੜੀ ਉਸਦੀ ਸ਼ਿਕਾਇਤ ਕਰ ਚੁੱਕੀ ਏ। ਹਾਂ, ਤਾਂ ਮੈਂ ਇਹ ਦੱਸ ਰਿਹਾ ਸਾਂ ਕਿ ਕਿਸ-ਕਿਸ ਨਾਲ ਫਸੀ ਹੋਈ ਏਂ ਤੂੰ। ਤੈਨੂੰ ਪਤਾ ਨਹੀਂ ਕਿ ਉਸ ਚਾਪੜ ਕੰਨੇ ਨਾਲ ਵੀ ਫਸੀ ਹੋਈ ਏਂ, ਜਿਸ ਦੇ ਨਾਲ ਤੂੰ ਇੱਥੇ ਆਈ ਸੈਂ। ਆਪਣੇ ਵਿਭਾਗ ਦੇ ਜ਼ੈਦੀ ਨਾਲ ਵੀ ਫਸੀ ਹੋਈ ਏਂ।...ਤੇ ਤੂੰ ਮੇਰੇ ਨਾਲ ਵੀ ਫਸੀ ਹੋਈ ਏਂ।” ਵਾਜਿਦ ਨੇ ਹਿਰਖ ਵੱਸ ਦੋ ਪਾਨ ਮੂੰਹ ਵਿਚ ਤੁੰਨ ਲਏ। ਸਲੀਮਾ ਰੋਣ ਹਾਕੀ ਹੋ ਗਈ। “ਬੀਬੀ ਇਹ ਬੜੀ ਛੋਟੀ ਜਗ੍ਹਾ ਏ...ਤੇ ਇੱਥੇ ਬਹੁਤ ਸਾਰੇ ਘਟੀਆਂ ਲੋਕ ਰਹਿੰਦੇ ਨੇ।”
ਗੱਲ ਇੱਥੇ ਹੀ ਪਹੁੰਚੀ ਸੀ ਕਿ ਟੋਪੀ ਆ ਗਿਆ।
“ਹੈਲੋ ਭਾਈ ਸਾਹਬ?” ਉਹ ਮੁਸਕਰਾ ਕੇ ਉੱਥੇ ਹੀ ਬੈਠ ਗਿਆ।
“ਇਹ ਪੁੱਛ ਰਹੀ ਸੀ ਕਿ ਮੈਂ ਤੈਨੂੰ ਕਿੰਜ ਬਰਦਾਸ਼ਤ ਕਰਦਾਂ...ਜਦਕਿ ਤੂੰ ਸਕੀਨਾ ਨਾਲ ਫਸਿਆ ਹੋਇਆ ਏਂ?”
ਟੋਪੀ ਦਾ ਕਾਲਾ ਰੰਗ, ਲਾਲ ਹੋ ਗਿਆ। ਸਲੀਮਾ, ਹੱਥਾਂ-ਪੈਰਾਂ ਵਿਚ ਆ ਗਈ। ਵਾਜਿਦ ਹਿਰਖ-ਹਿਰਖ ਕੇ ਪਾਨ ਚੱਬਣ ਲੱਗ ਪਿਆ।
“ਭਾਈ ਸਾਹਬ!” ਟੋਪੀ ਨੇ ਵਾਜਿਦ ਨੂੰ ਕਿਹਾ, “ਦੇਖੋ ਮੈਂ ਸ਼ੁੱਧ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ...” ਤੇ ਫੇਰ ਉਹ ਖੜ੍ਹਾ ਹੋ ਗਿਆ ਤੇ ਸਲੀਮਾ ਵੱਲ ਪਲਟ ਕੇ ਕਹਿਣ ਲੱਗਾ, “ਖ਼ੁਦਾ ਦਾ ਸ਼ੁਕਰ ਹੈ ਕਿ ਤੁਹਾਡੇ ਨਾਲ ਨਹੀਂ ਫਸਿਆ ਹੋਇਆ।” ਆਪਣੀ ਗੱਲ ਕਹਿ ਕੇ ਉਹ ਕਾਹਲ ਨਾਲ ਮੁੜਿਆ ਤੇ ਕੈਂਟੀਨ ਵਿਚੋਂ ਬਾਹਰ ਨਿਕਲ ਗਿਆ।
“ਤੁਸੀਂ ਇਹ ਕੀ ਕੀਤਾ ਵਾਜਿਦ ਭਾਈ?”
ਵਾਜਿਦ ਦਾ ਮੂਡ ਖ਼ਰਾਬ ਹੋ ਚੁੱਕਿਆ ਸੀ। ਉਹ ਸਲੀਮਾ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਕਾਊਂਟਰ ਉੱਤੇ ਚਲਾ ਗਿਆ ਤੇ ਬਿੱਲ ਕੱਟਣ ਲੱਗ ਪਿਆ।...ਤੇ ਫੇਰ ਇੱਫ਼ਨ ਨੂੰ ਆਉਂਦਾ ਦੇਖ ਕੇ ਸਲੀਮਾ ਦੀ ਜਾਨ ਹੀ ਨਿਕਲ ਗਈ ਸੀ। ਉਸਨੇ ਇੱਫ਼ਨ ਨੂੰ ਸਲਾਮ ਕੀਤਾ। ਕੈਂਟੀਨ ਵਿਚ ਕੋਈ ਜਗ੍ਹਾ ਖ਼ਾਲੀ ਨਹੀਂ ਸੀ ਇਸ ਲਈ ਉਹ ਉੱਥੇ ਹੀ ਰੁਕ ਗਿਆ।
“ਚਾਹ ਪੀਓਗੇ ਸਰ!” ਸਲੀਮਾ ਨੇ ਪੁੱਛਿਆ।
“ਬਈ ਤੂੰ ਮੈਨੂੰ ਸਰ-ਵਰ ਨਾ ਕਿਹਾ ਕਰ।” ਇੱਫ਼ਨ ਨੇ ਬੈਠਦਿਆਂ ਹੋਇਆਂ ਕਿਹਾ, “ਤੂੰ ਭਾਈ ਫ਼ਖ਼ਰੂ ਦੀ ਭੈਣ ਏਂ ਤੇ ਉਹ ਮੇਰਾ ਦੋਸਤ ਹੁੰਦਾ ਸੀ। ਵਾਜਿਦ ਨੂੰ ਤਾਂ ਪਤਾ ਏ ਕਿ ਜਦੋਂ ਐਸ.ਐਫ. ਦੇ ਮੁੰਡਿਆਂ ਦੀ ਠੁਕਾਈ ਦਾ ਪ੍ਰੋਗਰਾਮ ਬਣਿਆਂ ਹੁੰਦਾ ਸੀ ਭਾਈ ਫ਼ਖ਼ਰੂ ਆ ਕੇ ਮੈਨੂੰ ਦੱਸ ਜਾਂਦੇ ਸਨ ਬਈ ਅੱਜ ਮੀਟਿੰਗ 'ਚ ਨਾ ਜਾਵੀਂ। ਪਰ ਮੈਂ ਜਾਂਦਾ ਤੇ ਮੈਨੂੰ ਕੁੱਟਦਿਆਂ ਹੋਇਆਂ ਉਹਨਾਂ ਦਾ ਹੱਥ ਹੌਲਾ ਹੋ ਜਾਂਦਾ। ਇਕ ਵਾਰੀ ਮੈਂ ਗੁਲਰੇਜ਼ ਖ਼ਾਂ ਦੇ ਹੱਥੇ ਚੜ੍ਹ ਗਿਆ ਸਾਂ...ਤੇ ਉਹ ਕਵਰ ਅਮਾਨਤ ਨੂੰ ਕੁਟਾਪਾ ਚਾੜ੍ਹਦੇ ਹੋਏ ਉੱਥੋਂ ਹੀ ਚੀਕੇ ਸਨ, 'ਖ਼ਾਂ ਸਾਹਬ, ਆਪਣਾ ਯਾਰ ਏ। ਜ਼ਰਾ ਖ਼ਿਆਲ ਰੱਖਣਾ'।'' ਇੱਫ਼ਨ ਖਿੜਖਿੜਾ ਕੇ ਹੱਸ ਪਿਆ ਤੇ ਵਾਜਿਦ ਵੱਲ ਭੌਂ ਕੇ ਬੋਲਿਆ, “ਯਾਰ ਵਾਜਿਦ, ਗੁਲਰੇਜ਼ ਖ਼ਾਂ ਦਾ ਕੋਈ ਹਾਲ-ਚਾਲ ਪਤਾ ਏ?”
ਵਾਜਿਦ ਕਾਊਂਟਰ ਤੋਂ ਉਠ ਕੇ ਫੇਰ ਉੱਥੇ ਆ ਗਿਆ। ਉਸਦਾ ਮੂਡ ਅਜੇ ਤੀਕ ਠੀਕ ਨਹੀਂ ਸੀ ਹੋਇਆ। ਆਉਂਦਾ ਹੀ ਸਲੀਮਾ ਵੱਲ ਦੇਖਦਾ ਹੋਇਆ ਬੋਲਿਆ, “ਇਹਨਾਂ ਨੂੰ ਪੁੱਛ ਬਈ ਇਹ ਟੋਪੀ ਨੂੰ ਕਿੰਜ ਝੱਲਦੇ ਨੇ?”
 ਇੱਫ਼ਨ ਫੇਰ ਹੱਸਿਆ, “ਅੱਛਾ ਤਾਂ ਤੈਨੂੰ ਵੀ ਇਹੋ ਪ੍ਰੇਸ਼ਾਨੀ ਏ?” ਫੇਰ ਉਹ ਕੁਝ ਸੰਜੀਦਾ ਹੋ ਗਿਆ, “ਬੀਬੀ, ਆਪਣੀ ਇਹ ਯੂਨੀਵਰਸਟੀ ਵੀ ਬੜੀ ਅਜੀਬ ਜਗ੍ਹਾ ਹੈ...” ਉਦੋਂ ਹੀ ਵੇਟਰ ਨੇ ਆ ਕੇ ਇੱਫ਼ਨ ਤੇ ਸਲੀਮਾ ਨੂੰ ਸਲਾਮ ਕੀਤਾ ਤਾਂ ਇੱਫ਼ਨ ਨੇ ਸਲੀਮਾ ਨੂੰ ਪੁੱਛਿਆ, “ਖ਼ੈਰ ਛੱਡ ਇਹਨਾਂ ਗੱਲਾਂ ਨੂੰ...ਦੱਸ, ਕੀ ਪੀਏਂਗੀ?”
“ਹੁਣੇ ਭਾਈ ਵਾਜਿਦ ਨੇ ਚਾਹ ਪਿਲਾਈ ਸੀ।”
“ਤਾਂ ਹੁਣ ਭਾਈ ਇੱਫ਼ਨ ਤੋਂ ਚਾਹ ਪੀ ਲੈ।” ਉਹ ਵੇਟਰ ਵੱਲ ਮੁੜਿਆ, “ਵਾਜਿਦ ਖ਼ਾਂ ਲਈ ਕਾਫ਼ੀ ਤੇ ਸਾਡੇ ਦੋਹਾਂ ਲਈ ਚਾਹ, ਫਟਾਫਟ। ਮੈਂ ਪੰਦਰਾਂ ਮਿੰਟ 'ਚ ਵਾਪਸ ਜਾਣਾ ਏਂ।” ਵੇਟਰ ਚਲਾ ਗਿਆ। ਉਹ ਫੇਰ ਸਲੀਮਾ ਨਾਲ ਗੱਲਾਂ ਕਰਨ ਲੱਗਿਆ, “ਸਕੀਨਾ ਤੈਨੂੰ ਅਕਸਰ ਯਾਦ ਕਰਦੀ ਏ। ਤੂੰ ਸਾਲ ਡੇਢ ਸਾਲ ਹੋ ਚੱਲਿਐ, ਆਈ ਹੀ ਨਹੀਂ ਕਦੀ; ਕੋਈ ਕੰਮ ਨਾ ਹੋਏ ਤਾਂ ਚੱਲ ਮੇਰੇ ਨਾਲ ਈ ਚੱਲ; ਮੈਂ ਘਰ ਹੀ ਜਾ ਰਿਹਾਂ।...ਤੇ ਹਾਂ ਯਾਰ ਵਾਜਿਦ, ਮੈਂ ਤੈਨੂੰ ਇਹ ਯਾਦ ਕਰਾਉਣ ਆਇਆ ਸਾਂ ਕਿ ਸ਼ਬਨਮ ਦਾ ਜਨਮ ਦਿਨ ਅੱਜ ਈ ਏ...ਤੇ ਜੇ ਇਸ ਸਾਲ ਵੀ ਤੂੰ ਘੇਸਲ ਮਾਰੀ ਤਾਂ ਤੇਰੀ ਜਾਨ ਦੀ ਖ਼ੈਰ ਨਹੀਂ...”
ਵੇਟਰ ਨੇ ਚਾਹ ਲਿਆ ਕੇ ਰੱਖ ਦਿੱਤੀ। ਸਲੀਮਾ ਚਾਹ ਬਨਾਉਣ ਲੱਗ ਪਈ। ਪਰ ਉਸਨੂੰ ਇੱਫ਼ਨ ਦੇ ਨਾਲ ਚਾਹ ਪੀਣਾ ਬੜਾ ਅਜੀਬ ਜਿਹਾ ਲੱਗ ਰਿਹਾ ਸੀ। ਹਾਲਾਂਕਿ ਟੋਪੀ ਉੱਥੇ ਨਹੀਂ ਸੀ ਪਰ ਉਹ ਦਿਲ ਹੀ ਦਿਲ ਵਿਚ ਟੋਪੀ ਤੋਂ ਨਜ਼ਰਾਂ ਚੁਰਾਅ ਰਹੀ ਸੀ।
ਫੇਰ ਉਹ ਇੱਫ਼ਨ ਦੇ ਨਾਲ ਹੀ ਚਲੀ ਗਈ।
ਸਕੀਨਾ ਉਸਨੂੰ ਦੇਖ ਕੇ ਖਿੜ-ਪੁੜ ਗਈ। ਉਸਦਾ ਖਿੜਿਆ ਹੋਇਆ ਚਿਹਰਾ ਦੇਖ ਕੇ ਸਲੀਮਾ ਨੂੰ ਏਨੀ ਸ਼ਰਮ ਆਈ ਕਿ ਉਹ ਬੱਚਿਆਂ ਵਾਂਗ ਰੋਣ ਲੱਗ ਪਈ। ਸਕੀਨਾ ਘਬਰਾ ਗਈ।
“ਤੈਨੂੰ ਮੇਰੀ ਸੌਂਹ ਏਂ, ਦੱਸ ਕੀ ਗੱਲ ਏ?”
“ਕੁਛ ਨਹੀਂ ਭਾਬੀ!”
“ਏਡੇ ਵੱਡੇ ਹੋ ਕੇ ਰੋਂਦੇ ਪਏ ਓ? ਸ਼ੇਮ-ਸ਼ੇਮ...” ਸ਼ਬਨਮ ਨੇ ਕਿਹਾ। ਸਲੀਮਾ ਉਸਨੂੰ ਬਾਹਾਂ ਵਿਚ ਘੁੱਟ ਕੇ ਹੱਸ ਪਈ।
ਤੇ ਉਸੇ ਵੇਲੇ ਦਰਵਾਜ਼ੇ ਵੱਲੋਂ ਟੋਪੀ ਦੀ ਆਵਾਜ਼ ਆਈ¸
“ਹੈ ਕੋਈ ਦੀਨ-ਦਯਾ ਵਾਲਾ ਦਾਤਾ, ਜਿਹੜਾ ਟੋਪੀ ਨੂੰ ਇਕ ਕੱਪ ਚਾਹ ਪਿਆ ਦਵੇ?” ਫੇਰ ਉਸਦੀ ਨਿਗਾਹ ਸਲੀਮਾ ਉੱਤੇ ਪਈ ਤੇ ਉਹ ਚੁੱਪ ਕਰ ਗਿਆ।
ਇੱਫ਼ਨ ਨੇ ਇਕ ਟੈਂਸ਼ਨ ਜਿਹੀ ਮਹਿਸੂਸ ਕੀਤੀ, ਇਸ ਲਈ ਝੱਟ ਬੋਲਿਆ¸
“ਕਿਉਂ ਬਈ, ਫੇਰ ਉਸ ਉਰਦੂ ਵਿਰੋਧੀ ਮੀਟਿੰਗ ਵਿਚ ਕੀ ਹੋਇਆ?”
“ਇਕ ਰੇਜੂਲੇਸਨ (ਮਤਾ) ਪਾਸ ਹੋ ਗਿਆ ਐ।” ਟੋਪੀ ਨੇ ਕਿਹਾ।
“ਓ ਬਈ ਯਾਰਾ, ਤੂੰ ਉਰਦੂ ਵਿਰੋਧੀ ਏਂ ਉਰਦੂ ਗਲਤ ਬੋਲ ਲਿਆ ਕਰ...ਪਰ ਅੰਗਰੇਜ਼ੀ ਵਿਚਾਰੀ ਨੇ ਕੀ ਵਿਗਾੜਿਆ ਏ ਤੇਰਾ!”
“ਇਹਨਾਂ ਨੂੰ ਮਿਲੋ ਸਲੀਮਾ, ਇਹ ਪਤਾ ਨਹੀਂ ਕਿਹੜੇ ਨਾਰਾਇਣ ਸ਼ੁਕਲਾ ਉਰਫ਼ ਟੋਪੀ ਨੇ।” ਸਕੀਨਾ ਬੋਲੀ, “ਤੇ ਪਤਾ ਨਹੀਂ ਕਿਹੜੇ ਡਾਕਟਰ ਨੀਲੇ ਤੇਲ ਵਾਲੇ ਦੇ ਬੇਟੇ ਨੇ।...ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮੇਰੇ ਉੱਤੇ ਆਸ਼ਿਕ ਨੇ ਤੇ ਮੈਂ ਇਹਨਾਂ ਨਾਲ ਫਸੀ ਹੋਈ ਆਂ।”
“ਇਹਨਾਂ ਨੂੰ ਪਤਾ ਐ।” ਟੋਪੀ ਨੇ ਕਿਹਾ।
ਸਲੀਮਾ ਸ਼ਰਮ ਨਾਲ ਧਰਤੀ ਵਿਚ ਗੱਡੀ ਗਈ।
“ਯਾਰ ਭਾਬੀ ਜੀ, ਤੁਸੀਂ ਆਪਣੇ ਇਸ਼ਕ ਦਾ ਏਨਾ ਪ੍ਰਾਪੇਗੰਡਾ ਕਿਉਂ ਕਰਦੇ ਰਹਿੰਦੇ ਓ?”
“ਲਫ਼ੰਗਿਆਂ ਵਾਂਗ ਇਹ ਯਾਰ-ਵਾਰ ਨਾ ਕਰੀ ਜਾਇਆ ਕਰ। ਆਸ਼ਿਕ ਏਂ ਤਾਂ ਕੋਈ ਗਾਣਾ ਸੁਣਾਅ। ਕਿੰਨਾ ਦਿਲ ਤੜਫ਼ਦਾ ਏ ਜਦੋਂ ਵਿੰਗੀਆਂ-ਟੇਢੀਆਂ ਹੀਰੋਇਨਾਂ ਲਈ ਹੀਰੋ ਗਾਣੇ ਗਾਉਂਦੇ ਫਿਰਦੇ ਨੇ। ਵੇ ਟੋਪੀ! ਇਕ ਗਾਣਾ ਸੁਣਾ ਦੇਅ...”
ਉਸ ਦਿਨ ਜਦੋਂ ਸਲੀਮਾ ਉੱਥੋਂ ਵਾਪਸ ਗਈ ਤਾਂ ਉਸ ਵਿਚ ਇਕ ਤਬਦੀਲੀ ਆ ਚੁੱਕੀ ਸੀ। ਉਹ ਸਾਰੇ ਰੱਸਤੇ ਟੋਪੀ ਬਾਰੇ ਸੋਚਦੀ ਰਹੀ। ...ਤੇ ਉਸ ਰਾਤ ਜਦੋਂ ਉਹ ਸੌਣ ਲਈ ਲੇਟੀ, ਉਦੋਂ ਵੀ ਉਹ ਟੋਪੀ ਬਾਰੇ ਹੀ ਸੋਚ ਰਹੀ ਸੀ।

ਉਸਦੀ ਚਚੀ ਆਪਣੇ ਬੇਟੇ ਉੱਤੇ ਹਿਰਖੀ ਹੋਈ ਸੀ ਕਿ ਉਹ ਬਿਨਾਂ ਦਸੇ-ਪੁੱਛੇ ਪਿਕਚਰ ਦੇਖਣ ਚਲਾ ਗਿਆ ਹੋਏਗਾ ਤੇ ਰਾਤੀਂ ਇਕ ਡੇਢ ਵਜੇ ਵਾਪਸ ਆ ਕੇ ਸਾਰੇ ਘਰ ਦੀ ਨੀਂਦ ਖ਼ਰਾਬ ਕਰੇਗਾ।
“ਤੁਸੀਂ ਸੌਂ ਜਾਓ ਚਚੀ ਜਾਨ।” ਸਲੀਮਾ ਨੇ ਕਿਹਾ, “ਮੈਂ ਜਾਗ ਰਹੀ ਆਂ।”
“ਏ ਬੇਟਾ ਤੂੰ ਵੀ ਕਦ ਤੱਕਰ ਜਾਗੇਂਗੀ...”
ਇਹ ਕਹਿ ਕੇ ਉਹ ਲੇਟ ਗਈ ਤੇ ਕੁਝ ਚਿਰ ਵਿਚ ਹੀ ਸੌਂ ਗਈ, ਪਰ ਉਹ ਜਾਗਦੀ ਰਹੀ।
ਡੂੰਘੀ ਰਾਤ ਨੂੰ ਦਰਵਾਜ਼ੇ ਦਾ ਕੁੰਡਾ ਖੜਕਿਆ। ਸਲੀਮਾ ਨੇ ਉਠ ਕੇ ਦਰਵਾਜ਼ਾ ਖੋਲ੍ਹ ਦਿੱਤਾ...ਪਰ ਬਾਹਰ ਭਾਈ ਦੀ ਜਗ੍ਹਾ ਵਾਹਿਦ ਅੰਜੁਮ ਨਜ਼ਰ ਆਏ।
ਹੋਇਆ ਇਹ ਕਿ ਡਿਪਾਰਟਮੈਂਟ ਆਫ ਉਰਦੂ ਦੇ ਉਸਤਾਦਾਂ ਨਾਲ 'ਨੈਸ਼ਨਲ' ਵਿਚ ਬੈਠ ਕੇ ਡਾਕਟਰ ਵਾਹਿਦ 'ਅੰਜੁਮ' ਨੇ ਰੰਮ ਪੀਤੀ। ਉਹ ਦੋਵੇਂ ਉਸਤਾਦ ਕਵੀ ਸਨ। ਤਿੰਨੇ, ਤਿੰਨ-ਤਿੰਨ ਚੂਲੀਆਂ ਵਿਚ ਹੀ ਉੱਲੂ ਬਣ ਗਏ ਤੇ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਇਰ ਸਮਝਣ ਲੱਗ ਪਏ। ਨੌਬਤ ਗਾਲੀ-ਗਲੋਚ ਤੀਕ ਪਹੁੰਚ ਗਈ। ਉਰਦੂ ਵਾਲੇ ਦੋਵੇਂ ਸ਼ਾਇਰ ਸਾਇਕਾਲੋਜੀ ਦੇ ਸ਼ਾਇਰ ਨੂੰ ਛੱਡ ਕੇ ਚਲੇ ਗਏ। ਡਾਕਟਰ ਅੰਜੁਮ ਨੇ ਮੌਕੇ ਨੂੰ ਗ਼ਨੀਮਤ ਸਮਝਿਆ; 'ਨੈਸ਼ਨਲ' ਦੇ ਵੇਟਰ ਨੂੰ ਆਪਣੀ ਸ਼ਾਇਰੀ ਸੁਨਾਉਣ ਲੱਗ ਪਏ। ਉਹ ਵਿਚਾਰਾ ਬੋਰ ਹੋ ਗਿਆ ਕਿਉਂਕਿ ਡਾਕਟਰ ਸਾਹਬ ਤੋਂ ਉਸਨੂੰ ਕਿਸੇ ਟਿੱਪ ਦੀ ਉਮੀਦ ਵੀ ਨਹੀਂ ਸੀ। ਨਾਲੇ ਇਹ ਵੀ ਸੀ ਕਿ ਡਾਕਟਰ ਸਾਹਬ ਬੜੀ ਔਖੀ ਉਰਦੂ ਬੋਲ ਰਹੇ ਸਨ।
“ਪੁਲਿਸ!” ਉਸਨੇ 'ਵਾਹ-ਵਾਹ' ਕਹਿਣ ਦੇ ਬਜਾਏ ਕਿਹਾ। ਡਾਕਟਰ ਸਾਹਬ ਨੂੰ ਏਨੀ ਹੋਸ਼ ਤਾਂ ਸੀ ਹੀ ਕਿ ਪੁਲਿਸ ਦਾ ਆਉਣਾ ਕਿਸੇ ਘਪਲੇ ਤੋਂ ਸੱਖਣਾ ਨਹੀਂ ਹੁੰਦਾ।
ਸਟੇਸ਼ਨ ਰੋਡ ਉੱਤੇ ਰਾਤ ਦਾ ਸੰਨਾਟਾ ਠੰਡੀ ਹਵਾ ਬਣ ਕੇ ਵਹਿ ਰਿਹਾ ਸੀ। ਡਾਕਟਰ ਸਾਹਬ 'ਲਹਿਰ' ਵਿਚ ਆ ਗਏ।...ਤੇ ਜਦੋਂ ਉਹ 'ਲਹਿਰ' ਵਿਚ ਆਉਂਦੇ ਸਨ ਤਾਂ ਉਹਨਾਂ ਨੂੰ ਹਮੇਸ਼ਾ ਸਲੀਮਾ ਯਾਦ ਆ ਜਾਂਦੀ ਸੀ।
ਨਸ਼ੇ ਨੇ ਉਹਨਾਂ ਨੂੰ ਦਲੇਰ ਬਣਾ ਦਿੱਤਾ। ਇਸ ਲਈ ਉਹ ਆਪਣਾ ਘਰ ਭੁੱਲ ਗਏ, ਜਿੱਥੇ ਉਹਨਾਂ ਦੀ ਸਿੱਧੀ-ਸਾਦੀ ਘਰਵਾਲੀ ਉਹਨਾਂ ਦੀ ਉਡੀਕ ਕਰ ਰਹੀ ਸੀ ਤੇ ਉਹਨਾਂ ਸਲੀਮਾ ਦਾ ਕੁੰਡਾ ਜਾ ਖੜਕਾਇਆ।
ਸਲੀਮਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਾਹਾਂ ਫੈਲਾਅ ਕੇ ਸ਼ੁਰੂ ਹੋ ਗਏ¸
“ਮੈਂ ਤੈਨੂੰ ਆਪਣੀ ਸ਼ਾਇਰੀ ਵਿਚ ਅਮਰ ਕਰ ਦਿਆਂਗਾ। ਤੂੰ ਮੇਰੇ ਸੁਪਨਿਆਂ ਦੀ ਮਲਿਕਾ ਏਂ...”
ਸਲੀਮਾ ਉਹਨਾਂ ਦੇ ਵਧਦੇ ਹੋਏ ਹੱਥ ਦੇਖ ਦੇ ਚੀਕ ਨਾ ਪਈ ਹੁੰਦੀ ਤਾਂ ਸ਼ਾਇਦ ਉਹਨਾਂ ਦਾ ਭਾਸ਼ਣ ਹੋਰ ਵੀ ਲੰਮਾਂ ਹੋ ਗਿਆ ਹੁੰਦਾ। ਪਰ ਉਹ ਚੀਕ ਪਈ। ਰਿਟਾਇਰਡ ਥਾਨੇਦਾਰ ਦੀ ਅੱਖ ਖੁੱਲ੍ਹ ਗਈ ਤੇ ਉਸਨੇ ਉਹੀ ਕੀਤਾ ਜੋ ਕਿਸੇ ਵੀ ਰਿਟਾਇਰਡ ਥਾਨੇਦਾਰ ਜਾਂ ਕਿਸੇ ਵੀ ਇੱਜ਼ਤਦਾਰ ਆਦਮੀ ਨੂੰ ਕਰਨਾ ਚਾਹੀਦਾ ਸੀ। ਯਾਨੀ ਪਹਿਲਾਂ ਤਾਂ ਉਹਨਾਂ ਡਾਕਟਰ ਸਾਹਬ ਦੇ ਦਸ-ਬਾਰਾਂ ਜੜ ਦਿੱਤੀਆਂ। ਡਾਕਟਰ ਕਮਜ਼ੋਰ ਆਦਮੀ ਸਨ; ਲੁੜਕ ਗਏ; ਐਨਕ ਲੱਥ ਕੇ ਦੂਰ ਜਾ ਡਿੱਗੀ।
“ਕੀ ਗੱਲ ਸੀ ਬੇਟਾ?” ਥਾਨੇਦਾਰ ਸਾਹਬ ਨੇ ਸਲੀਮਾ ਨੂੰ ਪੁੱਛਿਆ।
“ਇਹ ਮੈਨੂੰ...” ਸਲੀਮਾ ਚੁੱਪ ਹੋ ਗਈ।
ਚਚਾ ਲਈ ਸਲੀਮਾ ਦਾ ਚੁੱਪ ਹੋ ਜਾਣਾ ਹੀ ਕਾਫੀ ਸੀ। ਉਹ ਫੇਰ ਸ਼ੁਰੂ ਹੋ ਗਏ। ਵਿਚਾਰੇ ਡਾਕਟਰ ਵਾਹਿਦ ਅੰਜੁਮ ਦਾ ਨਸ਼ਾ ਹਿਰਨ ਹੋ ਗਿਆ।
ਚਚਾ ਨੇ ਉਸਨੂੰ ਕਾਲਰ ਤੋਂ ਫੜ੍ਹ ਕੇ ਖੜ੍ਹਾ ਕੀਤਾ। ਫੇਰ ਛੱਡਿਆ।
“ਚੱਲ, ਪੁਲਿਸ ਸਟੇਸ਼ਨ...”
ਪੁਲਿਸ ਸਟੇਸ਼ਨ ਦਾ ਨਾਂ ਸੁਣ ਕੇ ਹੀ ਡਾਕਟਰ ਸਾਹਬ ਕੰਬਣ ਲੱਗ ਪਏ।
“ਮੈਂ ਯੂਨੀਵਰਸਟੀ ਵਿਚ ਲੈਕਚਰਾਰ ਹਾਂ ਜੀ।” ਉਹਨਾਂ ਮਿੰਨਤ ਜਿਹੀ ਕੀਤੀ, “ਮੇਰੀ ਨੌਕਰੀ ਚਲੀ ਜਾਏਗੀ ਜੀ।”
ਨੌਕਰੀ !
ਇਹ ਸ਼ਬਦ ਕਿੰਨਾ ਭਿਆਣਕ ਤੇ ਕਿੰਨਾ ਘਿਣਾਉਣਾ ਹੈ? ਵਾਹਿਦ ਅੰਜੁਮ ਨੂੰ ਇੱਜ਼ਤ ਦੀ ਫ਼ਿਕਰ ਨਹੀਂ ਸੀ; ਕਿਉਂਕਿ ਇੱਜ਼ਤ ਹੁਣ ਸ਼ਾਇਦ ਕੁਝ ਹੁੰਦੀ ਹੀ ਨਹੀਂ...ਹੁਣ ਇੱਜ਼ਤ ਦੀ ਜਗ੍ਹਾ ਨੌਕਰੀ ਨੇ ਲੈ ਲਈ ਹੈ।
ਚਚਾ ਕਿੰਜ ਮੰਨ ਲੈਂਦੇ ਕਿ ਜਿਊਂਦੀਆਂ ਤੇ ਮੋਈਆਂ ਹੋਈਆਂ ਪ੍ਰੰਪਰਾਵਾਂ ਵਿਚ ਜਕੜੀ ਹੋਈ ਯੂਨੀਵਰਸਟੀ ਦਾ ਕੋਈ ਟੀਚਰ ਇੰਜ ਵੀ ਕਰ ਸਕਦਾ ਹੈ। ਫੇਰ ਡਾਕਟਰ ਸਾਹਬ ਨੂੰ ਯਾਦ ਆਇਆ ਕਿ ਇੱਥੇ ਗੁਆਂਢ ਵਿਚ ਹੀ ਉਹਨਾਂ ਦਾ ਇਕ ਸਟੂਡੈਂਟ ਵੀ ਰਹਿੰਦਾ ਹੈ। ਉਸਨੂੰ ਜਗਾਇਆ ਗਿਆ। ਉਸਨੇ ਗਵਾਹੀ ਦਿੱਤੀ। ਹੁਣ ਚਚਾ ਕੀ ਕਰਦੇ! ਉਹਨਾਂ ਡਾਕਟਰ ਸਾਹਬ ਦੇ ਚਿੱਤੜਾਂ ਉੱਤੇ ਲੱਤ ਮਾਰ ਕੇ, ਉਹਨਾਂ ਨੂੰ ਕੰਪਾਊਂਡ ਵਿਚੋਂ ਬਾਹਰ ਕੱਢ ਦਿੱਤਾ।
ਪਰ ਉਹ ਪੁਲਿਸ ਦੇ ਆਦਮੀ ਰਹਿ ਚੁੱਕੇ ਸਨ। ਉਹਨਾਂ ਸੋਚਿਆ ਕਿ ਕਿਤੇ ਡਾਕਟਰ ਸਾਹਬ ਰਿਪੋਰਟ ਹੀ ਨਾ ਲਿਖਵਾ ਦੇਣ, ਇਸ ਲਈ ਸਾਵਧਾਨੀ ਵਜੋਂ ਉਹਨਾਂ ਨੇ ਸਿਵਲ ਲਾਈਨ ਦੇ ਥਾਨੇ ਵਿਚ ਰਿਪੋਰਟ ਲਿਖਵਾ ਦਿੱਤੀ (ਗੱਲ ਭਾਵੇਂ ਸਵੇਰ ਹੁੰਦਿਆਂ-ਹੁੰਦਿਆਂ ਰਫ਼ਾ-ਰਫ਼ਾ ਕਰ ਦਿੱਤੀ ਗਈ ਸੀ; ਪਰ ਥਾਨਾ ਸਿਵਲ ਲਾਈਨ ਦੇ ਰੋਜ਼ਨਾਮਚੇ ਵਿਚ ਉਹ ਰਿਪੋਰਟ ਅੱਜ ਵੀ ਦਰਜ ਹੋਵੇਗੀ)।
ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਗੱਲ ਏਨੇ ਵਿਸਥਾਰ ਨਾਲ ਕਿਉਂ ਸੁਣਾਈ ਜਾ ਰਹੀ ਹੈ? ਮੈਂ ਕੋਈ ਜਾਸੂਸੀ ਨਾਵਲ ਤਾਂ ਲਿਖ ਨਹੀਂ ਰਿਹਾ, ਇਸ ਲਈ ਗੱਲ ਦਾ ਮਹੱਤਵ ਹੁਣੇ ਦੱਸ ਦਿੰਦਾ ਹਾਂ। ਇਸ ਕਿੱਸੇ ਨੂੰ ਬਿਆਨ ਕਰਨਾ ਇਸ ਲਈ ਜ਼ਰੂਰੀ ਸੀ ਕਿ ਫ਼ਖ਼ਰੂ ਦੀ ਮੰਗੇਤਰ ਨੇ ਦੋ ਸਾਲ ਟੋਪੀ ਨਾਲ ਇਸ਼ਕ ਲੜਾਉਣ ਪਿੱਛੋਂ ਇਸੇ ਡਾਕਟਰ ਅੰਜੁਮ ਨਾਲ ਸ਼ਾਦੀ ਕਰ ਲਈ ਸੀ। ਲੇਖਕ ਇਹ ਮੰਨਦਾ ਹੈ ਕਿ ਇਹ ਗੱਲ ਸਮਝ ਵਿਚ ਆਉਣ ਵਾਲੀ ਨਹੀਂ ਹੈ, ਪਰ ਉਹ ਇੰਜ ਨਹੀਂ ਸੀ ਕਰ ਸਕਦਾ ਕਿ ਕਿਉਂਕਿ ਇਹ ਗੱਲ ਸਮਝ ਵਿਚ ਨਹੀਂ ਸੀ ਆਈ, ਇਸ ਲਈ ਸਲੀਮਾ ਨੂੰ ਫ਼ਖ਼ਰੂ ਜਾਂ ਟੋਪੀ ਨਾਲ ਵਿਆਹ ਦੇਵੇ। ਜੀਵਨ ਤੇ ਫ਼ਿਕਸ਼ਨ ਵਿਚ ਇਹੀ ਫ਼ਰਕ ਹੁੰਦਾ ਹੈ।  ਜੇ ਮੈਂ ਧੂੜ ਵਿਚ ਟੱਟੂ ਭਜਾ ਰਿਹਾ ਹੁੰਦਾ ਤਾਂ ਸਲੀਮਾ ਨੂੰ ਫ਼ਖ਼ਰੂ ਨਾਲ ਵਿਆਹ ਦੇਂਦਾ ਜਾਂ ਨੈਸ਼ਨਲ ਇੰਟਿਗਰੇਸ਼ਨ ਦਿਖਾਉਣ ਲਈ ਉਸਨੂੰ ਟੋਪੀ ਨਾਲ ਵਿਆਹ ਦਿੰਦਾ। ਪਰ ਮੈਂ ਨਾ ਧੂੜ ਵਿਚ ਟੱਟੂ ਭਜਾ ਰਿਹਾ ਹਾਂ ਤੇ ਨਾ ਹੀ ਨੈਸ਼ਨਲ ਇੰਟਿਗਰੇਸ਼ਨ ਦੀ ਕੋਈ ਯੋਜਨਾ ਚਲਾ ਰਿਹਾ ਹਾਂ। ਮੈਂ ਤਾਂ ਬਸ ਟੋਪੀ, ਉਸਦੀ ਆਤਮਾਂ ਤੇ ਉਸਦੇ ਮਾਹੌਲ ਨਾਲ ਤੁਹਾਡੀ ਜਾਣ-ਪਛਾਣ ਕਰਵਾ ਰਿਹਾ ਹਾਂ। ਮੈਂ ਇਹ ਗੱਲ ਛੁਪਾਅ ਕੇ ਸਿਸਪੈਂਸ ਪੈਦਾ ਕਰਨ ਨੂੰ ਠੀਕ ਨਹੀਂ ਸਮਝਦਾ, ਇਸ ਲਈ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਸਲੀਮਾ ਨੇ ਟੋਪੀ ਨਾਲ ਸ਼ਾਦੀ ਨਹੀਂ ਕੀਤੀ।...ਤੇ ਹੁਣ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਉਸਨੇ ਡਾਕਟਰ ਵਾਹਿਦ ਅੰਜੁਮ ਨਾਲ ਸ਼ਾਦੀ ਕਰ ਲਈ। ਪਰ ਇਹ ਸ਼ਾਦੀ ਏਨੀ ਆਸਾਨੀ ਨਾਲ ਵੀ ਨਹੀਂ ਸੀ ਹੋ ਗਈ¸ ਸਲੀਮਾ ਨਾਲ ਸ਼ਾਦੀ ਕਰਨ ਲਈ ਡਾਕਟਰ ਸਾਹਬ ਨੂੰ ਪਾਕਿਸਤਾਨ ਜਾਣਾ ਪਿਆ; ਉੱਥੇ ਜਾ ਕੇ ਉਹਨਾਂ ਨੂੰ ਇਹ ਕਹਿਣਾ ਪਿਆ ਕਿ 'ਕਸ਼ਮੀਰ ਪਾਕਿਸਤਾਨ ਦਾ ਹੈ ਤੇ ਭਾਰਤੀ ਆਜ਼ਾਦੀ ਦੇ ਅੰਕੜੇ ਝੂਠ ਬੋਲਦੇ ਨੇ ਕਿ ਭਾਰਤ ਵਿਚ ਪੌਣੇ ਪੰਜ ਕਰੋੜ ਮੁਸਲਮਾਨ ਨੇ; ਭਾਰਤ ਦੇ ਸਾਰੇ ਮੁਸਲਮਾਨ ਦੰਗਿਆਂ ਵਿਚ ਮਾਰੇ ਜਾ ਚੁੱਕੇ ਨੇ, ਜਿਹੜੇ ਬਚੇ ਨੇ ਉਹਨਾਂ ਦੀ ਸ਼ੁੱਧੀ ਕਰਵਾਈ ਜਾ ਰਹੀ ਹੈ। ਉਹੀ ਇਕ ਮੁਸਲਮਾਨ ਸੀ ਜਿਹੜਾ ਜਾਨ ਬਚਾ ਕੇ ਪਾਕਿਸਤਾਨ ਆ ਗਿਆ।' ਫੇਰ ਇਸ ਸਵਾਲ ਦੇ ਜਵਾਬ ਵਿਚ ਕਿ ਭਾਰਤ ਵਿਚੋਂ ਦੰਗਿਆਂ ਦੇ ਸਮਾਚਾਰ ਕਿਉਂ ਆਉਂਦੇ ਰਹਿੰਦੇ ਹਨ? ਉਹਨਾਂ ਕਿਹਾ ਕਿ 'ਦੰਗਿਆਂ ਦੀਆਂ ਇਹ ਖ਼ਬਰਾਂ ਭਾਰਤ ਕਦੀ-ਕਦਾਰ ਇਸ ਲਈ ਛਾਪਦਾ ਰਹਿੰਦਾ ਹੈ ਕਿ ਦੁਨੀਆਂ ਨੂੰ ਇਹ ਨਾ ਪਤਾ ਲੱਗ ਸਕੇ ਕਿ ਭਾਰਤ ਵਿਚ ਹੁਣ ਮੁਸਲਮਾਨ ਰਹਿ ਹੀ ਨਹੀਂ ਗਏ ਸਨ। ਨਤੀਜਾ ਇਹ ਹੋਇਆ ਕਿ ਡਾਕਟਰ ਸਾਹਬ ਪਾਕਿਸਤਾਨੀ ਡੇਲੀਗੇਸ਼ਨ ਨਾਲ ਕਸ਼ਮੀਰ ਦੀ ਬਹਿਸ ਵਿਚ ਹਿੱਸਾ ਲੈਣ ਲਈ ਯੂ.ਐਨ.ਓ. ਦੇ ਅਸੈਂਬਲੀ ਹਾਲ ਤੀਕ ਹੋ ਆਏ। ਵਾਪਸ ਆਏ ਤਾਂ ਉਹਨਾਂ ਨੂੰ ਇਕ ਯੂਨੀਵਰਸਟੀ ਦਾ ਵਾਇਸਚਾਂਸਲਰ ਬਣਾ ਦਿੱਤਾ ਗਿਆ। ਪ੍ਰਤੱਖ ਹੈ ਕਿ ਹੁਣ ਭਲਾ ਫ਼ਖ਼ਰੂ ਦੇ ਲਈ ਕੀ ਚਾਂਸ ਹੋ ਸਕਦਾ ਸੀ!...ਤੇ ਇੱਥੇ ਅਲੀਗੜ੍ਹ ਵਿਚ ਸਲੀਮਾ, ਟੋਪੀ ਤੋਂ ਆਪਣਾ ਥੀਸਿਸ ਵੀ ਲਿਖਵਾ ਚੁੱਕੀ ਸੀ; ਇਸ ਲਈ ਡਾਕਟਰ ਸਾਹਬ ਤੇ ਸਲੀਮਾ ਦੀ ਸ਼ਾਦੀ ਵਿਚ ਕੋਈ ਅੜਚਣ ਨਹੀਂ ਰਹਿ ਗਈ ਸੀ, ਸੋ ਝੱਟ ਮੰਗਨੀ ਤੇ ਫਟਾਫਟ ਵਿਆਹ ਹੋ ਗਿਆ।
ਪਰ ਕੁੱਟਮਾਰ ਦਾ ਜਿਹੜਾ ਕਿੱਸਾ ਮੈਂ ਹੁਣੇ ਤੁਹਾਨੂੰ ਸੁਣਾਇਆ ਹੈ ਉਸਦਾ ਮਹੱਤਵ ਇਹ ਹੈ ਉਸਨੇ ਸਲੀਮਾ ਤੇ ਟੋਪੀ ਵਿਚ ਗੂੜ੍ਹੀ ਦੋਸਤੀ ਕਰਵਾ ਦਿੱਤੀ ਸੀ।
ਹੋਇਆ ਇਹ ਕਿ ਦੂਜੇ ਦਿਨ ਇਹ ਗੱਲ ਸਾਰੀ ਯੂਨੀਵਰਸਟੀ ਵਿਚ ਫੈਲ ਗਈ ਕਿ ਰਾਤ ਡਾਕਟਰ ਸਾਹਬ ਦੀ ਖੜਕਾਈ ਹੋ ਗਈ। ਇਸ ਗੱਲ ਪ੍ਰਚਾਰਨ ਵਿਚ ਸਭ ਤੋਂ ਵੱਡਾ ਹੱਥ ਉਹਨਾਂ ਦਾ ਸੀ ਜਿਹੜੇ ਰਾਤੀਂ ਡਾਕਟਰ ਸਾਹਬ ਨਾਲ ਬੈਠੇ ਸ਼ਰਾਬ ਪੀ ਰਹੇ ਸਨ।
ਘਪਲਾ ਇਹ ਹੋ ਗਿਆ ਕਿ ਡਾਕਟਰ ਸਾਹਬ ਮਾਰ ਖਾ ਕੇ ਸੱਚਮੁੱਚ ਸਲੀਮਾ ਉੱਤੇ ਆਸ਼ਕ ਹੋ ਗਏ ਤੇ ਹਿੰਦੀ ਵਿਭਾਗ ਦੇ ਚੱਕਰ ਲਾਉਣ ਲੱਗ ਪਏ। ਪਰ ਸਲੀਮਾ ਨੇ ਪੀ.ਐਚ.ਡੀ. ਕਰਨੀ ਸੀ; ਨਾਲੇ ਉਹਨਾਂ ਦਿਨਾਂ ਵਿਚ ਵਾਹਿਦ ਅੰਜੁਮ ਦੀ ਤਨਖ਼ਾਹ ਵੀ ਬੜੀ ਘੱਟ ਸੀ।
ਟੋਪੀ ਵੱਲੋਂ ਸਲੀਮਾ ਦਾ ਦਿਲ ਵੀ ਸਾਫ ਹੋ ਚੁੱਕਿਆ ਸੀ। ਇਸ ਲਈ ਉਹ ਟੋਪੀ ਦੇ ਨਾਲ ਦੇਖੀ ਜਾਣ ਲੱਗ ਪਈ। ਮੁੱਲਿਆਂ ਵਿਚ ਖਲਬਲੀ ਮੱਚ ਗਈ। ਲੋਕਲ ਸਕੈਂਡਟ ਸ਼ੀਟ ਵਿਚ ਸਲੀਮਾ ਤੇ ਟੋਪੀ ਦਾ ਨਾਂ ਨਾਲ-ਨਾਲ ਛਪਣ ਲੱਗਿਆ; ਇਕ ਚੀਥੜੇ ਵਿਚ ਤਾਂ ਇੱਥੋਂ ਤੀਕ ਵੀ ਛਪ ਗਿਆ ਕਿ ਟੋਪੀ ਤੇ ਸਲੀਮਾ ਨੇ ਚੁੱਪਚਾਪ ਸ਼ਾਦੀ ਕਰ ਲਈ ਹੈ (ਇਹ ਗੱਲ ਬਿਲਕੁਲ ਝੂਠ ਹੈ, ਕਿਉਂਕਿ ਜੇ ਇੰਜ ਹੋਇਆ ਹੁੰਦਾ ਤਾਂ ਟੋਪੀ ਨੇ ਬਨਾਰਸ ਸਟੇਸ਼ਨ ਦੇ ਵੇਟਿੰਗ ਰੂਮ ਵਿਚ ਬੈਠ ਕੇ ਸਲੀਮਾ ਨੂੰ ਉਹ ਖ਼ਤ ਨਾ ਲਿਖਿਆ ਹੁੰਦਾ, ਜਿਸਨੂੰ ਲਿਖ ਕੇ ਉਸਨੇ ਪਾੜ ਦਿੱਤਾ ਸੀ)।
ਇੱਥੇ ਦੋ ਕੈਂਪ ਬਣ ਗਏ¸ ਇਕਨਾਂ ਦਾ ਕਹਿਣਾ ਸੀ ਕਿ ਸਲੀਮਾ ਬੜੀ ਦਲੇਰ ਕੁੜੀ ਹੈ ਜਿਹੜੀ ਅਜਿਹੀਆਂ ਗੱਲਾਂ ਪਿੱਛੋਂ ਵੀ ਟੋਪੀ ਨਾਲ ਵਧੇਰੇ ਨਜ਼ਰ ਆਉਣ ਲੱਗ ਪਈ ਹੈ (ਲੇਖਕ ਇਸੇ ਕੈਂਪ ਵਿਚ ਸੀ)।...ਤੇ ਦੂਜੇ ਕੈਂਪ ਵਾਲਿਆਂ ਦਾ ਕਹਿਣਾ ਸੀ ਕਿ ਉਹ ਸਿਰਫ ਆਪਣੇ ਥੀਸਿਸ ਵਿਚ ਇਨਟ੍ਰੈਸਟਡ ਹੈ। ਇੱਫ਼ਨ ਇਸ ਦੂਜੇ ਕੈਂਪ ਵਿਚ ਸੀ।...ਤੇ ਇਹੀ ਕਾਰਨ ਹੈ ਕਿ ਟੋਪੀ ਜਦੋਂ ਬਨਾਰਸ ਤੋਂ ਵਾਪਸ ਆਇਆ ਸੀ ਤਾਂ ਇੱਫ਼ਨ ਤੇ ਸਕੀਨਾ ਨੇ ਉਸਨੂੰ ਸਲੀਮਾ ਦੀ ਸ਼ਾਦੀ ਬਾਰੇ ਕੁਝ ਨਹੀਂ ਸੀ ਦੱਸਿਆ।
ਗੱਲ ਜੋ ਵੀ ਹੋਵੇ, ਟੋਪੀ ਵਿਚਾਰਾ ਖ਼ਹਮਖ਼ਾਹ ਮਾਰਿਆ ਗਿਆ।
“ਭਾਈ ਸ਼੍ਰੀ, ਉਹ ਬੜੀ ਸਿੰਸੀਅਰ ਐ।”
“ਹਾਂ।” ਇੱਫ਼ਨ ਨੇ ਚਾਰਮੀਨਾਰ ਸੁਲਗਾਉਂਦਿਆਂ ਹੋਇਆਂ ਗਰਦਨ ਹਿਲਾਈ, “ਉਹ ਆਪਣੇ ਆਪ ਵਿਚ ਬੜੀ ਸਿੰਸੀਅਰ ਹੈ।”
“ਤੁਸੀਂ ਸੜਦੇ ਓ।” ਟੋਪੀ ਹਿਰਖ ਗਿਆ।
“ਵੇ ਖ਼ਬਰਦਾਰ ਜੇ ਮੇਰੇ ਮੀਆਂ ਬਾਰੇ ਇਹ ਗੱਲ ਫੇਰ ਕਹੀ!” ਸਕੀਨਾ ਨੇ ਚਿੜ ਕੇ ਕਿਹਾ।
ਸ਼ਬਨਮ ਖਿੜਖਿੜ ਕਰਕੇ ਹੱਸ ਪਈ।
“ਤੇਰੇ ਉੱਚਾ-ਨੀਂਵਾਂ ਹੋਣ ਨਾਲ ਮੈਂ ਆਪਣੀ ਰਾਏ ਤਾਂ ਬਦਲਨੋਂ ਰਿਹਾ।” ਇੱਫ਼ਨ ਨੇ ਕਿਹਾ।
“ਮੁਸਲਮਾਨ ਕੁੜੀ ਨਾਲ ਇਸ਼ਕ ਕਰ ਰਿਹਾਂ ਨਾ, ਇਸ ਲਈ ਤੁਸੀਂ ਸੜ ਰਹੇ ਓ। ਖ਼ਲ ਅੰਦਰ ਤੁਸੀਂ ਸਾਰੇ ਮੁਲਮਾਨ ਪਾਕਿਸਤਾਨੀ ਹੋ।”
“ਹਾਂ,” ਇੱਫ਼ਨ ਨੇ ਕਿਹਾ, “ਕਿਸੇ ਹੱਦ ਤੀਕ ਤੂੰ ਠੀਕ ਕਹਿ ਰਿਹੈਂ; ਪਾਕਿਸਤਾਨ ਇਕ ਬੇਨਾਮ ਡਰ ਦਾ ਨਾਂ ਹੈ...ਤੇ ਹਰੇਕ ਮੁਸਲਮਾਨ ਡਰਿਆ ਹੋਇਆ ਹੈ। ਇਹ ਡਰ ਵੀ ਕੀ ਬਲਾ ਹੁੰਦਾ ਏ ਬਲਭਦਰ? ਇਹ ਡਰ ਕਿਉਂ ਹੈ? ਤੂੰ ਮੇਰੇ ਉੱਤੇ ਸ਼ੱਕ ਕਿਉਂ ਕਰਦਾ ਏਂ...ਤੇ ਮੈਂ ਤੈਥੋਂ ਭੈ ਕਿਉਂ ਮੰਨਦਾ ਹਾਂ??”
“ਲਓ ਸੰਭਾਲੋ ਆਪਣੇ ਮੀਏਂ ਨੂੰ...” ਟੋਪੀ ਨੇ ਸਕੀਨਾ ਵੱਲ ਭੌਂ ਕੇ ਕਿਹਾ, “ਫ਼ੇਰ ਦੌਰਾ ਪੈ ਗਿਐ!”
“ਨਹੀਂ, ਵਾਕਈ ਬਲਭਦਰ!” ਇੱਫ਼ਨ ਨੇ ਕਿਹਾ, “ਏਡੇ ਵੱਡੇ ਮੁਲਕ ਨੂੰ ਇਹਨਾਂ ਦੋ ਲਫ਼ਜ਼ਾਂ ਨੇ ਡਕੈਤਾਂ ਵਾਂਗ ਘੇਰਿਆ ਹੋਇਆ ਏ। ਤੇ ਇਹ ਦੋਵੇਂ ਡਕੈਤ ਰੈਨਸਮ (ਰਿਹਾਈ ਦਾ ਮੁੱਲ) ਮੰਗ ਰਹੇ ਨੇ।”
ਡਰ !
ਸ਼ੱਕ !!
ਮੁਸਲਮਾਨ !
ਹਿੰਦੂ !!
ਕਾਲੇ-ਗੋਰੇ !!
ਘਰ ਵਿਚ ਚੁੱਪ ਵਰਤ ਗਈ। ਸਕੀਨਾ, ਸ਼ਬਨਮ ਤੇ ਟੋਪੀ ਸਮੇਤ...ਇੱਫ਼ਨ, ਆਪਣੇ ਹੀ ਪ੍ਰਸ਼ਨਾ ਦੇ ਵਿਸ਼-ਸਾਗਰ ਵਿਚ ਡੁੱਬ ਗਿਆ। ਇੰਜ ਲੱਗਿਆ ਜਿਵੇਂ ਬਾਹਰ ਰੀਂਘਦੇ ਹੋਏ ਹਨੇਰੇ ਨੇ ਵਿਹੜੇ ਤੇ ਵਿਹੜੇ ਦੇ ਉਪਰਲੇ ਸਾਰੇ ਆਕਾਸ਼ ਨੂੰ ਢਕ ਲਿਆ ਹੈ ਤੇ ਪੀਲੇ ਉਦਾਸ ਚੰਦ ਨੇ ਨਿੰਮ ਦੀ ਟੀਸੀ ਉੱਤੇ ਠੋਡੀ ਟਿਕਾਅ ਲਈ ਹੈ।
“ਪ੍ਰੰਤੂ ਅਸੀਂ ਤਾਂ ਸਲੀਮਾ ਦੀ ਗੱਲ ਕਰ ਰਹੇ ਸੀ।” ਹਨੇਰੇ ਵਿਚ ਟੋਪੀ ਦੀ ਆਵਾਜ਼ ਗੂੰਜੀ।
“ਸਲੀਮਾ ਵੀ ਡਰ ਤੇ ਸ਼ੱਕ ਦੇ ਉਸੇ ਰੁੱਖ ਦਾ ਇਕ ਕੱਚਾ ਫਲ ਹੈ। ਮੇਰੀ ਗੱਲ ਪੱਲੇ ਬੰਨ੍ਹ ਲੈ ਬਲਭਦਰ ਕਿ ਇਹੀ ਡਰ ਉਸਨੂੰ ਵੀ ਇਕ ਦਿਨ ਨਿਗਲ ਲਏਗਾ। ਚੁੱਪਚਾਪ ਉਸਦਾ ਥੀਸਿਸ ਲਿਖ ਦੇ ; ਡਾਕਟਰ ਸਲੀਮਾ ਬਨਣ ਪਿੱਛੋਂ ਉਹ ਤੈਨੂੰ ਭੁੱਲ ਜਾਏਗੀ।”
“ਪ੍ਰੰਤੂ...”
“ਪਰੰਤੂ ਕੀ ?” ਇੱਫ਼ਨ ਨੇ ਉਸਦੀ ਗੱਲ ਟੁੱਕ ਦਿੱਤੀ। “ਪਰੰਤੂ ਇਹ ਕਿ ਉਹ ਡਾਕਟਰ ਅੰਜੁਮ ਨਾਲ ਸ਼ਾਦੀ ਕਰ ਸਕਦੀ ਹੈ, ਮਗਰ ਤੇਰੇ ਨਾਲ ਸ਼ਾਦੀ ਨਹੀਂ ਕਰੇਗੀ।”
“ਕਿਉਂ?” ਟੋਪੀ ਨੇ ਸਵਾਲ ਕੀਤਾ, “ਕੀ ਇਸ ਲਈ ਕਿ ਮੈਂ ਹਿੰਦੂ ਆਂ?”
“ਨਹੀਂ। ਹਿੰਦੂ ਤਾਂ ਕਿਸ਼ਨ ਸਿੰਘ ਵੀ ਏ।” ਇੱਫ਼ਨ ਨੇ ਕਿਹਾ।
“ਹੋਰ ਕੀ ਕਾਰਣ ਹੋ ਸਕਦਾ ਐ?”
“ਏਡਾ ਲੰਮਾਂ ਤੇ ਠੇਠ 'ਣ' ਬੋਲਨ ਦੀ ਕੀ ਜ਼ਰੂਰਤ ਸੀ?” ਇੱਫ਼ਨ ਨੇ ਕਿਹਾ, “ਕੀ ਤੂੰ ਕਾਰਨ ਨਹੀਂ ਕਹਿ ਸਕਦਾ ਸੈਂ?”
“ਯਾਰ ਭਾਈ ਸਾਹਬ, ਮੈਂ ਆਪਣੇ ਇਸ਼ਕ ਦੀ ਗੱਲ ਕਰ ਰਿਹਾਂ ਤੇ ਤੁਸੀਂ ਭਾਸ਼ਾ ਸੁਧਾਰਨ ਵਿਚ ਲੱਗੇ ਹੋਏ ਓ...ਤੁਸੀਂ ਉਰਦੂ ਵਾਲੇ ਸੜਦੇ ਓ ਸਾਡੀ ਹਿੰਦੀ ਤੋਂ।”
“ਸੜਦੇ ਨਹੀਂ, ਡਰਦੇ ਆਂ।” ਇੱਫ਼ਨ ਨੇ ਕਿਹਾ।
ਫੇਰ ਉਹੀ ਸ਼ਬਦ !
ਡਰ !
ਕੀ ਇਸ ਡਰ ਤੋਂ ਛੁਟਕਾਰਾ ਪਾਉਣ ਦਾ ਕੋਈ ਹੀਲਾ ਨਹੀਂ? ਮੈਂ ਹੀ ਹਿੰਦੀ ਹਾਂ; ਮੈਂ ਹੀ ਉਰਦੂ ਹਾਂ...ਕੀ ਮੈਂ ਵੀ ਆਪਣੇ ਆਪ ਤੋਂ ਡਰਨ ਲੱਗ ਪਿਆ ਹਾਂ?
ਮੇਰਾ ਇਕ ਰੂਪ ਇਕ ਲਿੱਪੀ ਨਹੀਂ ਜਾਣਦਾ...ਕੀ ਇਸੇ ਲਈ ਉਹ ਦੂਜੀ ਲਿੱਪੀ ਤੋਂ ਡਰਦਾ ਹੈ? ਭਾਸ਼ਾ ਦੀ ਲੜਾਈ ਅਸਲ ਵਿਚ ਨਫੇ-ਨੁਕਸਾਨ ਦੀ ਲੜਾਈ ਹੈ। ਸਵਾਲ ਭਾਸ਼ਾ ਦਾ ਨਹੀਂ; ਸਵਾਲ ਹੈ ਨੌਕਰੀ ਦਾ!
ਨੌਕਰੀ !
ਇਹ ਸ਼ਬਦ ਵੀ ਕਿੱਥੋਂ ਦਾ ਕਿੱਥੇ ਆਣ ਕੇ ਅੱਗਾ ਰੋਕ ਲੈਂਦਾ ਹੈ। ਜਿਹੜਾ ਇਕ ਲਿੱਪੀ ਜਾਣਦਾ ਹੈ, ਉਹ ਸੁਰੱਖਿਅਤ ਹੈ ਤੇ ਜਿਹੜਾ ਇਕ ਲਿੱਪੀ ਨਹੀਂ ਜਾਣਦਾ, ਉਹ ਸਹਿਮਿਆਂ ਤੇ ਡਰਿਆ ਹੋਇਆ ਹੈ। ਮੇਰੇ ਇਹ ਦੋਵੇਂ ਰੂਪ ਭਾਸ਼ਾ ਤਾਂ ਜਾਣਦੇ ਨੇ, ਪਰ ਸਿਆਹੀ ਦੀਆਂ ਲਕੀਰਾਂ ਨੇ ਵੱਖ-ਵੱਖ ਕੀਤੇ ਹੋਏ ਨੇ।
ਨੌਕਰੀ !
ਇਹ ਸ਼ਬਦ ਸਾਡੀ ਆਤਮਾਂ ਦੇ ਮੱਥੇ ਉੱਤੇ ਲਹੂ ਨਾਲ ਉਲੀਕਿਆ ਹੋਇਆ ਹੈ। ਇਹੀ ਸ਼ਬਦ ਖ਼ੂਨ ਬਣ ਕੇ ਸਾਡੀਆਂ ਨਾੜਾਂ ਵਿਚ ਦੌੜ ਰਿਹਾ ਹੈ। ਇਹ ਸ਼ਬਦ ਸੁਪਨਾ ਬਣ ਕੇ ਸਾਡੀ ਨੀਂਦ ਦੀ ਹੱਤਕ ਕਰ ਰਿਹਾ ਹੈ। ਸਾਡੀ ਆਤਮਾਂ ਨੌਕਰੀ ਦੇ ਕਿੱਲੇ ਨਾਲ ਵੱਝੀ, ਲਿੱਪੀ ਦੀ ਖ਼ੁਰਲੀ ਵਿਚ ਮੂੰਹ ਮਾਰ ਰਹੀ ਹੈ।
“ਸਵਾਲ ਹਿੰਦੀ, ਉਰਦੂ ਜਾਂ ਹਿੰਦੂ, ਮੁਸਲਮਾਨ ਦਾ ਨਹੀਂ, ਬਲਭਦਰ!” ਇੱਫ਼ਨ ਨੇ ਕਿਹਾ, “ਸਵਾਲ ਹੈ ਨੌਕਰੀ ਦਾ। ਹੁਣ  ਕੁੜੀਆਂ, ਮੁੰਡਿਆਂ ਨਾਲ ਸ਼ਾਦੀ ਨਹੀਂ ਕਰਦੀਆਂ¸ ਮੁੰਡੇ ਤਾਂ ਸਿਰਫ ਇਸ਼ਕ ਕਰਨ ਲਈ ਰਹਿ ਗਏ ਨੇ¸ ਸ਼ਾਦੀ ਤਾਂ ਨੌਕਰੀਆਂ ਨਾਲ ਕੀਤੀ ਜਾਂਦੀ ਹੈ। ਪਿਆਰ ਹੁਣ ਤਨਖ਼ਾਹ ਦੇ ਗਜ਼ ਨਾਲ ਨਾਪਿਆ ਜਾਂਦਾ ਹੈ...ਤੇ ਸੋਸ਼ਲਪੁਜੀਸ਼ਨ ਦੀ ਤੱਕੜੀ ਵਿਚ ਤੋਲਿਆ ਜਾਂਦਾ ਹੈ। ਤੂੰ ਸਲੀਮਾ ਦੀ ਗੱਲ ਕਰ ਰਿਹੈਂ...ਓਇ ਤੇਰੇ ਨਾਲ ਤਾਂ ਕੋਈ ਵੀ ਕੁੜੀ ਸ਼ਾਦੀ ਨਹੀਂ ਕਰੇਗੀ...”
ਟੋਪੀ ਉਸ ਰਾਤ ਡੂੰਘੀ ਉਦਾਸੀ ਵਿਚ ਡੁੱਬ ਗਿਆ। ਉਹ ਸਲੀਮਾ ਦਾ ਥੀਸਿਸ ਪੂਰਾ ਕਰ ਚੁੱਕਿਆ ਸੀ ਤੇ ਹੁਣ ਸਲੀਮਾ ਨਾਲ ਆਪਣੇ ਦਿਲ ਦੀ ਗੱਲ ਕਰ ਲੈਣਾ ਚਾਹੁੰਦਾ ਸੀ। 'ਪਰ ਜੇ ਇੱਫ਼ਨ ਸੱਚ ਕਹਿ ਰਿਹਾ ਹੋਇਆ ਤੋ...? ਜੇ ਉਹ ਉਸਦੇ ਦਿਲ ਦੀ ਗੱਲ ਸੁਣ ਕੇ ਹੱਸ ਪਈ ਫ਼ੇਰ...?'
ਤੇ ਫੇਰ ਜਿਸ ਦਿਨ ਸਲੀਮਾ ਨੇ ਆਪਣਾ ਥੀਸਿਸ ਸਬਮਿੱਟ ਕੀਤਾ, ਟੋਪੀ ਨੇ ਕਿਹਾ¸
“ਚੱਲ, ਅੱਜ ਕੁਝ ਖੁਆ-ਪਿਆ।”
“ਅੱਜ ਤਾਂ ਜ਼ਰਾ ਮੈਂ ਮੁਮਤਾਜ਼ ਆਪਾ ਨੂੰ ਮਿਲਣ ਜਾ ਰਹੀ ਆਂ।” ਸਲੀਮਾ ਬੋਲੀ, “ਇਕ ਜਗ੍ਹਾ ਖ਼ਾਲੀ ਹੋਈ ਏ; ਮਿੱਤਰ ਦਾਸ ਛੇ ਮਹੀਨਿਆਂ ਦੀ ਛੁੱਟੀ 'ਤੇ ਗਏ ਨੇ।”
ਤੇ ਸਲੀਮਾ ਚਲੀ ਗਈ।
ਫੇਰ ਕਈ ਵਾਰੀ ਇੰਜ ਹੀ ਹੋਇਆ, ਪਰ ਟੋਪੀ ਨੇ ਦਿਲ ਛੋਟਾ ਨਹੀਂ ਕੀਤਾ। ਉਸਨੇ ਇਸ ਡਰ ਕਰਕੇ ਇਹ ਗੱਲ ਇੱਫ਼ਨ ਨੂੰ ਵੀ ਨਹੀਂ ਦੱਸੀ ਕਿ ਉਹ ਹੱਸੇਗਾ।
ਫੇਰ ਇਕ ਦਿਨ ਪਤਾ ਲੱਗਿਆ ਵਾਜਿਦ ਅੰਜੁਮ ਪਾਕਿਸਤਾਨ ਚਲਾ ਗਿਆ ਹੈ। ਰੇਡੀਓ ਪਾਕਿਸਤਾਨ ਤੋਂ ਉਸਦੇ ਬਿਆਨ ਆਉਣ ਲੱਗ ਪਏ...ਤੇ ਇਕ ਦਿਨ ਖ਼ਬਰ ਮਿਲੀ ਕਿ ਉਹ ਵਾਇਸਚਾਂਸਲਰ ਬਣ ਗਿਆ ਹੈ।
ਤੇ ਇਕ ਦਿਨ ਕੈਂਟੀਨ ਵਿਚ ਹੀ ਸਲੀਮਾ ਨੇ ਕਿਹਾ¸
“ਜ਼ਰਾ ਉਸਦੀ ਅਕਲ ਦੇਖੀਂ, ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ।”
“ਸ਼ਾਦੀ ਕਰਨਾ ਚਾਹੁਣ ਵਿਚ ਹਰਜ ਹੀ ਕੀ ਐ?” ਟੋਪੀ ਨੇ ਪੁੱਛਿਆ, “ਹੁਣ ਤਾਂ ਉਹ ਵਾਇਸਚਾਂਸਲਰ ਬਣ ਗਿਐ...ਦੋ ਤਿੰਨ ਹਜ਼ਾਰ ਤਾਂ ਲੈ ਹੀ ਰਿਹਾ ਹੋਵੇਗਾ?”
“ਤਾਂ ਜੀ, ਕੀ ਮੈਂ ਨੌਕਰੀ ਨਾਲ ਸ਼ਾਦੀ ਕਰ ਲਵਾਂ? ਉਸਤੋਂ ਚੰਗੀ ਨੌਕਰੀ ਤਾਂ ਜ਼ਾਕਿਰ ਸਾਹਬ ਦੀ ਏ।”
ਇਹ ਸੁਣ ਕੇ ਟੋਪੀ ਦਾ ਰੋਮ-ਰੋਮ ਗੁਣਗੁਣਾਉਣ ਲੱਗ ਪਿਆ। ਫੇਰ ਵੀ ਦਿਲ ਦੀ ਗੱਲ ਕਹਿਣ ਦੀ ਹਿੰਮਤ ਨਾ ਪਈ।
“ਤੂੰ ਕਿਤੇ ਨੌਕਰੀ-ਵੌਕਰੀ ਕਿਉਂ ਨਹੀਂ ਕਰ ਲੈਂਦਾ?” ਸਲੀਮਾ ਨੇ ਪੁੱਛਿਆ।
“ਕੋਸ਼ਿਸ ਤਾਂ ਕਰ ਰਿਹਾਂ।” ਟੋਪੀ ਹਕਲਾਇਆ, “ਕਿਤੇ ਹਿੰਦੂ ਹੋਣ ਕਰਕੇ ਨਹੀਂ ਮਿਲਦੀ ਤੇ ਕਿਤੇ ਮੁਸਲਮਾਨ...”
“ਪਰ ਇੰਜ ਕਦ ਤੀਕ ਸਰੇਗਾ?”
“ਹਾਂ,” ਟੋਪੀ ਬੋਲਿਆ, “ਇੰਝ ਤਾਂ ਸਰ ਨਹੀਂ ਸਕਣਾ।”
ਇਹ ਉਸ ਦਿਨ ਦੀ ਗੱਲ ਹੈ ਜਿਸ ਦਿਨ ਉਹ ਕੱਲਨ ਨੂੰ ਚੋਣ ਲੜਾਉਣ ਲਈ ਬਨਾਰਸ ਗਿਆ ਸੀ।
ਉਹ ਬਨਾਰਸ ਤੋਂ ਪਰਤਿਆ ਤਾਂ ਪਤਾ ਲੱਗਿਆ ਕਿ ਸਲੀਮਾ ਦੀ ਸ਼ਾਦੀ ਵਾਹਿਦ ਅੰਜੁਮ ਦੀ ਨੌਕਰੀ ਨਾਲ ਹੋ ਗਈ ਹੈ। ...ਉਹ ਬਨਾਰਸ ਤੋਂ ਸੌ-ਦੋ-ਸੌ ਸਾਲ ਬਾਅਦ ਨਹੀਂ ਸੀ ਪਰਤਿਆ¸ ਸਿਰਫ ਪੰਜ ਦਿਨਾਂ ਵਿਚ ਇਹ ਕਹਾਣੀ ਇਕ ਸ਼ਰਟ ਕੱਟ ਤੋਂ ਹੁੰਦੀ ਹੋਈ ਆਪਣੀ ਮੰਜ਼ਿਲ 'ਤੇ ਪਹੁੰਚ ਗਈ ਸੀ।
ਤੇ ਇੱਥੇ ਲੇਖਕ ਤੁਹਾਨੂੰ ਇਕ ਅਜਿਹੀ ਗੱਲ ਦੱਸਣੀ ਚਾਹੁੰਦਾ ਹੈ ਜਿਹੜੀ ਟੋਪੀ ਨੂੰ ਵੀ ਨਹੀਂ ਸੀ ਪਤਾ...ਉਹ ਗੱਲ ਇਹ ਹੈ ਕਿ ਇੱਫ਼ਨ ਦੀ ਗੱਡੀ-ਗੁੱਡੀ ਕੋਈ ਨਹੀਂ ਸੀ ਨਿਕਲੀ; ਉਹ ਸਲੀਮਾ ਦੀ ਸ਼ਾਦੀ ਵਿਚ ਜਾਣਾ ਹੀ ਨਹੀਂ ਸਨ ਚਾਹੁੰਦੇ।
“ਚੱਲੇ ਸੀ ਸਾਲੇ ਇਸ਼ਕ ਕਰਨ।” ਵਾਹਿਦ ਨੇ ਕਿਹਾ, “ਖੜ੍ਹਾ ਕੀ ਕਰਦੈਂ ਓਇ...ਜਾਹ, ਚਾਹ ਲਿਆ।” ਵਾਜਿਦ ਖ਼ਾਂ ਕੋਲ ਖੜ੍ਹੇ ਇਕ ਵੇਟਰ ਉੱਤੇ ਵਰ੍ਹ ਗਿਆ। ਸਲੀਮਾ ਤੇ ਟੋਪੀ ਦੇ ਇਸ਼ਕ ਤੇ ਡਾਕਟਰ ਵਾਜਿਦ ਅੰਜੁਮ ਤੇ ਸਲੀਮਾ ਦੀ ਸ਼ਾਦੀ; ਦੋਵੇਂ ਘਟਨਾਵਾਂ, ਇਸੇ ਗਾਲ੍ਹ ਰੂਪੀ ਖ਼ੂਹ ਵਿਚ ਗਰਕ ਗਈਆਂ।
ਟੋਪੀ ਨੂੰ ਵਾਜਿਦ ਦੀ ਇਹੀ ਗੱਲ ਚੰਗੀ ਲੱਗਦੀ ਸੀ; ਉਹ ਵੱਡੀ ਤੋਂ ਵੱਡੀ ਗੱਲ ਉੱਤੇ ਇਕ ਗਾਲ੍ਹ ਦੀ ਮਿੱਟੀ ਪਾ ਕੇ, ਜੀਅ ਹੌਲਾ ਕਰ ਲੈਣ ਦੀ ਕਲਾ ਜਾਣਦਾ ਸੀ।
ਇਸ ਲਈ ਇੱਫ਼ਨ ਨੂੰ ਸੀ ਆਫ ਕਰਨ ਪਿੱਛੋਂ ਟੋਪੀ ਸਿੱਧਾ ਕੈਂਟੀਨ ਗਿਆ ਸੀ ਕਿ ਸ਼ਾਇਦ ਉਸਦੀ ਉਦਾਸੀ ਵੀ ਵਾਜਿਦ ਦੀ ਇਸ ਗਾਲ੍ਹ ਵਿਚ ਡੁੱਬ ਜਾਵੇ।
    --- --- ---

No comments:

Post a Comment