Tuesday 15 June 2010

ਟੋਪੀ ਸ਼ੁਕਲਾ…: ਦੂਜੀ ਕਿਸ਼ਤ

ਟੋਪੀ ਸ਼ੁਕਲਾ…:  ਦੂਜੀ ਕਿਸ਼ਤ  :

ਸੰਸਾਰ ਦੇ ਸਾਰੇ ਛੋਟੇ-ਵੱਡੇ ਲੋਕਾਂ ਵਾਂਗ ਟੋਪੀ ਵੀ ਬੇਨਾਮ ਹੀ ਪੈਦਾ ਹੋਇਆ ਸੀ। ਨਾਂ ਦੀ ਲੋੜ ਤਾਂ ਮਰਨ ਵਾਲਿਆਂ ਨੂੰ ਹੁੰਦੀ ਹੈ। ਗਾਂਧੀ ਤੇ ਗਾਡਸੇ ਵੀ ਬੇਨਾਮ ਹੀ ਪੈਦਾ ਹੋਏ ਸਨ। ਜਨਮ ਲੈਣ ਲਈ ਅੱਜ ਤੀਕ ਕਿਸੇ ਨੂੰ ਨਾਂ ਦੀ ਲੋੜ ਨਹੀਂ ਪਈ। ਜੰਮਦੇ ਤਾਂ ਸਿਰਫ ਬੱਚੇ ਹੁੰਦੇ ਨੇ¸ ਮਰਦੇ-ਮਰਦੇ ਉਹ ਹਿੰਦੂ, ਮੁਸਲਮਾਨ, ਈਸਾਈ, ਨਾਸਤਕ, ਹਿੰਦੁਸਤਾਨੀ, ਪਾਕਿਸਤਾਨੀ, ਗੋਰੇ, ਕਾਲੇ ਤੇ ਪਤਾ ਨਹੀਂ ਹੋਰ ਕੀ-ਕੀ ਬਣ ਜਾਂਦੇ ਨੇ!
ਇੱਥੇ ਸਾਡਾ ਇਹਨਾਂ ਝੰਜਟਾਂ ਨਾਲ ਕੋਈ ਵਾਸਤਾ ਨਹੀਂ। ਅਜੇ ਤਾਂ ਸਾਡੇ ਲਈ ਸਿਰਫ ਇਹ ਜਾਣ ਲੈਣਾ ਬੜਾ ਹੈ ਕਿ ਟੋਪੀ ਨੇ ਜਨਮ ਲੈ ਲਿਆ ਹੈ। ਹਜ਼ਾਰਾਂ, ਲੱਖਾਂ, ਕਰੋੜਾਂ ਦੂਜੇ-ਪੁੱਤਰਾਂ ਵਾਂਗ, ਉਹ ਵੀ ਦੂਜਾ-ਪੁੱਤਰ ਸੀ। ਇਕ ਭਰਾ ਉਸਦੀ ਪਿੱਠ ਉੱਪਰ ਸੀ ਤੇ ਇਕ ਦੀ ਪਿੱਠ ਉੱਤੇ ਉਹ ਆਪ ਸੀ।
ਜਿਸ ਰਾਤ ਉਸਨੇ ਜਨਮ ਲਿਆ, ਉਹ ਬਰਸਾਤ ਦੀ ਇਕ ਸੜੀ ਹੋਈ ਰਾਤ ਸੀ। ਹਵਾ ਬਿਲਕੁਲ ਬੰਦ ਸੀ¸ ਆਕਾਸ਼ ਬੱਦਲਾਂ ਨਾਲ ਢਕਿਆ ਹੋਇਆ ਸੀ, ਕੋਈ ਤਾਰਾ ਦਿਖਾਈ ਨਹੀਂ ਸੀ ਦੇ ਰਿਹਾ।
ਇੱਧਰ ਉਸਦੀ ਮਾਂ ਨੂੰ ਪੀੜਾਂ ਸ਼ੁਰੂ ਹੋਈਆਂ, ਉੱਧਰ ਬਿਜਲੀ ਲਿਸ਼ਕਣ ਲੱਗ ਪਈ। ਬੱਦਲਾਂ ਵਿਚ ਤ੍ਰੇਰੜਾਂ ਪੈਣ ਲੱਗੀਆਂ। ਮੀਂਹ ਵਰ੍ਹਣ ਲੱਗ ਪਿਆ। ਚਾਰੇ ਪਾਸੇ ਪਾਣੀ ਦੀ ਚਾਦਰ ਵਿਛ ਗਈ। ਇੰਜ ਲੱਗਦਾ ਸੀ ਜਿਵੇਂ ਬੱਦਲ ਭੰਬਲ-ਭੂਸਿਆਂ ਵਿਚ ਪਏ ਹੋਏ ਹੋਣ। ਵਿਹੜੇ ਵਿਚ ਪਾਣੀ ਭਰ ਗਿਆ। ਫ਼ਿਊਜ਼ ਉੱਡ ਗਿਆ ਤੇ ਹਨੇਰਾ ਸੰਪੂਰਨ ਹੋ ਗਿਆ।
ਉਸਦੀ ਦਾਦੀ 'ਹਰੀ ਕ੍ਰਿਸ਼ਨ, ਹਰੀ ਕ੍ਰਿਸ਼ਨ' ਜਪਣ ਲੱਗ ਪਈ ਕਿ 'ਪਤਾ ਨਹੀਂ ਕਿਹੋ ਜਿਹਾ ਰਾਕਸ਼ਸ ਜਨਮ ਲੈਣ ਵਾਲਾ ਏ, ਜਿਸਨੇ ਜੰਮਣ ਤੋਂ ਪਹਿਲਾਂ ਈ ਤਰਥੱਲੀ ਮਚਾ ਦਿੱਤਾ ਸੀ !' ਉਸਦੇ ਪਿਤਾ ਡਾਕਟਰ ਭਿਰਗੂ ਨਾਰਾਇਣ ਸ਼ੁਕਲਾ, ਨੀਲੇ ਤੇਲ ਵਾਲੇ, ਵੀ ਬੜੇ ਪ੍ਰੇਸ਼ਾਨ ਸਨ। ਇਸ ਤੂਫ਼ਾਨ ਵਿਚ ਨਾ ਡਾਕਟਰਨੀ ਆ ਸਕਦੀ ਸੀ, ਤੇ ਨਾ ਹੀ ਕੋਈ ਦਾਈ।
ਭਾਵ ਇਹ ਕਿ ਪੰਡਿਤ ਬਲਭਦਰ ਨਾਰਾਇਣ ਸ਼ੁਕਲਾ ਨੂੰ ਰਾਤ ਦੇ ਠੀਕ ਬਾਰਾਂ ਵਜੇ ਆਪੁ ਹੀ ਜੰਮਣਾ ਪੈ ਗਿਆ ਸੀ ਤੇ ਜੰਮਦਿਆਂ ਹੀ ਟੋਪੀ ਨੇ ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ਖੋਲ੍ਹੀਆਂ ਸਨ ਤੇ ਦੁਨੀਆਂ ਨੂੰ ਦੇਖਿਆ ਸੀ...ਤਾਂ ਉਸਨੂੰ ਜੋ ਕੁਝ ਦਿਖਾਈ ਦਿੱਤਾ ਸੀ, ਉਹ ਬੜਾ ਹੀ ਭਿਆਨਕ ਸੀ...ਸੋ ਉਹ ਡਰ ਕੇ ਉੱਚੀ-ਉੱਚੀ ਰੋਣ ਲੱਗ ਪਿਆ ਤੇ ਉਸ ਹਨੇਰੇ ਨੂੰ ਲੱਭਣ ਲੱਗਾ ਜਿਸ ਵਿਚ ਹੁਣ ਤੀਕ ਉਹ ਗੋਤੇ ਲਾ ਰਿਹਾ ਸੀ। ਪਰ ਇਤਿਹਾਸ ਤੇ ਸਮੇਂ ਦਾ ਪਹੀਆ ਕਦੀ ਪੁੱਠਾ ਨਹੀਂ ਗਿੜਿਆ। ਟੋਪੀ ਨੂੰ ਸੰਸਾਰ ਵਿਚ ਹੀ ਰਹਿਣਾ ਪੈਣਾ ਸੀ ਜਦਕਿ ਪ੍ਰਕਾਸ਼ ਪ੍ਰਾਣ-ਘਾਤੀ ਲੱਗ ਰਿਹਾ ਸੀ। ਇਹੀ ਕਾਰਣ ਹੈ ਕਿ ਪੁਰਾਣੀਆਂ ਬਜ਼ੁਰਗ ਔਰਤਾਂ ਜੱਚਾ ਦੀ ਕੋਠੜੀ ਵਿਚ ਪ੍ਰਕਾਸ਼ ਤੇ ਹਵਾ, ਦੋਵਾਂ ਨੂੰ ਹੀ, ਨਹੀਂ ਸੀ ਆਉਣ ਦਿੰਦੀਆਂ (ਜਿੱਥੇ ਬਜ਼ੁਰਗ ਔਰਤਾਂ ਦੀ ਚੱਲਦੀ ਹੈ ਅੱਜ ਵੀ ਇਵੇਂ ਹੁੰਦਾ ਹੈ)।

ਇਹ ਗੱਲ ਗ਼ਲਤ ਹੈ ਕਿ ਹਵਾ ਨੇ ਆਦਮ ਨੂੰ ਅੰਨ ਦਾ ਦਾਣਾ ਖੁਆ ਦਿੱਤਾ ਸੀ ਤੇ ਵਿਚਾਰੇ ਇਸ ਅਪਰਾਧ ਕਰਕੇ ਜੱਨਤ ਵਿਚੋਂ ਕੱਢ ਦਿੱਤੇ ਗਏ ਸਨ। ਜੱਨਤ ਦਾ ਉਹ ਰੁੱਖ ਵਾਸਨਾ ਦਾ ਰੁੱਖ ਵੀ ਨਹੀਂ, ਜਿਵੇਂ ਕਿ ਮਾਨਵ ਵਿਗਿਆਨ ਵਾਲੇ ਕਹਿੰਦੇ ਨੇ। ਉਹ ਰੁੱਖ, ਲਾਜ਼ਮੀ ਪ੍ਰਕਾਸ਼ ਦਾ ਰੁੱਖ ਹੋਏਗਾ...ਗ਼ੁਲਾਮੀ, ਧਰਮ ਤੇ ਪ੍ਰਕਾਸ਼ ਦਾ ਪੁਰਾਣਾ ਵੈਰ ਹੈ। ਸੋ ਆਦਮ ਨੂੰ ਜਦੋਂ ਪ੍ਰਕਾਸ਼ (ਚਾਨਣ) ਦਿਖਾਈ ਦਿੱਤਾ...ਅੱਲ੍ਹਾ ਮੀਆਂ ਨੇ ਤੁਰੰਤ ਉਸਨੂੰ ਜੱਨਤ ਵਿਚੋਂ ਕੱਢ ਦਿੱਤਾ।
ਪ੍ਰਕਾਸ਼ ਦਾ ਇਹ ਰੂਪ ਕਈ ਪੁਰਾਣੀਆਂ ਕਹਾਣੀਆਂ ਵਿਚ ਵੀ ਦਿਖਾਈ ਦਿੰਦਾ ਹੈ। ਪੰਡਿਤਾਂ ਤੇ ਨਜੂਮੀਆਂ ਨੇ ਹਿਸਾਬ ਲਾ ਕੇ ਦੱਸਿਆ ਕਿ 'ਉਂਜ ਤਾਂ ਰਾਜਕੁਮਾਰ ਕਿਸਮਤ ਦਾ ਧਨੀ ਹੈ ਪਰ ਚੌਦਾਂ ਸਾਲ ਤੱਕ ਇਸ ਉਪਰ ਚੰਦ ਜਾਂ ਸੂਰਜ ਦਾ ਪ੍ਰਛਾਵਾਂ ਵੀ ਨਹੀਂ ਪੈਣਾ ਚਾਹੀਦਾ।' ਇਕ ਸੁੰਦਰ ਬਗ਼ੀਚਾ ਬਣਵਾਇਆ ਗਿਆ ਜਿਸ ਉੱਤੇ ਇਕ ਮੋਟਾ ਸ਼ਾਮਿਆਨਾ (ਤੰਬੂ) ਤਾਣ ਦਿੱਤਾ ਗਿਆ। ਰਾਜਕੁਮਾਰ ਨੂੰ ਆਪਣੀਆਂ ਨੁਹਾਉਣ-ਧਵਾਉਣ, ਕੱਪੜੇ-ਪਵਾਉਣ ਤੇ ਖਵਾਉਣ-ਪਿਆਉਣ ਵਾਲੀਆਂ ਕੁਹਾਰੀਆਂ, ਦਾਸੀਆਂ ਤੇ ਖਵਾਸੀਆਂ...ਭਾਵ ਇਹ ਕਿ ਮਹਿਲ ਦੇ ਪੂਰੇ ਐਸ਼-ਆਰਾਮ ਸਮੇਤ ਉਸ ਬਗ਼ੀਚੇ ਵਿਚ ਭੇਜ ਦਿੱਤਾ ਗਿਆ। ਇਕ ਦਿਨ (ਜਦੋਂ ਚੌਦਵਾਂ ਸਾਲ ਪੂਰਾ ਹੋਣ ਵਾਲਾ ਸੀ) ਰਾਜਕੁਮਾਰ ਨੇ ਦੇਖਿਆ ਕਿ ਇਕ ਚਮਕਦਾਰ ਸ਼ੈ ਜ਼ਮੀਨ ਤੱਕ ਉੱਗੀ ਹੋਈ ਹੈ। ਇਹ ਉਲਟਾ-ਰੁੱਖ ਪ੍ਰਕਾਸ਼ ਦਾ ਹੀ ਸੀ। ਪ੍ਰਕਾਸ਼ ਨੇ ਤੰਬੂ ਵਿਚ ਛੇਕ ਕਰ ਦਿੱਤਾ ਸੀ। ਬਸ ਜਿਉਂ ਹੀ ਰਾਜਕੁਮਾਰ ਨੇ ਉਸ ਪ੍ਰਕਾਸ਼ ਨੂੰ ਦੇਖਿਆ, ਤਿਉਂ ਹੀ ਮੁਸੀਬਤਾਂ ਸ਼ੁਰੂ ਹੋ ਗਈਆਂ। ਨੇਚਰ, ਸੁਪਰ-ਨੇਚੁਰਲ ਬਣ ਕੇ ਆਈ ਤੇ ਅਣ-ਨੇਚੁਰਲ ਵਾਤਾਵਰਨ ਵਿਚ ਪਲਨ ਵਾਲੇ ਬੱਚੇ ਨੂੰ ਪ੍ਰਕ੍ਰਿਤੀ ਨਾਲ ਟੱਕਰ ਲੈਣੀ ਪਈ। ਨਤੀਜਾ ਇਹ ਕਿ ਅੰਤ ਵਿਚ ਨੇਚਰ ਨੇ ਨੇਚਰ ਨੂੰ ਪਛਾਣ ਲਿਆ। ਬੜੀਆਂ ਮੁਸੀਬਤਾਂ ਆਈਆਂ ਪਰ ਰਾਜਕੁਮਾਰ ਨੇ ਪ੍ਰਕਾਸ਼ ਦਾ ਪੱਲਾ ਨਹੀਂ ਛੱਡਿਆ। ਅੰਤ ਵਿਚ ਰਾਜਕੁਮਾਰ ਦਾ ਉਸਦੀ ਪ੍ਰੇਮਿਕਾ ਨਾਲ ਵਿਆਹ ਹੋ ਗਿਆ। ਕਹਾਣੀ ਸਮਾਪਤ ਹੋ ਗਈ। ਹੋ ਸਕਦਾ ਹੈ ਕਿ ਬਾਬਾ ਆਦਮ ਦੀ ਕਹਾਣੀ ਵੀ ਇੰਜ ਹੀ ਹੋਏ। ਜੱਨਤ ਉੱਪਰ ਤਣੇ ਹੋਏ ਤੰਬੂ ਵਿਚ ਛੇਕ ਹੋ ਗਿਆ ਹੋਏ...ਬੁੱਢਾ ਬਾਦਸ਼ਾਹ ਰਾਜਕੁਮਾਰ ਦੀ ਉਡੀਕ ਕਰ ਰਿਹਾ ਹੈ, ਕਿਉਂਕਿ ਕਹਾਣੀ ਅਜੇ ਸਮਾਪਤ ਨਹੀਂ ਹੋਈ। ਅਜੇ ਤਾਂ ਰਾਜਕੁਮਾਰ ਡਾਕਟਰ ਵਾਰਡ ਤੇ ਹਾਈਡਰੋਜਨ ਬੰਬ; ਕਾਲੇ-ਗੋਰੇ ਤੇ ਹਿੰਦੂ-ਮੁਸਲਮਾਨ-ਦੰਗਿਆਂ ਦੇ ਜੰਗਲ ਵਿਚ ਰਸਤਾ ਲੱਭ ਰਿਹਾ ਹੈ।

ਪਰ ਆਪਣਾ ਬਲਭਦਰ ਨਾਰਾਇਣ ਸ਼ੁਕਲਾ, ਨਾ ਤਾਂ ਆਦਮ ਸੀ ਤੇ ਨਾ ਹੀ ਰਾਜਕੁਮਾਰ। ਇਸ ਲਈ ਉਸਨੂੰ ਨਾ ਸ਼ੈਤਾਨ ਦਾ ਡਰ ਸੀ ਤੇ ਨਾ ਹੀ ਪੰਡਿਤਾਂ-ਨਜੂਮੀਆਂ ਦਾ। ਉਹ ਤਾਂ ਸਿਰਫ ਪੰਡਿਤ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਦਾ ਦੂਜਾ-ਪੁੱਤਰ ਸੀ। ਏਸੇ 'ਸਿਰਫ' ਵਿਚ ਟੋਪੀ ਦੇ ਪੂਰੇ ਜੀਵਨ ਦਾ ਦੁਖਾਂਤ ਛੁਪਿਆ ਹੋਇਆ ਸੀ। ਸੱਚ ਪੁੱਛੋ ਤਾਂ ਇਹ ਕਹਾਣੀ ਵੀ ਏਸੇ 'ਸਿਰਫ' ਦੀ ਕਹਾਣੀ ਹੈ।
ਡਾਕਟਰ ਪੰਡਿਤ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਆਪਣੇ ਆਂਢ-ਗੁਆਂਢ ਤੇ ਜਾਣਕਾਰਾਂ ਵਿਚ ਬੜੇ ਭਲੇਮਾਨਸ ਆਦਮੀ ਮੰਨੇ ਜਾਂਦੇ ਸਨ। ਬੜੇ ਧਾਰਮਿਕ ਸਨ...ਕਦੀ-ਕਦਾਰ ਮੰਦਰ ਜਾਂਦੇ ਸਨ; ਕਦੀ ਪਾਠ-ਪੂਜਾ ਵੀ ਕਰ-ਕਰਾ ਲੈਂਦੇ ਸਨ, ਵੈਸੇ ਸ਼ਹਿਰ ਵਿਚ ਉਹਨਾਂ ਇਕ ਬੜਾ ਹੀ ਸੁੰਦਰ ਮੰਦਰ ਵੀ ਬਣਵਾਇਆ ਸੀ। ਉਹਨਾਂ ਨੂੰ ਸਿਰਫ ਇਕੋ ਸ਼ੌਕ ਸੀ...ਚੋਣ ਲੜਨ ਦਾ। ਹਮੇਸ਼ਾ ਹਾਰੇ, ਪਰ ਹਿੰਮਤ ਕਦੀ ਨਹੀਂ ਹਾਰੀ...ਤੇ ਹਰ ਇਲੈਕਸ਼ਨ ਵਿਚ ਖੜ੍ਹੇ ਹੁੰਦੇ ਰਹੇ। ਪਹਿਲਾਂ ਕਾਂਗਰਸ ਦੀ ਟਿਕਟ ਉੱਪਰ ਲੜੇ, ਹਾਰ ਗਏ। ਆਜ਼ਾਦ ਖੜ੍ਹੇ ਹੋਏ, ਹਾਰ ਗਏ। ਫੇਰ ਜਨਸੰਘ ਦੀ ਟਿਕਟ ਉੱਪਰ ਲੜੇ, ਹਾਰ ਗਏ। ਪਾਰਲੀਮੈਂਟ ਤੋਂ ਮਿਊਂਸਪਲਟੀ ਤੀਕ ਦੀਆਂ ਸਾਰੀਆਂ ਚੋਣਾ ਲੜੇ, ਤੇ ਹਾਰਦੇ ਰਹੇ; ਅਜਿਹੇ ਹਾਰਨ ਵਾਲੇ ਬੰਦੇ ਕਿੱਥੇ ਮਿਲਦੇ ਨੇ ਭਲਾਂ!
ਡਾਕਟਰ ਸਾਹਬ ਫ਼ਾਰਸੀ ਦੇ ਰਸੀਆ ਤੇ ਮਸਨਵੀ ਮੌਲਾਨਾ ਰੂਮ ਦੇ ਦੀਵਾਨੇ ਸਨ। ਅਕਸਰ 'ਉਰਫ਼' ਤੇ 'ਬੇਦਿਲ' ਦੇ ਸ਼ੇਅਰ ਗੁਣਗੁਣਾਉਂਦੇ ਰਹਿੰਦੇ ਸਨ। ਖ਼ੂਬ ਘੋਟਵੀਂ ਉਰਦੂ ਬੋਲਦੇ ਸਨ ਤੇ ਉਰਦੂ ਦੇ ਕੱਟੜ ਵਿਰੋਧੀ ਵੀ ਸਨ। 'ਇੰਸ਼ਾ ਅੱਲ੍ਹਾ', 'ਮਾਸ਼ਾ ਅੱਲ੍ਹਾ' ਤੇ 'ਸੁਬਹਾਨ ਅੱਲ੍ਹਾ' ਤੋਂ ਜ਼ਰਾ ਵੀ ਦੂਰ ਹੋ ਕੇ ਗੱਲ ਨਹੀਂ ਸੀ ਕਰਦੇ ਹੁੰਦੇ, ਪਰ ਮੁਸਲਮਾਨਾ ਨੂੰ ਨਫ਼ਰਤ ਕਰਦੇ ਸਨ–ਇਸ ਕਰਕੇ ਨਹੀਂ ਕਿ ਉਹਨਾਂ ਭਾਰਤ ਦੀ ਪ੍ਰਾਚੀਨ ਸਭਿਅਤਾ ਨੂੰ ਨਸ਼ਟ ਕੀਤਾ ਹੈ ਜਾਂ ਪਾਕਿਸਤਾਨ ਬਣਾ ਲਿਆ ਹੈ, ਬਲਕਿ ਇਸ ਕਰਕੇ ਕਿ ਉਹਨਾਂ ਦਾ ਮੁਕਾਬਲਾ ਡਾਕਟਰ ਸ਼ੇਖ ਸ਼ਰਫ਼ੂਦੀਨ ਲਾਲ ਤੇਲ ਵਾਲੇ ਨਾਲ ਸੀ। ਇਹ ਡਾਕਟਰ ਸ਼ੇਖ ਸ਼ਰਫ਼ੂਦੀਨ ਉਹਨਾਂ ਕੋਲ ਕੰਪਾਊਡਰ ਲੱਗਿਆ ਹੁੰਦਾ ਸੀ ਤੇ ਉਹਨਾਂ ਦੇ ਨਿਆਣੇ ਉਸਨੂੰ ਸਰਫੂ ਚਾਚਾ ਕਹਿੰਦੇ ਹੁੰਦੇ ਸਨ। ਸ਼ਰਫ਼ੂਦੀਨ ਨੇ ਹਰਕਤ ਇਹ ਕੀਤੀ ਕਿ ਨੀਲੇ ਤੇਲ ਦਾ ਰੰਗ ਬਦਲ ਦਿੱਤਾ। ਬਸ ਤੇਲ ਦਾ ਰੰਗ ਬਦਲ ਕੇ ਉਹ ਡਾਕਟਰ ਬਣ ਗਿਆ ਤੇ ਭੋਲੀ-ਭਾਲੀ ਜਨਤਾ ਨੂੰ ਦੋਵੇਂ ਹੱਥੀਂ ਲੁੱਟਣ ਲੱਗ ਪਿਆ। ਰੰਗ ਬਦਲਣ ਨਾਲ ਆਦਮੀ ਕੀ ਤੋਂ ਕੀ ਬਣ ਜਾਂਦਾ ਹੈ? ਟੋਪੀ ਉਹੀ ਹੁੰਦੀ ਹੈ¸ ਜੇ ਚਿੱਟੀ ਹੋਵੇ ਤਾਂ ਆਦਮੀ ਕਾਂਗਰਸੀ ਦਿਖਾਈ ਦਿੰਦਾ ਹੈ; ਲਾਲ ਹੋਵੇ ਤਾਂ ਪਰਜਾ ਸੋਸ਼ਲਿਸਟ ਤੇ ਕੇਸਰੀ ਹੋਵੇ ਤਾਂ ਜਨਸੰਘੀ!
ਫੇਰ ਵੀ ਡਾਕਟਰ ਭਿਰਗੂ ਨਾਰਾਇਣ ਦਾ ਕਾਰੋਬਾਰ ਜ਼ੋਰਾਂ ਉੱਤੇ ਸੀ। ਨੀਲਾ ਤੇਲ ਨਸ-ਪੱਠਿਆਂ ਵਿਚ ਜਾਨ ਪਾਉਂਦਾ ਸੀ...ਤੇ ਅੱਜ ਕੱਲ੍ਹ ਦੇ ਨੌਜਵਾਨਾ ਨੂੰ ਨਸ-ਪੱਠਿਆਂ ਦੀ ਕਮਜ਼ੋਰੀ ਦੀ ਬੀਮਾਰੀ ਹੀ ਵਧੇਰੇ ਹੁੰਦੀ ਹੈ। ਨੀਲਾ ਤੇਲ ਲਿੱਸੜ-ਢਿੱਲੜ ਪੱਠਿਆਂ ਨੂੰ ਲੋਹੇ ਵਾਂਗ ਸਖ਼ਤ ਬਣਾ ਦਿੰਦਾ ਸੀ। (ਹਾਲਾਂਕਿ ਲਾਲ ਤੇਲ ਵੀ ਇਹੋ ਕੰਮ ਕਰਦਾ ਸੀ!) ਇਸੇ ਲਈ ਡਾਕਟਰ ਭਿਰਗੂ ਨਾਰਾਇਣ ਦੇ ਘਰ ਅੱਲ੍ਹਾ ਦੇ ਫ਼ਜ਼ਲ ਜਾਂ ਪ੍ਰਮਾਤਮਾਂ ਦੀ ਦਯਾ ਨਾਲ ਇਕ ਪਤਨੀ, ਚਾਰ ਨੌਕਰਾਣੀਆਂ, ਦੋ ਨੌਕਰ, ਇਕ ਮੱਝ, ਦੋ ਅਲਸੇਸ਼ੀਆਂ ਕੁੱਤੇ, ਇਕ ਮੋਟਰ ਤੇ ਤਿੰਨ ਪੁੱਤਰ ਸਨ।
ਪਰ ਸ਼੍ਰੀਮਾਨ ਭਿਰਗੂ ਨਾਰਾਇਣ ਜੀ ਇਸ ਕਹਾਣੀ ਦੇ ਹੀਰੋ ਨਹੀਂ। ਡਾਕਟਰ ਸਾਹਬ ਨਾਲ ਜਾਣ-ਪਛਾਣ ਤਾਂ ਮੈਂ ਇਸ ਕਰਕੇ ਕਰਵਾ ਰਿਹਾ ਹਾਂ ਕਿ ਉਹਨਾਂ ਨੂੰ ਜਾਣੇ ਬਿਨਾਂ ਪੰਡਿਤ ਬਲਭਦਰ ਨਾਰਾਇਣ ਟੋਪੀ ਸ਼ੁਕਲਾ ਦੇ ਵਿਅਕਤੀਤੱਵ ਨੂੰ ਸਮਝਣਾ ਜ਼ਰਾ ਔਖਾ ਹੋ ਜਾਵੇਗਾ।
ਟੋਪੀ ਦੀ ਮਾਂ ਰਾਮਦੁਲਾਰੀ ਇਕ ਸਿੱਧੀ-ਸਾਦੀ ਧਾਰਮਿਕ ਟਾਈਪ ਦੀ ਘਰੇਲੂ ਜ਼ਨਾਨੀ ਸੀ। ਵੱਡਾ ਭਰਾ ਮੁਨੇਸ਼ਵਰ ਨਾਰਾਇਣ ਸ਼ੁਕਲਾ ਉਰਫ਼ ਮੁਨੀ ਬਾਬੂ, ਰਾਮਰਾਜ-ਪ੍ਰੀਸ਼ਦ ਵਿਚ ਗਲ਼ੇ-ਗਲ਼ੇ ਤਾਈਂ ਖੁੱਭਿਆ ਹੋਇਆ ਸੀ ਤੇ ਛੋਟੇ ਭਰਾ ਭੈਰਵ ਨਾਰਾਇਣ ਨੂੰ ਕਾਂਗਰਸੀ ਬਣਨ ਦਾ ਸ਼ੌਕ ਸੀ ਕਿਉਂਕਿ ਇਸ ਪੇਸ਼ੇ ਵਿਚ ਉੱਪਰਲੀ ਕਮਾਈ ਨੀਲੇ ਤੇਲ ਨਾਲੋਂ ਕਿਤੇ ਵੱਧ ਸੀ। ਜਦੋਂ ਵੀ ਉਹ ਸੁਣਦਾ ਕਿ ਫਲਾਨੇ ਸੂਬੇ ਦਾ ਮੁੱਖ ਮੰਤਰੀ ਮਰਿਆ ਤਾਂ ਸਵਿਟਜ਼ਰ ਲੈਂਡ ਦੇ ਬੈਂਕ ਵਿਚ ਪੰਜਾਹ ਲੱਖ ਦੀ ਰਕਮ ਛੱਡੀ। ਫਲਾਨੇ ਪ੍ਰਾਂਤ ਦਾ ਮੁੱਖ ਮੰਤਰੀ, ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬੱਸ ਕੰਡਕਟਰ ਹੁੰਦਾ ਸੀ ਤੇ ਹੁਣ, ਦੇਸ਼ ਦੇ ਹਰੇਕ ਵੱਡੇ ਸ਼ਹਿਰ ਵਿਚ ਉਸਦੀਆਂ ਕੋਠੀਆਂ ਨੇ ਤੇ ਉਹ ਕਈ ਮਿੱਲਾਂ ਦਾ ਮਾਲਕ ਵੀ ਹੈ!...ਤਾਂ ਉਸਦੀਆਂ ਅੱਖਾਂ ਲਿਸ਼ਕਣ ਲੱਗ ਪੈਂਦੀਆਂ ਤੇ ਉਹ ਆਪਣੀ ਮਾਂ ਰਾਮਦੁਲਾਰੀ ਦੇ ਗੋਡੇ ਮੁੱਢ ਜਾ ਬੈਠਦਾ ਤੇ ਕਹਿੰਦਾ–
“ਮੈਂ ਤਾਂ ਮੁੱਖ ਮੰਤਰੀ ਬਣਾਗਾ।”
“ਪ੍ਰਭੂ ਦੀ ਲੀਲ੍ਹਾ ਬੜੀ ਅਪਰਮਪਾਰ ਏ ਲੱਲਾ। ਜ਼ਰੂਰ ਬਣੇਗਾ।” ਉਹ ਕਹਿੰਦੀ ਤੇ ਸੁਣ ਕੇ ਭੈਰਵ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਕਿ ਉਹ ਕਿਸੇ ਦਿਨ ਮੁੱਖ ਮੰਤਰੀ ਜ਼ਰੂਰ ਬਣੇਗਾ। ਪਰ ਉਹ ਆਪਦੇ ਪਿਤਾ ਨਾਲ ਆਪਣੇ ਦਿਲ ਦੀ ਗੱਲ ਕਦੀ ਵੀ ਸਾਂਝੀ ਨਹੀਂ ਸੀ ਕਰਦਾ¸ ਪੇਟ-ਘਰੋੜੀ ਦਾ ਜੋ ਸੀ, ਸੋ ਮਾਂ ਦਾ ਲਾਡਲਾ ਸੀ। ਡਾਕਟਰ ਸਾਹਬ ਤਾਂ ਮੁਨੀ ਬਾਬੂ ਉੱਤੇ ਮਿਹਰਬਾਨ ਸਨ ਤੇ ਮੁਨੀ ਬਾਬੂ ਮੁੰਨੀ ਬਾਈ ਉੱਤੇ।
ਮੁਨੀ ਬਾਬੂ ਨੂੰ ਮੁੰਨੀ ਬਾਈ ਦੀ ਇਕ ਗੱਲ ਪਸੰਦ ਆ ਗਈ ਸੀ। ਉਂਜ ਤਾਂ ਸ਼ਹਿਰ ਦੀਆਂ ਸੌ, ਸਵਾ-ਸੌ ਰੰਡੀਆਂ ਵਾਂਗ ਉਹ ਵੀ ਇਕ ਰੰਡੀ ਸੀ, ਪਰ ਉਸਨੇ ਆਪਣੇ ਪੇਸ਼ੇ ਵਿਚ ਵੀ ਧਰਮ ਦਾ ਪੱਲਾ ਨਹੀਂ ਸੀ ਛੱਡਿਆ। ਉਸਨੂੰ ਪਤਾ ਸੀ ਕਿ 'ਇਕ ਦਿਨ ਭਗਵਾਨ ਨੂੰ ਮੂੰਹ ਦਿਖਾਉਣਾ ਪਵੇਗਾ, ਇਸ ਲਈ ਕੋਠੇ ਦੀ ਇਕ ਕੋਠੜੀ ਵਿਚ ਸ਼ਿਵਾਲਾ ਬਣਾ ਲਿਆ ਸੀ। ਰੋਜ਼ ਸਵੇਰੇ ਉੱਠ ਕੇ, ਨਹਾਅ-ਧੋ ਕੇ ਉਹ ਨਟਰਾਜ, ਭੋਲੇ ਸ਼ੰਕਰ ਉਰਫ਼ ਭੂਤਨਾਥ ਦੀ ਪੂਜਾ ਕਰਦੀ ਤੇ ਸ਼ਾਮ ਨੂੰ ਜਦੋਂ ਉਹ ਬੱਤੀ ਸੌ ਹਥਿਆਰ ਸਜਾ ਕੇ ਆਪਣੀ ਦੁਕਾਨ ਖੋਲ੍ਹਦੀ ਤਾਂ ਇਸ ਗੱਲ ਦਾ ਖ਼ਿਆਲ ਰੱਖਦੀ ਕਿ ਗਾਣਾ ਤਾਂ ਭਾਵੇਂ ਕੋਈ ਸੁਣ ਲਏ, ਪਰ ਕੋਈ ਸ਼ੂਦਰ ਜਾਂ ਮਲੈਛ ਰਾਤ ਨਾ ਕੱਟ ਜਾਵੇ। ਉਸਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇਕ ਮੁਸਲਮਾਨ ਨੇ ਉਸਦੀ ਰਸਮ-ਨੱਥ-ਲੁਹਾਈ ਕੀਤੀ ਸੀ।...ਤੇ ਮੁਨੀ ਬਾਬੂ ਇਹਨਾਂ ਗੱਲਾਂ ਉੱਤੇ ਹੀ ਜਾਨ ਦਿੰਦੇ ਸਨ। ਉਹ ਮੁੰਨੀ ਬਾਈ ਨਾਲੋਂ ਦਸ ਸਾਲ ਛੋਟੇ ਸਨ¸ ਪਰ ਪਰੇਮ ਵਿਚ ਉਮਰ ਕਦੋਂ ਦੇਖੀ ਜਾਂਦੀ ਹੈ!
ਇਹੀ ਕਾਰਨ ਹੈ ਕਿ ਜਦੋਂ ਮੁਨੀ ਬਾਬੂ ਦੇ ਰਿਸ਼ਤੇ ਦੀ ਗੱਲ ਤੁਰੀ ਤਾਂ ਉਹਨਾਂ ਦਾ ਮੂੰਹ ਲੱਥ ਗਿਆ।...ਤੇ ਨਾ ਸਿਰਫ਼ ਮੂੰਹ ਲੱਥ ਗਿਆ, ਬਲਕਿ ਉਹਨਾਂ ਵਿਆਹ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਡਾਕਟਰ ਸਾਹਬ ਬੜੇ ਪ੍ਰੇਸ਼ਾਨ ਹੋਏ ਕਿਉਂਕਿ ਕੁੜੀ ਵਾਲੇ ਬੜੀ 'ਤਕੜੀ-ਅਸਾਮੀ' ਸਨ। ਇਕ ਲੱਖ ਰੁਪਏ, ਇਕ ਮੋਟਰ, ਪੰਜ ਸੇਰ ਸੋਨਾ, ਤਿੰਨ ਸੇਰ ਚਾਂਦੀ...ਡਾਕਟਰ ਸਾਹਬ ਨੇ ਨਫ਼ੇ ਨੁਕਸਾਨ ਉੱਤੇ ਵਿਚਾਰ ਕੀਤਾ ਤੇ ਮੁਨੀ ਬਾਬੂ ਨੂੰ ਸਮਝਾਉਣ ਦਾ ਫ਼ੈਸਲਾ ਕਰ ਲਿਆ। ਪਰ ਮੁਨੀ ਬਾਬੂ ਨੂੰ ਮੁੰਨੀ ਬਾਈ ਤੋਂ ਬਿਨਾਂ ਹੋਰ ਕੌਣ ਸਮਝਾ ਸਕਦਾ ਸੀ! ਪੰਜ ਹਜ਼ਾਰ ਲੈ ਕੇ ਮੁੰਨੀ ਬਾਈ ਸਮਝਾਉਣ ਲਈ ਤਿਆਰ ਹੋ ਗਈ। ਉਹ ਸਾਲ ਭਰ ਲਈ ਬੰਬਈ ਚਲੀ ਗਈ। ਡਾਕਟਰ ਸਾਹਬ ਨੇ ਉਸਨੂੰ ਆਪਣੇ ਇਕ ਮਰੀਜ਼ ਦੇ ਨਾਂ ਇਕ ਖ਼ਤ ਵੀ ਦਿੱਤਾ (ਉਹਨਾਂ ਦਾ ਉਹ ਮਰੀਜ਼ ਫ਼ਿਲਮ ਲਾਈਨ ਵਿਚ ਹੀਰੋ ਬਣ ਚੁੱਕਿਆ ਸੀ)। ...ਤੇ ਜਦੋਂ ਮੁੰਨੀ ਬਾਈ ਕੁਝ ਦੱਸੇ-ਪੁੱਛੇ ਬਿਨਾਂ, ਇੰਜ ਗਾਇਬ ਹੋ ਗਈ ਤਾਂ ਮੁਨੀ ਬਾਬੂ ਨੂੰ ਡਾਕਟਰ ਸਾਹਬ ਦੀ ਗੱਲ ਮੰਨ ਲੈਣੀ ਪਈ।
ਪੰਡਿਤ ਸੁਧਾਕਰ ਲਾਲ ਦੀ ਇਕਲੌਤੀ ਧੀ ਲਾਜਵੰਤੀ ਨਾਲ ਮੁਨੀ ਬਾਬੂ ਦਾ ਵਿਆਹ ਹੋ ਗਿਆ।
ਲਾਜਵੰਤੀ ਬੜੀ ਚੰਗੀ ਕੁੜੀ ਸੀ¸ ਬਸ ਇਕ ਅੱਖ ਜ਼ਰਾ ਖ਼ਰਾਬ ਸੀ; ਖੱਬਾ ਪੈਰ ਰਤਾ ਘੜੀਸ ਕੇ ਤੁਰਦੀ ਸੀ; ਰੰਗ ਜ਼ਰਾ ਪੱਕਾ ਸੀ ਤੇ ਮੂੰਹ ਉੱਤੇ ਮਾਤਾ ਦੇ ਦਾਗ਼ ਸਨ। ਪਰ ਇਹਨਾਂ ਗੱਲਾਂ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ, ਖ਼ਾਨਦਾਨੀ ਲੋਕਾਂ ਵਿਚ ਨੂੰਹਾਂ-ਧੀਆਂ ਦੀ ਸ਼ਕਲ ਕਦੋਂ ਦੇਖੀ ਜਾਂਦੀ ਹੈ? ਸ਼ਕਲਾਂ ਤਾਂ ਰੰਡੀਆਂ ਦੀਆਂ ਦੇਖੀਆਂ ਜਾਂਦੀਆਂ ਨੇ। ਘਰਵਾਲੀ ਦਾ ਸੁਭਾਅ ਤੇ ਖ਼ਾਨਦਾਨ ਦੇਖਿਆ ਜਾਂਦਾ ਹੈ। ਲਾਜਵੰਤੀ ਸੀਰਤ ਤੇ ਖ਼ਾਨਦਾਨੀ ਦੋਵਾਂ ਪੱਖਾਂ ਤੋਂ ਚੰਗੀ ਸੀ¸ ਯਾਨੀ, ਉਹ ਪੰਡਿਤ ਸੁਧਾਕਰ ਲਾਲ ਦੀ ਇਕਲੌਤੀ ਧੀ ਸੀ। ਪੰਡਿਤ ਜੀ ਸ਼ਹਿਰ ਦੇ ਸਭ ਤੋਂ ਵੱਡੇ ਵਕੀਲ ਸਨ। ਦਸ ਬਾਰਾਂ ਹਜ਼ਾਰ ਦੀ ਆਮਦਨ ਸੀ। ਵੱਡੀ ਜ਼ਿਮੀਂਦਾਰੀ ਸੀ। ਕਈ ਫੈਕਟਰੀਆਂ ਕਾਰਖ਼ਾਨਿਆਂ ਵਿਚ ਹਿੱਸੇਦਾਰੀ ਸੀ। ਉਹਨਾਂ ਦੇ ਪਿਤਾ ਨੇ ਬੜੇ ਠਾਠ ਨਾਲ ਠਾਣੇਦਾਰੀ ਕੀਤੀ ਸੀ ਤੇ ਦਾਦੇ ਨੇ ਉਸ ਤੋਂ ਵਧੇਰੇ ਠੁੱਕ ਨਾਲ ਤਹਿਸੀਲਦਾਰੀ। ਕਹਿੰਦੇ ਨੇ, ਪੰਡਿਤ ਜੀ ਦੇ ਘਰ ਨੋਟਾਂ ਨੂੰ ਵੀ ਅਨਾਜ ਵਾਂਗ ਧੁੱਪ ਲੁਆਈ ਜਾਂਦੀ ਸੀ। ਪਿਓ-ਦਾਦੇ ਨੇ ਡੇਢ ਸੌ ਦੁਕਾਨਾਂ ਤੇ ਪੰਜ ਹਵੇਲੀਆਂ ਦੇ ਇਲਾਵਾ ਸਤਾਰਾਂ ਲੱਖ ਦਾ ਬੈਂਕ ਬੈਲੇਂਸ ਛੱਡਿਆ ਸੀ। ਪਰ ਲਾਜਵੰਤੀ ਕੋਈ ਵਿਗੜਿਆ ਹੋਇਆ ਮੁਕੱਦਮਾ ਤਾਂ ਹੈ ਨਹੀਂ ਸੀ, ਜਿਹੜਾ ਵਕੀਲ ਸਾਹਬ ਸੰਭਾਲ ਲੈਂਦੇ। ਉਹ ਤਾਂ ਇਕ ਵਿਗੜੀ ਹੋਈ ਸ਼ਕਲ ਸੀ। ਬਰਾਬਰ ਵਾਲਿਆਂ ਵਿਚ ਕੋਈ ਵਰ ਨਹੀਂ ਮਿਲਿਆ। ਹੇਠਲੇ ਲੋਕਾਂ ਨੇ ਵੀ ਲਕਸ਼ਮੀ ਦੀ ਭੱਦੀ ਮੂਰਤੀ ਉੱਤੇ ਪੁੱਤਰ ਦੀ ਬਲੀ ਦੇਣੀ ਸਵੀਕਾਰ ਨਾ ਕੀਤੀ। ਬਸ, ਇਕ ਪੰਡਿਤ ਭਿਰਗੂ ਨਾਰਾਇਣ ਨੀਲੇ ਤੇਲ ਵਾਲੇ ਅਜਿਹੇ ਮਿਲੇ ਜਿਹਨਾਂ ਕਿਹਾ ਕਿ ਲਕਸ਼ਮੀ, ਲਕਸ਼ਮੀ ਹੁੰਦੀ ਹੈ।
ਮੁਨੀ ਬਾਬੂ ਤੇ ਲਾਜਵੰਤੀ ਦੀ ਕਹਾਣੀ ਵੀ ਟੋਪੀ ਸ਼ੁਕਲਾ ਦੀ ਕਹਾਣੀ ਦਾ ਅੰਗ ਨਹੀਂ...ਅਸਲ ਵਿਚ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਸਾਰੇ ਲੋਕਾਂ ਨੂੰ ਦੇਖ ਲਓ, ਜਿਹਨਾਂ ਨੇ ਟੋਪੀ ਨੂੰ ਹਰ ਪਾਸਿਓਂ ਜਕੜਿਆ ਹੋਇਆ ਹੈ।
ਪਰ ਮੈਂ ਇਹ ਦੇਖ ਰਿਹਾ ਹਾਂ ਕਿ ਗੱਲਬਾਤ ਦੀ ਤਾਣੀ ਕੁਝ ਉਲਝਦੀ ਜਾ ਰਹੀ ਹੈ। ਇਹ ਲਾਜਵੰਤੀ ਤੇ ਮੁਨੀ ਬਾਬੂ ਦੇ ਵਿਆਹ ਦੀ ਗੱਲ ਬਿਨਾਂ ਗੱਲੋਂ ਛਿੜ ਪਈ...ਅਜੇ ਤਾਂ ਬਰਸਾਤ ਦੀ ਕਾਲੀ ਹਨੇਰੀ ਰਾਤ ਵਿਚ ਉਹ ਬੱਚਾ ਪੈਦਾ ਹੋਇਆ ਹੈ ਜਿਹੜਾ ਅੱਗੇ ਚੱਲ ਕੇ ਪਡਿੰਤ ਬਲਭਦਰ ਨਾਰਾਇਣ ਟੋਪੀ ਸ਼ੁਕਲਾ ਤੇ ਉਸ ਤੋਂ ਵੀ ਅੱਗੇ ਜਾ ਕੇ ਟੋਪੀ ਸ਼ੁਕਲਾ ਬਣਨ ਵਾਲਾ ਹੈ।
ਟੋਪੀ ਸ਼ੁਕਲਾ ਦੀ ਸ਼ਕਲ ਭੱਦੀ ਸੀ, ਪਰ ਸੀ ਉਹ ਬੜਾ ਸ਼ਰਮੀਲਾ...ਨੰਗਾ ਪੈਦਾ ਨਹੀਂ ਸੀ ਹੋਇਆ¸ ਸਿਰ ਦੇ ਵਾਲ, ਸਾਰੇ ਪਿੰਡੇ ਉੱਤੇ ਉੱਗਾ ਕੇ ਪੈਦਾ ਹੋਇਆ ਸੀ। ਨਤੀਜਾ ਇਹ ਹੋਇਆ ਕਿ ਸਵੇਰੇ ਜਦੋਂ ਚਮਾਰਿਨ ਆਈ ਤੇ ਰਾਮਦੁਲਾਰੀ ਨੂੰ ਨੱਪ-ਘੁੱਟ ਕੇ ਆਪਣੇ ਘਰ ਵਾਪਸ ਗਈ ਤਾਂ ਉਸਨੇ ਆਪਣੇ ਪਤੀ ਨੂੰ ਕਿਹਾ¸
“ਦਾਗਦਰ ਸਾਹਿਬ ਕੇ ਘਰ ਮਾ ਬਨਮਾਨੁਸ ਪਾਇਦਾ ਹੋਈ ਬਾਯ।”
ਟੋਪੀ ਦਾ ਸਾਰਾ ਨਾਨਕਾ-ਦਾਦਕਾ ਛਾਣ ਮਰਿਆ ਗਿਆ ਕਿ ਪਤਾ ਤਾਂ ਲੱਗੇ ਬਈ ਇਹ ਬੱਚਾ ਕਿਸ ਉੱਤੇ ਗਿਆ ਹੈ! ਪਰ ਦੂਰ-ਦੂਰ ਤੀਕ ਇਸ ਰਵੇ ਦਾ ਕੋਈ ਵੀ ਦਿਖਾਈ ਨਹੀਂ ਸੀ ਦਿੱਤਾ। ਫੇਰ ਕੀ ਸੀ! ਸੱਸ ਦੀ ਜ਼ਬਾਨ ਚੱਲ ਪਈ। ਵਿਚਾਰੀ ਰਾਮਦੁਲਾਰੀ ਹੈਰਾਨ ਸੀ ਕਿ ਇਸ ਬੱਚੇ ਨੂੰ ਜਨਮ ਦੇ ਕੇ ਉਹ ਕਿਸ ਮੁਸੀਬਤ ਵਿਚ ਫਸ ਗਈ ਹੈ! ਉਹ ਤਾਂ ਚੰਗਾ ਇਹ ਸੀ ਕਿ ਜਦੋਂ ਉਸਦੀ ਸੱਸ ਨੂੰ ਗੁੱਸਾ ਆਉਂਦਾ ਸੀ, ਉਹ ਨਿਰੋਲ ਫ਼ਾਰਸੀ ਬੋਲਣ ਲੱਗ ਪੈਂਦੀ ਸੀ ਤੇ ਰਾਮਦੁਲਾਰੀ ਦੇ ਪੱਲੇ ਹੀ ਨਹੀਂ ਸੀ ਪੈਂਦਾ ਕਿ ਸੱਸ ਕੀ ਰਹੀ ਹੈ।
ਸੁਭਦਰਾ ਦੇਵੀ ਯਾਨੀ ਡਾਕਟਰ ਭਿਰਗੂ ਨਾਰਾਇਣ ਸ਼ੁਕਲਾ ਦੀ ਮਾਂ ਫ਼ਾਰਸੀ ਦੀ ਰਸੀਆ ਤੇ ਹਿੰਦੀ ਦੀ ਦੁਸ਼ਮਣ ਸੀ। ਯਾਨੀ ਨੀਲੇ ਤੇਲ ਵਾਲੇ ਡਾਕਟਰ ਦਾ ਨਾਨਾ ਪੰਡਿਤ ਬਾਲ ਮੁਕੰਦ ਫ਼ਾਰਸੀ-ਅਰਬੀ ਵਿਚ ਸਕਾਲਰ ਤੇ ਉਰਦੂ-ਫ਼ਾਰਸੀ ਦਾ ਕਵੀ ਸੀ। ਸੁਭਦਰਾ ਵੀ ਇਕੋ ਇਕ ਧੀ ਸੀ। ਇਸ ਲਈ ਉਹਨਾਂ ਉਸਨੂੰ ਰੱਜ ਕੇ ਫ਼ਾਰਸੀ ਪੜ੍ਹਾਈ। ਸੁਭਦਰਾ, ਚੋਰੀ-ਛਿੱਪੇ, ਫ਼ਾਰਸੀ ਵਿਚ ਸ਼ਿਅਰ ਵੀ ਕਹਿਣ ਲੱਗ ਪਈ ਸੀ। ਜਿਸ ਘਰ ਵਿਚ ਵਿਆਹੀ ਆਈ ਸੀ ਉਸ ਵਿਚ ਵੀ ਫ਼ਾਰਸੀ ਦਾ ਵਾਤਾਵਰਨ ਸੀ। ਡਾਕਟਰ ਭਿਰਗੂ ਦੇ ਪਿਤਾ ਖ਼ੁਦ ਉਰਦੂ, ਫ਼ਾਰਸੀ ਦੇ ਆਸ਼ਕ ਸਨ। ਸੁਭਦਰਾ ਜਦੋਂ ਘਰ ਦੇ ਨੌਕਰਾਂ-ਚਾਕਰਾਂ ਤੋਂ ਓਹਲਾ ਰੱਖ ਕੇ ਕੋਈ ਗੱਲ ਕਰਨੀ ਚਾਹੁੰਦੀ ਤਾਂ ਪਤੀ ਨਾਲ ਫ਼ਾਰਸੀ ਬੋਲਣ ਲੱਗ ਪੈਂਦੀ। ਉਹਨਾਂ, ਪਤੀ ਤੇ ਪਤਨੀ, ਦੋਵਾਂ ਦੇ ਵਿਚਾਰ ਅਨੁਸਾਰ ਹਿੰਦੀ ਗੰਵਾਰ ਲੋਕਾਂ ਦੀ ਭਾਸ਼ਾ ਸੀ।
ਵਿਚਾਰੀ ਰਾਮਦੁਲਾਰੀ ਤਾਂ ਆਪਣੇ ਸਹੁਰੇ ਘਰ ਦੀ ਘਰੇਲੂ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਸੀ ਸਮਝ ਸਕਦੀ। ਉਸਦੇ ਪੇਕੇ ਘਰ ਵਿੱਦਿਆ ਦੀ ਪ੍ਰੰਪਰਾ ਕੁਝ ਹੋਰ ਸੀ, ਪਰ ਉਹ ਏਨਾ ਜ਼ਰੂਰ ਸਮਝ ਗਈ ਸੀ ਕਿ ਸੱਸ ਪੋਤੇ ਦੀ ਪੈਦਾਇਸ਼ ਉੱਤੇ ਖ਼ੁਸ਼ ਨਹੀਂ ਹੈ।
ਉਸਨੇ ਡਰਦਿਆਂ-ਡਰਦਿਆਂ ਬੱਚੇ ਵੱਲ ਦੇਖਿਆ। ਉਹ ਹੁਣ ਵੀ ਓਨਾਂ ਹੀ ਬਦਸੂਰਤ ਸੀ ਤੇ ਆਪਣੀਆਂ ਬੇਹੱਦ ਬਲੈਕ ਐਂਡ ਵਾਈਟ ਅੱਖਾਂ ਨਾਲ ਛੱਤ ਵੱਲ ਦੇਖ ਰਿਹਾ ਸੀ।
ਰਾਮਦੁਲਾਰੀ ਦਾ ਕਲੇਜਾ ਸੱਸ ਦੀਆਂ ਗੱਲਾਂ ਨੇ ਛਲਨੀ ਕਰ ਦਿੱਤਾ। ਉਸਦਾ ਦਿਲ ਖੱਟਾ ਪੈ ਗਿਆ ਤੇ ਸ਼ਾਇਦ ਇਸੇ ਖਟਾਸ ਸਦਕਾ ਉਸਦਾ ਦੁੱਧ ਫੁੱਟ ਜਾਂ ਕਹੋ ਸੁੱਕ ਗਿਆ। ਦੁੱਧ ਫੁੱਟ ਗਿਆ ਸੀ ਜਾਂ ਸੁੱਕ ਗਿਆ ਸੀ, ਬਸ ਉਤਰਿਆ ਨਹੀਂ ਸੀ। ਉਸਨੂੰ ਤਰ੍ਹਾਂ-ਤਰ੍ਹਾਂ ਦੇ ਹਰੀਰੇ ਪਿਆਏ ਗਏ, ਭਾਂਤ-ਭਾਂਤ ਦੇ ਹਲਵੇ ਤੇ ਲੱਡੂ ਖੁਆਏ ਗਏ। ਸੈਂਕੜੇ ਟੂਨੇ-ਟੋਟਕੇ ਕੀਤੇ ਗਏ। ਪੀਰਾਂ ਫਕੀਰਾਂ ਦੀਆਂ ਖ਼ੁਸ਼ਾਮਦਾਂ ਕੀਤੀਆਂ ਗਈਆਂ। ਅਘੋਰੀਆਂ ਦੀਆਂ ਗਾਲ੍ਹਾਂ ਖਾਧੀਆਂ ਗਈਆਂ। ਸਾਧਾਂ-ਸੰਤਾਂ ਦੇ ਪੈਰ ਫੜ੍ਹੇ ਗਏ...ਪਰ ਦੁੱਧ ਨਹੀਂ ਉਤਰਿਆ।
ਉੱਧਰ ਟੋਪੀ ਸ਼ੁਕਲਾ ਦੀ ਬਦਸੂਰਤੀ ਨੇ ਮੁਨੀ ਬਾਬੂ ਦੀ ਕਦਰ ਹੋਰ ਵੀ ਵਧਾ ਦਿੱਤੀ। ਜਿਹੜੀ ਚੀਜ਼ ਆਉਂਦੀ, ਪਹਿਲਾਂ ਮੁਨੀ ਬਾਬੂ ਨੂੰ ਮਿਲਦੀ। ਨਵੇਂ ਕੱਪੜੇ ਮੁਨੀ ਬਾਬੂ ਲਈ ਬਣਵਾਏ ਜਾਂਦੇ ਤੇ ਟੋਪੀ ਨੂੰ ਉਸਦਾ ਲੱਥੜ ਪਾਉਣਾ ਪੈਂਦਾ। ਸੁਭਦਰਾ ਤਾਂ ਉਸਨੂੰ ਆਪਣੇ ਕੋਲ ਵੀ ਨਹੀਂ ਸੀ ਫੜਕਣ ਦੇਂਦੀ। ਸ਼ਾਇਦ ਉਹ ਡਰਦੀ ਸੀ ਕਿ ਜੇ ਕਿਤੇ ਟੋਪੀ ਉਸ ਨਾਲ ਛੁਹ ਗਿਆ ਤਾਂ ਉਸਦੇ ਚੰਪਈ ਰੰਗ ਉੱਤੇ ਦਾਗ਼ ਹੀ ਨਾ ਪੈ ਜਾਣ। ਮੁਨੀ ਬਾਬੂ ਨੂੰ ਜਦ ਵੀ ਦੇਖੋ, ਦਾਦੀ ਦੀ ਕੁੱਛੜ ਚੜ੍ਹੇ ਹੁੰਦੇ। ਦਾਦੀ ਉਸਨੂੰ 'ਗੁਲਿਸਤਾਂ' ਦੀ ਸੈਰ ਕਰਵਾ ਰਹੀ ਹੁੰਦੀ; ਕਦੀ ਰਾਮਾਇਣ ਸੁਣਾ ਰਹੀ ਹੁੰਦੀ ਤੇ ਕਦੀ ਮਹਾਭਾਰਤ ਦੇ ਯੋਧਿਆਂ ਦੀਆਂ ਗਾਥਾਵਾਂ...।
ਆਪਣੇ ਬਲਭਦਰ ਦਾ ਜੀਅ ਵੀ ਕਰਦਾ ਕਿ ਪਿਆਰ ਨਾਲ ਕੋਈ ਉਸਨੂੰ ਵੀ ਕਹਾਣੀ ਸੁਣਾਵੇ, ਪਰ ਉਸਦੇ ਚਾਰੇ ਪਾਸੇ ਗੂੜ੍ਹੀ ਚੁੱਪ ਵਰਤੀ ਰਹਿੰਦੀ। ਜਦੋਂ ਉਹ ਕਿਸੇ ਚੀਜ਼ ਖਾਤਰ ਜ਼ਿੱਦ ਕਰਦਾ, ਫਿਟਕਾਰ ਦਿੱਤਾ ਜਾਂਦਾ ਕਿ 'ਕੈਸਾ ਨਿਰਲੱਜਾ ਬੱਚਾ ਏ, ਆਪਣੇ ਭਰਾ ਦਾ ਸਾੜਾ ਕਰਦਾ ਏ।'
ਨਤੀਜਾ ਇਹ ਹੋਇਆ ਕਿ ਟੋਪੀ ਨੂੰ ਸ਼ੇਖ ਸਾਦੀ, ਅਮੀਰ ਹਮਜ਼ਾ ਦੀ ਕਹਾਣੀ, ਰਾਮਾਇਣ, ਮਹਾਭਾਰਤ ਤੇ ਹੋਰ ਕਈ ਚੀਜ਼ਾਂ ਨਾਲ ਨਫ਼ਰਤ ਹੋ ਗਈ। ਉਹ ਇਹਨਾਂ ਸਾਰਿਆਂ ਨੂੰ ਮੁਨੀ ਬਾਬੂ ਦੀ ਪਾਰਟੀ ਦਾ ਸਮਝਣ ਲੱਗ ਪਿਆ...ਤੇ ਇਕ ਦਿਨ ਤਾਂ ਉਸਨੇ ਗ਼ਜ਼ਬ ਹੀ ਕਰ ਦਿੱਤਾ। ਦਾਦੀ ਨੂੰ ਕਿਹਾ¸
“ਦਾਦੀ, ਤੁਸੀਂ ਇਸ ਕਾਲੇ ਕਲੂਟੇ ਕ੍ਰਿਸ਼ਨ ਨੂੰ ਪੂਜਦੇ ਓ ਨਾ, ਕਿਸੇ ਦਿਨ ਤੁਹਾਡੀ ਪੂਜਾ ਜਰੂਰ ਕਾਲੀ ਹੋ ਜਾਣੀ ਐਂ।”
ਉਸ ਦਿਨ ਦਾਦੀ ਨੂੰ ਦੋ ਗੱਲਾਂ ਉੱਤੇ ਗੁੱਸਾ ਆਇਆ ਸੀ ਪਹਿਲੀ ਇਹ ਕਿ ਉਸਦਾ ਪੋਤਾ 'ਜ਼ਰੂਰ' ਨੂੰ 'ਜਰੂਰ' ਕਹਿ ਰਿਹਾ ਸੀ (ਤੇ ਟੋਪੀ ਉਸਨੂੰ ਖਿਝਾਉਣ ਖਾਤਰ ਸਾਰੀ ਉਮਰ ਇਵੇਂ ਕਰਦਾ ਰਿਹਾ।) ਤੇ ਦੂਜੀ ਗੱਲ ਇਹ ਸੀ, ਉਸਨੇ ਪ੍ਰਭੂ ਦਾ ਮਜ਼ਾਕ ਉਡਾਇਆ ਸੀ। ਸੁਭਦਰਾ ਨੇ ਤਾਅਣਿਆਂ-ਮਿਹਣਿਆਂ ਦੇ ਤੀਰਾਂ ਨਾਲ ਰਾਮਦੁਲਾਰੀ ਦਾ ਸੀਨਾ ਛਲਨੀ ਕਰ ਦਿੱਤਾ। ਉਸ ਦਿਨ ਰਾਮਦੁਲਾਰੀ ਨੇ ਟੋਪੀ ਦੀ ਉਹ ਖੜਕਾਈ ਕੀਤੀ ਕਿ ਉਹ ਘਰੋਂ ਭੱਜ ਗਿਆ।
    --- --- ---

No comments:

Post a Comment